ਮਾਓ ਦੇ ਚੀਨ ਵਿੱਚ ਗਾਂਧੀ ਦੇ ਸਿਧਾਂਤਾਂ 'ਤੇ ਚੱਲਦੀ ਹੈ ਇਹ ਔਰਤ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਚੀਨ ਵਿੱਚ ਗਾਂਧੀ ਦੀ ਜ਼ਿੰਦਗੀ ਜਿਉਂਦੀ ਹੈ ਇਹ ਔਰਤ

ਸਾਲ 1920 ਵਿੱਚ ਜਦੋਂ ਮਹਾਤਮਾ ਗਾਂਦੀ ਦਾ ਪ੍ਰਭਾਵ ਭਾਰਤ ਦੇ ਕੋਨੇ-ਕੋਨੇ ਵਿੱਚ ਫੈਲ ਰਿਹਾ ਸੀ, ਚੀਨ ਦੇ ਕਈ ਲੋਕ ਪ੍ਰੇਰਨਾ ਲਈ ਉਨ੍ਹਾਂ ਵੱਲ ਦੇਖ ਰਹੇ ਸਨ।

ਉਹ ਪੁੱਛ ਰਹੇ ਸਨ, ਕੀ ਸੱਤਿਆਗ੍ਰਹਿ ਅਤੇ ਅਹਿੰਸਾ ਦਾ ਪਾਲਣ ਕਰਨ ਨਾਲ ਉਨ੍ਹਾਂ ਦੇ ਦੇਸ ਦਾ ਭਲਾ ਹੋਵੇਗਾ?

ਉਨ੍ਹੀਂ ਦਿਨੀਂ ਭਾਰਤ ਵਿੱਚ ਜਿੱਥੇ ਬ੍ਰਿਟੇਨ ਦੀ ਹਕੂਮਤ ਸੀ, ਚੀਨ ਵਿੱਚ ਬ੍ਰਿਟੇਨ, ਅਮਰੀਕਾ, ਫਰਾਂਸ ਵਰਗੀਆਂ ਵਿਦੇਸ਼ੀ ਤਾਕਤਾਂ ਦਾ ਜ਼ੋਰ ਸੀ। ਇਸਦੇ ਨਾਲ ਹੀ ਚੀਨ ਵਿੱਚ ਵੱਖ-ਵੱਖ ਧਿਰਾਂ 'ਚ ਲੜਾਈ ਦੇ ਕਾਰਨ ਗ੍ਰਹਿ ਯੁੱਧ ਵਰਗੇ ਹਾਲਾਤ ਸਨ।

ਇਹ ਵੀ ਪੜ੍ਹੋ:

ਮਹਾਤਮਾ ਗਾਂਧੀ ਕਦੇ ਚੀਨ ਨਹੀਂ ਗਏ ਪਰ ਚੀਨ ਅਤੇ ਮਹਾਤਮਾ ਗਾਂਧੀ ਵਿਸ਼ੇ 'ਤੇ ਕੰਮ ਕਰਨ ਵਾਲੇ ਸਾਊਥ ਚੀਨ ਨੌਰਮਲ ਯੂਨੀਵਰਸਟੀ ਦੇ ਪ੍ਰੋਫ਼ੈਸਰ ਸ਼ਾਂਗ ਛੁਆਨਯੂ ਦੇ ਮੁਤਾਬਕ ਚੀਨ ਵਿੱਚ ਮਹਾਤਮਾ ਗਾਂਧੀ 'ਤੇ ਕਰੀਬ 800 ਕਿਤਾਬਾਂ ਲਿਖੀਆਂ ਗਈਆਂ ਹਨ।

ਪੂਰੇ ਚੀਨ ਵਿੱਚ ਗਾਂਧੀ ਦੀ ਇਕਲੌਤੀ ਮੂਰਤੀ ਰਾਜਧਾਨੀ ਬੀਜਿੰਗ ਦੇ ਛਾਓਯਾਂਗ ਪਾਰਕ ਵਿੱਚ ਹੈ ਜਿੱਥੇ ਸਾਹਮਣੇ ਇੱਕ ਤਲਾਬ ਹੈ ਅਤੇ ਉਹ ਮਾਰਕੇਜ਼, ਇਗਨੇਸੀ ਜਾਨ ਪੇਡੇਰੇਵਸਕੀ ਅਤੇ ਹ੍ਰਿਸਟੋ ਬੋਟੇਵ ਵਰਗੀਆਂ ਸ਼ਖ਼ਸੀਅਤਾਂ ਨਾਲ ਘਿਰੇ ਹਨ।

ਚੀਨ ਵਿੱਚ ਅੱਜ ਵੀ ਅਜਿਹੇ ਲੋਕ ਹਨ ਜਿਹੜੇ ਗਾਂਧੀ ਦੇ ਜ਼ਿੰਦਗੀ ਜਿਉਣ ਦੇ ਤਰੀਕੇ ਤੋਂ ਪ੍ਰਭਾਵਿਤ ਹੈ। ਅਜਿਹੀ ਹੈ ਪੂਰਬੀ ਆਨਹੁਈ ਪ੍ਰਾਂਤ ਦੇ ਹੁਆਂਗ ਥਿਏਨ ਪਿੰਡ ਵਿੱਚ ਰਹਿ ਰਹੀ 57 ਸਾਲਾ ਵੂ ਪੇਈ।

ਫੋਟੋ ਕੈਪਸ਼ਨ ਮਹਾਤਮਾ ਗਾਂਧੀ 'ਤੇ ਚੀਨ ਵਿੱਚ ਛਪੀਆਂ ਕਿਤਾਬਾਂ

ਵੂ ਨੇ ਮਹਾਤਮਾ ਗਾਂਧੀ ਦੇ ਲੇਖਾਂ ਦਾ ਅਨੁਵਾਦ ਕੀਤਾ ਹੈ ਅਤੇ ਉਹ ਸਾਦੀ ਜ਼ਿੰਦਗੀ ਬਤੀਤ ਕਰ ਰਹੀ ਹੈ।

ਚੀਨ ਵਿੱਚ ਜਿੱਥੇ ਇੱਕ ਵੱਡਾ ਹਿੱਸਾ ਮਾਸਾਹਾਰੀ ਹੈ, ਵੂ ਪੇਈ ਸ਼ਾਕਾਹਾਰੀ ਹੈ।

ਉਹ ਪੁਰਾਣੇ ਕੱਪੜੇ ਪਾਉਂਦੀ ਹੈ। ਏਸੀ ਅਤੇ ਵਾਸ਼ਿੰਗ ਮਸ਼ੀਨ ਦੀ ਵਰਤੋਂ ਨਹੀਂ ਕਰਦੀ।

ਗਾਂਧੀ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਪਿਛਲੇ ਸਾਲ ਅਗਸਤ ਵਿੱਚ ਉਨ੍ਹਾਂ ਨੇ ਇੱਕ ਸਕੂਲ ਖੋਲ੍ਹਿਆ।

ਬੱਚਿਆਂ ਨੂੰ ਸਿਖਾਉਂਦੀ ਹੈ ਗਾਂਧੀ ਦੇ ਸਿਧਾਂਤ

ਵੂ ਪੇਈ ਕਹਿੰਦੀ ਹੈ, "ਮੈਂ ਬੱਚਿਆਂ ਨੂੰ ਮਹਾਤਮਾ ਗਾਂਧੀ ਦੇ ਸਿਧਾਂਤਾ ਬਾਰੇ ਸਿੱਧੇ ਤੌਰ 'ਤੇ ਨਹੀਂ ਦੱਸਦੀ ਸਗੋਂ ਮੈਂ ਉਨ੍ਹਾਂ ਨੂੰ ਸਿਖਾਉਂਦੀ ਹਾਂ ਕਿ ਉਹ ਹਰ ਜੀਵ ਨਾਲ ਪਿਆਰ ਕਰਨ, ਪਿੰਡ ਲਈ ਚੰਗਾ ਕੰਮ ਕਰਨ, ਕੂੜਾ ਇਕੱਠਾ ਕਰਨ, ਜੇਕਰ ਲੋਕ ਇਕੱਲੇ ਹਨ ਤਾਂ ਉਹ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮਿਲਣ ਜਾਣ।"

ਫੋਟੋ ਕੈਪਸ਼ਨ ਗਾਂਧੀ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਵੂ ਪੇਈ ਨੇ ਪਿੰਡ ਵਿੱਚ ਇੱਕ ਸਕੂਲ ਖੋਲ੍ਹਿਆ

ਜਿਸ ਦਿਨ ਅਸੀਂ ਸਕੂਲ ਪੁੱਜੇ, ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਆਖ਼ਰੀ ਦਿਨ ਬੱਚਿਆਂ ਨੇ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤੇ ਸੀ। ਪੱਥਰਾਂ ਨਾਲ ਬਣੀ ਸਕੂਲ ਦੀ ਇਮਾਰਤ ਦੀ ਉੱਚੀ ਕਾਲੀ ਛੱਤ ਤੋਂ ਚੀਨੀ ਡਿਜ਼ਾਈਨ ਵਾਲੀਆਂ ਦੋ ਲਾਲਟੇਨ ਲਟਕ ਰਹੀਆਂ ਸੀ।

ਪਿੰਡ ਦੇ ਇੱਕ ਸ਼ਖ਼ਸ ਮੁਤਾਬਕ ਕਰੀਬ 800 ਸਾਲ ਪੁਰਾਣੇ ਇਸ ਪਿੰਡ ਦੀਆਂ ਅਜਿਹੀਆਂ ਇਮਾਰਤਾਂ ਕਈ ਸੌ ਸਾਲ ਪੁਰਾਣੀਆਂ ਹਨ।

ਇੱਕ ਵੱਡੇ ਜਿਹੇ ਹਾਲ ਦੀ ਕੰਧ 'ਤੇ ਹਰੇ ਬਲੈਕਬੋਰਡ ਉੱਤੇ ਮਹਾਨ ਚੀਨੀ ਦਾਰਸ਼ਨਿਕ ਕਨਫੂਸ਼ੀਅਸ ਦੀ ਲੰਬੀ ਜਿਹੀ ਤਸਵੀਰ ਲੱਗੀ ਸੀ।

ਕੰਧ ਦੇ ਨਾਲ ਇੱਕ ਲੱਕੜੀ ਦੀ ਅਲਮਾਰੀ ਵਿੱਚ ਚੀਨੀ ਭਾਸ਼ਾ 'ਚ ਬੱਚਿਆਂ ਦੀਆਂ ਕਿਤਾਬਾਂ, ਰੰਗ-ਬਿਰੰਗੀ ਚੌਕ ਅਤੇ ਸਟੈਪਲਰ ਰੱਖੇ ਸਨ।

ਕੁਰਸੀਆਂ ਦੇ ਚਾਰੇ ਪਾਸੇ ਛੋਟੇ ਮੇਜ਼ਾਂ 'ਤੇ ਬੱਚਿਆਂ ਦੀ ਚਿੱਤਰਕਾਰੀ, ਹੋਮਵਰਕ ਅਤੇ ਕਲੇ-ਮਾਡਲਸ ਰੱਖੇ ਸਨ ਜਿਨ੍ਹਾਂ ਨੂੰ ਬੱਚੇ ਅਤੇ ਉਨ੍ਹਾਂ ਦੇ ਮਾ-ਬਾਪ ਉਲਟ ਪੁਲਟ ਕਰ ਰਹੇ ਸਨ।

ਫੋਟੋ ਕੈਪਸ਼ਨ ਪੂਰਬੀ ਆਨਹੁਈ ਸੂਬੇ ਦਾ ਹੁਆਂਗ ਥਿਆਨ ਪਿੰਡ

ਵੂ ਪੇਈ ਕਹਿੰਦੀ ਹੈ, "ਅਸੀਂ ਇਸ ਸਕੂਲ ਵਿੱਚ ਬੱਚਿਆਂ ਨੂੰ ਸਿਖਾਉਂਦੇ ਹਾਂ ਕਿ ਉਹ ਆਪਣੇ ਹੱਥਾਂ ਦੀ ਕਿਵੇਂ ਵਰਤੋਂ ਕਰਨ, ਕਿਵੇਂ ਉਹ ਧਰਤੀ ਨਾਲ ਰਿਸ਼ਤਾ ਜੋੜਨ ਤਾਂ ਕਿ ਉਹ ਖ਼ੁਦ ਫ਼ਸਲ ਉਗਾ ਸਕਣ।"

ਪ੍ਰਾਰਥਨਾ ਸਭਾ ਤੋਂ ਬਾਅਦ ਬੱਚਿਆਂ ਗਾਣੇ ਗਾਏ, ਉੱਧਰ ਮਾਤਾ-ਪਿਤਾ ਬੱਚਿਆਂ ਦੀ ਮੋਬਾਈਲ ਵਿੱਚ ਵੀਡੀਓ ਬਣਾ ਰਹੇ ਸੀ।

ਪਿਛਲੇ ਸਾਲ ਦਸੰਬਰ ਵਿੱਚ ਸਕੂਲ 'ਚ ਦਾਖ਼ਲਾ ਲੈਣ ਵਾਲੇ ਨੌਂ ਸਾਲ ਦੇ ਡੈਨਿਊ ਦੀ ਮਾਂ ਰੂਈ ਲਿਆਨ ਆਪਣੇ ਮੁੰਡੇ ਦੇ ਪ੍ਰਦਰਸ਼ਨ ਨਾਲ ਬਹੁਤ ਸੰਤੁਸ਼ਟ ਸੀ।

ਡੈਨਿਊ ਪਹਿਲਾਂ ਇੱਕ ਆਮ ਪਬਲਕਿ ਸਕੂਲ ਵਿੱਚ ਪੜ੍ਹਦਾ ਸੀ।

ਚੀਨ 'ਚ ਕਈ ਲੋਕ ਗਾਂਧੀ ਦੇ ਸਿਧਾਂਤਾਂ ਨਾਲ ਸਹਿਮਤ ਨਹੀਂ

ਲਿਆਨ ਨੇ ਮੈਨੂੰ ਦੱਸਿਆ, "ਆਮ ਪਬਲਿਕ ਸਕੂਲ ਬੱਚਿਆਂ ਦੀ ਯੋਗਤਾ ਨੂੰ ਵਿਕਸਿਤ ਕਰਨ ਲਈ ਸਹੀ ਨਹੀਂ ਹਨ। ਪਹਿਲਾਂ ਮੇਰਾ ਮੁੰਡਾ ਆਈਫ਼ੋਨ ਅਤੇ ਦੂਜੇ ਇਲਕਟ੍ਰੌਨਿਕ ਖਿਡੌਣਿਆਂ ਨਾਲ ਖੇਡਦਾ ਰਹਿੰਦਾ ਸੀ ਪਰ ਹੁਣ ਅਜਿਹਾ ਨਹੀਂ ਹੈ।"

ਫੋਟੋ ਕੈਪਸ਼ਨ ਨੌਂ ਸਾਲ ਦੇ ਡੈਨਿਊ ਦੀ ਮਾਂ ਰੂਈ ਲਿਆਨ ਆਪਣੇ ਮੁੰਡੇ ਦੇ ਪ੍ਰਦਰਸ਼ਨ ਨਾਲ ਬਹੁਤ ਸੰਤੁਸ਼ਟ ਸੀ

ਫਿਜ਼ੀਕਸ ਵਿੱਚ ਮਾਸਟਰਸ ਕਰਨ ਵਾਲੀ ਪੂ ਵੇਈ ਦਾ ਜਨਮ ਸ਼ੰਘਾਈ ਸ਼ਹਿਰ ਵਿੱਚ ਹੋਇਆ ਸੀ।

ਉਨ੍ਹਾਂ ਨੇ ਲੰਡਨ ਵਿੱਚ ਦੋ ਸਾਲ ਵਾਲਡਰਫ਼ ਦੀ ਪੜ੍ਹਾਈ ਕੀਤੀ। ਵਾਲਡਰਫ਼ ਐਜੁਕੇਸ਼ਨ ਮਤਲਬ ਪੜ੍ਹਾਈ ਦੇ ਮਾਧਿਆਮ ਤੋਂ ਬੱਚਿਆਂ ਦਾ ਪੂਰਾ ਮਾਨਸਿਕ ਅਤੇ ਕਲਾਤਮਕ ਵਿਕਾਸ ਕਰਨਾ।

ਵੂ ਪੇਈ ਦੱਸਦੀ ਹੈ, "'ਚੀਨ ਵਿੱਚ ਇਮਤਿਹਾਨ ਅਤੇ ਅੰਕਾਂ 'ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਅਧਿਆਪਕ ਇਨਸਾਨ ਦੇ ਵਿਕਾਸ ਵੱਲ ਧਿਆਨ ਨਹੀਂ ਦਿੰਦੇ।"

ਸਾਲ 2002 ਵਿੱਚ ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਬਦਲੀ ਜਦੋਂ ਰਾਜਧਾਨੀ ਬੀਜਿੰਗ ਵਿੱਚ ਉਨ੍ਹਾਂ ਨੇ ਇੱਕ ਭਾਰਤੀ ਨੁਮਾਇੰਦੇ ਦਾ ਭਾਸ਼ਣ ਸੁਣਿਆ।

ਵੂ ਪੇਈ ਦੱਸਦੀ ਹੈ, "ਉਨ੍ਹਾਂ ਨੇ ਗਾਂਧੀ ਦੇ ਆਦਰਸ਼ਾਂ ਬਾਰੇ ਦੱਸਿਆ ਅਤੇ ਕਿਹਾ ਕਿ ਗਾਂਧੀ ਕਹਿੰਦੇ ਹਨ ਕਿ ਸੱਚਾਈ ਨੂੰ ਸਿਰਫ਼ ਕਵਿਤਾ ਜ਼ਰੀਏ ਹੀ ਬਿਆਨ ਕੀਤਾ ਜਾ ਸਕਦਾ ਹੈ। ਇਨ੍ਹਾਂ ਗੱਲਾਂ ਨੇ ਸਾਡੇ 'ਤੇ ਡੂੰਘਾ ਅਸਰ ਕੀਤਾ।"

ਫੋਟੋ ਕੈਪਸ਼ਨ ਜਿਸ ਦਿਨ ਅਸੀਂ ਸਕੂਲ ਪੁੱਜੇ, ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਆਖ਼ਰੀ ਦਿਨ ਬੱਚਿਆਂ ਨੇ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤੇ ਸੀ

ਵੂ ਪੇਈ ਨੇ ਗਾਂਧੀ ਬਾਰੇ ਸਕੂਲੀ ਕਿਤਾਬਾਂ ਵਿੱਚ ਪੜ੍ਹਿਆ ਸੀ ਪਰ ਉਨ੍ਹਾਂ ਨੂੰ ਵਧੇਰੇ ਜਾਣਕਾਰੀ ਨਹੀਂ ਸੀ। ਦੋਸਤਾਂ ਦੇ ਕਹਿਣ 'ਤੇ ਉਨ੍ਹਾਂ ਨੇ ਮਹਾਤਮਾ ਗਾਂਧੀ ਨਾਲ ਜੁੜੀਆਂ ਦੋ ਕਿਤਾਬਾਂ ਦਾ ਅਨੁਵਾਦ ਕੀਤਾ। ਪਹਿਲੀ ਕਿਤਾਬ ਗਾਂਧੀ ਦੇ ਨਿਬੰਧ ਦਾ ਸੰਗ੍ਰਹਿ ਸੀ ਜਦਿ ਦੂਜੀ ਉਨ੍ਹਾਂ ਦੀਆਂ ਗੱਲਾਂ ਦਾ ਸੰਗ੍ਰਹਿ।

ਉਹ ਕਹਿੰਦੀ ਹੈ, "ਗਾਂਧੀ ਨੇ ਕਿਹਾ ਸੀ ਕਿ ਧਰਤੀ ਲੋਕਾਂ ਦੀਆਂ ਮੰਗਾਂ ਤਾਂ ਪੂਰੀਆਂ ਕਰ ਸਕਦੀ ਹੈ ਪਰ ਉਨ੍ਹਾਂ ਦਾ ਲਾਲਚ ਨਹੀਂ। ਇਨ੍ਹਾਂ ਗੱਲਾਂ ਨੇ ਮੇਰੇ 'ਤੇ ਬਹੁਤ ਪ੍ਰਭਾਵ ਪਾਇਆ।"

ਇਹ ਵੀ ਪੜ੍ਹੋ:

ਪਰ ਚੀਨ ਵਿੱਚ ਕਈ ਲੋਕ ਮਹਾਤਮਾ ਗਾਂਧੀ ਦੇ ਸਿਧਾਂਤਾਂ ਨਾਲ ਸਹਿਮਤ ਨਹੀਂ ਹਨ।

ਵੂ ਪੇਈ ਕਹਿੰਦੀ ਹੈ, "ਇੱਕ ਦਿਨ ਜਦੋਂ ਮੈਂ ਅਹਿੰਸਾ ਅਤੇ ਗਾਂਧੀ ਦੇ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਤਾਂ ਲੋਕਾਂ ਨੇ ਮੈਨੂੰ ਕਿਹਾ ਕਿ ਮੈਂ ਬਹੁਤ ਆਦਰਸ਼ਵਾਦੀ ਹਾਂ ਅਤੇ ਚੀਨ ਵਿੱਚ ਅਜਿਹਾ ਨਹੀਂ ਹੋ ਸਕਦਾ। ਚੀਨ ਵਿੱਚ ਗਾਂਧੀ ਦੇ ਬਾਰੇ ਜਾਣਕਾਰੀ ਬਹੁਤ ਘੱਟ ਹੈ...ਭਾਰਤ ਦੀ ਤਰ੍ਹਾਂ ਚੀਨ ਵਿੱਚ ਕਈ ਲੋਕ ਅਹਿੰਸਾ 'ਤੇ ਗਾਂਧੀ ਨਾਲ ਸਹਿਮਤ ਨਹੀਂ ਹਨ।"

ਵੂ ਪੇਈ ਦਾ ਸੁਪਨਾ ਹੈ ਕਿ ਉਹ ਇੱਕ ਦਿਨ ਮਹਾਤਮਾ ਗਾਂਧੀ ਦੇ ਜਨਮ ਸਥਾਨ ਭਾਰਤ ਆਵੇ।

ਚੀਨ ਵਿੱਚ ਮਹਾਤਮਾ ਗਾਂਧੀ ਦਾ ਪ੍ਰਭਾਵ

ਮਹਾਤਮਾ ਗਾਂਧੀ ਕਦੇ ਚੀਨ ਨਹੀਂ ਗਏ ਪਰ ਚੀਨ ਦੇ ਲੋਕਾਂ ਨਾਲ ਉਨ੍ਹਾਂ ਦਾ ਸਬੰਧ ਬਹੁਤ ਪੁਰਾਣਾ ਸੀ।

ਫੋਟੋ ਕੈਪਸ਼ਨ ਪੂਰੇ ਚੀਨ ਵਿੱਚ ਗਾਂਧੀ ਦੀ ਇਕਲੌਤੀ ਮੂਰਤੀ ਰਾਜਧਾਨੀ ਬੀਜਿੰਗ ਦੇ ਛਾਓਯਾਂਗ ਪਾਰਕ ਵਿੱਚ ਹੈ

ਰਾਸ਼ਟਰੀ ਗਾਂਧੀ ਮਿਊਜ਼ੀਅਮ ਵੱਲੋਂ ਪ੍ਰਕਾਸ਼ਿਤ ਈਐਸ ਰੈਡੀ ਦੀ ਕਿਤਾਬ ਵਿੱਚ ਜ਼ਿਕਰ ਹੈ ਕਿ ਕਿਸ ਤਰ੍ਹਾਂ ਭਾਰਤੀ ਅਤੇ ਚੀਨੀ ਭਾਈਚਾਰਿਆਂ ਨੇ ਦੱਖਣੀ ਅਫ਼ਰੀਕਾ ਵਿੱਚ ਇਕੱਠੇ ਹੋ ਕੇ ਸਰਕਾਰ ਦੀ ਭੇਦਭਾਵ ਵਾਲੀ ਨੀਤੀਆਂ ਦਾ ਵਿਰੋਧ ਕੀਤਾ।

ਕਿਤਾਬ ਵਿੱਚ ਜ਼ਿਕਰ ਹੈ ਕਿ ਕਿਸ ਤਰ੍ਹਾਂ ਮਹਾਤਮਾ ਗਾਂਧੀ ਅਤੇ ਚਾਈਨੀਜ਼ ਐਸੋਸੀਏਸ਼ਨ ਐਂਡ ਕੈਂਟੋਨੀਜ਼ ਕਲੱਬ ਦੇ ਮੁਖੀ ਲੀਓਂਗ ਛਿਵਨ ਨੇ ਸਹਿਯੋਗ ਕੀਤਾ।

ਸਥਾਨਕ ਅਖ਼ਬਾਰ 'ਇੰਡੀਅਨ ਓਪੀਨੀਅਨ' ਦੇ ਗੁਜਰਾਤੀ ਸੈਕਸ਼ਨ ਵਿੱਚ ਮਹਾਤਮਾ ਗਾਂਧੀ ਨੇ ਲਿਖਿਆ, "ਜੋਹੈਨਸਬਰਗ ਵਿੱਚ ਚੀਨ ਦੇ ਕਈ ਲੋਕ ਰਹਿੰਦੇ ਹਨ। ਇਹ ਨਹੀਂ ਕਿਹਾ ਜਾ ਸਕਦਾ ਕਿ ਆਰਥਿਕ ਰੂਪ ਨਾਲ ਉਨ੍ਹਾਂ ਦੀ ਸਥਿਤੀ ਭਾਰਤੀਆਂ ਨਾਲੋਂ ਬਿਹਤਰ ਹੈ। ਜ਼ਿਆਦਾਤਰ ਕਾਰੀਗਰ ਹਨ। ਕੁਝ ਦਿਨ ਪਹਿਲਾਂ ਮੈਨੂੰ ਮੌਕਾ ਮਿਲਿਆ ਕਿ ਮੈਂ ਉਨ੍ਹਾਂ ਨੂੰ ਧਿਆਨ ਨਾਲ ਵੇਖਾਂ। ਉਨ੍ਹਾਂ ਦੀ ਜ਼ਿੰਦਗੀ ਦੀ ਤੁਲਨਾ ਆਪਣੀ ਜ਼ਿੰਦਗੀ ਨਾਲ ਕਰਨ 'ਤੇ ਮੈਨੂੰ ਬਹੁਤ ਦੁਖ਼ ਹੋਇਆ।

Image copyright The Commercial Press, Beijing
ਫੋਟੋ ਕੈਪਸ਼ਨ ਸਾਲ 1921 ਵਿੱਚ ਓਰੀਅੰਟਲ ਮੈਗਜ਼ੀਨ ਨੇ ਮਹਾਤਮਾ ਗਾਂਧੀ 'ਤੇ ਇੱਕ ਲੇਖ ਛਾਪਿਆ ਸੀ

ਚੀਨ ਵਿੱਚ 1904 ਤੋਂ 1948 ਵਿਚਾਲੇ ਛਪਣ ਵਾਲੀ ਓਰੀਅੰਟਲ ਮੈਗਜ਼ੀਨ ਨੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਨਾਲ ਕਈ ਲੇਖ ਛਾਪੇ।

ਸਾਲ 1921 ਵਿਚ ਛਪੇ ਲੇਖ ਦੇ ਮੁਤਾਬਕ, "ਗਾਂਧੀ ਬਹੁਤ ਧਾਰਮਿਕ ਤਾਂ ਹੈ ਪਰ ਉਹ ਦੇਸ਼ਪ੍ਰੇਮ ਦੇ ਸਮਰਥਕ ਵੀ ਹਨ। ਉਨ੍ਹਾਂ ਦੀ ਜ਼ਿੰਦਗੀ ਦਾ ਟੀਚਾ ਹੈ ਕਿ ਭਾਰਤ ਦੇ ਨੈਤਿਕ ਮੁੱਲਾਂ ਨੂੰ ਪੁਨਰਜੀਵਤ ਕੀਤਾ ਜਾਵੇ ਅਤੇ ਭਾਰਤੀਆਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਖ਼ੁਦ ਨੂੰ ਬਿਨਾਂ ਭੇਦਭਾਵ ਦੇ ਇੱਕ ਪਰਿਵਾਰ ਦੀ ਤਰ੍ਹਾਂ ਦੇਖੋ ਅਤੇ ਉਹ ਸਾਰੇ ਪੱਛਮੀ ਸੰਸਕ੍ਰਿਤੀ ਵਰਗੇ ਉਦਯੋਗਿਕ ਗੁਲਾਮੀ, ਪੈਸੇ ਦੀ ਪੂਜਾ ਅਤੇ ਲੜਾਕੂ ਅੰਦਾਜ਼ ਨੂੰ ਸਵੀਕਾਰ ਨਾ ਕਰੋ। ਘੱਟ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਗਾਂਧੀ ਇਨਸਾਫ਼ ਦੇ ਲਈ ਹਿੰਸਾ ਦੀ ਵਰਤੋਂ ਦੇ ਖਿਲਾਫ਼ ਸਨ।"

ਉਹ ਦਿਨ ਸੀ ਜਦੋਂ ਚੀਨ 'ਤੇ ਸੋਵੀਅਤ ਯੂਨੀਅਨ ਦਾ ਗਹਿਰਾ ਪ੍ਰਭਾਵ ਸੀ। ਸੋਵੀਅਤ ਨੇਤਾ ਗਾਂਧੀ ਬਾਰੇ ਜਿਸ ਤਰ੍ਹਾਂ ਦੀ ਸੋਚ ਰੱਖਦੇ, ਚੀਨ ਵਿੱਚ ਸਰਕਾਰ ਅਤੇ ਲੋਕਾਂ ਦੀ ਮਾਨਸਿਕਤਾ 'ਤੇ ਉਸਦਾ ਡੂੰਘਾ ਅਸਰ ਹੁੰਦਾ ਸੀ।

'ਪਰੋਪਕਾਰ ਕਰਨਾ ਸੰਤ ਦੇ ਕੰਮ ਵਰਗਾ ਹੈ'

ਸਾਊਥ ਚੀਨ ਨੌਰਮਲ ਯੂਨੀਵਰਸਟੀ ਪ੍ਰੋਫੈਸਰ ਸ਼ਾਂਗ ਛੂਨਾਅਯੂ ਕਹਿੰਦੇ ਹਨ, "1920 ਦੇ ਦਹਾਕੇ ਵਿੱਚ ਲੈਨਿਨ ਨੇ ਭਾਰਤੀ ਸਵਤੰਤਰਾ ਸੰਗ੍ਰਾਮ ਵਿੱਚ ਗਾਂਧੀ ਦੀ ਭੂਮਿਕਾ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਇੱਕ ਸੱਚਾ ਕ੍ਰਾਂਤੀਕਾਰੀ ਦੱਸਿਆ। ਪਰ 1930 ਦੇ ਦਹਾਕੇ ਵਿੱਚ ਸਟਾਲੀਨ ਨੇ ਗਾਂਧੀ ਨੂੰ ਸਾਮਰਾਜਵਾਦੀਆਂ ਦਾ ਸਾਥੀ ਦੱਸਿਆ।"

Image copyright NATIONAL GANDHI MUSEUM
ਫੋਟੋ ਕੈਪਸ਼ਨ ਦੱਖਣੀ ਅਫ਼ਰੀਕਾ ਵਿੱਚ ਚੀਨ ਦੇ ਲੀਡਰਾਂ ਨਾਲ ਮਹਾਤਮਾ ਗਾਂਧੀ

ਪ੍ਰੋਫ਼ੈਸਰ ਸ਼ਾਂਗ ਨੇ ਚੀਨ ਅਤੇ ਗਾਂਧੀ ਸਬੰਧਾਂ 'ਤੇ ਕਈ ਲੇਖ ਲਿਖੇ ਹਨ ਅਤੇ ਉਸ ਨੂੰ ਲੈ ਕੇ ਭਾਰਤ ਦੀਆਂ ਯਾਤਰਾਵਾਂ ਵੀ ਕੀਤੀਆਂ ਹਨ।

ਪ੍ਰੋਫ਼ੈਸਰ ਸ਼ਾਂਗ ਦੇ ਮੁਤਾਬਕ 1920 ਦੇ ਦਹਾਕੇ ਵਿੱਚ ਜਿੱਥੇ ਲੋਕਾਂ ਨੇ ਗਾਂਧੀ ਨੂੰ ਇੱਕ 'ਸੰਤ', 'ਭਾਰਤ ਦਾ ਟੌਲਸਟਾਏ', ਭਾਰਤ ਦਾ 'ਰਾਜਾ' ਦੱਸਿਆ, 1930 ਦੇ ਦਹਾਕੇ ਵਿੱਚ ਕਈ ਕੱਟੜਪੰਥੀ ਬੁੱਧੀਜੀਵੀਆਂ ਨੇ ਮਹਾਤਮਾ ਗਾਂਧੀ ਨੂੰ ਭਾਰਤੀ ਰਾਸ਼ਟਰਵਾਦੀ ਸੰਗ੍ਰਾਮ ਵਿੱਚ ਦੱਖਣਪੰਥੀ ਸਮੂਹ ਦਾ ਜਾਂ ਵੱਡੇ ਜ਼ਮੀਦਾਰਾਂ ਅਤੇ ਵਪਾਰੀਆਂ ਦਾ ਨੁਮਾਇੰਦਾ ਦੱਸਿਆ।

ਇਹ ਵੀ ਪੜ੍ਹੋ:

ਮਹਾਤਮਾ ਗਾਂਧੀ ਕਦੇ ਚੀਨ ਨਹੀਂ ਗਏ ਪਰ 1940 ਦੇ ਦਹਾਕੇ ਵਿੱਚ ਚੀਨੀ ਨੇਤਾ ਛਿਆਂਗ ਖਾਈ ਸ਼ੇਕ ਗਾਂਧੀ ਨੂੰ ਮਿਲਣ ਭਾਰਤ ਆਏ। ਸਾਲ 1946 ਵਿੱਚ ਕੇਐਮਟੀ ਪਾਰਟੀ ਨੇਤਾ ਛਿਆਂਗ ਖਾਈ ਸ਼ੇਕ ਅਤੇ ਕਮਿਊਨਿਸਟਾਂ ਵਿਚਾਲੇ ਲੜਾਈ ਵਿੱਚ ਕਮਿਊਨਿਸਟ ਜੇਤੂ ਰਹੇ ਸੀ ਅਤੇ ਛਿਆਂਗ ਖਾਈ ਸ਼ੇਕ ਨੂੰ ਤਾਈਵਾਨ ਭੱਜਣਾ ਪਿਆ ਸੀ।

ਰਾਸ਼ਟਰੀ ਗਾਂਧੀ ਮਿਊਜ਼ੀਅਮ ਦੇ ਡਾਇਰੈਕਟਰ ਏ ਅੰਨਾਮਲਾਈ ਮੁਤਾਬਕ ਉਹ ਵੇਲਾ ਸੀ ਜਦੋਂ ਜਾਪਾਨ ਦੇ ਹਮਲੇ ਖ਼ਿਲਾਫ਼ ਛਿਆਂਗ ਖਾਈ ਸ਼ੇਕ ਏਸ਼ੀਆਈ ਦੇਸਾਂ ਦੇ ਸੰਘ ਬਣਾਉਣਾ ਚਾਹੁੰਦੇ ਸਨ ਪਰ ਮਹਾਤਮਾ ਗਾਂਧੀ ਅਹਿੰਸਾ ਦੇ ਪੱਖਪਾਤੀ ਸਨ।

Image copyright The Commercial Press, Beijing
ਫੋਟੋ ਕੈਪਸ਼ਨ ਸਾਲ 1931 ਵਿੱਚ ਚੀਨ ਦੀ ਓਰੀਅੰਟਲ ਮੈਗਜ਼ੀਨ ਵਿੱਚ ਛਪੀਆਂ ਗਾਂਧੀ ਦੀਆਂ ਤਸਵੀਰਾਂ

ਸਾਲ 1931 ਵਿੱਚ ਜਾਪਾਨ ਨੇ ਚੀਨ 'ਤੇ ਹਮਲਾ ਕਰਕੇ ਮੰਚੂਰੀਆ 'ਤੇ ਕਬਜ਼ਾ ਕਰ ਲਿਆ ਸੀ। ਸਾਲ 1945 ਵਿੱਚ ਦੂਜੇ ਵਿਸ਼ਵ ਯੁੱਧ ਦੇ ਅੰਤ ਤੱਕ ਜਾਪਾਨ ਨੇ ਹਾਰ ਮੰਨੀ ਉਦੋਂ ਤੱਕ ਲੱਖਾਂ ਚੀਨੀ ਨਾਗਰਿਕ ਮਾਰੇ ਜਾ ਚੁੱਕੇ ਸੀ।

14 ਜੂਨ 1942 ਨੂੰ ਛਿਆਂਗ ਖਾਈ ਸ਼ੇਕ ਨੂੰ ਲਿਖੀ ਇੱਕ ਚਿੱਠੀ ਵਿੱਚ ਮਹਾਤਮਾ ਗਾਂਧੀ ਨੇ ਲਿਖਿਆ, "ਛੇਤੀ ਹੀ ਜਪਾਨੀ ਹਮਲੇ ਖ਼ਿਲਾਫ਼ ਤੁਹਾਡਾ ਪੰਜ ਸਾਲ ਦਾ ਯੁੱਦ ਪੂਰਾ ਹੋ ਜਾਵੇਗਾ ਜਿਸ ਨੇ ਚੀਨ ਵਿੱਚ ਲੋਕਾਂ ਦੀ ਜ਼ਿੰਦਗੀ 'ਚ ਦੁੱਖ ਭਰ ਦਿੱਤੇ ਹਨ। ਮੈਨੂੰ ਉਸ ਦਿਨ ਦੀ ਉਡੀਕ ਹੈ ਜਦੋਂ ਇੱਕ ਸੁਤੰਤਰ ਭਾਰਤ ਚੀਨ ਏਸ਼ੀਆ ਅਤੇ ਪੂਰੀ ਦੁਨੀਆਂ ਦੀ ਚੰਗਿਆਈ ਲਈ ਦੋਸਤੀ ਅਤੇ ਭਾਈਚਾਰੇ ਵਿੱਚ ਇੱਕ-ਦੂਜੇ ਦੇ ਸਾਥੀ ਹੋਣਗੇ।"

Image copyright NATIONAL GANDHI MUSEUM
ਫੋਟੋ ਕੈਪਸ਼ਨ ਛਿਆਂਗ ਖਾਈ ਸ਼ੇਕ ਅਤੇ ਮਹਾਤਮਾ ਗਾਂਧੀ

ਪਰ 'ਦਿ ਕਲੈਕਟੇਡ ਵਰਕਸ ਆਫ਼ ਮਹਾਤਮਾ ਗਾਂਧੀ' ਵਿੱਚ ਛਪੇ ਇੰਟਰਵਿਊ ਵਿੱਚ ਮਹਾਤਮਾ ਗਾਂਧੀ ਕਹਿੰਦੇ ਹਨ, "ਜੇਕਰ ਚੀਨ ਦੇ ਲੋਕ ਮੇਰੀ ਸੋਚ ਦੀ ਅਹਿੰਸਾ ਅਪਣਾਉਂਦੇ ਤਾਂ ਬਰਬਾਦੀ ਲਈ ਕੰਮ ਕਰਨ ਵਾਲੀ ਜਾਪਾਨ ਦੀਆਂ ਆਧੁਨਿਕ ਮਸ਼ੀਨਾਂ ਦੀ ਕੋਈ ਵਰਤੋਂ ਨਹੀਂ ਹੁੰਦੀ।''

ਮਹਾਤਮਾ ਗਾਂਧੀ ਦੀ ਮੌਤ 'ਤੇ ਛਿਆਂਗ ਖਾਈ ਸ਼ੇਕ ਨੇ ਚੀਨੀ ਭਾਸ਼ਾ ਵਿੱਚ ਇੱਕ 'ਸ਼ੋਕ' ਸੰਦੇਸ਼ ਭੇਜਿਆ ਜਿਸ ਨੂੰ ਰਾਸ਼ਟਰੀ ਗਾਂਧੀ ਮਿਊਜ਼ੀਅਮ ਵਿੱਚ ਫਰੇਮ ਕਰਕੇ ਰੱਖਿਆ ਗਿਆ ਹੈ।

Image copyright NATIONAL GANDHI MUSEUM
ਫੋਟੋ ਕੈਪਸ਼ਨ ਗਾਂਧੀ ਦੀ ਮੌਤ 'ਤੇ ਛਿਆਂਗ ਖਾਈ ਸ਼ੇਕ ਵੱਲੋਂ ਭੇਜਿਆ ਗਿਆ ਚੀਨੀ ਭਾਸ਼ਾ ਵਿੱਚ ਸੰਦੇਸ਼

ਸੰਦੇਸ਼ ਵਿੱਚ ਲਿਖਿਆ ਸੀ, ਪਰੋਪਕਾਰ ਕਰਨਾ ਸੰਤ ਦੇ ਕੰਮ ਵਰਗਾ ਹੈ।

ਪ੍ਰੋਫ਼ੈਸਰ ਸ਼ਾਂਗ ਛੁਆਨਯੂ ਮੁਤਾਬਕ ਪਿਛਲੇ ਸਾਲਾਂ ਵਿੱਚ ਚੀਨ 'ਚ ਮਹਾਤਮਾ ਗਾਂਧੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਸੋਚ ਬਾਰੇ ਜਾਗਰੂਕਤਾ ਵਧੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ