ਸਵਿੱਟਜ਼ਰਲੈਂਡ ਵਿੱਚ ਹਵਾਈ ਹਾਦਸਾ, 20 ਮੌਤਾਂ : '180 ਡਿਗਰੀ 'ਤੇ ਘੁੰਮਦਾ ਜਹਾਜ਼ ਪੱਥਰ ਵਾਂਗ ਜ਼ਮੀਨ 'ਤੇ ਡਿੱਗਿਆ'

ਜਹਾਜ਼ ਹਾਦਸਾ Image copyright Reuters
ਫੋਟੋ ਕੈਪਸ਼ਨ 20 ਲੋਕਾਂ ਵਿਚੋਂ 11 ਮਰਦ ਸਨ ਅਤੇ ਸਾਰੇ ਯਾਤਰੀਆਂ ਦੀ ਉਮਰ 42 ਤੋਂ 84 ਸਾਲ ਵਿਚਾਲੇ ਸੀ

ਉੱਤਰੀ ਸਵਿੱਟਜ਼ਰਲੈਂਡ ਦੀਆਂ ਪਹਾੜੀਆਂ ਵਿੱਚ ਦੂਜੀ ਵਿਸ਼ਵ ਜੰਗ ਦੇ ਏਅਰ ਕ੍ਰਾਫਟ ਦੇ ਹਾਦਸਾ ਗ੍ਰਸਤ ਹੋਣ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ।

ਪੁਲਿਸ ਮੁਤਾਬਕ ਇਹ ਹਾਦਸਾ ਪਹਾੜੀ ਇਲਾਕੇ ਵਿੱਚ ਵਾਪਰਿਆ। ਜਹਾਜ਼ JU-52 HB-HOT ਉੱਤੇ 17 ਯਾਤਰੀਆਂ ਸਣੇ 3 ਕ੍ਰਿਊ ਮੈਂਬਰ ਸਵਾਰ ਸਨ।

ਜਹਾਜ਼ ਨੂੰ ਚਲਾਉਣ ਵਾਲੀ ਆਪਰੇਟਰ JU ਏਅਰ ਨੇ ਕਿਹਾ ਹੈ ਕਿ ਇਸ ਦਰਦਨਾਕ ਘਟਨਾ ਤੋਂ ਬਾਅਦ ਅਗਲੇ ਹੁਕਮਾਂ ਤੱਕ ਸਾਰੀਆਂ ਫਲਾਇਟਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਪਲੇਨ ਦੇ ਕ੍ਰੈਸ਼ ਹੋਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਾ ਹੈ।

ਇਹ ਵੀ ਪੜ੍ਹੋ:

Image copyright EPA/CANTONAL POLICE OF GRISONS
ਫੋਟੋ ਕੈਪਸ਼ਨ ਜਹਾਜ਼ ਜੰਕਰਸ JU-52 HB-HOT ਉੱਤੇ 17 ਯਾਤਰੀਆਂ ਸਣੇ 3 ਕ੍ਰਿਊ ਮੈਂਬਰ ਸਵਾਰ ਸਨ।

ਦੱਖਣੀ ਸਵਿੱਟਜ਼ਰਲੈਂਡ ਦੇ ਲੋਕਾਰਨੋ ਤੋਂ 2 ਦਿਨ ਦੀ ਛੁੱਟੀ ਮਨਾ ਕੇ ਇਹ ਯਾਤਰੀ ਜ਼ਿਊਰਿਖ ਆ ਰਹੇ ਸਨ।

ਇਸ ਜਹਾਜ਼ ਵਿੱਚ ਬਲੈਕ ਬਾਕਸ ਨਹੀਂ ਸੀ। ਇਹ ਘਟਨਾ ਦੂਰ ਦੁਰਾਡੇ ਦੇ ਇਲਾਕੇ ਵਿੱਚ ਵਾਪਰੀ, ਜਿਸ ਕਾਰਨ ਰਡਾਰ ਉੱਤੇ ਇਸ ਦੀ ਮੌਨੀਟਰਰਿੰਗ ਕਰਨੀ ਵੀ ਔਖੀ ਸੀ।

ਸਵਿੱਸ ਟਰਾਂਸਪੋਰਟੇਸ਼ਨ ਸੇਫਟੀ ਇਨਵੈਸਟੀਗੇਸ਼ਨ ਬੋਰਡ ਦੇ ਡੈਨੀਅਲ ਨੇਚ ਨੇ ਕਿਹਾ, "ਹਾਲਾਤ ਦੇਖ ਕੇ ਲਗਦਾ ਹੈ ਕਿ ਏਅਰਕ੍ਰਾਫਟ ਤੇਜ਼ੀ ਨਾਲ ਧਰਤੀ ਉੱਤੇ ਡਿੱਗਾ ਹੋਵੇਗਾ।"

ਇਹ ਵੀ ਪੜ੍ਹੋ:

Image copyright JU-AIR
ਫੋਟੋ ਕੈਪਸ਼ਨ ਇਹ ਜਹਾਜ਼ ਜਰਮਨੀ ਵਿੱਚ ਸਾਲ 1930 ਵਿੱਚ ਬਣਾਇਆ ਗਿਆ ਸੀ

ਜਿੱਥੇ ਘਟਨਾ ਵਾਪਰੀ ਉੱਥੇ ਇੱਕ ਪਹਾੜੀ ਉੱਤੇ ਮੌਜੂਦ ਚਸ਼ਮਦੀਦ ਨੇ 20 ਮਿੰਟਸ ਅਖ਼ਬਾਰ ਨੂੰ ਦੱਸਿਆ, "ਜਹਾਜ਼ ਦੱਖਣ ਵੱਲ 180 ਡਿਗਰੀ ਉੱਤੇ ਘੁੰਮਿਆ ਅਤੇ ਧਰਤੀ ਉੱਤੇ ਇੰਝ ਡਿੱਗਿਆ, ਜਿਵੇਂ ਪੱਥਰ ਡਿੱਗਿਆ ਹੋਵੇ।"

ਪੁਲਿਸ ਮੁਤਾਬਕ ਇਸ ਜਹਾਜ਼ ਵਿੱਚ 20 ਲੋਕਾਂ ਵਿਚੋਂ 11 ਮਰਦ ਸਨ ਅਤੇ ਸਾਰੇ ਯਾਤਰੀਆਂ ਦੀ ਉਮਰ 42 ਤੋਂ 84 ਸਾਲ ਵਿਚਾਲੇ ਸੀ।

JU-AIR ਜਰਮਨੀ ਵਿੱਚ ਬਣੇ ਇਨ੍ਹਾਂ ਜਹਾਜ਼ਾਂ ਦਾ ਇਸਤੇਮਾਲ ਸੈਰ ਕਰਵਾਉਣ ਲਈ ਕਰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)