ਮੋਦੀ ਨੂੰ ਇਸ ਲਈ ਇਮਰਾਨ ਖ਼ਾਨ ਨੇ ਸਹੁੰ-ਚੁੱਕ ਸਮਾਗਮ ’ਚ ਨਹੀਂ ਸੱਦਿਆ

  • ਵੁਸਤੁੱਲਾਹ ਖ਼ਾਨ
  • ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ ਬੀਬੀਸੀ ਪੰਜਾਬੀ ਲਈ
ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇਮਰਾਨ ਖ਼ਾਨ ਦੇ ਸਹੁੰ-ਚੁੱਕ ਸਮਾਗਮ ਬਾਰੇ ਪਹਿਲਾਂ ਖ਼ਬਰ ਉਡੀ ਸੀ ਕਿ ਸਾਰਕ ਦੇਸਾਂ ਦੇ ਨੇਤਾਵਾਂ ਸਣੇ, ਫਿਲਮੀ ਹਸਤੀਆਂ ਤੇ ਕ੍ਰਿਕਟਰਾਂ ਨੂੰ ਸੱਦਾ ਦਿੱਤਾ ਜਾਵੇਗਾ

ਤੁਹਾਨੂੰ ਤਾਂ ਅਰਵਿੰਦ ਕੇਜਰੀਵਾਲ ਲਾਲੂ ਜੀ, ਮੋਦੀ ਅਤੇ ਰਾਹੁਲ ਵੱਖ-ਵੱਖ ਦੇਖਣੇ ਪੈਂਦੇ ਹਨ, ਸਾਨੂੰ ਤਾਂ ਕਿਸਮਤ ਨਾਲ ਇਹ ਸਾਰੇ ਕਰੈਕਟਰ ਇੱਕ ਹੀ ਆਦਮੀ ਵਿੱਚ ਮਿਲ ਗਏ ਹਨ।

ਨਾਮ ਇਸ ਭਾਗਾਂ ਵਾਲੇ ਦਾ ਲੈ ਤਾਂ ਲਵਾ ਪਰ ਇਸ ਬੁਢਾਪੇ ਵਿੱਚ ਸੋਸ਼ਲ ਮੀਡੀਆ 'ਤੇ ਗਾਲ੍ਹਾਂ ਖਾਣ ਦੀ ਹਿੰਮਤ ਨਹੀਂ ਹੈ।

ਜਦੋਂ ਇੱਕ ਹਫ਼ਤਾ ਪਹਿਲਾਂ ਇਮਰਾਨ ਖ਼ਾਨ ਦੇ ਬੁਲਾਰੇ ਫਵਾਦ ਚੌਧਰੀ ਨੇ ਇਹ ਖ਼ਬਰ ਉਡਾਈ ਸੀ ਕਿ ਨਵੇਂ ਪ੍ਰਧਾਨ ਮੰਤਰੀ ਖੁੱਲ੍ਹੇ ਮੈਦਾਨ ਵਿੱਚ ਸਹੁੰ ਚੁੱਕਣਗੇ ਅਤੇ ਇਸ ਲਈ ਸਾਰਕ ਦੇਸਾਂ ਦੇ ਨੇਤਾ ਤੇ ਇਮਰਾਨ ਖ਼ਾਨ ਦੇ ਕ੍ਰਿਕਟਰ ਤੇ ਫ਼ਿਲਮੀ ਜਗਤ ਦੇ ਦੋਸਤਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ, ਤਾਂ ਲੱਖਾਂ ਲੋਕਾਂ ਵਾਂਗ ਮੇਰੀ ਖੁਸ਼ੀ ਦਾ ਵੀ ਠਿਕਾਣਾ ਨਾ ਰਿਹਾ।

ਮੈਂ ਸੋਚਣ ਲੱਗਾ ਕਿ ਕਿੰਨੀ ਘੈਂਟ ਤਸਵੀਰ ਬਣੇਗੀ ਜਦੋਂ ਪਹਿਲੀ ਲਾਈਨ ਦੀਆਂ ਕੁਰਸੀਆਂ 'ਤੇ ਚੀਫ਼ ਜਸਟਿਸ ਆਫ ਪਾਕਿਸਤਾਨ ਸਾਕਿਬ ਨਿਸਾਰ, ਨਰਿੰਦਰ ਮੋਦੀ, ਗਾਵਸਕਰ, ਜਨਰਲ ਬਾਜਵਾ, ਆਮਿਰ ਖ਼ਾਨ, ਹਸੀਨਾ ਵਾਜਿਦ, ਨਵਜੋਤ ਸਿੰਘ ਸਿੱਧੂ, ਅਸ਼ਰਫ਼ ਗਨੀ, ਕਪਿਲ ਦੇਵ ਅਤੇ ਕਪਿਲ ਸ਼ਰਮਾ ਬੈਠੇ ਹੋਣਗੇ।

ਇਹ ਵੀ ਪੜ੍ਹੋ:

ਤਹਿਰੀਕ-ਏ-ਇਨਸਾਫ਼ ਦੇ ਇੱਕ ਹੋਰ ਨੇਤਾ ਨੇ ਤਾਂ ਇਹ ਆਸ ਜਗਾ ਦਿੱਤੀ ਕਿ ਸਲਮਾਨ ਖ਼ਾਨ, ਸ਼ਾਹਰੁਖ਼ ਖ਼ਾਨ ਅਤੇ ਜ਼ੀਨਤ ਅਮਾਨ ਵੀ ਆਉਣ ਲਈ ਬੇਕਰਾਰ ਹਨ।

ਪਰ ਇਮਰਾਨ ਖ਼ਾਨ ਨੇ ਅਗਲੇ ਹੀ ਦਿਨ ਇਹ ਕਹਿ ਕੇ ਸਾਡੀ ਖੁਸ਼ੀ ਦਾ ਗਲਾ ਘੁੱਟ ਦਿੱਤਾ ਕਿ ਕੋਈ ਨਹੀਂ ਆ ਰਿਹਾ ਯਾਨਿ ਸਹੁੰ ਚੁੱਕ ਸਮਾਗਮ ਬੇਹੱਦ ਸਾਦੇ ਢੰਗ ਨਾਲ ਹੀ ਹੋਵੇਗਾ ਅਤੇ ਚਾਹ ਨਾਲ ਛੁਆਰੇ ਅਤੇ ਪਤਾਸੇ ਵੰਡ ਦਿੱਤੇ ਜਾਣਗੇ।

ਮੋਦੀ ਦੇ ਨਾਮ 'ਤੇ ਵਿਗੜੀ ਖੇਡ

ਮੈਨੂੰ ਲਗਦਾ ਹੈ ਕਿ ਮਹਿਮਾਨਾਂ ਨੂੰ ਬੁਲਾਉਣ ਦੀ ਸਾਰੀ ਖੇਡ ਬਸ ਮੋਦੀ ਦੇ ਨਾਮ 'ਤੇ ਵਿਗੜੀ ਹੈ। ਜੇਕਰ ਮੋਦੀ ਨੂੰ ਦਾਵਤ ਦਿੱਤੀ ਅਤੇ ਉਨ੍ਹਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਕੀ ਹੋਵੇਗਾ।

ਜੇਕਰ ਉਹ ਸੱਚਮੁੱਚ ਆ ਗਏ ਤਾਂ ਫੇਰ ਕਿਤੇ ਕੋਈ ਸ਼ਰਾਰਤੀ ਟੀਵੀ ਚੈਨਲ ਇਮਰਾਨ ਖ਼ਾਨ ਦੇ ਪੁਰਾਣੇ ਵੀਡੀਓ ਕਲਿੱਪ ਨਾ ਚਲਾ ਦੇਣ - ਨਵਾਜ਼ ਸ਼ਰੀਫ਼, ਮੋਦੀ ਯਾਰ ਹੈ, ਮੋਦੀ ਦੇ ਯਾਰਾਂ ਨੂੰ ਇੱਕ ਧੱਕਾ ਹੋਰ ਦਿਉ।

ਪਾਕਿਸਤਾਨ ਨੇ ਮੇਰੇ ਹਿਸਾਬ ਨਾਲ ਇੱਕ ਮਾਸਟਰ ਸਟ੍ਰੋਕ ਗੁਆ ਦਿੱਤਾ ਹੈ। ਮੰਨ ਲਓ, ਮੋਦੀ ਜੇਕਰ ਆਉਣ ਲਈ ਬਹਾਨਾ ਬਣਾਉਂਦੇ ਹਨ ਤਾਂ ਵੱਡਾ ਦਿਲ ਰੱਖਣ 'ਤੇ ਪਾਕਿਸਤਾਨ ਦੀ ਦੁਨੀਆਂ ਵਿੱਚ ਵਾਹ-ਵਾਹ ਹੁੰਦੀ ਅਤੇ ਮੋਦੀ ਬਾਰੇ ਕਿਹਾ ਜਾਂਦਾ ਕਿ ਛਾਤੀ ਬੇਸ਼ੱਕ 56 ਇੰਚ ਦੀ ਹੋਵੇ ਨਾ ਹੋਵੇ, ਦਿਲ ਅਜੇ ਤੱਕ ਬਚਪਨ ਵਾਲਾ ਹੈ।

ਜੇਕਰ ਮੋਦੀ ਆ ਜਾਂਦੇ ਹਨ ਤਾਂ ਢਾਈ ਸਾਲਾਂ ਤੋਂ ਦੋਵੇਂ ਦੇਸਾਂ ਦੇ ਰਿਸ਼ਤਿਆਂ 'ਤੇ ਜੰਮੀ ਬਰਫ਼ ਥੋੜ੍ਹੀ-ਬਹੁਤ ਪਿਘਲਦੀ ਅਤੇ ਦੋਵੇਂ ਨੇਤਾ ਜੋ ਪਹਿਲਾਂ ਵੀ ਇੱਕ ਦੂਜੇ ਨਾਲ ਮਿਲ ਚੁੱਕੇ ਹਨ, ਇੱਕ ਦੂਜੇ ਦੀ ਨੀਅਤ ਚੰਗੀ ਤਰ੍ਹਾਂ ਦੇਖ ਲੈਂਦੇ।

ਤਸਵੀਰ ਸਰੋਤ, MEA, INDIA

ਤਸਵੀਰ ਕੈਪਸ਼ਨ,

ਪਾਕਿਸਤਾਨ ਨੇ ਸ਼ਾਇਦ ਇੱਕ ਮਾਟਚਰ ਸਟ੍ਰੋਕ ਗੁਆ ਦਿੱਤਾ ਹੈ

ਦੋਵਾਂ ਹਾਲਤਾਂ ਵਿੱਚ ਪਾਕਿਸਤਾਨ ਦਾ ਕੋਈ ਨੁਕਸਾਨ ਨਹੀਂ ਹੁੰਦਾ ਬਲਕਿ ਅਕਸ ਬਿਹਤਰ ਹੀ ਬਣਦਾ। ਇਸ ਬਹਾਨੇ ਇਮਰਾਨ ਦੇ ਪੁਰਾਣੇ ਕ੍ਰਿਕਟਰ ਦੋਸਤ ਅਤੇ ਬਾਲੀਵੁੱਡ ਦੇ ਸੁਪਰ ਸਟਾਰ ਵੀ ਆ ਜਾਂਦੇ ਤਾਂ ਹੋਰ ਵੀ ਵਧੀਆ ਅਕਸ ਬਣਦਾ ਕਿ ਪਾਕਿਸਤਾਨ ਕੋਈ ਮਾੜਾ-ਚੰਗਾ ਦੇਸ ਨਹੀਂ ਹੈ ਜਿਹੋ-ਜਿਹਾ ਅਕਸ ਉਸ ਬਾਰੇ ਭਾਰਤ ਵਿੱਚ ਬਣਾਇਆ ਜਾਂਦਾ ਹੈ ਅਤੇ ਫੇਰ ਭਾਰਤ ਇਸ ਅਕਸ ਨੂੰ ਦੂਜੇ ਦੇਸਾਂ ਵਿੱਚ ਵੇਚਣ ਦੀ ਕੋਸ਼ਿਸ਼ ਕਰਦਾ ਹੈ।

ਇਹ ਮੌਕਾ ਤਾਂ ਹੱਥਾਂ 'ਚੋਂ ਨਿਕਲ ਗਿਆ। ਹੁਣ ਜੋ ਹੋਵੇਗਾ, ਅਗਲੇ ਸਾਲ ਭਾਰਤ ਦੀਆਂ ਆਮ ਚੋਣਾਂ ਤੋਂ ਬਾਅਦ ਹੀ ਹੋਵੇਗਾ। ਆਸ ਹੈ ਉਦੋਂ ਵੀ ਇਮਰਾਨ ਸਰਕਾਰ ਆਪਣੇ ਪੈਰਾਂ 'ਤੇ ਟਿਕੀ ਹੋਈ ਹੋਵੇਗੀ ਅਤੇ ਇਹ ਗੁਰ ਵੀ ਸਿੱਖ ਚੁੱਕੀ ਹੋਵੇਗੀ ਕਿ ਪਹਿਲਾਂ ਤੋਲੋ, ਫੇਰ ਬੋਲੋ। ਨਾ ਕਿ ਪਹਿਲਾਂ ਬੋਲੋ ਤੇ ਫੇਰ ਤੋਲੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)