ਲਾਓਸ 'ਚ ਡੈਮ ਦਾ ਬੰਨ੍ਹ ਟੁੱਟਿਆ, ਸੈਂਕੜੇ ਲੋਕ ਲਾਪਤਾ

ਲਾਓਸ Image copyright Reuters
ਫੋਟੋ ਕੈਪਸ਼ਨ ਲਾਓਸ 'ਚ ਬੰਨ੍ਹ ਟੁੱਟਣ ਤੋਂ ਬਾਅਦ ਰਾਹਤ ਕਾਰਜ ਜਾਰੀ

ਲਾਓਸ ਦੇ ਸਰਕਾਰੀ ਮੀਡੀਆ ਮੁਤਾਬਕ ਮੁਲਕ ਦੇ ਦੱਖਣ-ਪੱਛਮੀ ਖ਼ੇਤਰ 'ਚ ਇੱਕ ਉਸਾਰੀ ਅਧੀਨ ਬੰਨ੍ਹ ਟੁੱਟ ਗਿਆ ਹੈ ਅਤੇ ਇਸ ਵਜ੍ਹਾ ਨਾਲ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਘੱਟੋ-ਘੱਟ 100 ਲੋਕ ਲਾਪਤਾ ਹਨ ਅਤੇ ਛੇ ਹਜ਼ਾਰ ਤੋਂ ਵੱਧ ਲੋਕਾਂ ਦੇ ਘਰ ਪਾਣੀ 'ਚ ਡੁੱਬ ਗਏ ਹਨ।

ਲਾਓਸ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਅਟਾਪੂ ਪ੍ਰਾਂਤ 'ਚ ਪਨਬਿਜਲੀ ਪਰਿਯੋਜਨਾ ਦੇ ਤਹਿਤ ਬਣ ਰਿਹਾ ਇੱਕ ਬੰਨ੍ਹ ਟੁੱਟ ਗਿਆ ਜਿਸ ਨਾਲ ਛੇ ਪਿੰਡਾਂ 'ਚ ਪਾਣੀ ਭਰ ਗਿਆ।

Image copyright Reuters
ਫੋਟੋ ਕੈਪਸ਼ਨ ਮੁਸ਼ਕਿਲ ਸਮੇਂ 'ਚ ਇੱਕ-ਦੂਜੇ ਦੀ ਮਦਦ ਕਰ ਰਹੇ ਹਨ ਲੋਕ

ਪ੍ਰਭਾਵਿਤ ਇਲਾਕੇ ਸਾਨਾਮਕਸੇ ਤੋਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਉੱਥੇ ਘਰਾਂ ਦੀਆਂ ਛੱਤਾਂ 'ਤੇ ਲੋਕ ਬੈਠੇ ਦੇਖੇ ਜਾ ਸਕਦੇ ਹਨ।

ਲਾਓਸ ਦੇ ਇਸ ਪ੍ਰਾਂਤ ਦੀਆਂ ਸਰਹੱਦਾਂ ਵਿਅਤਨਾਮ ਅਤੇ ਕੰਬੋਡੀਆ ਨਾਲ ਲਗਦੀਆਂ ਹਨ।

ਇਹ ਵੀ ਪੜ੍ਹੋ:

ਹਾਦਸੇ ਨਾਲ ਕੁੱਲ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ ਇਸ ਬਾਰੇ ਸਾਫ਼ ਤੌਰ 'ਤੇ ਜਾਣਕਾਰੀ ਫ਼ਿਲਹਾਲ ਉਪਲਬਧ ਨਹੀਂ ਹੈ। ਇਲਾਕੇ 'ਚ ਫ਼ੋਨ ਸਿਗਨਲ ਕੰਮ ਨਹੀਂ ਕਰ ਰਹੇ।

Image copyright EPA
ਫੋਟੋ ਕੈਪਸ਼ਨ ਘਰਾਂ ਦੀਆਂ ਛੱਤਾਂ 'ਤੇ ਆਏ ਲੋਕ

ਏਜੰਸੀ ਦਾ ਕਹਿਣਾ ਹੈ, ''ਇਸ ਦੁਰਘਟਨਾ ਦੇ ਕਾਰਨ ਕਈ ਲੋਕ ਫੱਸ ਗਏ ਹਨ ਅਤੇ ਕਈ ਅਜੇ ਵੀ ਲਾਪਤਾ ਹਨ।''

ਸਾਲ 2013 'ਚ ਸ਼ੇ ਪਿਆਨ ਸ਼ੇ ਨਾਮਨਾਇ ਬੰਨ੍ਹ ਨੂੰ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ ਅਤੇ ਇਹ ਅਗਲੇ ਸਾਲ ਬਣ ਕੇ ਤਿਆਰ ਹੋਣ ਵਾਲਾ ਸੀ।

ਇਸ ਨੂੰ ਬਣਾਉਣ ਲਈ ਥਾਈਲੈਂਡ ਦੀ ਕੰਪਨੀ ਰਾਚਾਬੁਰੀ ਇਲੈਕਟ੍ਰਿਸਿਟੀ ਜੇਨਰੇਟਿੰਗ ਹੋਲਡਿੰਗ ਅਤੇ ਦੱਖਣ ਕੋਰੀਆ ਦੀ ਕੰਪਨੀ ਐਸਕੇ ਇੰਜੀਨਿਅਰਿੰਗ ਐਂਡ ਕੰਸਟ੍ਰਕਸ਼ਨ ਕੰਮ ਕਰ ਰਹੀ ਸੀ।

Image copyright AFP

ਰਾਚਾਬੁਰੀ ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਬੰਨ੍ਹ ਦੇ ਪਰਿਚਾਲਕਾਂ ਨੇ ਉਨ੍ਹਾਂ ਨੂੰ ਇੱਕ ਰਿਪੋਰਟ ਸੌਂਪੀ ਹੈ ਜਿਸ ਮੁਤਾਬਕ 16 ਮੀਟਰ ਉੱਚਾ ਬੰਨ੍ਹ ਟੁੱਟ ਗਿਆ ਹੈ।

ਰਿਪੋਰਟ ਅਨੁਸਾਰ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਇਸ ਕੱਚੇ ਬੰਨ੍ਹ 'ਚ ਸਮਰੱਥਾ ਤੋਂ ਵੱਧ ਪਾਣੀ ਆ ਗਿਆ ਸੀ।

Image copyright EPA

ਐਸਕੇ ਇੰਜੀਨਿਅਰਿੰਗ ਐਂਡ ਕੰਸਟ੍ਰਕਸ਼ਨ ਦੇ ਬੁਲਾਰੇ ਮੁਤਾਬਕ ਭਾਰੀ ਮੀਂਹ ਦੇ ਕਾਰਨ ਮੁੱਖ ਬੰਨ੍ਹ ਤੋਂ ਪਹਿਲਾਂ ਬਣਾਏ ਗਏ ਇੱਕ ਬੰਨ੍ਹ ਦਾ ਅੱਧਾ ਹਿੱਸਾ ਟੁੱਟ ਗਿਆ ਹੈ।

''ਸਾਨੂੰ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਹੈ ਪਰ ਸਾਡਾ ਮੰਨਣਾ ਹੈ ਕਿ ਬੰਨ੍ਹ ਦਾ ਉੱਪਰਲਾ ਹਿੱਸਾ ਟੁੱਟ ਗਿਆ ਹੈ ਅਤੇ ਪਾਣੀ ਨਿਕਲ ਕੇ ਸਪਲਾਈ ਬੰਨ੍ਹ 'ਚ ਚਲਾ ਗਿਆ ਹੈ।''

Image copyright EPA
  • ਲਾਓਸ ਦੀ ਸਰਕਾਰ ਨੇ ਬੰਨ੍ਹ ਬਣਾਉਣ ਦੀ ਇਹ ਯੋਜਨਾ ਸ਼ੁਰੂ ਕੀਤੀ ਹੈ ਅਤੇ ਮੰਨਦੀ ਹੈ ਕਿ ਉਹ ਆਉਣ ਵਾਲੇ ਸਮੇਂ 'ਚ 'ਏਸ਼ੀਆ ਦੀ ਬੈਟਰੀ' ਬਣ ਸਕੇਗੀ।
  • ਲਾਓਸ 'ਚ ਮੀਕੋਂਗ ਨਹਿਰ ਅਤੇ ਹੋਰ ਨਹਿਰਾਂ ਵਗਦੀਆਂ ਹਨ ਅਤੇ ਇਸਨੂੰ ਬਿਜਲੀ ਪੈਦਾਵਾਰ ਲਈ ਉੱਤਮ ਮੰਨਿਆ ਜਾਂਦਾ ਹੈ।
  • 2017 ਵਿੱਚ ਦੇਸ਼ 'ਚ 45 ਪਨਬਿਜਲੀ ਪਰਿਯੋਜਨਾਵਾਂ ਚਲਦੀਆਂ ਸਨ ਅਤੇ 54 ਪਰਿਯੋਜਨਾਵਾਂ ਉਸਾਰੀ ਅਧੀਨ ਸਨ।
  • ਲਾਓਸ ਦੀ ਯੋਜਨਾ ਅਨੁਸਾਰ ਸਾਲ 2020 ਤੱਕ ਹੋਰ 54 ਬਿਜਲੀ ਟ੍ਰਾਂਸਮਿਸ਼ਨ ਲਾਈਨਾਂ ਅਤੇ 16 ਸਬ-ਸਟੇਸ਼ਨ ਬਣਾਏ ਜਾਣਗੇ
  • ਲਾਓਸ ਜਿੰਨੀ ਪਨਬਿਜਲੀ ਦੀ ਪੈਦਾਵਾਰ ਕਰਦਾ ਹੈ ਉਸਦਾ 30 ਫੀਸਦੀ ਹਿੱਸਾ ਬਰਾਮਦ ਕਰਦਾ ਹੈ
Image copyright XE-PIAN XE-NAMNOY POWER CO. LTD.

ਅਪੀਲ

ਬੰਨ੍ਹ ਦੇ ਬਣਨ ਤੋਂ ਪਹਿਲਾਂ ਵਾਤਾਵਾਰਣ ਸੁਰੱਖਿਆ ਨਾਲ ਜੁੜੇ ਗਰੁੱਪ ਲਾਓਸ ਪਨਬਿਜਲੀ ਪਰਿਯੋਜਨਾ ਦੇ ਪ੍ਰਭਾਵ ਅਤੇ ਹੇਠਲੇ ਇਲਾਕਿਆਂ 'ਚ ਵਸੇ ਲੋਕਾਂ ਲਈ ਇਸਦੇ ਖ਼ਤਰੇ ਦੇ ਖ਼ਦਸ਼ੇ ਸਾਹਮਣੇ ਰਖਦੇ ਰਹੇ ਸਨ।

ਇਹ ਵੀ ਪੜ੍ਹੋ:

ਸਰਕਾਰੀ ਮੀਡੀਆ ਮੁਤਾਬਕ ਲਾਓਸ ਦੇ ਪ੍ਰਧਾਨ ਮੰਤਰੀ ਥੋਂਗਲੂਨ ਸਿਸੋਲਿਥ ਨੇ ਸਰਕਾਰੀ ਬੈਠਕਾਂ ਨੂੰ ਫ਼ਿਲਹਾਲ ਰੱਦ ਕਰ ਦਿੱਤਾ ਹੈ ਅਤੇ ਪ੍ਰਭਾਵਿਤ ਖ਼ੇਤਰ 'ਚ ਰਾਹਤ ਕਾਰਜ ਦੀ ਨਿਗਰਾਨੀ ਕਰ ਰਹੇ ਹਨ।

ਨਾਲ ਹੀ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲੈ ਕੇ ਜਾਣ ਲਈ ਕਿਸ਼ਤੀਆਂ ਵੀ ਚਲਾਈਆਂ ਜਾ ਰਹੀਆਂ ਹਨ।

Image copyright AFP

ਸਥਾਨਕ ਅਧਿਕਾਰੀਆਂ ਨੇ ਸਰਕਾਰੀ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਸਮੇਂ 'ਚ ਐਮਰਜੈਂਸੀ ਮਦਦ ਮੁਹੱਈਆ ਕਰਵਾਉਣ ਦੇ ਲਈ ਸਾਹਮਣੇ ਆਉਣ ਅਤੇ ਪ੍ਰਭਾਵਤਾਂ ਨੂੰ ਖਾਣਾ, ਕੱਪੜੇ, ਪੀਣ ਦਾ ਪਾਣੀ ਅਤੇ ਦਵਾਈਆਂ ਦੇਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)