'ਵਿਸ਼ਵ ਰਿਕਾਰਡ' ਤੋੜੇਗੀ ਪੰਜਾਬੀ ਵੱਲੋਂ ਬ੍ਰਿਟੇਨ 'ਚ ਉਗਾਈ ਤਰ?

ਖੀਰਾ
ਫੋਟੋ ਕੈਪਸ਼ਨ ਇੱਕ ਮਾਹਿਰ ਮੁਤਾਬਕ ਇਹ ਫ਼ਲ ਆਰਮੇਨੀਅਨ ਖੀਰੇ ਦੀ ਇੱਕ ਕਿਸਮ ਹੋ ਸਕਦੀ ਹੈ।

ਬਰਤਾਨੀਆ ਵਿੱਚ ਰਹਿੰਦੇ ਇੱਕ 75 ਸਾਲਾ ਪੰਜਾਬੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇੰਨੀ ਵੱਡੀ ਤਰ ਉਗਾਈ ਹੈ ਕਿ ਉਹ ਵਿਸ਼ਵ ਰਿਕਾਰਡ ਤੋੜ ਸਕਦੀ ਹੈ।

1991 ਵਿੱਚ ਬਰਤਾਨੀਆ ਆਉਣ ਤੋਂ ਪਹਿਲਾਂ ਰਘਬੀਰ ਸਿੰਘ ਸੰਘੇੜਾ ਭਾਰਤ ਵਿੱਚ ਖੇਤੀ ਕਰਦੇ ਸਨ। ਉਨ੍ਹਾਂ ਨੇ ਡਰਬੀ ਵਿੱਚ ਆਪਣੇ ਗਰੀਨ ਹਾਊਸ ਵਿੱਚ ਇਹ 51 ਇੰਚ ਦਾ ਫਲ ਜਾਂ ਕਹਿ ਲਓ ਤਰ ਉਗਾਈ ਹੈ।

75 ਸਾਲਾਂ ਸੰਘੇੜਾ ਮੁਤਾਬਕ ਇਸਦੀ ਪ੍ਰਜਾਤੀ ਹਾਲੇ ਪਤਾ ਨਹੀਂ ਲੱਗ ਸਕੀ ਹੈ। ਇਸਦੀ ਲੰਬਾਈ ਲਗਤਾਰ ਵੱਧ ਰਹੀ ਹੈ।

ਗਿੰਨੀਜ਼ ਵਰਲਡ ਰਿਕਾਰਡ ਮੁਤਾਬਕ 2011 ਵਿੱਚ ਵੇਲਸ ਵਿੱਚ 107 ਸੈਂਟੀਮੀਟਰ (42.13 ਇੰਚ) ਦੀ ਤਰ ਉਗਾਈ ਗਈ ਸੀ।

ਇਹ ਵੀ ਪੜ੍ਹੋ:

ਫੋਟੋ ਕੈਪਸ਼ਨ ਸੰਘੇੜਾ ਮੁਤਾਬਕ ਇਹ ਤਰ ਲਗਤਾਰ ਵੱਧ ਰਹੀ ਹੈ

ਵੱਡੇ ਆਕਾਰ ਦੀਆਂ ਸਬਜ਼ੀਆਂ ਉਗਾਉਣ ਦੇ ਮਾਹਿਰ ਪੀਟਰ ਗਲੇਜ਼ਬਰੂਕ ਦਾ ਕਹਿਣਾ ਹੈ ਕਿ ਇਹ ਫ਼ਲ ਆਰਮੇਨੀਅਨ ਖੀਰੇ ਵਰਗਾ ਹੈ, ਜੋ ਕਿ ਇੱਕ ਸਾਧਾਰਣ ਖੀਰਾ (ਕੁਕਮਿਸ ਸਟੀਵ) ਨਹੀਂ ਹੈ। ਸਾਧਾਰਣ ਖੀਰਾ ਕੱਦੂ ਦੇ ਪਰਿਵਾਰ ਦਾ ਮੈਂਬਰ ਹੈ।

ਉਨ੍ਹਾਂ ਮੁਤਾਬਕ "ਸਬਜ਼ੀਆਂ ਦੇ ਮੁਕਾਬਲਿਆਂ ਵਿੱਚ ਅਜਿਹੇ ਫ਼ਲ ਪਹਿਲਾਂ ਵੀ ਪੇਸ਼ ਕੀਤੇ ਜਾਂਦੇ ਰਹੇ ਹਨ ਪਰ ਰੱਦ ਕਰ ਦਿੱਤੇ ਜਾਂਦੇ ਹਨ।"

ਹਾਲਾਂਕਿ ਇਹ ਆਪਣੀ ਨਸਲ ਦਾ ਇੱਕ ਵਧੀਆ ਨਮੂਨਾ ਹੈ ਅਤੇ ਕਿਸਾਨ ਨੇ ਮਿਹਨਤ ਕੀਤੀ ਹੈ।

ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਲਈ ਸਿਰਫ਼ ਕੁਕਮਿਸ ਸਟੀਵਸ ਪ੍ਰਜਾਤੀ ਦੇ ਫਲ ਹੀ ਕੁਆਲੀਫਾਈ ਕਰਦੇ ਹਨ।

ਇਹ ਵੀ ਪੜ੍ਹੋ:

ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਬੁਲਾਰੇ ਮੁਤਾਬਕ ਉਨ੍ਹਾਂ ਕੋਲ ਫਿਲਹਾਲ ਸਭ ਤੋਂ ਲੰਬੇ ਆਰਮੇਨੀਅਨ ਖੀਰੇ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ, ਪਰ ਕੋਈ ਵੀ ਉਨ੍ਹਾਂ ਦੀ ਵੈਬਸਾਈਟ ਜ਼ਰੀਏ ਅਪਲਾਈ ਕਰ ਸਕਦਾ ਹੈ।

ਸੰਘੇੜਾ ਦਾ ਕਹਿਣਾ ਹੈ ਕਿ ਉਹ ਇਸ ਨੂੰ ਨੌਟਿੰਘਮ ਦੇ ਸਿੰਘ ਸਭਾ ਗੁਰਦੁਆਰੇ ਦੇ ਲੰਗਰ ਵਿੱਚ ਭੇਟ ਕਰਨਗੇ।

ਫੋਟੋ ਕੈਪਸ਼ਨ ਸੰਘੇੜਾ ਇਸ ਨੂੰ ਨੌਟਿੰਘਮ ਦੇ ਸਿੰਘ ਸਭਾ ਗੁਰਦੁਆਰੇ ਦੇ ਲੰਗਰ ਵਿੱਚ ਭੇਟ ਕਰਨਾ ਚਾਹੁੰਦੇ ਹਨ

ਇਹ ਤਰ ਹਾਲੇ ਵੀ ਵਧ ਰਹੀ ਹੈ ਅਤੇ ਹੋਰ ਮੋਟੀ ਹੋਵੇਗੀ, ਇਸ ਦੇ ਤਿਆਰ ਹੋਣ ਮਗਰੋਂ ਉਹ ਅਗਲੀ ਰੁੱਤ ਲਈ ਇਸ ਦੇ ਕੁੱਝ ਬੀਜ ਸਾਂਭ ਕੇ ਰੱਖਣਗੇ।

ਉਹ ਕਹਿੰਦੇ ਹਨ, "ਤੁਹਾਨੂੰ ਇਸ ਨੂੰ ਇੱਕ ਬੱਚੇ ਵਾਂਗ ਪਾਲਣਾ ਪੈਂਦਾ ਹੈ।"

ਸੰਘੇੜਾ ਨੇ ਦੱਸਿਆ, "ਇਹ ਤਰ ਚਾਰ ਫਲਾਂ ਵਿੱਚੋਂ ਹੈ ਅਤੇ ਇਸ ਦੇ ਨਾਲ ਦੇ ਤਿੰਨ ਖਾ ਲਈਆਂ ਗਈਆਂ ਹਨ ਪਰ ਇਸ ਨੂੰ ਵਧਣ ਲਈ ਛੱਡ ਦਿੱਤਾ ਗਿਆ।"

"ਮੈਂ ਅਰਦਾਸ ਕਰਦਾ ਹਾਂ ਕਿ ਇਹ ਵਧੇ ਕਿਉਂਕਿ ਇਹ ਸਾਨੂੰ ਸਾਰਿਆਂ ਨੂੰ ਤੰਦਰੁਸਤ ਰੱਖਦੀ ਹੈ, ਤਾਂ ਕਿ ਹਰ ਕੋਈ ਸਿਹਤਮੰਦ ਅਤੇ ਖ਼ੁਸ਼ ਰਹੇ, ਇਸ ਨੂੰ ਦੇਖ ਕੇ ਮੈਨੂੰ ਖ਼ੁਸ਼ੀ ਮਿਲਦੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)