ਪਾਕਿਸਤਾਨ ਦੀਆਂ ਆਮ ਚੋਣਾਂ ਬਾਰੇ ਖ਼ਾਸ ਗੱਲਾਂ : ਕੌਣ, ਕਿੱਥੇ, ਕਿਸ ਨੂੰ ਦੇ ਰਿਹਾ ਹੈ ਟੱਕਰ

Pakistan Elections Image copyright Sabir Mazhar/Anadolu Agency/Getty Images

ਪਾਕਿਸਤਾਨ ਵਿੱਚ ਅੱਜ ਆਮ ਚੋਣਾਂ ਹੋ ਰਹੀਆਂ ਹਨ। 20 ਕਰੋੜ ਦੀ ਆਬਾਦੀ ਵਾਲੇ ਇਸ ਮੁਲਕ ਵਿੱਚ ਲੋਕ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਰਹੇ ਹਨ।

1947 ਤੋਂ ਲੈ ਕੇ ਪਾਕਿਸਤਾਨ ਫੌਜੀ ਸ਼ਾਸਨ ਅਤੇ ਲੋਕਤੰਤਰਿਕ ਸੱਤਾ ਵਿਚਾਲੇ ਉਲਝਿਆ ਹੋਇਆ ਹੈ।

ਦੇਸ ਦੇ ਇਤਿਹਾਸ ਵਿੱਚ ਇਹ ਦੂਜੀ ਵਾਰ ਹੈ ਜਦੋਂ ਇੱਕ ਲੋਕਤੰਤਰਿਕ ਰੂਪ ਨਾਲ ਚੁਣੀ ਗਈ ਸਰਕਾਰ ਨੇ ਆਪਣਾ ਕਾਰਜਕਾਲ ਪੂਰਾ ਕੀਤਾ ਹੈ।

ਚੋਣਾਂ ਵਿੱਚ ਦਾਅਵਾ ਪੇਸ਼ ਕਰਨ ਵਾਲੀਆਂ ਪਾਰਟੀਆਂ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਕੋਲ 182 ਸੀਟਾਂ, ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਕੋਲ 32 ਅਤੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਰਟੀ ਕੋਲ 46 ਸੀਟਾਂ ਹਨ।

ਨੈਸ਼ਨਲ ਅਸੈਂਬਲੀ ਦੀਆਂ 272 ਸੀਟਾਂ ਲਈ 3675 ਉਮੀਦਵਾਰ ਖੜ੍ਹੇ ਹੋਏ ਤੇ ਚਾਰਾਂ ਸੂਬਿਆਂ ਦੀ ਅਸੈਂਬਲੀ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਗਿਣਤੀ 8895 ਹੈ।

ਇਹ ਵੀ ਪੜ੍ਹੋ:

  • ਨੈਸ਼ਨਲ ਅਸੈਂਬਲੀ ਲਈ ਚੋਣਾਂ ਲੜਨ ਵਾਲੇ ਉਮੀਦਵਾਰਾਂ ਵਿੱਚੋਂ 172 ਔਰਤਾਂ ਤੇ ਚਾਰਾਂ ਸੂਬਾਈ ਅਸੈਂਬਲੀ ਚੋਣਾਂ ਲਈ 386 ਔਰਤਾਂ ਵੀ ਮੈਦਾਨ ਵਿੱਚ ਉਤਰੀਆਂ ਹਨ।
  • ਇਸ ਮੁਲਕ ਵਿੱਚ ਮੁਸਲਮਾਨਾਂ ਦੀ ਵੱਡੀ ਗਿਣਤੀ ਹੈ। ਪਰ 2013 ਦੇ ਮੁਕਾਬਲੇ ਇੱਥੇ ਗ਼ੈਰ-ਮੁਸਲਿਮ ਵੋਟਰਾਂ ਵਿੱਚ ਵੀ ਵਾਦਾ ਹੋਇਆ ਹੈ। ਜਿੱਥੇ 2013 ਵਿੱਚ ਸਿੱਖ ਵੋਟਰਾਂ ਦੀ ਗਿਣਤੀ 5934 ਸੀ ਉੱਥੇ ਹੀ ਮੌਜੂਦਾ ਗਿਣਤੀ 8852 ਹੋ ਗਈ ਹੈ।
  • ਪਾਰਸੀ ਭਾਈਚਾਰੇ ਦੇ ਵੋਟਰਾਂ ਵਿੱਚ 16 ਫ਼ੀਸਦ ਦਾ ਇਜ਼ਾਫ਼ਾ ਹੋਇਆ ਹੈ। 2013 ਵਿੱਚ ਇਹ ਅੰਕੜਾ 3650 ਸੀ ਤੇ ਹੁਣ ਵਧ 4235 ਹੋ ਗਿਆ ਹੈ।
  • ਬੋਧ ਭਾਈਚਾਰੇ ਦੇ ਵੋਟਰਜ਼ ਵੀ 30 ਫ਼ੀਸਦ ਵਦੇ ਹਨ। ਜਿੱਥੇ ਪਹਿਲਾਂ ਅੰਕੜਾ 1452 ਸੀ ਹੁਣ ਇਹ 1884 ਹੋ ਗਿਆ ਹੈ।

ਇਨ੍ਹਾਂ ਚੋਣਾਂ ਵਿੱਚ ਦਾਅਵੇਦਾਰੀ ਪੇਸ਼ ਕਰ ਰਹੀਆਂ ਇਹ ਹਨ ਮੁੱਖ ਪਾਰਟੀਆਂ:

ਪਾਕਿਸਤਾਨ ਮੁਸਲਿਮ ਲੀਗ (ਨਵਾਜ਼)

ਪੀਐੱਮਐੱਲ-ਐੱਨ ਇਸ ਤੋਂ ਪਹਿਲਾਂ ਸੱਤਾ ਵਿੱਚ ਸੀ ਜਿਸ ਦੀ ਅਗਵਾਈ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਕਰ ਰਹੇ ਹਨ, ਕਿਉਂਕਿ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ਼ ਨੂੰ ਕੋਈ ਵੀ ਜਨਤਕ ਅਹੁਦਾ ਅਤੇ ਪਾਰਟੀ ਦੀ ਅਗਵਾਈ ਕਰਨ ਤੋਂ ਅਯੋਗ ਕਰਾਰ ਦਿੱਤਾ ਹੈ।

ਪੀਐੱਮਐਲ-ਐਨ ਪਾਕਿਸਤਾਨ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ ਅਤੇ ਇਹ ਆਲ ਇੰਡੀਆ ਮੁਸਲਿਮ ਲੀਗ ਦੀ ਕਾਨੂੰਨੀ ਉਤਰਾਧਿਕਾਰੀ ਹੋਣ ਦਾ ਦਾਅਵਾ ਕਰਦੀ ਹੈ। ਪਾਰਟੀ ਦਾ ਗੜ੍ਹ ਪੰਜਾਬ ਹੈ, ਜੋ ਦੇਸ ਦਾ ਸਭ ਤੋਂ ਵੱਡਾ ਸੂਬਾ ਹੈ ਅਤੇ ਇੱਥੇ ਬਹੁਤੇ ਸ਼ਹਿਰੀ ਕਾਰੋਬਾਰੀ ਆਗੂ ਵੱਸਦੇ ਹਨ।

Image copyright Getty Images
ਫੋਟੋ ਕੈਪਸ਼ਨ ਨਵਾਜ਼ ਸ਼ਰੀਫ ਚੋਣਾਂ ਨਹੀਂ ਲੜ ਸਕਦੇ ਪਰ ਉਹ ਆਪਣੀ ਧੀ ਮਰੀਅਮ ਨਵਾਜ਼ ਸ਼ਰੀਫ ਦੇ ਸਮਰਥਨ ਨਾਲ ਪੀਐੱਮਐੱਲ-ਐੱਨ ਦੀ ਮੁਹਿੰਮ ਦੀ ਅਗਵਾਈ ਕਰ ਰਹੇ ਹਨ

ਪੀਐੱਮਐੱਲ-ਐਨ ਤਿੰਨ ਵਾਰੀ ਕੇਂਦਰ ਵਿੱਚ ਅਤੇ ਪੰਜਾਬ ਵਿੱਚ ਸਰਕਾਰ ਬਣਾ ਚੁੱਕੀ ਹੈ। 1992 ਵਿੱਚ ਪਹਿਲਾਂ ਤੋਂ ਹੀ ਮੌਜੂਦ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਤੋਂ ਵੱਖ ਹੋ ਕੇ ਪੀਐੱਮਐੱਲ-ਐੱਨ ਬਣੀ ਸੀ।

ਸਾਬਕਾ ਫੌਜੀ ਤਾਨਾਸ਼ਾਹ ਜ਼ਿਆ-ਉਲ-ਹੱਕ ਵੱਲੋਂ ਸਰਪ੍ਰਸਤੀ ਪ੍ਰਾਪਤ ਕਰਨ ਲਈ ਸ਼ਰੀਫ਼ ਦੀ ਹਮੇਸ਼ਾਂ ਆਲੋਚਨਾ ਕੀਤੀ ਜਾਂਦੀ ਹੈ, ਜਿਨ੍ਹਾਂ ਨੇ 1981 ਵਿੱਚ ਨਵਾਜ਼ ਸ਼ਰੀਫ਼ ਨੂੰ ਸੰਸਦ ਮੈਂਬਰ ਵਜੋਂ ਨਾਮਜ਼ਦ ਕੀਤਾ ਸੀ। ਇਸ ਤਰ੍ਹਾਂ ਹੀ ਉਨ੍ਹਾਂ ਦੇ ਸਿਆਸੀ ਸਫ਼ਰ ਨੂੰ ਹੁੰਗਾਰਾ ਮਿਲਿਆ ਸੀ।

1999 ਵਿੱਚ ਪੀਐੱਮਐੱਲ-ਐਨ ਦੀ ਸਰਕਾਰ ਤਖ਼ਤਾਪਲਟ ਤੋਂ ਬਾਅਦ ਬਰਖਾਸਤ ਕਰ ਦਿੱਤੀ ਗਈ ਸੀ ਅਤੇ ਨਵਾਜ਼ ਸ਼ਰੀਫ਼ ਨੂੰ ਸਾਊਦੀ ਅਰਬ ਭੇਜ ਦਿੱਤਾ ਗਿਆ ਸੀ। ਅੱਠ ਸਾਲ ਬਾਅਦ 2013 ਵਿੱਚ ਪਾਰਟੀ ਮੁੜ ਸੱਤਾ ਵਿੱਚ ਆਈ।

ਇਹ ਵੀ ਪੜ੍ਹੋ:

ਪਨਾਮਾ ਮਾਮਲੇ ਵਿੱਚ ਪਰਿਵਾਰ ਦੀ ਸ਼ਮੂਲੀਅਤ ਤੋਂ ਬਾਅਦ ਜੁਲਾਈ 2017 ਵਿੱਚ ਪਾਰਟੀ ਦੇ ਪ੍ਰਧਾਨ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ। ਸੁਪਰੀਮ ਕੋਰਟ ਨੇ ਨਵਾਜ਼ ਨੂੰ ਉਮਰ ਭਰ ਲਈ ਜਨਤਕ ਅਹੁਦੇ ਤੋਂ ਅਯੋਗ ਕਰਾਰ ਦਿੱਤਾ।

ਨਵਾਜ਼ ਸ਼ਰੀਫ ਚੋਣਾਂ ਨਹੀਂ ਲੜ ਸਕਦੇ ਪਰ ਉਹ ਆਪਣੀ ਧੀ ਮਰੀਅਮ ਨਵਾਜ਼ ਸ਼ਰੀਫ ਦੇ ਸਮਰਥਨ ਨਾਲ ਪੀਐੱਮਐੱਲ-ਐੱਨ ਦੀ ਮੁਹਿੰਮ ਦੀ ਅਗਵਾਈ ਕਰ ਰਹੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪਾਕਿਸਤਾਨ ਚੋਣਾਂ ਬਾਰੇ 5 ਅਹਿਮ ਗੱਲਾਂ

ਰਾਜਨੀਤਿਕ ਗਲਿਆਰਿਆਂ ਵਿੱਚ ਚਰਚਾ ਹੈ ਕਿ ਫੌਜ ਪੀਐੱਮਐੱਲ-ਐੱਨ ਨਾ ਸਹੀ ਪਰ ਨਵਾਜ਼ ਸ਼ਰੀਫ਼ ਨੂੰ ਸੱਤਾ ਦੇ ਗਲਿਆਰਿਆਂ ਤੋਂ ਦੂਰ ਰੱਖਣਾ ਚਾਹੁੰਦੀ ਹੈ। ਪਰ ਫੌਜ ਹਮੇਸ਼ਾ ਇਸ ਇਲਜ਼ਾਮ ਨੂੰ ਨਕਾਰਦੀ ਆਈ ਹੈ ਅਤੇ ਦਾਅਵਾ ਕਰਦੀ ਹੈ ਕਿ ਉਹ ਨਿਰਪੱਖ ਹੈ।

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ)

ਪੀਟੀਆਈ ਪਾਕਿਸਤਾਨ ਵਿੱਚ ਅਹਿਮ ਵਿਰੋਧੀ ਪਾਰਟੀ ਹੈ। ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਨੇ 1996 ਵਿੱਚ ਇਸ ਪਾਰਟੀ ਦਾ ਗਠਨ ਕੀਤਾ ਸੀ ਅਤੇ ਬਦਲਾਅ ਦਾ ਨਾਅਰਾ ਦਿੱਤਾ ਸੀ।

Image copyright Getty Images
ਫੋਟੋ ਕੈਪਸ਼ਨ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਨੇ 1996 ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਬਣਾਈ ਸੀ

ਸ਼ੁਰੂਆਤ ਵਿੱਚ ਪਾਰਟੀ ਨੂੰ ਜ਼ਿਆਦਾ ਸਮਰਥਨ ਨਹੀਂ ਮਿਲਿਆ। ਇਮਰਾਨ ਖਾਨ ਹੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਇਕੱਲੇ ਉਮੀਦਵਾਰ ਸਨ ਜੋ ਕਿ 2002 ਦੀਆਂ ਆਮ ਚੋਣਾਂ ਵਿੱਚ ਸੰਸਦ ਪਹੁੰਚੇ।

ਅਕਤੂਬਰ 2011 ਵਿੱਚ ਲਾਹੌਰ ਵਿੱਚ ਕੀਤੀ ਵੱਡੀ ਜਨਤਕ ਰੈਲੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਇਮਰਾਨ ਖਾਨ ਨੂੰ ਦੇਸ ਦਾ ਸਭ ਤੋਂ ਤਾਕਤਵਰ ਸਿਆਸਤਦਾਨ ਬਣਾ ਦਿੱਤਾ।

ਇੱਕ ਅੰਦਾਜ਼ੇ ਮੁਤਾਬਕ ਇੱਕ ਲੱਖ ਲੋਕਾਂ ਨੇ ਰੈਲੀ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਪੜ੍ਹੇ-ਲਿਖੇ ਸ਼ਹਿਰੀ ਨੌਜਵਾਨ ਸਨ।

ਪੀਟੀਆਈ ਪਾਕਿਸਤਾਨ ਨੂੰ ਭ੍ਰਿਸ਼ਟਾਚਾਰ ਮੁਕਤ ਦੇਸ ਬਣਾਉਣ ਦੇ ਦਾਅਵੇ ਨਾਲ ਉਭਰੀ, ਜਿੱਥੇ ਲੋਕ ਸਿਹਤ, ਸਿੱਖਿਆ ਅਤੇ ਸਮਾਜਿਕ ਨਿਆਂ ਦੀਆਂ ਸਹੂਲਤਾਂ ਹਾਸਲ ਕਰ ਸਕਣਗੇ।

2013 ਵਿੱਚ ਪੀਟੀਆਈ 7.5 ਮਿਲੀਅਨ ਵੋਟਾਂ ਦੇ ਨਾਲ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ। ਇਮਰਾਨ ਖਾਨ ਕੇਂਦਰ ਵਿੱਚ ਸਰਕਾਰ ਤਾਂ ਨਾ ਬਣਾ ਸਕੇ ਪਰ ਉਨ੍ਹਾਂ ਦੀ ਪਾਰਟੀ ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਜ਼ਰੂਰ ਸੱਤਾ ਵਿੱਚ ਆਈ

2014 ਵਿੱਚ ਇਮਰਾਨ ਖ਼ਾਨ ਨੇ ਚੋਣ ਵਿੱਚ ਗੜਬਰੀ ਦੇ ਇਲਜ਼ਾਮ ਲਾਉਂਦਿਆਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸੀਟ ਤੱਕ ਲੰਮਾ ਮਾਰਚ ਕੀਤਾ ਸੀ।

ਇਸ ਮਾਰਚ ਤੋਂ ਬਾਅਦ ਇਸਲਾਮਾਬਾਦ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਲਗਭਗ ਛੇ ਮਹੀਨਿਆਂ ਤੱਕ ਜਾਰੀ ਰਿਹਾ ਅਤੇ ਨਵਾਜ਼ ਸਰਕਾਰ ਨੂੰ ਅਪਾਹਿਜ ਕਰ ਦਿੱਤਾ।

ਇਮਰਾਨ ਖਾਨ ਨਵਾਜ਼ ਸ਼ਰੀਫ਼ ਦੇ ਸਭ ਤੋਂ ਤਿੱਖੇ ਅਲੋਚਕ ਹਨ ਅਤੇ ਉਨ੍ਹਾਂ ਦੀ ਪਾਰਟੀ ਪੀਟੀਆਈ ਪਨਾਮਾ ਖੁਲਾਸੇ ਤੋਂ ਬਾਅਦ ਸ਼ਿਕਾਇਤ ਕਰਨ ਵਾਲਿਆਂ ਵਿੱਚ ਅਹਿਮ ਪਾਰਟੀ ਸੀ ਜੋ ਕਿ ਨਵਾਜ਼ ਸ਼ਰੀਫ਼ ਨੂੰ ਅਦਾਲਤ ਦੀਆਂ ਬਰੂਹਾਂ ਤੱਕ ਲੈ ਗਈ। ਇਸ ਮਾਮਲੇ ਦਾ ਨਤੀਜਾ ਇਹ ਹੋਇਆ ਕਿ ਨਵਾਜ਼ ਨੂੰ ਉਮਰ ਭਰ ਲਈ ਅਯੋਗ ਕਰਾਰ ਦਿੱਤਾ ਗਿਆ ਹੈ।

ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ)

ਪਾਕਿਸਤਾਨ ਪੀਪਲਜ਼ ਪਾਰਟੀ ਦਾ ਗਠਨ 1967 ਵਿੱਚ ਸਾਬਕਾ ਪ੍ਰਧਾਨ ਮੰਤਰੀ ਜੁਲਫਿਕਾਰ ਅਲੀ ਭੁੱਟੋ ਨੇ ਖੱਬੇ-ਪੱਖੀ ਸਮਾਜਿਕ ਪ੍ਰਗਤੀਸ਼ੀਲ ਪਾਰਟੀ ਵਜੋਂ ਕੀਤਾ ਸੀ।

ਹੁਕਮਰਾਨ ਜ਼ਿਆ-ਉਲ-ਹਕ ਵੱਲੋਂ ਫਾਂਸੀ ਦੇਣ ਤੋਂ ਬਾਅਦ ਉਨ੍ਹਾਂ ਦੀ ਧੀ ਬੇਨਜ਼ੀਰ ਭੁੱਟੋ ਨੇ ਪਾਰਟੀ ਦੀ ਅਗਵਾਈ ਕੀਤੀ ਅਤੇ ਹੁਣ ਉਨ੍ਹਾਂ ਦੇ ਪੋਤੇ ਬਿਲਾਵਲ ਭੁੱਟੋ ਜ਼ਰਦਾਰੀ ਪਾਰਟੀ ਦੀ ਕਮਾਨ ਸਾਂਭ ਰਹੇ ਸਨ।

Image copyright Getty Images
ਫੋਟੋ ਕੈਪਸ਼ਨ ਪਾਰਟੀ ਦੇ ਮੌਜੂਦਾ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਪਹਿਲੀ ਵਾਰ ਚੋਣ ਲੜ ਰਹੇ ਹਨ

ਜਦੋਂ ਤੋਂ ਪੀਪੀਪੀ ਸੱਤਾ ਵਿੱਚ ਆਈ ਹੈ ਇਹ ਦੇਸ ਦੀ ਸਿਆਸਤ ਵਿੱਚ ਅਹਿਮ ਥਾਂ ਰਖਦੀ ਹੈ। 1970 ਦੇ ਦਹਾਕੇ ਦੌਰਾਨ ਇਹ ਸੱਤਾ ਵਿੱਚ ਰਹੀ ਪਰ ਜ਼ਿਆ ਦੇ ਸ਼ਾਸਨ ਦੌਰਾਨ ਪਿੱਛੇ ਧੱਕ ਦਿੱਤੀ ਗਈ।

ਪਿਤਾ ਨੂੰ ਫਾਂਸੀ ਹੋਣ ਤੋਂ ਬਾਅਦ ਬੇਨਜ਼ੀਰ ਭੁੱਟੋ ਨੇ ਪੀਪੀਪੀ ਦੀ ਕਮਾਨ ਆਪਣੇ ਹੱਥ ਲਈ। ਉਨ੍ਹਾਂ ਨੇ ਲੋਕਤੰਤਰ ਨੂੰ ਮੁੜ ਸਥਾਪਿਤ ਕਰਨ ਲਈ ਕਾਫ਼ੀ ਸੰਘਰਸ਼ ਕੀਤਾ ਅਤੇ ਮੁੜ 1988 ਵਿੱਚ ਸੱਤਾ ਹਾਸਲ ਕੀਤੀ।

1988 ਅਤੇ 1993 ਵਿੱਚ ਬੇਨਜ਼ੀਰ ਭੁੱਟੋ ਸੱਤਾ 'ਚ ਆਏ। 2008 ਵਿੱਚ ਪੀਪਲਜ਼ ਪਾਰਟੀ ਦੁਬਾਰਾ ਬੇਨਜ਼ੀਰ ਦੇ ਕਤਲ ਤੋਂ ਤੁਰੰਤ ਬਾਅਦ ਸੱਤਾ ਵਿੱਚ ਆ ਗਈ।

ਪਰ ਪਾਰਟੀ ਦੀ ਸਿਆਸੀ ਪਕੜ ਕਮਜ਼ੋਰ ਹੋਣ ਲੱਗੀ ਖਾਸ ਕਰਕੇ ਪੰਜਾਬ ਵਿੱਚ। ਹੌਲੀ-ਹੌਲੀ ਪਾਰਟੀ ਦੀ ਪ੍ਰਸਿੱਧੀ ਪੂਰੇ ਦੇਸ ਵਿੱਚ ਘੱਟ ਗਈ, ਹਾਲਾਂਕਿ ਦੱਖਣੀ ਸਿੰਧ ਵਿੱਚ ਪਾਰਟੀ ਨੂੰ ਮਜ਼ਬੂਤੀ ਹਾਸਲ ਹੈ। ਪਾਰਟੀ ਨੂੰ ਸਿੰਧ ਦੇ ਲੋਕਾਂ ਤੇ ਅਤੇ ਉੱਥੇ ਦੇ ਜਗੀਰਦਾਰਾਂ ਦਾ ਸਮਰਥਨ ਹਾਸਿਲ ਹੈ।

ਪਾਰਟੀ ਦੇ ਮੌਜੂਦਾ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਪਹਿਲੀ ਵਾਰ ਚੋਣ ਲੜ ਰਹੇ ਹਨ। ਉਹ ਆਧੁਨਿਕ ਲੀਹਾਂ 'ਤੇ ਪਾਰਟੀ ਨੂੰ ਸੁਧਾਰਨਾ ਚਾਹੁੰਦੇ ਹਨ ਅਤੇ ਦੇਸ ਦੀ ਮੌਜੂਦਾ ਸਿਆਸਤ ਨਾਲ ਇਸ ਨੂੰ ਹੋਰ ਢੁਕਵਾਂ ਬਣਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ:

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪੀਪੀਪੀ ਸੰਘੀ ਪੱਧਰ 'ਤੇ ਸ਼ਾਇਦ ਸਰਕਾਰ ਬਣਾਉਣ ਦੇ ਯੋਗ ਨਾ ਹੋਵੇ ਪਰ ਇਹ ਅਜੇ ਵੀ ਚੋਣਾਂ ਵਿੱਚ ਪੀਐੱਮਐੱਲ-ਐੱਨ ਅਤੇ ਪੀਟੀਆਈ ਨੂੰ ਸਖ਼ਤ ਟੱਕਰ ਦੇਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)