8 ਫੁੱਟਬਾਲ ਖਿਡਾਰਨਾਂ ਨੂੰ ਅਗਵਾ ਕਰਕੇ ਬਾਲ ਵਿਆਹ ਕਰ ਦਿੱਤਾ
- ਓਲੀਵੀਆ ਕ੍ਰਿਲਿਨ
- ਮਾਰਸਬਿਟ ਕੀਨੀਆ

ਤਸਵੀਰ ਸਰੋਤ, FATUMA ABDULKADIR ADAN/BBC
ਫਾਤੁਮਾ ਅਬਦੁਲਕਾਦਿਰ ਆਦਨ ਕੀਨੀਆ ਵਿੱਚ ਫੁੱਟਬਾਲ ਨੂੰ ਬਾਲ ਵਿਆਹ ਅਤੇ ਫੀਮੇਲ ਜੈਨੀਟਲ ਮਿਊਟੀਲੇਸ਼ਨ ਬਾਰੇ ਚੁੱਪੀ ਤੋੜਨ ਲਈ ਵਰਤ ਰਹੇ ਹਨ।
"ਨੈਰੋਬੀ ਵਿੱਚ ਰਹਿ ਕੇ ਵਕਾਲਤ ਕਰਨਾ, ਪੈਸੇ ਕਮਾਉਣਾ ਅਤੇ ਮਰਸਡੀਜ਼ ਬੈਂਜ਼ ਚਲਾਉਣਾ ਬਹੁਤ ਸੌਖਾ ਹੋਣਾ ਸੀ ਪਰ ਮੈਂ ਘਰ ਵਾਪਸ ਆਉਣਾ ਚਾਹੁੰਦੀ ਸੀ।"
ਕੀਨੀਆ ਦੀ ਰਾਜਧਾਨੀ ਰਹਿ ਕੇ ਫਾਤੁਮਾ ਅਬਦੁਲਕਾਦਿਰ ਆਦਨ ਅਜਿਹੀ ਸ਼ਾਹੀ ਜ਼ਿੰਦਗੀ ਜਿਉਂ ਸਕਦੇ ਸਨ ਪਰ ਉਨ੍ਹਾਂ ਫੁੱਟਬਾਲ ਨੂੰ ਚੁਣਿਆ। ਉਹ ਵੀ ਦੇਸ ਦੇ ਉਸ ਖਿੱਤੇ ਵਿੱਚ ਜਿੱਥੇ ਕੁੜੀਆਂ ਦੇ ਫੁੱਟਬਾਲ ਖੇਡਣ ਨੂੰ ਮਾੜਾ ਸਮਝਿਆ ਜਾਂਦਾ ਹੈ।
ਇੱਕ ਦਹਾਕਾ ਪਹਿਲਾਂ ਕੁੜੀਆਂ ਦੀ ਫੁੱਟਬਾਲ ਟੀਮ ਸ਼ੁਰੂ ਕਰਨ ਦੇ ਆਪਣੇ ਅਨੁਭਵ ਬਾਰੇ ਫਾਤੁਮਾ ਦਸਦੇ ਹਨ, "ਮੈਨੂੰ ਪੱਥਰ ਮਾਰੇ ਗਏ ਅਤੇ ਮੈਦਾਨ 'ਚੋਂ ਕੱਢ ਦਿੱਤਾ ਗਿਆ।"
ਇਹ ਵੀ ਪੜ੍ਹੋ꞉
ਜਦੋਂ ਉਹ ਟੂਰਨਾਮੈਂਟ ਤੋਂ ਵਾਪਸ ਆਏ ਤਾਂ 12 ਵਿੱਚੋਂ 8 ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਬਾਲ ਵਿਆਹ ਕਰ ਦਿੱਤਾ ਗਿਆ। ਇਹ ਕਤਈ ਚੰਗੀ ਸ਼ੁਰੂਆਤ ਨਹੀਂ ਸੀ।
ਫੁੱਟਬਾਲ ਨਾਲ ਬਾਲ ਵਿਆਹ ਖਿਲਾਫ ਲੜਨ ਵਾਲੀ ਔਰਤ
ਫਾਤੁਮਾ ਨੇ ਸਾਲ 2003 ਵਿੱਚ 'ਹੌਰਨ ਆਫ਼ ਅਫਰੀਕਾ ਡਿਵੈਲਪਮੈਂਟ ਇਨੀਸ਼ੀਏਟਿਵ' ਜਾਂ ਹੋਦੀ (HODI) ਨਾਮ ਦੀ ਸੰਸਥਾ ਦਾ ਮੁੱਢ ਬੰਨ੍ਹਿਆ।
ਉਹ ਫੁੱਟਬਾਲ ਦੀ ਵਰਤੋਂ ਲੋਕਾਂ ਵਿੱਚ ਸੱਭਿਆਚਾਰਕ ਤਬਦੀਲੀ ਲਿਆਉਣ ਲਈ ਕਰਨੀ ਚਾਹੁੰਦੇ ਸਨ।
ਉਨ੍ਹਾਂ ਨੇ 2005 ਦੇ ਕਤਲੇਆਮ ਜਿਸ ਵਿੱਚ 100 ਜਾਨਾਂ ਗਈਆਂ ਸਨ, ਤੋਂ ਬਾਅਦ ਫੁੱਟਬਾਲ ਨਾਲ ਸਥਾਨਕ ਨੌਜਵਾਨਾਂ ਦੇ ਦਿੱਲ ਜਿੱਤੇ।
ਤਸਵੀਰ ਸਰੋਤ, FATUMA ABDULKADIR ADAN
ਪਹਲੇ ਮੁਕਾਬਲੇ ਭਾਈਚਾਰਿਆਂ ਵਿਚਲਾ ਤਣਾਅ ਖ਼ਤਮ ਕਰਨ ਦੇ ਉਦੇਸ਼ ਨਾਲ ਕਰਵਾਏ ਗਏ।
ਜਲਦ ਹੀ ਮੁੰਡਿਆਂ ਨੇ ਨਾ ਸਿਰਫ ਹਥਿਆਰ ਛੱਡ ਕੇ ਖੇਡਣਾ ਸ਼ੁਰੂ ਕੀਤਾ ਸਗੋਂ ਉਨ੍ਹਾਂ ਕਬੀਲਿਆਂ ਦੇ ਮੁੰਡਿਆਂ ਨਾਲ ਵੀ ਖੇਡਣ ਲੱਗੇ ਜਿਨ੍ਹਾਂ ਨਾਲ ਕਦੇ ਉਹ ਨਫ਼ਰਤ ਕਰਦੇ ਸਨ।
ਸੱਭਿਆਚਾਰਕ ਮਨੌਤਾਂ ਨਾਲ ਲੜਾਈ
ਜਦੋਂ ਫਾਤੁਮਾ ਨੇ ਕੁੜੀਆਂ ਵੱਲ ਧਿਆਨ ਕੇਂਦਰਿਤ ਕੀਤਾ ਤਾਂ ਉਹ ਕੁੜੀਆਂ ਨੂੰ ਫੁੱਟਬਾਲ ਖਿਡਾਉਣ ਦੇ ਨਾਲ ਕੁਝ ਹੋਰ ਵੀ ਹਾਸਲ ਕਰਨਾ ਚਾਹੁੰਦੇ ਸਨ। ਉਹ ਕੁੜੀਆਂ ਦੇ ਬਾਲ ਵਿਆਹ ਅਤੇ ਫੀਮੇਲ ਜੈਨੀਟਲ ਮਿਊਟੀਲੇਸ਼ਨ ਵਰਗੇ ਮਸਲਿਆਂ ਨਾਲ ਨਜਿੱਠਣਾ ਚਾਹੁੰਦੇ ਸਨ।
ਉਨ੍ਹਾਂ ਨੇ ਇਸ ਲਈ ਚੁੱਪ ਤੋੜਨ ਦੀ ਨੀਤੀ ਅਪਣਾਈ ਜਿਸ ਸਦਕਾ ਇੱਕ ਦਹਾਕੇ ਵਿੱਚ ਕੀਨੀਆ ਦੇ ਮਾਰਸਬਿਟ ਇਲਾਕੇ ਦੇ ਸੌ ਪਿੰਡਾਂ ਦੀਆਂ 1645 ਕੁੜੀਆਂ ਫੁੱਟਬਾਲ ਖੇਡ ਚੁੱਕੀਆਂ ਹਨ।
ਬੱਚੀਆਂ ਨੂੰ ਫੁੱਟਬਾਲ ਦੇ ਮੈਦਾਨ ਵਿੱਚ ਸਵੈ-ਭਰੋਸੇ ਨਾਲ ਭਰ ਕੇ ਆਪਣੇ ਬਾਰੇ ਬੋਲਣ ਵਿੱਚ ਸਸ਼ਕਤ ਕਰਨਾ ਉਨ੍ਹਾਂ ਦਾ ਮਿਸ਼ਨ ਸੀ। ਉਹ ਵੀ ਅਜਿਹੇ ਕਬਾਈਲੀ ਇਲਾਕੇ ਵਿੱਚ ਜਿੱਥੇ ਔਰਤਾਂ ਅਤੇ ਬੱਚਿਆਂ ਦੀ ਆਵਾਜ਼ ਸੁਣੀ ਹੀ ਨਹੀਂ ਜਾਂਦੀ।
ਸਾਲ 2008 ਵਿੱਚ ਜਦੋਂ ਟੂਰਨਾਮੈਂਟ ਸ਼ੁਰੂ ਹੋਏ ਤਾਂ ਕੁੜੀਆਂ ਦੇ ਫੁੱਟਬਾਲ ਖੇਡਣ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ।
ਇਹ ਵੀ ਪੜ੍ਹੋ꞉
ਫਾਤੁਮਾ ਨੇ ਆਪਣੇ ਮਿਸ਼ਨ ਦੀ ਸਫ਼ਲਤਾ ਬਾਰੇ ਦੱਸਿਆ, "ਪਹਿਲਾਂ, ਕਿਸੇ 12 ਤੋਂ 13 ਸਾਲ ਦੀ ਕੁੜੀ ਦਾ ਵਿਆਹ ਕਰ ਦੇਣਾ ਵਧੀਆ ਸਮਝਿਆ ਜਾਂਦਾ ਸੀ ਪਰ ਅੱਜ ਜੇ ਤੁਸੀਂ ਕਿਸੇ 13 ਸਾਲ ਦੀ ਕੁੜੀ ਦਾ ਵਿਆਹ ਕਰੋ ਤਾਂ ਨਾ ਸਿਰਫ ਉਸਦੀਆਂ ਜਮਾਤਣਾਂ ਸਗੋਂ ਮੁੰਡੇ ਵੀ ਸ਼ਿਕਾਇਤ ਕਰਦੇ ਹਨ।"
ਹੋਦੀ ਟੂਰਨਾਮੈਂਟ ਦੇ ਮੈਚਾਂ ਵਿਚਕਾਰ ਦੋਹਾਂ ਮਸਲਿਆਂ ਬਾਰੇ ਕੁੜੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਸਿੱਖਿਅਤ ਕੀਤਾ ਜਾਂਦਾ ਹੈ।
ਹਾਲਾਂਕਿ ਕੀਨੀਆ ਵਿੱਚ ਬਾਲ ਵਿਆਹ ਅਤੇ ਫੀਮੇਲ ਜੈਨੀਟਲ ਮਿਊਟੀਲੇਸ਼ਨ ਉੱਪਰ ਕਾਨੂੰਨੀ ਤੌਰ ਤੇ ਪਾਬੰਦੀ ਹੈ ਪਰ ਉੱਥੇ ਦੀਆਂ ਕਠੋਰ ਸਭਿਆਚਾਰਕ ਰਵਾਇਤਾਂ ਪ੍ਰਚਲਨ ਵਿੱਚ ਹਨ।
ਫਾਤੁਮਾ ਦੀ ਚੁਣੌਤੀ ਇਹ ਸੀ ਕਿ ਉਨ੍ਹਾਂ ਨੇ ਇਸੇ ਸੱਭਿਆਚਾਰ ਅੰਦਰ ਰਹਿ ਕੇ ਕੰਮ ਵੀ ਕਰਨਾ ਸੀ ਅਤੇ ਇਸਨੂੰ ਚੁਣੌਤੀ ਵੀ ਦੇਣੀ ਸੀ।
ਫਾਤੁਮਾ ਦੀ ਮਿਹਨਤ ਰੰਗ ਲਿਆ ਰਹੀ ਹੈ।
ਉਨ੍ਹਾਂ ਨੇ ਕੁੜੀਆਂ ਲਈ ਇੱਕ ਸ਼ਾਲੀਨ ਪੁਸ਼ਾਕ ਤਿਆਰ ਕਰਵਾਈ ਤਾਂ ਕਿ ਮੁਸਲਿਮ ਕੁੜੀਆਂ ਵੀ ਖੇਡ ਸਕਣ।
ਹੁਣ ਉਨ੍ਹਾਂ ਨੇ ਮਦਰੱਸੇ ਵਿੱਚ ਵੀ ਕੁੜੀਆਂ ਦੀ ਫੁੱਟਬਾਲ ਟੀਮ ਤਿਆਰ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ, ਮੈਨੂੰ ਯਕੀਨ ਨਹੀਂ ਆ ਰਿਹਾ ਕਿ ਉਹ ਇਹ ਸਭ ਦੇਖਣ ਲਈ ਜਿੰਦਾ ਹਨ।
ਫਾਤੁਮਾ ਗੁਫਰਾ (14) ਉਨ੍ਹਾਂ ਦੇ ਸਕੂਲ ਦੀ ਉੱਪ ਮੁੱਖੀ ਹੈ। ਉਨ੍ਹਾਂ ਦਾ ਪਾਲਣ ਪੋਸ਼ਣ ਇੱਕ ਗਰੀਬ ਪਰਿਵਾਰ ਵਿੱਚ ਇੱਕ ਗਰੀਬ ਮਾਂ ਨੇ ਕੀਤਾ। ਉਨ੍ਹਾਂ ਨੇ ਕਿਹਾ, "ਫੁੱਟਬਾਲ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ।"
ਫਾਤੁਮਾ ਗੁਫਰਾ ਦਾ ਕਹਿਣਾ ਹੈ ਕਿ ਫੁੱਟਬਾਲ ਨੇ ਉਨ੍ਹਾਂ ਦੇ ਜੀਵਨ ਉਦੇਸ਼ ਬਦਲਣ ਵਿੱਚ ਮਦਦ ਕੀਤੀ ਹੈ।
"ਮੈਂ ਪਹਿਲਾਂ ਕਾਫੀ ਸ਼ਰਮਾਉਂਦੀ ਸੀ ਪਰ ਕੁਝ ਸਮੇਂ ਵਿੱਚ ਫੁੱਟਬਾਲ ਨੇ ਮੈਨੂੰ ਬਦਲ ਦਿੱਤਾ। ਕਈ ਸਾਲਾਂ ਤੋਂ ਮਾਪੇ ਧੀਆਂ ਦੇ ਫੁੱਟਬਾਲ ਖੇਡਣ ਦੀ ਹਮਾਇਤ ਨਹੀਂ ਸਨ ਕਰਦੇ ਪਰ ਭਵਿੱਖ ਵਿੱਚ ਜਦੋਂ ਮੈਂ ਮਾਂ ਬਣੀ ਤਾਂ ਮੈਂ ਕੁੜੀਆਂ ਦੇ ਫੁੱਟਬਾਲ ਖੇਡਣ ਦੀ ਹਮਾਇਤ ਕਰਨੀ ਚਾਹਾਂਗੀ।"
ਉਹ ਆਪਣੀ ਜਮਾਤ ਦੀਆਂ ਪਹਿਲੇ ਪੰਜ ਵਿਦਿਆਰਥੀਆਂ ਵਿੱਚੋਂ ਹੈ। ਪਹਿਲਾਂ ਇਹ ਥਾਂ ਖੁੱਲ੍ਹ ਕੇ ਬੋਲਣ ਵਾਲੇ ਮੁੰਡਿਆਂ ਨੂੰ ਹੀ ਦਿੱਤੀ ਜਾਂਦੀ ਸੀ।
ਉਨ੍ਹਾਂ ਦੀ ਹੈਡਟੀਚਰ, ਮੈਡਮ ਕੇਮੇ ਕੋਟੋ ਮੁਤਾਬਕ, "ਜਦੋਂ ਤੋਂ ਉਸ ਨੇ ਫੁੱਟਬਾਲ ਖੇਡਣੀ ਸ਼ੁਰੂ ਕੀਤੀ ਹੈ ਉਸਦੀ ਕਾਰਗੁਜ਼ਾਰੀ ਅਤੇ ਲੀਡਰਸ਼ਿੱਪ ਕੌਸ਼ਲਾਂ ਵਿੱਚ ਨਿਖਾਰ ਆਇਆ ਹੈ।"
(ਇਹ ਕਹਾਣੀ ਬੀਬੀਸੀ ਇਨੋਵੇਟਰਜ਼ ਸੀਰੀਜ਼ ਦਾ ਹਿੱਸਾ ਹੈ ਜੋ ਦੱਖਣੀ ਏਸ਼ੀਆ ਅਤੇ ਅਫਰੀਕਾ ਦੀਆਂ ਸਮੱਸਿਆਵਾਂ ਦੇ ਅਨੂਠੇ ਹੱਲਾਂ ਨੂੰ ਉਜਾਗਰ ਕਰਦੀ ਹੈ।ਬੀਬੀਸੀ ਇਨੋਵੇਟਰਜ਼ ਬਾਰੇ ਹੋਰ ਜਾਣੋ।)
ਇਹ ਵੀ ਪੜ੍ਹੋ꞉