ਇਸ ਦੇਸ ਦੇ ਲੋਕ ਹੋਰ ਖੁਸ਼ੀ ਕਿਉਂ ਨਹੀਂ ਚਾਹੁੰਦੇ

ਫਿਨਲੈਂਡ Image copyright Marco_Piunti/Getty Images
ਫੋਟੋ ਕੈਪਸ਼ਨ ਫਿਨਲੈਂਡ ਦੇ ਲੋਕ ਜਜ਼ਬਾਤੀ ਤੌਰ 'ਤੇ ਅੰਤਰਮੁਖੀ ਹੁੰਦੇ ਹਨ ਤੇ ਬਹੁਤ ਖੁੱਲ੍ਹ ਕੇ ਆਪਣੀ ਖੁਸ਼ੀ ਜਾਂ ਗੁੱਸੇ ਦਾ ਇਜ਼ਹਾਰ ਨਹੀਂ ਕਰਦੇ

ਇੱਕ ਬੈਲੇ ਡਾਂਸਰ ਇੱਕ ਪਾਰਕ ਦੇ ਬੈਂਚ ਉੱਤੇ ਆਪਣਾ ਪਰਸ ਰੱਖ ਕੇ ਭੁੱਲ ਜਾਂਦੀ ਹੈ ਅਤੇ ਉਥੋਂ ਉਠ ਕੇ ਚਲੀ ਜਾਂਦੀ ਹੈ।

ਕੁਝ ਦੇਰ ਬਾਅਦ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਪਰਸ ਪਾਰਕ ਵਿੱਚ ਹੀ ਰਹਿ ਗਿਆ ਹੈ। ਪਰ ਉਹ ਜ਼ਰਾ ਵੀ ਪ੍ਰੇਸ਼ਾਨ ਨਹੀਂ ਹੁੰਦੀ ਕਿਉਂਕਿ ਉਸ ਨੂੰ ਪਤਾ ਹੈ ਕਿ ਪਰਸ ਪਾਰਕ ਵਿੱਚ ਸੁਰੱਖਿਅਤ ਪਿਆ ਹੋਵੇਗਾ।

ਉਸ ਬੈਲੇ ਡਾਂਸਰ ਦਾ ਨਾਮ ਮਿੰਨਾ ਤਰਵਾਮਾਕੀ ਹੈ। ਉਹ ਦੁਨੀਆਂ ਦੇ ਕਿਸ ਦੇਸ ਵਿੱਚ ਰਹਿੰਦੀ ਹੈ? ਅਜਿਹੀ ਕਿਹੜੀ ਥਾਂ ਹੈ ਕਿ, ਜਿੱਥੇ ਉਹ ਪਾਰਕ ਵਿੱਚ ਪਰਸ ਭੁੱਲਣ 'ਤੇ ਵੀ ਬੇਫਿਕਰ ਹੈ?

ਉਸ ਦੇਸ ਦਾ ਨਾਮ ਹੈ ਫਿਨਲੈਂਡ ਹੈ ਅਤੇ ਉੱਤਰੀ ਯੂਰਪ ਖਿੱਤੇ ਦਾ ਦੇਸ ਹੈ।

ਸਾਲ 2018 ਦੀ ਵਰਲਡ ਹੈਪੀਨੈੱਸ ਰਿਪੋਰਟ ਮੁਤਾਬਕ ਫਿਨਲੈਂਡ ਦੁਨੀਆਂ ਦਾ ਸਭ ਤੋਂ ਖੁਸ਼ਹਾਲ ਦੇਸ ਹੈ। ਪਰ ਫਿਨਲੈਂਡ ਇਸ ਰਿਪੋਰਟ ਨਾਲ ਇਤੇਫਾਕ ਨਹੀਂ ਰੱਖਦਾ।

ਇਹ ਵੀ ਪੜ੍ਹੋ:

ਹੈਪੀਨੈੱਸ ਰਿਸਰਚ ਇੰਸਟੀਚਿਊਟ ਦੇ ਸੀਈਓ ਮਾਇਕ ਵਾਇਕਿੰਗ ਦਾ ਕਹਿਣਾ ਹੈ ਕਿ ਫਿਨਲੈਂਡ ਦੇ ਲੋਕ ਜਜ਼ਬਾਤੀ ਤੌਰ 'ਤੇ ਅੰਤਰਮੁਖੀ ਹੁੰਦੇ ਹਨ। ਉਹ ਕਦੇ ਵੀ ਬਹੁਤ ਖੁੱਲ੍ਹ ਕੇ ਆਪਣੀ ਖੁਸ਼ੀ ਜਾਂ ਗੁੱਸੇ ਦਾ ਇਜ਼ਹਾਰ ਨਹੀਂ ਕਰਦੇ। ਇਥੋਂ ਦੇ ਲੋਕ ਵੱਖੋ-ਵੱਖ ਤਰੀਕਿਆਂ ਨਾਲ ਆਪਣੀ ਜ਼ਿੰਦਗੀ ਵਿੱਚ ਰੁਝੇ ਹੋਏ ਹੁੰਦੇ ਹਨ। ਇਹ ਲੋਕ ਬਹੁਤ ਸੰਤੁਲਿਤ ਜੀਵਨ ਜੀਉਂਦੇ ਹਨ। ਸ਼ਾਇਦ ਉਨ੍ਹਾਂ ਦੀਆਂ ਖੁਸ਼ੀਆਂ ਦਾ ਰਾਜ਼ ਇਹੀ ਹੈ।

ਸਕਾਰਾਤਮਾਕ ਚੀਜ਼ਾਂ ਨੂੰ ਉਤਸ਼ਾਹਿਤ ਕਰਨ ਵਾਲੀ ਕੰਪਨੀ ਪਾਜ਼ੀਟਿਵਾਰਿਟ ਓਏ ਨੇ ਪਿਛਲੇ ਸਾਲ ਹੀ ਫਿਨਲੈਂਡ ਦੀ ਬੈਲੇ ਡਾਂਸਰ ਮਿੰਨਾ ਤਰਵਾਮਾਕੀ ਨੂੰ ਫਿਨਲੈਂਡ ਦੀ ਸਭ ਤੋਂ ਖੁਸ਼ਹਾਲ ਹਸਤੀ ਵਜੋਂ ਨਾਮਜ਼ਦ ਕੀਤਾ ਸੀ।

Image copyright Minna Hatinen
ਫੋਟੋ ਕੈਪਸ਼ਨ ਕੰਪਨੀ ਪਾਜ਼ੀਟਿਵਾਰਿਟ ਓਏ ਨੇ ਫਿਨਲੈਂਡ ਦੀ ਬੈਲੇ ਡਾਂਸਰ ਮਿੰਨਾ ਤਰਕਾਮਾਕੀ ਨੂੰ ਫਿਨਲੈਂਡ ਦੀ ਸਭ ਤੋਂ ਖੁਸ਼ਹਾਲ ਹਸਤੀ ਵਜੋਂ ਨਾਮਜ਼ਦ ਕੀਤਾ ਸੀ

ਉਹ ਕਹਿੰਦੀ ਹੈ ਕਿ ਫਿਨਲੈਂਡ ਵਿੱਚ ਖੁਸ਼ਹਾਲੀ ਦਾ ਸਭ ਤੋਂ ਵੱਡਾ ਕਾਰਨ ਸੁਰੱਖਿਆ ਦਾ ਅਹਿਸਾਸ ਹੈ। ਕੋਈ ਵੀ ਆਪਣਾ ਸਾਮਾਨ ਜੇਕਰ ਕਿਤੇ ਭੁੱਲ ਵੀ ਜਾਵੇ ਤਾਂ ਉਹ ਉਸ ਨੂੰ ਉੱਥੇ ਪਿਆ ਹੀ ਮਿਲਦਾ ਹੈ। ਕੋਈ ਕਿਸੇ ਦੀ ਚੀਜ਼ ਨੂੰ ਹੱਥ ਵੀ ਨਹੀਂ ਲਾਉਂਦਾ।

ਖੁਸ਼ਹਾਲੀ ਲਈ ਸਭ ਤੋਂ ਜ਼ਰੂਰੀ ਕੀ

ਉਹ ਖ਼ੁਦ ਨੂੰ ਇੱਥੇ ਸਭ ਤੋਂ ਵੱਧ ਸੁਰੱਖਿਅਤ ਮਹਿਸੂਸ ਕਰਦੀ ਹੈ ਪਰ ਫੇਰ ਵੀ ਇਹ ਹੈਪੀਨੈਸ ਸਰਵੇ ਦੀ ਰਿਪੋਰਟ ਨਾਲ ਇਤਫਾਕ ਨਹੀਂ ਰੱਖਦੀ।

ਉਨ੍ਹਾਂ ਮੁਤਾਬਕ ਇਹ ਰਿਪੋਰਟ ਫਿਨਲੈਂਡ ਦੇ ਲੋਕਾਂ ਦੀ ਅਸਲੀ ਖੁਸ਼ੀ ਨੂੰ ਪੇਸ਼ ਨਹੀਂ ਕਰਦੀ।

ਉੱਥੇ ਕੈਨੈਡਾ ਦੀ ਬ੍ਰਿਟਿਸ਼ ਕੋਲੰਬੀਆ ਯੂਨਵਰਸਿਟੀ ਦੇ ਪ੍ਰੋਫੈਸਰ ਅਤੇ ਵਰਲਡ ਹੈਪੀਨੈਸ ਰਿਪੋਰਟ ਦੇ ਸਹਿ-ਸੰਪਾਦਕ ਜੋਨ ਹੈਲੀਵੈਲ ਦਾ ਕਹਿਣਾ ਹੈ ਕਿ ਖੁਸ਼ਹਾਲੀ ਨੂੰ ਮਾਪਣਾ ਇਮੋਸ਼ਨਲ ਸਟੱਡੀ ਬਿਲਕੁਲ ਨਹੀਂ ਹੈ। ਬਲਕਿ ਇਸ ਰਿਪੋਰਟ ਰਾਹੀਂ ਸਾਰੀ ਦੁਨੀਆਂ ਵਿੱਚ ਰਹਿਣ-ਸਹਿਣ ਦੇ ਪੱਧਰ ਨੂੰ ਮਾਪਿਆ ਜਾਂਦਾ ਹੈ। ਇਸੇ ਪੈਮਾਨੇ 'ਤੇ ਫਿਨਲੈਂਡ ਸਭ ਤੋਂ ਅੱਗੇ ਨਿਕਲਿਆ ਹੈ।

ਉਹ ਕਹਿੰਦੇ ਹਨ ਕਿ ਜੀਵਨ ਪੱਧਰ ਬਿਹਤਰ ਕਰਨ ਵਿੱਚ ਕਿਸੇ ਦੇਸ ਦੀ ਜੀਡੀਪੀ ਅਤੇ ਪ੍ਰਤੀ ਵਿਅਕਤੀ ਆਮਦਨ ਦੇ ਨਾਲ-ਨਾਲ ਸਿਹਤ ਅਤੇ ਲੰਬੀ ਉਮਰ ਅਹਿਮ ਹੁੰਦੀ ਹੈ। ਪਰ ਇਸ ਤੋਂ ਇਲਾਵਾ ਲੋਕਾਂ ਦਾ ਇੱਕ-ਦੂਜੇ ਨਾਲ ਲਗਾਅ, ਇੱਕ-ਦੂਜੇ ਦੀ ਮਦਦ, ਉਨ੍ਹਾਂ ਦਾ ਸਹਾਰਾ ਬਣਨਾ, ਆਪਣੇ ਫ਼ੈਸਲੇ ਖ਼ੁਦ ਕਰਨ ਦੀ ਆਜ਼ਾਦੀ ਹੋਣਾ ਵੀ ਅਹਿਮ ਹੁੰਦਾ ਹੈ।

ਇਹ ਸਭ ਉਦਾਰਵਾਦ ਅਤੇ ਵਿਸ਼ਵਾਸ ਕਾਰਨ ਹੁੰਦਾ ਹੈ ਅਤੇ ਇਸ ਨਾਲ ਹੀ ਜੀਵਨ ਪੱਧਰ ਬਿਹਤਰ ਹੁੰਦਾ ਹੈ। ਫਿਨਲੈਂਡ ਦੇ ਲੋਕਾਂ ਵਿੱਚ ਇਹ ਲੱਛਣ ਸਭ ਤੋਂ ਵੱਧ ਦੇਖਣ ਨੂੰ ਮਿਲੇ ਹਨ।

ਫਿਨਲੈਂਡ ਦੀ ਯੂਨੀਵਰਸਿਟੀ ਆਫ ਹੈਲਸਿੰਕੀ ਦੇ ਮਨੋਵਿਗਿਆਨੀ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਖੁਸ਼ਹਲੀ ਲਈ ਵਿਸ਼ਵਾਸ ਸਭ ਤੋਂ ਅਹਿਮ ਹੈ।

Image copyright Henrik Kettunen/Alamy
ਫੋਟੋ ਕੈਪਸ਼ਨ ਫਿਨਲੈਂਡ ਵਿੱਚ ਠੰਢ ਬਹੁਤ ਲੰਬੀ ਪੈਂਦੀ ਹੈ ਜਿਸ ਦਾ ਵੀ ਮਨੋਵਿਗਿਆਨਕ ਅਸਰ ਪੈਂਦਾ ਹੈ

ਲੋਕ ਚਾਹੁੰਦੇ ਹਨ ਕਿ ਉਨ੍ਹਾਂ 'ਤੇ ਭਰੋਸਾ ਕੀਤਾ ਜਾਵੇ ਅਤੇ ਉਹ ਦੂਜਿਆਂ 'ਤੇ ਯਕੀਨ ਕਰ ਸਕਣ। ਉਹ ਭਰੋਸੇ ਦਾ ਹੀ ਨਤੀਜਾ ਹੈ ਕਿ ਫਿਨਲੈਂਡ ਵਿੱਚ ਜੇਕਰ ਕੋਈ ਪੈਸਿਆਂ ਨਾਲ ਭਰਿਆ ਬਟੂਆ ਭੁੱਲ ਜਾਂਦਾ ਹੈ ਤਾਂ ਉਸ ਨੂੰ ਜਿਓਂ ਦਾ ਤਿਓਂ ਹੀ ਪਏ ਰਹਿਣ ਦਿੰਦੇ ਹਨ।

ਅਜਨਬੀ ਵੀ ਘੁਲ-ਮਿਲ ਜਾਂਦੇ ਹਨ

ਇਸ ਸੱਚਾਈ ਨੂੰ ਅਜਮਾਉਣ ਲਈ ਰੀਡਰਜ਼ ਡਾਇਜੈਸਟ ਨੇ ਇੱਕ ਟੈਸਟ ਕੀਤਾ। ਦੇਖਿਆ ਗਿਆ ਕਿ ਸਭ ਤੋਂ ਵਧੇਰੇ ਬਟੂਏ ਹੈਲਸਿੰਕੀ ਵਿੱਚ ਹੀ ਮਾਲਕਾਂ ਨੂੰ ਵਾਪਸ ਕੀਤੇ ਗਏ ਸਨ।

ਦਿਲਚਸਪ ਗੱਲ ਤਾਂ ਇਹ ਹੈ ਕਿ ਫਿਨਲੈਂਡ ਵਿੱਚ ਅਜਨਬੀ ਵੀ ਆ ਕੇ ਉਨੇ ਹੀ ਭਰੋਸੇ ਲਾਇਕ ਹੋ ਜਾਂਦੇ ਹਨ ਜਿੰਨੇ ਕਿ ਫਿਨਲੈਂਡ ਦੇ ਲੋਕ ਹੁੰਦੇ ਹਨ।

ਇਸ ਸਾਲ ਪਹਿਲੀ ਵਾਰ ਅਜਨਬੀਆਂ ਨੂੰ ਵੀ ਸਰਵੇ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਦੇਖਿਆ ਕਿ ਮੂਲ ਨਿਵਾਸੀਆਂ ਵਾਂਗ ਹੀ ਬਾਹਰ ਤੋਂ ਆ ਕੇ ਵੱਸੇ ਲੋਕ ਵੀ ਉਨੇ ਹੀ ਖੁਸ਼ ਸਨ।

ਇਹ ਵੀ ਪੜ੍ਹੋ:

Image copyright Johner Images/Getty Images
ਫੋਟੋ ਕੈਪਸ਼ਨ ਇਥੇ ਖੁਸ਼ਹਾਲੀ ਸਿਰਫ਼ ਸਮਾਜ ਕਾਰਨ ਹੀ ਨਹੀਂ ਬਲਕਿ ਜਿਸ ਤਰ੍ਹਾਂ ਨਾਲ ਦੇਸ ਦਾ ਨਿਜ਼ਾਮ ਚਲਾਇਆ ਜਾ ਰਿਹਾ ਹੈ, ਉਹ ਲੋਕਾਂ ਨੂੰ ਖੁਸ਼ੀ ਦਿੰਦਾ ਹੈ।

ਇਸ ਨਾਲ ਜ਼ਾਹਿਰ ਹੁੰਦਾ ਹੈ ਕਿ ਫਿਨਲੈਂਡ ਵਿੱਚ ਖੁਸ਼ਹਾਲੀ ਸਿਰਫ਼ ਉਥੋਂ ਦੇ ਸਮਾਜ ਕਾਰਨ ਹੀ ਨਹੀਂ ਬਲਕਿ ਜਿਸ ਤਰ੍ਹਾਂ ਨਾਲ ਦੇਸ ਦਾ ਨਿਜ਼ਾਮ ਚਲਾਇਆ ਜਾ ਰਿਹਾ ਹੈ, ਉਹ ਲੋਕਾਂ ਨੂੰ ਖੁਸ਼ੀ ਦਿੰਦਾ ਹੈ।

ਫਿਨਲੈਂਡ ਵਿੱਚ ਸਭ ਦਾ ਖ਼ਿਆਲ

ਫਿਨਲੈਂਡ ਦੀ ਸਰਕਾਰ ਰਹਿਮਦਿਲੀ ਨਾਲ ਚਲਦੀ ਹੈ। ਇੱਥੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਵਧੇਰੇ ਹੁੰਦਾ ਹੈ। ਗੱਲ ਭਾਵੇਂ ਲਿੰਗਕ ਸਮਾਨਤਾ ਦੀ ਹੋਵੇ ਜਾਂ ਫੇਰ ਰੁਜ਼ਗਾਰ ਦੀ ਇਹ ਸਾਰਿਆਂ ਦਾ ਖ਼ਿਆਲ ਰੱਖਦੇ ਹਨ। ਉਥੋਂ ਤੱਕ ਕਿ ਵਾਤਾਵਰਣ ਸੰਬੰਧੀ ਪਾਲਸੀ ਵੀ ਹਰ ਛੋਟੀ-ਛੋਟੀ ਗੱਲ ਦਾ ਖ਼ਿਆਲ ਰੱਖ ਕੇ ਤਿਆਰ ਕੀਤੀ ਜਾਂਦੀ ਹੈ।

ਉਸੇ ਕਾਰਨ ਹੀ ਇਥੋਂ ਦੇ ਲੋਕਾਂ ਜੀਵਨ ਪੱਧਰ ਹੋਰਨਾਂ ਦੇਸਾਂ ਦੀ ਤੁਲਨਾ 'ਚ ਵਧੀਆ ਹੈ ਅਤੇ ਇੱਥੇ ਖੁਸ਼ਹਾਲੀ ਹੈ। ਜੇਕਰ ਕਿਸੇ ਲਈ ਖੁਸ਼ਹਾਲੀ ਦਾ ਪੈਮਾਨਾ ਹਰ ਵੇਲੇ ਮੁਸਕਰਾਉਂਦੇ ਰਹਿਣਾ, ਨੱਚਣਾ, ਗਾਣਾ, ਵਾਧੂ ਪੈਸਾ ਖਰਚਨਾ ਹੈ ਤਾਂ ਹੋ ਸਕਦਾ ਹੈ ਉਨ੍ਹਾਂ ਲਈ ਫਿਨਲੈਂਡ ਦੇ ਲੋਕ ਖੁਸ਼ਹਾਲ ਨਾ ਹੋਣ। ਬੇਸ਼ੱਕ ਇਥੋਂ ਦੇ ਲੋਕ ਬੇਹੱਦ ਸ਼ਰਾਬ ਪੀਂਦੇ ਹਨ ਪਰ ਉਸ ਦਾ ਵੀ ਸਲੀਕਾ ਹੈ। ਖੁਸ਼ਹਾਲੀ ਨਾਲ ਸਾਡਾ ਮਤਲਬ ਕੁਆਲਿਟੀ ਆਫ ਲਾਈਫ ਹੈ।

ਪ੍ਰੋਫੈਸਰ ਵਾਇਕਿੰਗ ਦਾ ਕਹਿਣਾ ਹੈ ਕਿ ਫਿਨਲੈਂਡ ਦੇ ਲੋਕਾਂ ਨੂੰ ਇਸ ਸਰਵੇਅ ਰਿਪੋਰਟ 'ਤੇ ਹੈਰਾਨੀ ਸ਼ਾਇਦ ਇਸ ਲਈ ਹੋਈ ਕਿਉਂਕਿ ਉਹ ਸਮਝ ਹੀ ਨਹੀਂ ਸਕੇ ਕਿ ਸਰਵੇ ਰਾਹੀਂ ਕੀ ਚਾਜ਼ ਮਾਪੀ ਜਾ ਰਹੀ ਹੈ।

ਫਿਨਲੈਂਡ ਦੇ ਲੋਕ ਆਪਣੇ ਜਜ਼ਬਾਤ ਦਬਾਉਣਾ ਬਾਖ਼ੂਬੀ ਜਾਣਦੇ ਹਨ। ਇਸ ਨੂੰ ਉਹ ਸਿਸੂ ਕਹਿੰਦੇ ਹਨ। ਜਿਸ ਦਾ ਮਤਲਬ ਹੈ ਤਾਕਤ, ਵੈਰਾਗ਼ ਅਤੇ ਲਚੀਲਾਪਨ।

ਫਿਨਲੈਂਡ ਦੇ ਲੋਕ ਜਜ਼ਬਾਤ ਦਬਾਉਣ ਨੂੰ ਆਪਣੀ ਤਾਕਤ ਸਮਝਦੇ ਹਨ। ਅਜਿਹਾ ਉਹ ਇਸ ਲਈ ਕਰਦੇ ਹਨ ਕਿਉਂਕਿ ਉਹ ਸ਼ਾਂਤ ਜੀਵਨ ਜੀਣਾ ਪਸੰਦ ਕਰਦੇ ਹਨ। ਨਾਖ਼ੁਸ਼ ਕਰਨ ਵਾਲੀਆਂ ਤਮਾਮ ਚੀਜ਼ਾਂ ਨੂੰ ਖ਼ੁਦ ਤੋਂ ਦੂਰ ਕਰਨਾ ਵੀ ਉਹ ਚੰਗੀ ਤਰ੍ਹਾਂ ਜਾਣਦੇ ਹਨ।

Image copyright Getty Images
ਫੋਟੋ ਕੈਪਸ਼ਨ ਫਿਨਲੈਂਡ ਦੇ ਲੋਕ ਜਜ਼ਬਾਤ ਦਬਾਉਣ ਨੂੰ ਆਪਣੀ ਤਾਕਤ ਸਮਝਦੇ ਹਨ

ਹੈਪੀਨੈਸ ਸਰਵੇ ਦੁਨੀਆਂ ਦੇ ਬਹੁਤ ਸਾਰੇ ਦੇਸਾਂ 'ਤੇ ਕੀਤਾ ਗਿਆ ਸੀ। ਜਿਨ੍ਹਾਂ ਦੇਸਾਂ ਦੇ ਹਾਲਾਤ ਬਿਹਤਰ ਸਨ, ਉਥੋਂ ਦੇ ਲੋਕਾਂ ਨੂੰ ਵਧੇਰੇ ਸਵਾਲ ਪੁੱਛੇ ਗਏ।

ਪਰ ਸੀਰੀਆ, ਲਾਇਬੇਰੀਆ ਅਤੇ ਅਫ਼ਗ਼ਾਨਿਸਤਾਨ ਵਰਗੇ ਦੇਸਾਂ, ਜਿਥੇ ਹਾਲਾਤ ਤੋਂ ਹੀ ਉਦਾਸੀ ਜ਼ਾਹਿਰ ਹੋ ਰਹੀ ਸੀ, ਉਥੇ ਵਧੇਰੇ ਸਵਾਲ ਨਹੀਂ ਪੁੱਛੇ ਗਏ।

ਜੇਕਰ ਫਿਨਲੈਂਡ ਦੀ ਖੁਸ਼ਹਾਲੀ ਦੇ ਰਾਜ਼ ਦੀ ਗੱਲ ਕੀਤੀ ਜਾਵੇ ਤਾਂ ਇਹ ਰਾਜ਼ ਯਕੀਨ ਅਤੇ ਉਦਾਰਵਾਦ ਵਿੱਚ ਛੁਪਿਆ ਹੋਇਆ ਹੈ।

ਹੈਲੀਵੇਲ ਦਾ ਕਹਿਣਾ ਹੈ ਕਿ ਜਦੋਂ ਸਰਵੇ ਰਿਪੋਰਟ ਵਿੱਚ ਫਿਨਲੈਂਡ ਦਾ ਨਾਮ ਸਭ ਤੋਂ ਉਪਰ ਆਇਆ ਤਾਂ ਹਰ ਕੋਈ ਉੱਥੇ ਜਾ ਕੇ ਰਹਿਣ ਦਾ ਖੁਸ਼ੀ ਜ਼ਾਹਿਰ ਕਰਨ ਲੱਗਿਆ ਪਰ ਇਹ ਸੰਭਵ ਨਹੀਂ ਹੈ।

ਜੇਕਰ ਖੁਸ਼ੀ ਦੀ ਭਾਲ ਵਿੱਚ ਸਾਰੇ ਉਥੇ ਵੱਸ ਜਾਣਗੇ ਤਾਂ ਉਥੋਂ ਦੇ ਲੋਕ ਖੁਸ਼ੀ ਨੂੰ ਨਜ਼ਰ ਲੱਗ ਜਾਵੇਗੀ ਪਰ ਸਾਨੂੰ ਸਾਰਿਆਂ ਨੂੰ ਫਿਨਲੈਂਡ ਕੋਲੋਂ ਖ਼ੁਸ਼ ਰਹਿਣ ਦੇ ਗੁਰ ਸਿੱਖਣੇ ਚਾਹੀਦੇ ਹਨ।

(ਨੋਟ: ਇਹ ਕੇਟ ਲੀਵਰ ਦੀ ਮੂਲ ਕਹਾਣੀ ਦਾ ਸੰਖੇਪ ਅਨੁਵਾਦ ਨਹੀਂ ਹੈ। ਪੰਜਾਬੀ ਪਾਠਕਾਂ ਲਈ ਇਸ ਵਿੱਚ ਸੰਦਰਭ ਅਤੇ ਪ੍ਰਸੰਗ ਜੋੜੇ ਗਏ ਹਨ।)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)