ਪਾਕਿਸਤਾਨ: ਹਾਫਿਜ਼ ਸਈਦ ਦੀ ਪਾਰਟੀ ਪੱਲੇ ਇੱਕ ਵੀ ਸੀਟ ਕਿਉਂ ਨਹੀਂ

hafiz saeed Image copyright Getty Images

ਹਾਲ ਹੀ ਵਿੱਚ ਪੂਰੀਆਂ ਹੋਈਆਂ ਪਾਕਿਸਤਾਨ ਦੀਆਂ ਆਮ ਚੋਣਾਂ ਵਿੱਚ ਧਾਰਮਿਕ ਰੁਝਾਨ ਰੱਖਣ ਵਾਲੀਆਂ ਅਤੇ ਕੱਟੜਪੰਥ ਵੱਲ ਰੁਝਾਨ ਰੱਖਣ ਵਾਲੀਆਂ ਪਾਰਟੀਆਂ ਨੂੰ ਚੋਣਾਂ ਵਿੱਚ ਵਧੇਰੇ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।

ਸਾਬਕਾ ਕ੍ਰਿਕਟ ਖਿਡਾਰੀ ਤੋਂ ਨੇਤਾ ਬਣੇ ਤਹਿਰੀਕ-ਏ-ਇਨਸਾਫ਼ ਪਾਰਟੀ ਨੂੰ ਲੋਕ ਫਤਵਾ ਮਿਲਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਮਰਾਨ ਖ਼ਾਨ ਅਗਲੇ ਪ੍ਰਧਾਨ ਮੰਤਰੀ ਬਣ ਸਕਦੇ ਹਨ।

ਇਮਰਾਨ ਖ਼ਾਨ ਨੇ ਸੱਤਾ ਵਿੱਚ ਆਉਣ ਲਈ ਤਕਰੀਬਨ ਦੋ ਦਹਾਕੇ ਲੰਮੀ ਲੜਾਈ ਲੜੀ ਹੈ ਅਤੇ ਉਹ ਕਿਸੇ ਵੀ ਸਿਆਸੀ ਪਰਿਵਾਰ ਨਾਲ ਸਬੰਧ ਨਹੀਂ ਰਖਦੇ। ਜਾਣਕਾਰ ਮੰਨਦੇ ਹਨ ਕਿ ਉਨ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਵਿਕਾਸ ਦੇ ਮੁੱਦਿਆਂ ਨੂੰ ਲੋਕਾਂ ਨੇ ਪਸੰਦ ਕੀਤਾ ਹੈ ਜਦੋਂਕਿ ਕੱਟੜਪੰਥੀ ਸੋਚ ਅਤੇ ਧਾਰਮਿਕ ਰੁਝਾਨ ਵਾਲਿਆਂ ਨੂੰ ਸਿੱਧਾ ਬਾਹਰ ਦਾ ਰਾਹ ਦਿਖਾ ਦਿੱਤਾ।

ਇਹ ਵੀ ਪੜ੍ਹੋ:

ਜਾਣਕਾਰ ਮੰਨਦੇ ਹਨ ਕਿ ਦੇਸ ਦੀ ਜਨਤਾ ਹੁਣ ਸ਼ਾਂਤੀ ਚਾਹੁੰਦੀ ਹੈ ਅਤੇ ਇਸ ਵਾਰੀ ਤਕਰੀਬਨ 40 ਫ਼ੀਸਦੀ ਨੌਜਵਾਨ ਵੋਟਰ ਅਤੇ ਨਵੇਂ ਵੋਟਰਾਂ ਨੇ ਇੱਕ ਨਵੀਂ ਸੋਚ ਦਾ ਸਾਥ ਦਿੰਦੇ ਹੋਏ ਭ੍ਰਿਸ਼ਟਾਚਾਰ ਅਤੇ ਦੇਸ ਦੇ ਵਿਕਾਸ ਦੇ ਨਾਂਅ 'ਤੇ ਵੋਟਿੰਗ ਕੀਤੀ ਹੈ।

ਹਾਫਿਜ਼ ਸਈਦ ਦੀ ਪਾਰਟੀ ਹਾਰੀ

ਲਸ਼ਕਰ-ਏ-ਤਾਇਬਾ ਦੇ ਸੰਸਥਾਪਕ ਹਾਫਿਜ਼ ਸਈਦ ਦੀ ਨਵੀਂ ਪਾਰਟੀ ਅੱਲ੍ਹਾ ਹੂ ਅਕਬਰ ਤਹਿਰੀਕ ਪਾਰਟੀ ਨੇ ਨੈਸ਼ਨਲ ਅਸੈਂਬਲੀ ਦੀਆਂ 272 ਸੀਟਾਂ ਵਿੱਚੋਂ 79 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਕਿਸੇ ਨੂੰ ਵੀ ਜਿੱਤ ਹਾਸਿਲ ਨਾ ਹੋਈ।

ਹਾਫ਼ਿਜ਼ ਸਈਦ ਮੁੰਬਈ ਵਿੱਚ 2008 'ਚ ਹੋਏ ਹਮਲਿਆਂ ਦੇ ਮਾਮਲੇ ਵਿੱਚ ਲੋੜੀਂਦਾ ਹੈ। 26 ਨਵੰਬਰ 2008 ਦੇ ਇਸ ਹਮਲੇ ਵਿੱਚ 166 ਲੋਕ ਮਾਰੇ ਗਏ ਸੀ।

ਹਾਫ਼ਿਜ਼ ਸਈਦ ਹਮੇਸ਼ਾ ਤੋਂ ਇਨ੍ਹਾਂ ਹਮਲਿਆਂ ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਕਰਦਾ ਹੈ।

Image copyright AFP

ਹਾਫਿਜ਼ ਸਈਦ ਨੂੰ ਦੱਖਣੀ ਏਸ਼ੀਆ ਦੇ ਸਭ ਤੋਂ ਲੋੜੀਂਦੇ ਅੱਤਵਾਦੀ ਆਗੂਆਂ ਵਿੱਚੋਂ ਜਾਣਿਆ ਜਾਂਦਾ ਹੈ। ਅਮਰੀਕਾ ਵੱਲੋਂ ਵੀ ਉਸ ਉੱਤੇ 10 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ।

ਪਾਕਿਸਤਾਨ ਵਿੱਚ ਆਮ ਚੋਣਾਂ ਤੋਂ 8 ਮਹੀਨਿਆਂ ਪਹਿਲਾਂ ਪਾਕਿਸਤਾਨ ਦੀ ਅਦਾਲਤ ਨੇ ਹਾਫਿਜ਼ ਸਈਦ ਕੋਈ ਖ਼ਤਰਾ ਨਾ ਮੰਨਦੇ ਹੋਏ ਰਿਹਾਅ ਕਰ ਦਿੱਤਾ ਸੀ।

ਹਾਫਿਜ਼ ਸਈਦ ਨੇ ਮਿਲੀ ਮੁਸਲਿਮ ਲੀਗ ਬਣਾਈ ਸੀ ਜੋ ਜਮਾਤ-ਉਦ-ਦਾਅਵਾ ਦੀ ਸਿਆਸੀ ਸ਼ਾਖਾ ਸੀ। ਚੋਣ ਕਮਿਸ਼ਨ ਨੇ ਇਸ ਦਾ ਰਜਿਸਟਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਅਲ੍ਹਾ ਹੂ ਅਕਬਰ ਤਹਿਰੀਕ ਪਾਰਟੀ ਦੇ ਬੈਨਰ ਹੇਠ ਉਨ੍ਹਾਂ ਨੇ ਚੋਣ ਲੜੀ ਸੀ।

ਉਨ੍ਹਾਂ ਦੇ ਪੁੱਤਰ ਹਾਫਿਜ਼ ਤਲ੍ਹਾ ਸਈਦ ਅਤੇ ਜਵਾਈ ਖਾਲਿਦ ਵਲੀਦ ਆਪਣੀਆਂ ਸੀਟਾਂ ਤੋਂ ਜਿੱਤ ਨਹੀਂ ਸਕੇ ਹਨ। ਈਸ਼ਨਿੰਦਾ ਕਾਨੂੰਨ ਦੀ ਪੈਰਵੀ ਕਰਨ ਵਾਲੇ ਤਹਿਰੀਕ ਲਬੈਕ ਪਾਕਿਸਤਾਨ ਨੇ ਕੁਲ 180 ਉਮੀਦਵਾਰ ਖੜ੍ਹੇ ਕੀਤੇ ਸਨ, ਪਰ ਇਨ੍ਹਾਂ ਵਿੱਚੋਂ ਕੋਈ ਵੀ ਜਿੱਤ ਹਾਸਿਲ ਨਹੀਂ ਕਰ ਸਕਿਆ।

'ਸੜਕਾਂ ਦੀ ਗੱਲ ਹੋਰ ਹੈ ਤੇ ਸੰਸਦ ਦੀ ਹੋਰ'

ਇਸਲਾਮਾਬਾਦ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਹਾਰੂਨ ਰਸ਼ੀਦ ਕਹਿੰਦੇ ਹਨ, "ਪਾਕਿਸਤਾਨ ਵਿੱਚ ਸੰਸਦ ਦੇ ਇਤਿਹਾਸ ਨੂੰ ਦੇਖੋ ਤਾਂ ਇਹ ਜ਼ਰੂਰ ਹੈ ਕਿ ਧਾਰਮਿਕ ਪਾਰਟੀਆਂ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਗਦੀਆਂ ਹਨ ਪਰ ਚੋਣਾਂ ਦੇ ਵੇਲੇ ਜਨਤਾ ਨੇ ਅਜਿਹੀਆਂ ਪਾਰਟੀਆਂ ਨੂੰ ਕਦੇ ਹਿਮਾਇਤ ਨਹੀਂ ਦਿੱਤੀ ਹੈ।"

2002 ਵਿੱਚ ਜਦੋਂ ਅਮਰੀਕਾ ਨੇ ਅਫ਼ਗਾਨਿਸਤਾਨ 'ਤੇ ਹਮਲਾ ਕੀਤਾ ਸੀ ਉਸ ਵੇਲੇ ਧਾਰਮਿਕ ਰੁਝਾਨਾਂ ਵਾਲੀਆਂ ਸਿਆਸੀ ਪਾਰਟੀਆਂ ਦੇ ਗਠਜੋੜ ਮੁੱਤਾਹਿਦਾ ਮਜਲਿਸੇ ਅਮਲ ਦੀ ਜਿੱਤ ਹੋਈ ਸੀ।

ਹਾਰੂਨ ਰਸ਼ੀਦ ਕਹਿੰਦੇ ਹਨ ਕਿ "ਉਨ੍ਹਾਂ ਨੇ ਖੈਬਰ ਪਖ਼ਤੂਨਖਵਾ ਵਿੱਚ ਸੂਬਾਈ ਸਰਕਾਰ ਬਣਾਈ ਵੀ ਸੀ ਪਰ ਇਸ ਦੇ ਬਾਅਦ ਅੱਜ ਤੱਕ ਇਸ ਤਰ੍ਹਾਂ ਦਾ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਜਦੋਂ ਅਜਿਹੀ ਕਿਸੇ ਪਾਰਟੀ ਨੇ ਜਿੱਤ ਹਾਸਿਲ ਕੀਤੀ ਹੋਵੇ।"

"25 ਜੁਲਾਈ ਨੂੰ ਹੋਈਆਂ ਆਮ ਚੋਣਾਂ ਤੋਂ ਪਹਿਲਾਂ ਵੀ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਇਨ੍ਹਾਂ ਦੀ ਕੋਈ ਖਾਸ ਮੌਜੂਦਗੀ ਨਹੀਂ ਸੀ। ਅਹਿਲੇ ਸੁੰਨਤ ਵਲ ਜਮਾਤ ਦੇ ਨੇਤਾ ਮੁਹੰਮਦ ਅਹਿਮਦ ਲੁਧਿਆਨਵੀ ਝਾਂਗ ਦੇ ਜ਼ਿਲ੍ਹੇ ਤੋਂ ਚੋਣ ਜਿੱਤੇ ਸਨ ਪਰ ਇਸ ਵਾਰੀ ਉਹ ਵੀ ਹਾਰ ਗਏ ਹਨ।

Image copyright Getty Images
ਫੋਟੋ ਕੈਪਸ਼ਨ ਭ੍ਰਿਸ਼ਟਾਚਾਰ ਦੇ ਖਿਲਾਫ਼ ਇਮਰਾਨ ਖਾਨ ਨੇ ਇੱਕ ਲੰਬੀ ਮੁਹਿੰਮ ਛੇੜੀ ਸੀ ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਮਦਦ ਮਿਲੀ।

ਇਸ ਚੋਣ ਵਿੱਚ ਹਾਫਿਜ਼ ਸਈਦ ਦੀ ਧੀ ਅਤੇ ਜਵਾਈ ਹਾਰ ਗਏ ਹਨ। ਇਸਲਾਮਾਬਾਦ ਵਿੱਚ ਧਰਨਾ ਦੇ ਕੇ ਤਤਕਾਲੀ ਕਾਨੂੰਨ ਮੰਤਰੀ ਜਾਹਿਦ ਹਾਮਿਦ ਨੂੰ ਅਸਤੀਫਾ ਦੇਣ ਵਾਲੀ ਖਾਦਿਮ ਰਿਜ਼ਵੀ ਦੀ ਪਾਰਟੀ ਤਹਿਰੀਕ ਲਬੈਕ ਨੂੰ ਸਿੰਧ ਤੋਂ ਦੋ ਸੀਟਾਂ 'ਤੇ ਜਿੱਤ ਮਿਲੀ ਹੈ। ਉਨ੍ਹਾਂ ਨੇ 180 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਸਨ।

ਸੀਨੀਅਰ ਪੱਤਰਕਾਰ ਅਤੇ ਸਿਆਸੀ ਮਾਹਿਰ ਜ਼ਾਹਿਦ ਹੁਸੈਨ ਕਹਿੰਦੇ ਹਨ, "ਪਾਕਿਸਤਾਨ ਵਿੱਚ ਧਾਰਮਿਕ ਰੁਝਾਨਾਂ ਵਾਲੀਆਂ ਪਾਰਟੀਆਂ ਨੂੰ ਮਿਲ ਰਹੀ ਹਮਾਇਤ ਘੱਟ ਹੋ ਰਹੀ ਹੈ। ਇਸ ਵਾਰੀ ਦੇ ਚੋਣ ਨਤੀਜੇ ਦੱਸਦੇ ਹਨ ਕਿ ਪਾਕਿਸਤਾਨ ਦੀ ਸਿਆਸਤ ਵਿੱਚ ਧਾਰਮਿਕ ਪਾਰਟੀਆਂ ਨੂੰ ਉਹ ਥਾਂ ਨਹੀਂ ਮਿਲੀ ਹੈ ਜਿੰਨੀ ਗੁਆਂਢੀ ਮੁਲਕ ਸਮਝਦੇ ਹਨ।"

ਇਹ ਵੀ ਪੜ੍ਹੋ:

ਜੋ ਲੋਕ ਪਾਕਿਸਤਾਨ ਨੂੰ ਨਹੀਂ ਸਮਝਦੇ ਉਨ੍ਹਾਂ ਨੂੰ ਲਗਦਾ ਹੈ ਕਿ ਇਨ੍ਹਾਂ ਪਾਰਟੀਆਂ ਨੂੰ ਕਾਫ਼ੀ ਸਮਰਥਨ ਮਿਲਦਾ ਹੈ ਪਰ ਇਹ ਇੱਕ ਮਿੱਥ ਹੁੰਦਾ ਹੈ। ਇਹ ਦੇਸ ਸ਼ਾਂਤੀ ਪਸੰਦ ਹੈ।"

"ਇਹ ਪਾਰਟੀਆਂ ਹਿੰਸਾ ਨਾਲ ਜੁੜੇ ਮੁੱਦੇ ਚੁੱਕਦੀਆਂ ਹਨ ਅਤੇ ਡਰ ਅਤੇ ਦਹਿਸ਼ਤ ਦੀਆਂ ਗੱਲਾਂ ਕਰਦੀਆਂ ਹਨ। ਇਸ ਲਈ ਲੱਗਦਾ ਹੈ ਕਿ ਇਹ ਪਾਰਟੀਆਂ ਵਧੇਰੇ ਤਾਕਤਵਰ ਹਨ ਪਰ ਅਜਿਹਾ ਨਹੀਂ ਹੈ।"

ਜ਼ਾਹਿਦ ਹੁਸੈਨ ਕਹਿੰਦੇ ਹਨ, "ਸਾਬਕਾ ਕਾਨੂੰਨ ਮੰਤਰੀ ਜ਼ਾਹੀਦ ਹਾਮਿਦ ਦੇ ਬੇਟੇ, ਜੋ ਅਸਤੀਫਾ ਦੇਣ ਲਈ ਮਜਬੂਰ ਹੋ ਗਏ ਸਨ, ਨੇ ਚੋਣ ਜਿੱਤੀ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਧਾਰਮਿਕ ਪਾਰਟੀਆਂ ਇੱਥੇ ਪਸੰਦ ਨਹੀਂ ਕੀਤੀਆਂ ਜਾਂਦੀਆਂ।"

Image copyright NA.GOV.PK
ਫੋਟੋ ਕੈਪਸ਼ਨ ਸਾਬਕਾ ਕਾਨੂੰਨ ਮੰਤਰੀ ਜ਼ਾਹੀਦ ਹਾਮਿਦ ਦੇ ਬੇਟੇ ਚੋਣ ਜਿੱਤ ਗਏ ਹਨ

ਬੀਤੇ ਸਾਲ ਨਵੰਬਰ ਵਿੱਚ ਪਾਕਿਸਤਾਨ ਦੇ ਕਈ ਧਾਰਮਿਕ ਜਥੇਬੰਦੀਆਂ ਦੇ ਤਕਰੀਬਨ 3000 ਲੋਕ ਇਸਲਾਮਾਬਦ ਧਰਨੇ 'ਤੇ ਬੈਠੇ ਹੋਏ ਸਨ।

ਧਰਨਾ ਦੇਣ ਵਾਲਿਆਂ ਦਾ ਇਲਜ਼ਾਮ ਸੀ ਕਿ ਚੋਣ ਸੁਧਾਰ ਲਈ ਸੰਸਦ ਵਿੱਚ ਜੋ ਬਿਲ ਪੇਸ਼ ਕੀਤਾ ਗਿਆ ਸੀ ਉਸ ਵਿੱਚ ਕੁਝ ਅਜਿਹੀਆਂ ਗੱਲਾਂ ਕਹੀਆਂ ਗਈਆਂ ਸਨ ਜੋ ਉਨ੍ਹਾਂ ਮੁਤਾਬਕ ਇਸਲਾਮ ਦੀਆਂ ਬੁਨਿਆਦੀ ਮਾਨਤਾਂਵਾਂ ਦੇ ਵਿਰੁੱਧ ਹਨ ਅਤੇ ਇਸ ਕਾਰਨ ਕਾਨੂੰਨ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।

ਜ਼ਾਹਿਦ ਹੁਸੈਨ ਦੱਸਦੇ ਹਨ, "ਹਾਫਿਜ਼ ਸਈਦ ਨਵੀਆਂ ਪਾਰਟੀਆਂ ਖੜ੍ਹੀਆਂ ਕਰਨ ਜਾਂ ਨਾ ਕਰਨ, ਉਨ੍ਹਾਂ ਦਾ ਪਾਕਿਸਤਾਨ ਦੀ ਸਿਆਸਤ ਵਿੱਚ ਦਖਲ ਬਰਾਬਰ ਹੈ ਪਰ ਬਾਹਰ ਮੁਲਕਾਂ ਨੂੰ ਅਜਿਹਾ ਨਹੀਂ ਲਗਦਾ।"

"ਜੋ ਪੁਰਾਣੀਆਂ ਅਹਿਮ ਪਾਰਟੀਆਂ ਹਨ (ਜਿਵੇਂ ਜਮਾਇਤੇ ਉਲੇਮਾ ਇਸਲਾਮ), ਜੋ ਕਾਫ਼ੀ ਸਾਲਾਂ ਤੋਂ ਇੱਥੋਂ ਦੀ ਸਿਆਸਤ ਵਿੱਚ ਮੌਜੂਦ ਸਨ ਉਨ੍ਹਾਂ ਦਾ ਸਫਾਇਆ ਹੋ ਗਿਆ ਤਾਂ ਤੁਸੀਂ ਨਵੀਂਆਂ ਪਾਰਟੀਆਂ ਦੀ ਕੀ ਗੱਲ ਕਰ ਰਹੇ ਹੋ।"

'ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਰੰਗ ਲਿਆਈ'

ਜ਼ਾਹਿਦ ਹੁਸੈਨ ਦੱਸਦੇ ਹਨ, "ਖੈਬਰ ਪਖਤੂਨਖਵਾ ਵਿੱਚ ਇਮਰਾਨ ਖ਼ਾਨ ਹੀ ਹਕੂਮਤ ਰਹੀ ਹੈ। ਉੱਥੇ ਇੱਕ ਵਾਰੀ ਜਿੱਤੀ ਪਾਰਟੀ ਨੂੰ ਦੁਬਾਰਾ ਨਹੀਂ ਚੁਣਿਆ ਜਾਂਦਾ ਅਜਿਹੀ ਪਰੰਪਰਾ ਰਹੀ ਹੈ।"

"ਪਰ ਇਮਰਾਨ ਖ਼ਾਨ ਉੱਥੋਂ ਦੁਬਾਰਾ ਜਿੱਤ ਕੇ ਆਏ ਹਨ ਕਿਉਂਕਿ ਉਨ੍ਹਾਂ ਨੇ ਉੱਥੇ ਸੁਧਾਰਾਂ ਲਈ ਕੰਮ ਕੀਤਾ ਸੀ। ਇਹ ਮੰਨਣਾ ਹੀ ਪਏਗਾ ਕਿ ਉਨ੍ਹਾਂ ਨੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।"

Image copyright Reuters
ਫੋਟੋ ਕੈਪਸ਼ਨ ਇਮਰਾਨ ਖਾਨ ਖੈਬਰ ਪਖਤੂਨਖਵਾ ਤੋਂ ਦੁਬਾਰਾ ਜਿੱਤ ਕੇ ਆਏ ਹਨ

ਹਾਰੂਨ ਰਸ਼ੀਦ ਕਹਿੰਦੇ ਹਨ, "ਭ੍ਰਿਸ਼ਟਾਚਾਰ ਦੇ ਖਿਲਾਫ਼ ਇਮਰਾਨ ਖ਼ਾਨ ਨੇ ਇੱਕ ਲੰਬੀ ਮੁਹਿੰਮ ਛੇੜੀ ਸੀ ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਮਦਦ ਮਿਲੀ। ਇਸ ਦੇ ਨਾਲ ਹੀ ਪਨਾਮਾ ਲੀਕਸ ਮਾਮਲਾ ਸਾਹਮਣੇ ਆਇਆ ਅਤੇ ਅਦਾਲਤ ਦਾ ਫੈਸਲਾ ਵੀ ਆਇਆ।"

ਚੋਣਾਂ ਤੋਂ ਠੀਕ ਪਹਿਲਾਂ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਨਿਰੋਧੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਮੰਨਿਆ ਅਤੇ ਨਵਾਜ਼ ਨੂੰ ਦੱਸ ਸਾਲ ਅਤੇ ਮਰੀਅਮ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ:

ਨਵਾਜ਼ ਸ਼ਰੀਫ਼ ਪਹਿਲਾਂ ਹੀ ਚੋਣ ਲੜਨ ਲਈ ਅਯੋਗ ਕਰਾਰ ਹੋ ਗਏ ਸਨ, ਮਰੀਅਮ ਨਵਾਜ਼ ਵੀ ਚੋਣ ਲੜਨ ਲਈ ਅਯੋਗ ਹੋ ਗਈ।

ਅਦਾਲਤ ਦੇ ਇਸ ਫੈਸਲੇ ਦਾ ਅਸਰ ਨਵਾਜ਼ ਸ਼ਰੀਫ਼ ਦੀ ਪਾਰਟੀ ਮੁਸਲਿਮ ਲੀਗ (ਨਵਾਜ਼) 'ਤੇ ਸਾਫ਼ ਦਿਖਿਆ।

ਹਾਲਾਂਕਿ ਹਾਰੂਨ ਰਸ਼ੀਦ ਕਹਿੰਦੇ ਹਨ, "ਇਮਰਾਨ ਖ਼ਾਨ ਨੂੰ ਇਸ ਦਾ ਫਾਇਦਾ ਮਿਲਿਆ ਪਰ ਨਵਾਜ਼ ਸ਼ਰੀਫ਼ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਮੰਨਿਆ ਜਾ ਸਕਦਾ।"

"ਮਾਮਲਾ ਖਤਮ ਨਹੀਂ ਹੋਇਆ ਹੈ ਅਤੇ ਉਹ ਅਪੀਲ ਕਰ ਸਕਦੇ ਹਨ। 17 ਸਾਲ ਪਹਿਲਾਂ ਨਵਾਜ਼ ਸ਼ਰੀਫ਼ ਨੂੰ ਦਹਿਸ਼ਤਗਰਦੀ ਅਤੇ ਉਡਾਣ ਅਗਵਾ ਕਰਨ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਉਹ ਬਾਅਦ ਵਿੱਚ ਬੇਕਸੂਰ ਸਾਬਿਤ ਹੋਏ ਸਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)