ਜਦੋਂ ਈਦੀ ਅਮੀਨ ਦੇ ਫਰਿੱਜ 'ਚੋਂ ਮਿਲਿਆ ਸੀ ਮਨੁੱਖੀ ਸਿਰ

  • ਰੇਹਾਨ ਫ਼ਜ਼ਲ
  • ਬੀਬੀਸੀ ਪੱਤਰਕਾਰ
ਈਦੀ ਅਮੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਯੁਗਾਂਡਾ ਦੇ ਤਾਨਾਸ਼ਾਹ ਈਦੀ ਅਮੀਨ ਨੇ ਸਾਲਾਂ ਤੋਂ ਰਹਿ ਰਹੇ 60 ਹਜ਼ਾਰ ਏਸ਼ੀਆਈ ਲੋਕਾਂ ਨੂੰ ਅਚਾਨਕ ਦੇਸ ਛੱਡਣ ਦਾ ਆਦੇਸ਼ ਦੇ ਦਿੱਤਾ

ਚਾਰ ਅਗਸਤ 1972 ਨੂੰ ਬੀਬੀਸੀ ਦੇ ਦਿਨ ਦੇ ਬੁਲੇਟਿਨ ਵਿੱਚ ਅਚਾਨਕ ਸਮਾਚਾਰ ਸੁਣਾਈ ਦਿੱਤਾ ਕਿ ਯੁਗਾਂਡਾ ਦੇ ਤਾਨਾਸ਼ਾਹ ਈਦੀ ਅਮੀਨ ਨੇ ਯੁਗਾਂਡਾ ਵਿੱਚ ਸਾਲਾਂ ਤੋਂ ਰਹਿ ਰਹੇ 60 ਹਜ਼ਾਰ ਏਸ਼ੀਆਈ ਲੋਕਾਂ ਨੂੰ ਅਚਾਨਕ ਦੇਸ ਛੱਡਣ ਦਾ ਆਦੇਸ਼ ਦੇ ਦਿੱਤਾ ਸੀ।

ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਦੇਸ ਛੱਡਣ ਲਈ ਸਿਰਫ਼ 90 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। 6 ਫੁੱਟ 4 ਇੰਚ ਲੰਬੇ ਅਤੇ 135 ਕਿਲੋ ਵਜ਼ਨ ਵਾਲੇ ਈਦੀ ਅਮੀਨ ਨੂੰ ਹਾਲ ਦੇ ਵਿਸ਼ਵ ਇਤਿਹਾਸ ਦੇ ਸਭ ਤੋਂ ਬੇਰਹਿਮ ਅਤੇ ਨਿਰਦਈ ਤਾਨਾਸ਼ਾਹਾਂ ਵਿੱਚ ਗਿਣਿਆ ਜਾਂਦਾ ਹੈ।

ਇੱਕ ਜ਼ਮਾਨੇ ਵਿੱਚ ਯੁਗਾਂਡਾ ਦੇ ਹੈਵੀ ਵੇਟ ਬਾਕਸਿੰਗ ਚੈਂਪੀਅਨ ਰਹੇ ਈਦੀ ਅਮੀਨ 1971 ਵਿੱਚ ਮਿਲਟਨ ਓਬੋਟੇ ਨੂੰ ਹਟਾ ਕੇ ਸੱਤਾ ਵਿੱਚ ਆਏ ਸਨ।

ਆਪਣੇ 8 ਸਾਲਾਂ ਦੇ ਸ਼ਾਸਨ ਕਾਲ ਵਿੱਚ ਉਨ੍ਹਾਂ ਨੇ ਬੇਰਹਿਮੀ ਦੀਆਂ ਇੰਨੀਆਂ ਭਿਆਨਕ ਮਿਸਾਲਾਂ ਪੇਸ਼ ਕੀਤੀਆਂ ਹਨ, ਜਿਨਾਂ ਦੀ ਉਦਾਹਰਣ ਆਧੁਨਿਕ ਇਤਿਹਾਸ ਵਿੱਚ ਬਹੁਤ ਘੱਟ ਹੀ ਮਿਲਦਾ ਹੈ।

ਇਹ ਵੀ ਪੜ੍ਹੋ:

4 ਅਗਸਤ 1972 ਨੂੰ ਈਦੀ ਅਮੀਨ ਨੂੰ ਅਚਾਨਕ ਇੱਕ ਸੁਪਨਾ ਆਇਆ ਅਤੇ ਉਨ੍ਹਾਂ ਨੇ ਯੁਗਾਂਡਾ ਦੇ ਇੱਕ ਨਗਰ ਟੋਰੋਰੋ ਵਿੱਚ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਲਾਹ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਸਾਰੇ ਏਸ਼ੀਆਈ ਲੋਕਾਂ ਨੂੰ ਆਪਣੇ ਦੇਸ 'ਚੋਂ ਤੁਰੰਤ ਬਾਹਰ ਕੱਢ ਦੇਣ।

ਏਸ਼ੀਆਈ ਲੋਕਾਂ ਨੂੰ ਕੱਢਣ ਦੀ ਸਲਾਹ ਮਿਲੀ ਸੀ ਕਰਨਲ ਗੱਦਾਫ਼ੀ ਕੋਲੋਂ

ਸ਼ੁਰੂ ਵਿੱਚ ਅਮੀਨ ਦੇ ਐਲਾਨ ਨੂੰ ਏਸ਼ੀਆਈ ਲੋਕਾਂ ਨੇ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਨੂੰ ਲੱਗਾ ਕਿ ਅਮੀਨ ਨੇ ਆਪਣੇ ਸਨਕੀਪੁਣੇ ਵਿੱਚ ਇਹ ਐਲਾਨ ਕੀਤਾ ਹੈ।

ਪਰ ਥੋੜ੍ਹੇ ਦਿਨਾਂ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਅਮੀਨ ਉਨ੍ਹਾਂ ਨੂੰ ਆਪਣੇ ਦੇਸ 'ਚੋਂ ਬਾਹਰ ਕੱਢਣਾ ਚਾਹੁੰਦੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਯੁਗਾਂਡਾ ਦੇ ਹੈਵੀ ਵੇਟ ਬਾਕਸਿੰਗ ਚੈਂਪੀਅਨ ਰਹੇ ਈਦੀ ਅਮੀਨ 1971 ਵਿੱਚ ਮਿਲਟਨ ਓਬੋਟੇ ਨੂੰ ਹਟਾ ਕੇ ਸੱਤਾ ਵਿੱਚ ਆਏ ਸਨ

ਵੈਸੇ ਤਾਂ ਬਾਅਦ ਵਿੱਚ ਅਮੀਨ ਨੇ ਕਈ ਵਾਰ ਸਵੀਕਾਰ ਕੀਤਾ ਕਿ ਇਹ ਫ਼ੈਸਲਾ ਲੈਣ ਦੀ ਸਲਾਹ ਅੱਲਾਹ ਨੇ ਉਨ੍ਹਾਂ ਨੂੰ ਸੁਪਨੇ ਵਿੱਚ ਆ ਕੇ ਦਿੱਤੀ ਸੀ।

ਪਰ ਅਮੀਨ ਦੇ ਸ਼ਾਸਨ 'ਤੇ ਚਰਚਿਤ ਕਿਤਾਬ 'ਗੈਸਟ ਆਫ ਕੰਪਾਲਾ' ਲਿਖਣ ਵਾਲੇ ਜਾਰਜ ਇਵਾਨ ਸਮਿੱਥ ਲਿਖਦੇ ਹਨ, "ਇਸ ਦੀ ਪ੍ਰੇਰਣਾ ਉਨ੍ਹਾਂ ਨੂੰ ਲੀਬੀਆ ਦੇ ਤਾਨਾਸ਼ਾਹ ਕਰਨਲ ਗੱਦਾਫ਼ੀ ਕੋਲੋਂ ਮਿਲੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਨ੍ਹਾਂ ਦੇ ਦੇਸ 'ਤੇ ਉਨ੍ਹਾਂ ਦੀ ਮਜ਼ਬੂਤ ਪਕੜ ਉਦੋਂ ਹੋਵੇਗੀ ਜਦੋਂ ਉਸ ਦੇ ਅਰਥਚਾਰੇ 'ਤੇ ਉਸ ਦਾ ਪੂਰਾ ਕੰਟ੍ਰੋਲ ਹੋਵੇਗਾ। ਉਨ੍ਹਾਂ ਨੇ ਅਮੀਨ ਨੂੰ ਕਿਹਾ ਕਿ ਜਿਵੇਂ ਉਨ੍ਹਾਂ ਨੇ ਆਪਣੇ ਦੇਸ ਵਿਚੋਂ ਇਟਲੀ ਦੇ ਲੋਕਾਂ ਨੂੰ ਬਾਹਰ ਕੀਤਾ, ਉਸੇ ਤਰ੍ਹਾਂ ਉਹ ਵੀ ਏਸ਼ੀਆਈ ਲੋਕਾਂ ਨੂੰ ਬਾਹਰ ਕੱਢ ਦੇਣ।"

ਸਿਰਫ਼ 55 ਪੌਂਡ ਲੈ ਕੇ ਜਾਣ ਦੀ ਇਜਾਜ਼ਤ

ਇਹ ਐਲਾਨ ਹੋਇਆ ਤਾਂ ਬਰਤਾਨੀਆ ਨੇ ਆਪਣੇ ਇੱਕ ਮੰਤਰੀ ਜੈਫਰੀ ਰਿਪਨ ਨੂੰ ਇਸ ਉਦੇਸ਼ ਲਈ ਕੰਪਾਲਾ ਭੇਜਿਆ ਕਿ ਅਮੀਨ ਨੂੰ ਇਹ ਫ਼ੈਸਲਾ ਬਦਲਣ ਲਈ ਮਨਾ ਲੈਣਗੇ। ਪਰ ਜਦੋਂ ਰਿਪਨ ਉੱਥੇ ਪਹੁੰਚੇ ਤਾਂ ਅਮੀਨ ਦੇ ਅਖਵਾਇਆ ਕਿ ਉਹ ਬਹੁਤ ਮਸ਼ਰੂਫ਼ ਹੋਣ ਕਾਰਨ ਅਗਲੇ ਪੰਜ ਦਿਨਾਂ ਤੱਕ ਉਨ੍ਹਾਂ ਨੂੰ ਨਹੀਂ ਮਿਲ ਸਕਣਗੇ।

ਰਿਪਨ ਨੇ ਲੰਡਨ ਵਾਪਸ ਆਉਣ ਦਾ ਫ਼ੈਸਲਾ ਲਿਆ। ਜਦੋਂ ਉਨ੍ਹਾਂ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਝਾਇਆ ਤਾਂ ਚੌਥੇ ਦਿਨ ਅਮੀਨ ਰਿਪਨ ਨੂੰ ਮਿਲਣ ਲਈ ਤਿਆਰ ਹੋਏ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ।

ਅਮੀਨ ਆਪਣੇ ਫ਼ੈਸਲੇ 'ਤੇ ਅੜੇ ਰਹੇ। ਭਾਰਤ ਸਰਕਾਰ ਨੇ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਭਾਰਤੀ ਵਿਦੇਸ਼ ਸੇਵਾ ਦੇ ਇੱਕ ਅਧਿਕਾਰੀ ਨਿਰੰਜਨ ਦੇਸਾਈ ਨੂੰ ਕੰਪਾਲਾ ਭੇਜਿਆ।

ਤਸਵੀਰ ਸਰੋਤ, Getty Images

ਨਿਰੰਜਨ ਦੇਸਾਈ ਯਾਦ ਕਰਦੇ ਹਨ, "ਜਦੋਂ ਮੈਂ ਕੰਪਾਲਾ ਪਹੁੰਚਿਆ ਤਾਂ ਉੱਥੇ ਹਾਹਾਕਾਰ ਮਚੀ ਹੋਈ ਸੀ। ਉਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਆਪਣੀ ਪੂਰੀ ਜ਼ਿੰਦਗੀ ਵਿੱਚ ਯੁਗਾਂਡਾ ਤੋਂ ਬਾਹਰ ਨਹੀਂ ਗਏ ਸਨ। ਹਰ ਵਿਅਕਤੀ ਨੂੰ ਆਪਣੇ ਨਾਲ 55 ਪੌਂਡ ਅਤੇ 250 ਕਿਲੋ ਸਮਾਨ ਲੈ ਕੇ ਜਾਣ ਦੀ ਇਜਾਜ਼ਤ ਸੀ। ਕੰਪਾਲਾ ਤੋਂ ਬਾਹਰ ਰਹਿਣ ਵਾਲੇ ਏਸ਼ੀਆਈ ਲੋਕਾਂ ਨੂੰ ਇਨ੍ਹਾਂ ਨੇਮਾਂ ਦੀ ਵੀ ਜਾਣਕਾਰੀ ਨਹੀਂ ਸੀ।"

ਇਹ ਵੀ ਪੜ੍ਹੋ:

ਬਗ਼ੀਚੇ ਵਿੱਚ ਆਪਣਾ ਸੋਨਾ ਦੱਬਿਆ

ਅਮੀਨ ਦਾ ਇਹ ਫ਼ੈਸਲਾ ਇੰਨਾ ਅਚਾਨਕ ਸੀ ਕਿ ਯੁਗਾਂਡਾ ਦੀ ਸਰਕਾਰ ਇਸ ਨੂੰ ਲਾਗੂ ਕਰਨ ਲਈ ਤਿਆਰ ਨਹੀਂ ਸੀ। ਕੁਝ ਅਮੀਰ ਏਸ਼ੀਆਈ ਲੋਕਾਂ ਨੇ ਆਪਣੇ ਧਨ ਨੂੰ ਖ਼ਰਚ ਕਰਨ ਦਾ ਖ਼ਾਸ ਤਰੀਕਾ ਲੱਭਿਆ।

ਨਿਰੰਜਨ ਦੇਸਾਈ ਦੱਸਦੇ ਹਨ, "ਉਨ੍ਹਾਂ ਲੋਕਾਂ ਵਿੱਚ ਇਸ ਤਰ੍ਹਾਂ ਦੀ ਸੋਚ ਬਣ ਗਈ ਸੀ ਕਿ ਜੇਕਰ ਤੁਸੀਂ ਆਪ ਆਪਣਾ ਪੈਸਾ ਬਾਹਰ ਨਹੀਂ ਲੈ ਕੇ ਜਾ ਸਕਦੇ ਤਾਂ ਉਸ ਨੂੰ ਸਟਾਇਲ ਨਾਲ ਉਡਾਓ। ਕੁਝ ਅਕਲਮੰਦ ਲੋਕ ਆਪਣਾ ਪੈਸਾ ਲੈ ਕੇ ਜਾਣ ਵਿੱਚ ਸਫਲ ਵੀ ਹੋ ਗਏ। ਸਭ ਤੋਂ ਚੰਗਾ ਤਰੀਕਾ ਸੀ ਪੂਰੀ ਦੁਨੀਆਂ ਵਿੱਚ ਘੁੰਮਣਾ, ਪੂਰੇ ਪਰਿਵਾਰ ਲਈ ਫਸਟ ਕਲਾਸ ਟਿਕਟ ਖਰੀਦਣਾ ਜਿਸ ਵਿੱਚ ਐਂ ਸੀਓ ਰਾਹੀਂ ਹੋਟਲ ਬੁਕਿੰਗ ਪਹਿਲਾਂ ਤੋਂ ਕਰਾ ਦਿੱਤੀ ਗਈ ਹੋਵੇ।"

ਉਨ੍ਹਾਂ ਨੇ ਦੱਸਿਆ, "ਇਨ੍ਹਾਂ ਐਮਸੀਓ (ਮਿਸੀਲੈਨੀਅਸ ਚਾਰਜ ਆਰਡਰ) ਨੂੰ ਬਾਅਦ ਵਿੱਚ ਤੁੜਵਾਇਆ ਜਾ ਸਕਦਾ ਸੀ। ਕੁਝ ਲੋਕਾਂ ਨੇ ਗੱਡੀਆਂ ਦੇ ਕਾਰਪੈਟ ਹੇਠਾਂ ਆਪਣੇ ਗਹਿਣੇ ਰੱਖ ਕੇ ਗੁਆਂਢੀ ਮੁਲਕ ਕੀਨੀਆ ਪਹੁੰਚਾਏ। ਕੁਝ ਲੋਕਾਂ ਨੇ ਪਾਰਸਲ ਰਾਹੀਂ ਆਪਣੇ ਗਹਿਣੇ ਇੰਗਲੈਂਡ ਭੇਜ ਦਿੱਤੇ ਸਨ।"

"ਦਿਲਚਸਪ ਗੱਲ ਤਾਂ ਇਹ ਸਾਰੇ ਆਪਣੀਆਂ ਮੰਜ਼ਿਲਾਂ 'ਤੇ ਸੁਰੱਖਿਅਤ ਪਹੁੰਚ ਵੀ ਗਏ ਹਨ। ਕੁਝ ਨੂੰ ਉਮੀਦ ਸੀ ਕਿ ਉਹ ਕੁਝ ਸਮੇਂ ਬਾਅਦ ਵਾਪਸ ਯੁਗਾਂਡਾ ਆ ਜਾਣਗੇ। ਇਸ ਲਈ ਉਨ੍ਹਾਂ ਨੇ ਆਪਣੇ ਬਗ਼ੀਚੇ ਵਿੱਚ ਗੱਡ ਦਿੱਤੇ। ਮੈਂ ਕੁਝ ਅਜਿਹੇ ਲੋਕਾਂ ਨੂੰ ਵੀ ਜਾਣਦਾ ਹਾਂ, ਜਿਨ੍ਹਾਂ ਨੇ ਆਪਣੇ ਗਹਿਣੇ ਬੈਂਕ ਆਫ ਬੜੌਦਾ ਦੀ ਸਥਾਨਕ ਬ੍ਰਾਂਚ ਦੇ ਲਾਕਰ ਵਿੱਚ ਰਖਵਾ ਦਿੱਤੇ ਸਨ। ਉਨ੍ਹਾਂ ਵਿਚੋਂ ਕੁਝ ਲੋਕ ਜਦੋਂ 15 ਸਾਲ ਬਾਅਦ ਉੱਥੇ ਗਏ ਤਾਂ ਉਨ੍ਹਾਂ ਦੇ ਗਹਿਣੇ ਇਸ ਲਾਕਰ ਵਿੱਚ ਸੁਰੱਖਿਅਤ ਸਨ।

ਅੰਗੂਠੀ ਕੱਟ ਕੇ ਉਤਾਰੀ

ਇਸ ਵੇਲੇ ਲੰਡਨ ਵਿੱਚ ਰਹਿ ਰਹੀ ਗੀਤਾ ਵਾਟਸ ਨੂੰ ਉਹ ਦਿਨ ਯਾਦ ਹੈ ਜਦੋਂ ਉਹ ਲੰਡਨ ਜਾਣ ਲਈ ਐਨਤੇਬੇ ਹਵਾਈ ਅੱਡੇ ਪਹੁੰਚੀ ਸੀ।

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

ਯੁਗਾਂਡਾ ਤੋਂ ਕੱਢੇ ਗਏ ਵਧੇਰੇ ਲੋਕਾਂ ਨੂੰ ਮਿਲੀ ਬਰਤਾਨੀਆਂ ਵਿੱਚ ਸ਼ਰਨ

ਗੀਤਾ ਦੱਸਦੇ ਹਨ, "ਸਾਨੂੰ ਆਪਣੇ ਨਾਲ ਲੈ ਕੇ ਜਾਣ ਲਈ ਸਿਰਫ਼ 55 ਪੌਂਡ ਦਿੱਤੇ ਗਏ ਸਨ। ਜਦੋਂ ਅਸੀਂ ਹਵਾਈ ਅੱਡੇ ਪਹੁੰਚੇ ਤਾਂ ਲੋਕਾਂ ਦੇ ਸੂਟਕੇਸ ਖੋਲ੍ਹ ਕੇ ਦੇਖੇ ਜਾ ਰਹੇ ਸਨ। ਉਨ੍ਹਾਂ ਦੀ ਹਰ ਚੀਜ਼ ਬਾਹਰ ਕੱਢ ਕੇ ਸੁੱਟੀ ਜਾ ਰਹੀ ਸੀ, ਤਾਂ ਜੋ ਉਹ ਦੇਖ ਸਕਣ ਕਿ ਉਸ ਵਿੱਚ ਸੋਨਾ ਜਾਂ ਪੈਸਾ ਤਾਂ ਨਹੀਂ ਲੁਕਾ ਕੇ ਰੱਖੇ।"

"ਪਤਾ ਨਹੀਂ ਕਿਸ ਕਾਰਨ ਮੇਰੇ ਮਾਤਾ-ਪਿਤਾ ਨੇ ਮੇਰੀ ਉਂਗਲੀ ਵਿੱਚ ਸੋਨੇ ਦੀ ਰਿੰਗ ਪਾ ਦਿੱਤੀ ਸੀ। ਮੈਨੂੰ ਕਿਹਾ ਗਿਆ ਮੈਂ ਅੰਗੂਠੀ ਉਤਾਰ ਕੇ ਉਨ੍ਹਾਂ ਨੂੰ ਦੇ ਦੇਵਾਂ, ਪਰ ਉਹ ਇੰਨੀ ਕੱਸੀ ਹੋਈ ਸੀ ਕਿ ਉਤਰ ਨਹੀਂ ਰਹੀ ਸੀ। ਅਖ਼ੀਰ ਉਨ੍ਹਾਂ ਨੇ ਉਸ ਨੂੰ ਕੱਟ ਕੇ ਮੇਰੀ ਉਂਗਲੀ ਤੋਂ ਵੱਖ ਕਰ ਦਿੱਤਾ। ਸਭ ਤੋਂ ਖ਼ਤਰਨਾਕ ਚੀਜ਼ ਇਹ ਸੀ ਕਿ ਜਦੋਂ ਅੰਗੂਠੀ ਨੂੰ ਕੱਟਿਆ ਜਾ ਰਿਹਾ ਸੀ ਤਾਂ ਆਟੋਮੈਟਿਕ ਹਥਿਆਰਾਂ ਨਾਲ ਲੈਸ ਯੁਗਾਂਡਾ ਦੇ ਫੌਜੀ ਸਾਨੂੰ ਘੇਰ ਕੇ ਖੜੇ ਸਨ।

32 ਕਿਲੋਮੀਟਰ ਦੀ ਦੂਰੀ ਦੌਰਾਨ 5 ਵਾਰ ਤਲਾਸ਼ੀ

ਬਹੁਤ ਸਾਰੇ ਏਸ਼ੀਆਈ ਲੋਕਾਂ ਨੂੰ ਆਪਣੀਆਂ ਦੁਕਾਨਾਂ ਅਤੇ ਘਰ ਖੁੱਲ੍ਹੇ ਛੱਡ ਕੇ ਆਉਣਾ ਪਿਆ। ਉਨ੍ਹਾਂ ਨੂੰ ਆਪਣੇ ਘਰ ਵੇਚਣ ਦੀ ਇਜਾਜ਼ਤ ਨਹੀਂ ਸੀ। ਯੁਗਾਂਡਾ ਦੇ ਫੌਜੀ ਉਨ੍ਹਾਂ ਦਾ ਸਮਾਨ ਲੁੱਟਣਾ ਚਾਹੁੰਦੇ ਸਨ, ਜਿਸ ਨੂੰ ਉਹ ਆਪਣੇ ਨਾਲ ਬਾਹਰ ਲੈ ਕੇ ਜਾਣਾ ਚਾਹੁੰਦੇ ਸਨ।

ਨਿਰੰਜਨ ਦੇਸਾਈ ਦੱਸਦੇ ਹਨ, "ਕੰਪਾਲਾ ਸ਼ਹਿਰ ਤੋਂ ਐਨਤੇਬੇ ਹਵਾਈ ਅੱਡੇ ਦੀ ਦੂਰੀ 32 ਕਿਲੋਮੀਰ ਸੀ। ਯੁਗਾਂਡਾ ਦੇ ਬਾਹਰ ਜਾਣ ਵਾਲੇ ਹਰੇਕ ਏਸ਼ੀਆਈ ਲੋਕਾਂ ਨੂੰ ਵਿਚਕਾਰ ਬਣੀਆਂ ਪੰਜ ਨਾਕਾਬੰਦੀਆਂ 'ਤੋਂ ਹੋ ਕੇ ਨਿਕਲਣਾ ਪਿਆ। ਹਰੇਕ ਨਾਕਾਬੰਦੀ 'ਤੇ ਉਨ੍ਹਾਂ ਦੀ ਤਲਾਸ਼ੀ ਹੁੰਦੀ ਸੀ ਅਤੇ ਫੌਜੀਆਂ ਦੀ ਪੂਰੀ ਕੋਸ਼ਿਸ਼ ਹੁੰਦੀ ਸੀ ਕਿ ਕੁਝ ਨਾ ਕੁਝ ਸਮਾਨ ਉਨ੍ਹਾਂ ਕੋਲੋਂ ਖੋਹ ਲਿਆ ਜਾਵੇ।"

ਮੈਂ ਨਿਰੰਜਨ ਦੇਸਾਈ ਨੂੰ ਪੁੱਛਿਆ ਕਿ ਏਸ਼ੀਆਈ ਲੋਕਾਂ ਵੱਲੋਂ ਛੱਡੀ ਗਈ ਜਾਇਦਾਦ ਦਾ ਕੀ ਹੋਇਆ?

ਤਸਵੀਰ ਸਰੋਤ, Getty Images

ਦੇਸਾਈ ਦਾ ਜਵਾਬ ਸੀ, "ਜ਼ਿਆਦਾਤਰ ਸਮਾਨ ਅਮੀਨ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਅਤੇ ਫੌਜੀ ਅਧਿਕਾਰੀਆਂ ਦੇ ਹੱਥ ਲੱਗਾ। ਆਮ ਲੋਕਾਂ ਨੂੰ ਇਸ ਦਾ ਬਹੁਤ ਘੱਟ ਹਿੱਸਾ ਮਿਲ ਸਕਿਆ। ਉਹ ਲੋਕ ਇਸ ਤਰ੍ਹਾਂ ਹਾਸਿਲ ਕੀਤੀ ਜਾਇਦਾਦ ਨੂੰ ਕੋਡ ਭਾਸ਼ਾ ਵਿੱਚ 'ਬੰਗਲਾਦੇਸ਼' ਕਹਿੰਦੇ ਸਨ।

ਉਨ੍ਹਾਂ ਨੇ ਕਿਹਾ, "ਉਸ ਵੇਲੇ ਹੀ ਬੰਗਲਾਦੇਸ਼ ਨਵਾਂ-ਨਵਾਂ ਆਜ਼ਾਦ ਹੋਇਆ ਸੀ। ਫੌਜੀਆਂ ਨੂੰ ਅਕਸਰ ਇਹ ਕਹਿੰਦਿਆਂ ਸੁਣਿਆ ਜਾਂਦਾ ਸੀ ਕਿ ਉਨ੍ਹਾਂ ਦੇ ਕੋਲ ਇੰਨੇ 'ਬੰਗਲਾਦੇਸ਼' ਹਨ।"

ਜਾਰਜ ਈਵਾਨ ਸਮਿੱਥ ਆਪਣੀ ਕਿਤਾਬ 'ਗੈਸਟ ਆਫ ਕੰਪਾਲਾ' ਵਿੱਚ ਲਿਖਦੇ ਹਨ, "ਅਮੀਨ ਨੇ ਏਸ਼ੀਆਈ ਲੋਕਾਂ ਦੀਆਂ ਵਧੇਰੇ ਦੁਕਾਨਾਂ ਅਤੇ ਹੋਟਲ ਆਪਣੇ ਫੌਜੀਆਂ ਨੂੰ ਦੇ ਦਿੱਤੇ ਸਨ। ਇਸ ਤਰ੍ਹਾਂ ਦੇ ਵੀਡੀਓ ਮੌਜੂਦ ਹਨ, ਜਿਸ ਵਿੱਚ ਅਮੀਨ ਆਪਣੇ ਫੌਜੀ ਅਧਿਕਾਰੀਆਂ ਨਾਲ ਤੁਰ ਰਹੇ ਹਨ। ਉਨ੍ਹਾਂ ਨਾਲ ਹੱਥ ਵਿੱਚ ਨੋਟਬੁੱਕ ਲਈ ਹੋਰ ਅਧਿਕਾਰੀ ਵੀ ਚੱਲ ਰਿਹਾ ਹੈ ਅਤੇ ਅਮੀਨ ਉਸ ਨੂੰ ਆਦੇਸ਼ ਦੇ ਰਹੇ ਹਨ ਕਿ ਉਹ ਦੁਕਾਨ ਉਸ ਬ੍ਰਿਗੇਡੀਅਰ ਨੂੰ ਦੇ ਦਿਓ ਅਤੇ ਇਹ ਹੋਟਲ ਉਸ ਨੂੰ ਦੇ ਦਿਓ।"

ਉਹ ਲਿਖਦੇ ਹਨ, "ਇਨ੍ਹਾਂ ਅਧਿਕਾਰੀਆਂ ਨੂੰ ਆਪਣਾ ਘਰ ਤੱਕ ਚਲਾਉਣ ਦੀ ਵੀ ਅਕਲ ਨਹੀਂ ਸੀ। ਉਹ ਮੁਫ਼ਤ ਵਿੱਚ ਮਿਲੀਆਂ ਦੁਕਾਨਾਂ ਨੂੰ ਕੀ ਚਲਾ ਸਕਣਗੇ। ਉਹ ਇੱਕ ਜਨਜਾਤੀ ਪ੍ਰਥਾ ਦਾ ਪਾਲਣ ਕਰਦੇ ਹੋਏ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਹਨ ਅਤੇ ਉਨ੍ਹਾਂ ਨੂੰ ਕਹਿੰਦੇ ਹਨ ਉਹ ਜੋ ਚਾਹੁਣ, ਉਹੀ ਚੀਜ਼ ਉਥੋਂ ਲੈ ਕੇ ਜਾ ਸਕਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਕਿੱਥੋਂ ਨਵੀਆਂ ਚੀਜ਼ਾਂ ਖਰੀਦੀਆਂ ਜਾਣ ਅਤੇ ਇਨ੍ਹਾਂ ਚੀਜ਼ਾਂ ਦਾ ਕੀ ਮੁੱਲ ਵਸੂਲਿਆਂ ਜਾਵੇ। ਨਤੀਜਾ ਇਹ ਹੋਇਆ ਕਿ ਕੁਝ ਹੀ ਦਿਨਾਂ ਵਿੱਚ ਪੂਰਾ ਅਰਥਚਾਰਾ ਜ਼ਮੀਨ 'ਤੇ ਆ ਗਿਆ।"

ਇਹ ਵੀ ਪੜ੍ਹੋ:

ਅਮੀਨ ਦੀ ਬੇਰਹਿਮੀ

ਇਸ ਪੂਰੀ ਘਟਨਾ ਕਾਰਨ ਈਦੀ ਅਮੀਨ ਦਾ ਅਕਸ ਪੂਰੀ ਦੁਨੀਆਂ ਵਿੱਚ ਇੱਕ ਬੇਹੱਦ ਸਨਕੀ ਸ਼ਾਸਕ ਵਜੋਂ ਫੈਲ ਗਿਆ। ਉਨ੍ਹਾਂ ਦੀ ਬੇਰਹਿਮੀ ਦੀਆਂ ਹੋਰ ਕਹਾਣੀਆਂ ਵੀ ਦੁਨੀਆਂ ਨੂੰ ਪਤਾ ਲੱਗਣ ਲੱਗੀਆਂ।

ਅਮੀਨ ਦੇ ਸਮੇਂ ਵਿੱਚ ਸਿਹਤ ਮੰਤਰੀ ਰਹੇ ਹੇਨਰੀ ਕੇਏਂਬਾ ਨੇ ਇੱਕ ਕਿਤਾਬ ਲਿਖੀ 'ਏ ਸਟੇਟ ਆਫ ਬਲੱਡ: ਇਨਸਾਈਡ ਸਟੋਰੀ ਆਫ ਈਦੀ ਅਮੀਨ' ਜਿਸ ਵਿੱਚ ਉਨ੍ਹਾਂ ਨੇ ਬੇਰਹਿਮੀ ਦੇ ਅਜਿਹੇ ਕਿੱਸੇ ਦੱਸੇ ਹਨ ਕਿ ਪੂਰੀ ਦੁਨੀਆਂ ਨੇ ਦੰਦਾਂ ਹੇਠਾਂ ਉਂਗਲੀ ਦਬਾ ਲਈ।

ਕੇਏਂਬਾ ਨੇ ਲਿਖਿਆ, "ਅਮੀਨ ਨੇ ਆਪਣੇ ਦੁਸ਼ਮਣਾਂ ਨੂੰ ਨਾ ਸਿਰਫ਼ ਮਾਰਿਆ ਬਲਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨਾਲ ਬੇਰਹਿਮੀ ਵਾਲਾ ਵਤੀਰਾ ਕੀਤਾ। ਯੁਗਾਂਡਾ ਦੇ ਮੈਡੀਕਲ ਭਾਈਚਾਰੇ ਵਿਚਾਲੇ ਇਹ ਗੱਲ ਆਮ ਸੀ ਕਿ ਮੁਰਦਾਘਰ ਵਿੱਚ ਰੱਖੀਆਂ ਹੋਈਆਂ ਲਾਸ਼ਾਂ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਗੁਰਦੇ, ਜਿਗਰ, ਨੱਕ, ਬੁੱਲ੍ਹ ਅਤੇ ਗੁਪਤ ਅੰਗ ਗਾਇਬ ਮਿਲਦੇ ਸਨ। ਜੂਨ 1974 ਵਿੱਚ ਜਦੋਂ ਵਿਦੇਸ਼ ਸੇਵਾ ਦੇ ਇੱਕ ਅਧਿਕਾਰੀ ਗੋਡਫਰੀ ਕਿਗਾਲਾ ਨੂੰ ਗੋਲੀ ਮਾਰੀ ਗਈ ਤਾਂ ਉਸ ਦੀਆਂ ਅੱਖਾਂ ਕੱਢ ਲਈਆਂ ਗਈਆਂ ਅਤੇ ਉਨ੍ਹਾਂ ਦੀ ਲਾਸ਼ ਨੂੰ ਕੰਪਾਲਾ ਦੇ ਬਾਹਰ ਜੰਗਲਾਂ ਵਿੱਚ ਸੁੱਟ ਦਿੱਤਾ ਗਿਆ ਸੀ।"

ਕੋਏਂਬਾ ਨੇ ਬਾਅਦ ਵਿੱਚ ਇੱਕ ਬਿਆਨ ਦਿੱਤਾ ਕਿ ਕਈ ਵਾਰ ਅਮੀਨ ਨੇ ਜ਼ੋਰ ਦਿੱਤਾ ਕਿ ਉਹ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੇ ਨਾਲ ਕੁਝ ਸਮਾਂ ਇਕੱਲੇ ਬਿਤਾਉਣਾ ਚਾਹੁੰਦੇ ਹਨ। ਜਦੋਂ ਮਾਰਚ 1974 ਵਿੱਚ ਕਾਰਜਕਾਰੀ ਫੌਜ ਮੁਖੀ ਬ੍ਰਿਗੇਡੀਅਰ ਚਾਰਲਸ ਅਰੂਬੇ ਦਾ ਕਤਲ ਹੋਇਆ ਤਾਂ ਅਮੀਨ ਉਨ੍ਹਾਂ ਦੀ ਲਾਸ਼ ਨੂੰ ਦੇਖ ਕੇ ਮੁਲਾਗੋ ਹਸਪਤਾਲ ਦੇ ਮੁਰਦਾਘਰ ਵਿੱਚ ਗਏ।

ਉਨ੍ਹਾਂ ਨੇ ਡਿਪਟੀ ਮੈਡੀਕਲ ਸੁਪਰਡੈਂਟ ਕਏਨਾਨਾਬਾਏ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਲਾਸ਼ ਦੇ ਨਾਲ ਇਕੱਲੇ ਛੱਡ ਦੇਣ। ਕਿਸੇ ਨੇ ਇਹ ਨਹੀਂ ਦੇਖਿਆ ਕਿ ਅਮੀਨ ਨੇ ਲਾਸ਼ ਨਾਲ ਇਕੱਲਾ ਛੱਡੇ ਜਾਣ 'ਤੇ ਕੀ ਕੀਤਾ ਪਰ ਕੁਝ ਯੁਗਾਂਡਾ ਵਾਸੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਆਪਣੇ ਦੁਸ਼ਮਣ ਦਾ ਖ਼ੂਨ ਪੀਤਾ ਸੀ, ਜਿਵੇਂ ਕਿ ਕਾਕਵਾ ਜਨਤਾਜੀ ਦੀ ਪ੍ਰਥਾ ਹੈ। ਅਮੀਨ ਦਾ ਸੰਬੰਧ ਕਾਕਵਾ ਜਨਜਾਤੀ ਨਾਲ ਸੀ।

ਮਨੁਖੀ ਮਾਸ ਖਾਣ ਦੇ ਇਲਜ਼ਾਮ

ਕੇਏਂਬਾ ਲਿਖਦੇ ਹਨ, "ਕਈ ਵਾਰ ਰਾਸ਼ਟਰਪਤੀ ਨੇ ਦੂਜੇ ਲੋਕਾਂ ਦੇ ਸਾਹਮਣੇ ਸ਼ੇਖੀ ਮਾਰੀ ਸੀ ਕਿ ਉਨ੍ਹਾਂ ਨੇ ਮਨੁਖੀ ਮਾਸ ਖਾਧਾ ਹੈ। ਮੈਨੂੰ ਯਾਦ ਹੈ ਕਿ ਅਗਸਤ 1975 ਵਿੱਚ ਜਦੋਂ ਅਮੀਨ ਕੁਝ ਸੀਨੀਅਰ ਅਧਿਕਾਰੀਆਂ ਨਾਲ ਆਪਣੀ ਜ਼ਾਇਰ ਯਾਤਰਾ ਬਾਰੇ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉੱਥੇ ਉਨ੍ਹਾਂ ਨੂੰ ਬਾਂਦਰ ਦਾ ਗੋਸ਼ਤ ਦਿੱਤਾ ਗਿਆ ਸੀ ਜੋ ਮਨੁੱਖੀ ਗੋਸ਼ਤ ਤੋਂ ਵੱਧ ਸੁਆਦਲਾ ਨਹੀਂ ਸੀ। ਜੰਗ ਦੌਰਾਨ ਅਕਸਰ ਹੁੰਦਾ ਹੈ ਕਿ ਤੁਹਾਡਾ ਸਾਥੀ ਸੈਨਿਕ ਜ਼ਖ਼ਮੀ ਹੋ ਜਾਂਦਾ ਹੈ। ਅਜਿਹੇ ਵਿੱਚ ਉਸ ਨੂੰ ਮਾਰ ਕੇ ਖਾਣ ਨਾਲ ਤੁਸੀਂ ਭੁਖਮਰੀ ਦੇ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ।"

ਇੱਕ ਹੋਰ ਮੌਕੇ 'ਤੇ ਅਮੀਨ ਨੇ ਯੁਗਾਂਡਾ ਦੇ ਇੱਕ ਡਾਕਟਰ ਨੂੰ ਦੱਸਿਆ ਸੀ ਕਿ ਮਨੁੱਖ ਦਾ ਮਾਸ ਤੇਂਦੂਏ ਦੇ ਮਾਸ ਨਾਲੋਂ ਵਧੇਰੇ ਨਮਕੀਨ ਹੁੰਦਾ ਹੈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਈਦੀ ਦੀ ਪੰਜਵੀਂ ਪਤਨੀ ਸੀ ਸਾਰਾ ਕਿਓਲਾਬਾ

ਰੈਫਰੀਜਰੇਟਰ ਵਿੱਚੋਂ ਮਿਲਿਆ ਮਨੁੱਖ ਦਾ ਕੱਟਿਆ ਹੋਇਆ ਸਿਰ

ਅਮੀਨ ਦੇ ਇੱਕ ਪੁਰਾਣੇ ਨੌਕਰ ਮੋਜ਼ੇਜ਼ ਅਲੋਗਾ ਨੇ ਕੀਨੀਆ ਭੱਜ ਜਾਣ ਤੋਂ ਬਾਅਦ ਇੱਕ ਅਜਿਹੀ ਕਹਾਣੀ ਸੁਣਾਈ ਸੀ ਜਿਸ ਵਿੱਚ ਅੱਜ ਦੇ ਯੁੱਗ ਵਿੱਚ ਵਿਸ਼ਵਾਸ ਕਰਨਾ ਮੁਸ਼ਕਿਲ ਹੈ।

ਅਮੀਨ ਦੇ ਸਮੇਂ ਯੁਗਾਂਡਾ ਵਿੱਚ ਭਾਰਤ ਦੇ ਕਮਿਸ਼ਨਰ ਰਹੇ ਮਦਨਜੀਤ ਸਿੰਘ ਨੇ ਆਪਣੀ ਕਿਤਾਬ 'ਕਲਚਰ ਆਫ ਦਿ ਸੇਪਲਕਰੇ' ਵਿੱਚ ਲਿਖਿਆ ਹੈ ਕਿ ਅਲੋਗਾ ਨੇ ਦੱਸਿਆ, "ਅਮੀਨ ਦੇ ਪੁਰਾਣੇ ਘਰ ਕਮਾਂਡ ਪੋਸਟ ਵਿੱਚ ਇੱਕ ਕਮਰਾ ਹਮੇਸ਼ਾ ਬੰਦ ਰਹਿੰਦਾ ਸੀ। ਸਿਰਫ਼ ਮੈਨੂੰ ਹੀ ਉਸ ਦੇ ਅੰਦਰ ਆਉਣ ਦੀ ਇਜਾਜ਼ਤ ਸੀ ਅਤੇ ਉਹ ਵੀ ਉਸ ਨੂੰ ਸਾਫ਼ ਕਰਨ ਲਈ।"

"ਅਮੀਨ ਦੀ ਪੰਜਵੀਂ ਵਹੁਟੀ ਸਾਰਾ ਕਿਓਲਾਬਾ ਇਸ ਕਮਰੇ ਬਾਰੇ ਜਾਣਨ ਲਈ ਬਹੁਤ ਉਤਸ਼ਾਹਿਤ ਸੀ। ਉਨ੍ਹਾਂ ਨੇ ਮੈਨੂੰ ਉਸ ਕਮਰੇ ਨੂੰ ਖੋਲ੍ਹਣ ਲਈ ਕਿਹਾ। ਮੈਂ ਥੋੜ੍ਹਾ ਝਿਝਕਿਆ ਕਿਉਂਕਿ ਅਮੀਨ ਨੇ ਮੈਨੂੰ ਆਦੇਸ਼ ਦਿੱਤੇ ਸੀ ਕਿ ਉਸ ਕਮਰੇ ਵਿੱਚ ਕਿਸੇ ਨੂੰ ਆਉਣ ਨਾ ਦਿੱਤਾ ਜਾਵੇ। ਪਰ ਜਦੋਂ ਸਾਰਾ ਨੇ ਬਹੁਤ ਜ਼ੋਰ ਦਿੱਤਾ ਅਤੇ ਮੈਨੂੰ ਕੁਝ ਪੈਸੇ ਵੀ ਦਿੱਤੇ ਤਾਂ ਮੈਂ ਉਸ ਕਮਰੇ ਦੀ ਚਾਬੀ ਉਨ੍ਹਾਂ ਨੂੰ ਸੌਂਪ ਦਿੱਤੀ। ਕਮਰੇ ਅੰਦਰ ਦੋ ਫਰਿੱਜ ਪਏ ਸਨ। ਜਦੋਂ ਉਨ੍ਹਾਂ ਨੇ ਇੱਕ ਰੈਫਰੀਜ਼ਰੇਟਰ ਨੂੰ ਖੋਲ੍ਹਿਆ ਤਾਂ ਚੀਕ ਕੇ ਬੇਹੋਸ਼ ਹੋ ਗਈ। ਉਸ ਵਿੱਚ ਉਨ੍ਹਾਂ ਦੇ ਇੱਕ ਸਾਬਕਾ ਪ੍ਰੇਮੀ ਜੀਜ਼ ਗਿਟਾ ਦਾ ਕੱਟਿਆ ਹੋਇਆ ਸਿਰ ਰੱਖਿਆ ਸੀ।"

ਤਸਵੀਰ ਸਰੋਤ, Getty Images

ਅਮੀਨ ਦਾ ਰਹਿਮ

ਸਾਰਾ ਦੇ ਪ੍ਰੇਮੀ ਵਾਂਗ ਅਮੀਨ ਨੇ ਕਈ ਹੋਰ ਔਰਤਾਂ ਦੇ ਪ੍ਰੇਮੀਆਂ ਦੇ ਸਿਰ ਵੀ ਕਟਵਾਏ ਸਨ। ਜਦੋਂ ਅਮੀਨ ਦੀ ਦਿਲਚਸਪੀ ਇੰਡਸਟਰੀਅਲ ਕੋਰਟ ਦੇ ਮੁਖੀ ਮਾਈਕਲ ਕਬਾਲੀ ਕਾਗਵਾ ਦੀ ਪ੍ਰੇਮਿਕਾ ਹੈਲੇਨ ਓਗਵਾਂਗ ਵਿੱਚ ਜਾਗੀ ਤਾਂ ਅਮੀਨ ਦੇ ਬਾਡੀਗਾਰਡ ਨੇ ਉਨ੍ਹਾਂ ਨੂੰ ਕੰਪਾਲਾ ਇੰਟਰਨੈਸ਼ਨਲ ਹੋਟਲ ਦੇ ਸਵੀਮਿੰਗ ਪੂਲ ਤੋਂ ਚੁਕਵਾ ਕੇ ਗੋਲੀ ਮਰਵਾ ਦਿੱਤੀ। ਬਾਅਦ ਵਿੱਚ ਹੈਲੇਨ ਨੂੰ ਪੈਰਿਸ ਵਿੱਚ ਯੁਗਾਂਡਾ ਦੀ ਅੰਬੈਸੀ ਵਿੱਚ ਪੋਸਟ ਕੀਤਾ ਗਿਆ, ਜਿੱਥੋਂ ਉਹ ਭੱਜ ਗਈ।

ਅਮੀਨ ਮੇਕਰੇਰੇ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਿਨਸੈਂਟ ਅਮੀਰੂ ਅਤੇ ਤੋਰੋਰੋ ਦੇ ਰੌਕ ਹੋਟਲ ਦੇ ਮੈਨੇਜਰ ਸ਼ੇਕਾਨਬੋ ਦੀਆਂ ਪਤਨੀਆਂ ਨਾਲ ਵੀ ਸੌਣਾ ਚਾਹੁੰਦੇ ਸਨ। ਇਨ੍ਹਾਂ ਦੋਵਾਂ ਨੂੰ ਬਕਾਇਦਾ ਯੋਜਨਾ ਬਣਾ ਕੇ ਮਾਰਿਆ ਗਿਆ।

ਅਮੀਨ ਦੇ ਇੰਨੇ ਪ੍ਰੇਮ ਸੰਬੰਧ ਸਨ ਕਿ ਉਨ੍ਹਾਂ ਦੀ ਗਿਣਤੀ ਕਰਨਾ ਮੁਸ਼ਕਲ ਹੈ। ਕਿਹਾ ਜਾਂਦਾ ਹੈ ਕਿ ਇੱਕ ਸਮੇਂ ਵਿੱਚ ਉਨ੍ਹਾਂ ਦਾ ਘੱਟੋ ਘੱਟ 30 ਔਰਤਾਂ ਦਾ ਹਰਮ ਹੋਇਆ ਕਰਦਾ ਸੀ ਜੋ ਪੂਰੇ ਯੁਗਾਂਡਾ ਵਿੱਚ ਫੈਲਿਆ ਹੁੰਦਾ ਸੀ। ਇਹ ਔਰਤਾਂ ਹੋਟਲ, ਦਫ਼ਤਰਾਂ ਅਤੇ ਹਸਪਤਾਲਾਂ ਵਿੱਚ ਨਰਸਾਂ ਵਜੋਂ ਕੰਮ ਕਰਦੀਆਂ ਸਨ।

ਅਮੀਨ ਦੀ ਚੌਥੀ ਪਤਨੀ ਮੇਦੀਨਾ ਵੀ ਉਨ੍ਹਾਂ ਦੇ ਹੱਥੋਂ ਮਰਦਿਆਂ-ਮਰਦਿਆਂ ਬਚੀ। ਹੋਇਆ ਇਹ ਸੀ ਕਿ ਫਰਵਰੀ 1975 ਵਿੱਚ ਅਮੀਨ ਦੀ ਕਾਰ 'ਤੇ ਕੰਪਾਲਾ ਕੋਲ ਗੋਲੀਬਾਰੀ ਕੀਤੀ ਗਈ। ਅਮੀਨ ਨੂੰ ਸ਼ੱਕ ਹੋ ਗਿਆ ਮੇਦੀਨਾ ਨੇ ਹੱਤਿਆ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕਾਰ ਬਾਰੇ ਜਾਣਕਾਰੀ ਦਿੱਤੀ ਸੀ। ਅਮੀਨ ਨੇ ਮੇਦੀਨਾ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਆਪਣੀ ਬਾਂਹ ਟੁੱਟ ਗਈ।

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

ਏਸ਼ੀਆਈ ਲੋਕਾਂ ਨੂੰ ਕੱਢੇ ਜਾਣ ਤੋਂ ਬਾਅਦ ਯੁਗਾਂਡਾ ਦਾ ਪੂਰਾ ਅਰਥਚਾਰਾ ਤਹਿਸ-ਨਹਿਸ ਹੋ ਗਿਆ।

ਏਸ਼ੀਆਈ ਲੋਕਾਂ ਨੂੰ ਬਰਤਾਨੀਆ ਨੇ ਦਿੱਤੀ ਸ਼ਰਨ

ਏਸ਼ੀਆਈ ਲੋਕਾਂ ਨੂੰ ਕੱਢੇ ਜਾਣ ਤੋਂ ਬਾਅਦ ਯੁਗਾਂਡਾ ਦਾ ਪੂਰਾ ਅਰਥਚਾਰਾ ਤਹਿਸ-ਨਹਿਸ ਹੋ ਗਿਆ।

ਨਿਰੰਜਨ ਦੇਸਾਈ ਦੱਸਦੇ ਹਨ, "ਚੀਜ਼ਾਂ ਦੀ ਇੰਨੀ ਘਾਟ ਹੋ ਗਈ ਜਿਨ੍ਹਾਂ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਹੋਟਲਾਂ ਵਿੱਚ ਕਿਸੇ ਦਿਨ ਮੱਖਣ ਗਾਇਬ ਹੋ ਜਾਂਦਾ ਤਾਂ ਕਿਸੇ ਦਿਨ ਬ੍ਰੈਡ। ਕੰਪਾਲਾ ਦੇ ਕਈ ਰੈਸਟੋਰੈਂਟ ਵਾਲੇ ਆਪਣੇ ਮੀਨੂ ਕਾਰਡ ਦੀ ਇਸ ਤਰ੍ਹਾਂ ਸਾਂਭ-ਸੰਭਾਲ ਕਰਨ ਲੱਗੇ ਕਿ ਜਿਵੇਂ ਉਹ ਸੋਨੇ ਦੀ ਚੀਜ਼ ਹੋਵੇ। ਕਾਰਨ ਇਹ ਸੀ ਕਿ ਸ਼ਹਿਰ ਦੇ ਪ੍ਰਿੰਟਿੰਗ ਉਦਯੋਗ 'ਤੇ ਏਸ਼ੀਆਈ ਲੋਕਾਂ ਦਾ ਅਧਿਕਾਰ ਸੀ।"

ਕੱਢੇ ਗਏ 60 ਹਜ਼ਾਰ ਲੋਕਾਂ ਵਿਚੋਂ 29 ਹਜ਼ਾਰ ਲੋਕਾਂ ਨੂੰ ਬ੍ਰਿਟੇਨ ਨੇ ਸ਼ਰਨ ਦਿੱਤੀ ਸੀ। 11 ਹਜ਼ਾਰ ਲੋਕ ਭਾਰਤ ਆਏ, 5 ਹਜ਼ਾਰ ਕੈਨੇਡਾ ਗਏ ਅਤੇ ਬਾਕੀ ਲੋਕਾਂ ਨੇ ਦੁਨੀਆਂ ਦੇ ਵੱਖ ਵੱਖ ਦੇਸਾਂ ਵਿੱਚ ਸ਼ਰਨ ਲਈ।

ਜ਼ਮੀਨ ਤੋਂ ਸ਼ੁਰੂ ਕਰਦੇ ਹੋਏ ਇਨ੍ਹਾਂ ਲੋਕਾਂ ਨੇ ਬਰਤਾਨੀਆ ਦੇ ਲਘੂ ਉਦਯੋਗ ਦੀ ਪੂਰੀ ਸੂਰਤ ਬਦਲ ਦਿੱਤੀ। ਬਰਤਾਨੀਆ ਦੇ ਹਰੇਕ ਸ਼ਹਿਰ, ਚੌਰਾਹੇ 'ਤੇ ਪਟੇਲ ਦੀ ਦੁਕਾਨ ਖੁੱਲ੍ਹ ਗਈ ਅਤੇ ਉਹ ਲੋਕ ਅਖ਼ਬਾਰ ਅਤੇ ਦੁੱਧ ਵੇਚਣ ਦਾ ਕੰਮ ਕਰਨ ਲੱਗੇ।

ਅੱਡ ਯੁਗਾਂਡਾ ਤੋਂ ਬਰਤਾਨੀਆਂ ਜਾ ਕੇ ਵਸਿਆ ਪੂਰਾ ਭਾਈਚਾਰਾ ਖੁਸ਼ਹਾਲ ਹੈ। ਬਰਤਾਨੀਆ ਵਿੱਚ ਇਸ ਗੱਲ ਦੀ ਉਦਾਹਰਣ ਦਿੱਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਬਾਹਰੋਂ ਆਏ ਪੂਰੇ ਭਾਈਚਾਰੇ ਨੇ ਨਾ ਸਿਰਫ਼ ਆਪਣੇ ਆਪ ਨੂੰ ਬਰਤਾਨੀਆਂ ਦੀ ਸੰਸਕ੍ਰਿਤੀ ਵਿੱਚ ਢਾਲਿਆ ਹੀ ਨਹੀਂ ਬਲਕਿ ਉਸ ਦੇ ਆਰਥਿਕ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ।

ਇਹ ਵੀ ਪੜ੍ਹੋ:

ਭਾਰਤ ਦੇ ਰਵੱਈਏ 'ਤੇ ਸਵਾਲ

ਇਸੇ ਤ੍ਰਾਸਦੀ 'ਤੇ ਸਭ ਤੋਂ ਹੈਰਾਨ ਕਰਨ ਵਾਲਾ ਅਤੇ ਢਿੱਲਾ ਰਵੱਈਆ ਸੀ ਭਾਰਤ ਸਰਕਾਰ ਦਾ...

ਉਨ੍ਹਾਂ ਨੇ ਇਸ ਨੂੰ ਯੁਗਾਂਡਾ ਦੇ ਅੰਦਰੂਨੀ ਮਾਮਲਿਆਂ ਵਾਂਗ ਲਿਆ ਅਤੇ ਅਮੀਨ ਪ੍ਰਸ਼ਾਸਨ ਦੇ ਖ਼ਿਲਾਫ਼ ਵਿਸ਼ਵ ਜਨਮਤ ਦੱਸਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।

ਨਤੀਜਾ ਇਹ ਰਿਹਾ ਕਿ ਲੰਬੇ ਸਮੇਂ ਤੋਂ ਪੂਰਬੀ ਅਫ਼ਰੀਕਾ ਵਿੱਚ ਰਹਿਣ ਵਾਲਾ ਭਾਰਤੀ ਭਾਈਚਾਰਾ ਭਾਰਤ ਤੋਂ ਦੂਰ ਚਲਾ ਗਿਆ ਅਤੇ ਇਹ ਸਮਝਦਾ ਰਿਹਾ ਕਿ ਮੁਸ਼ਕਿਲ ਵੇਲੇ ਵਿੱਚ ਉਨ੍ਹਾਂ ਦੇ ਆਪਣੇ ਦੇਸ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।

ਈਦੀ ਅਮੀਨ 8 ਸਾਲ ਤੱਕ ਸੱਤਾ ਵਿੱਚ ਰਹਿਣ ਤੋਂ ਬਾਅਦ ਉਸੇ ਤਰੀਕੇ ਨਾਲ ਸੱਤਾ ਤੋਂ ਹਟਾਏ ਗਏ, ਜਿਵੇਂ ਉਨ੍ਹਾਂ ਨੇ ਸੱਤਾ 'ਤੇ ਕਬਜ਼ਾ ਕੀਤਾ ਸੀ।

ਉਨ੍ਹਾਂ ਨੂੰ ਪਹਿਲਾਂ ਲੀਬੀਆ ਅਤੇ ਫੇਰ ਸਾਊਦੀ ਅਰਬ ਨੇ ਸ਼ਰਨ ਦਿੱਤੀ, ਜਿੱਥੇ 2003 ਵਿੱਚ 78 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)