15 ਸਾਲ ਤੱਕ ਗੁਫ਼ਾ 'ਚ ਕੈਦ ਰੱਖ ਕੇ ਕਰਦਾ ਰਿਹਾ ਬਲਾਤਕਾਰ

ਬਜ਼ੁਰਗ ਨੇ 15 ਸਾਲਾਂ ਤੱਕ ਇਸੇ ਗੁਫ਼ਾ ਵਿੱਚ ਕੁੜੀ ਨੂੰ ਕੈਦ ਰੱਖਿਆ ਸੀ Image copyright POLICE HANDOUT
ਫੋਟੋ ਕੈਪਸ਼ਨ ਬਜ਼ੁਰਗ ਨੇ 15 ਸਾਲਾਂ ਤੱਕ ਇਸੇ ਗੁਫ਼ਾ ਵਿੱਚ ਕੁੜੀ ਨੂੰ ਕੈਦ ਰੱਖਿਆ ਸੀ

ਇੰਡੋਨੇਸ਼ੀਆ ਵਿੱਚ ਇੱਕ ਬਜ਼ੁਰਗ ਵਿਅਕਤੀ ਵੱਲੋਂ 15 ਸਾਲ ਤੱਕ ਇੱਕ ਕੁੜੀ ਨੂੰ ਗੁਫ਼ਾ ਵਿੱਚ ਕੈਦ ਰੱਖ ਕੇ ਉਸਦਾ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਨੇ ਇਸ ਸਿਲਸਿਲੇ ਵਿੱਚ ਜਿਸ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ ਉਸ ਦੀ ਉਮਰ 83 ਸਾਲ ਹੈ। ਕਿਹਾ ਜਾ ਰਿਹਾ ਹੈ ਕਿ 15 ਸਾਲ ਪਹਿਲਾਂ ਜਦੋਂ ਉਸ ਕੁੜੀ ਨੂੰ ਅਗਵਾ ਕੀਤਾ ਗਿਆ ਸੀ ਉਸ ਵੇਲੇ ਕੁੜੀ ਦੀ ਉਮਰ ਮਹਿਜ਼ 13 ਸਾਲ ਸੀ।

ਇਸ ਬਜ਼ੁਰਗ ਵਿਅਕਤੀ ਨੇ ਖੁਦ ਵਿੱਚ ਇੱਕ ਨੌਜਵਾਨ ਦੀ ਆਤਮਾ ਦੇ ਦਾਖ਼ਲ ਹੋਣ ਦਾ ਦਾਅਵਾ ਕਰਦੇ ਹੋਏ ਤਕਰੀਬਨ 15 ਸਾਲਾਂ ਤੱਕ ਕੁੜੀ ਦਾ ਸਰੀਰਕ ਸ਼ੋਸ਼ਣ ਕੀਤਾ।

ਇਹ ਵੀ ਪੜ੍ਹੋ:

ਪੁਲਿਸ ਅਨੁਸਾਰ ਔਰਤ ਨੂੰ ਐਤਵਾਰ ਨੂੰ ਮੱਧ ਸੁਲਾਵੇਸੀ ਸੂਬੇ ਦੇ ਗਾਲੁਮਪਾਂਗ ਇਲਾਕੇ ਤੋਂ ਬਚਾਇਆ ਗਿਆ ਹੈ। ਇਸ ਮਹਿਲਾ ਨੂੰ ਇੱਕ ਗੁਫ਼ਾ ਵਿੱਚ ਰੱਖਿਆ ਗਿਆ ਸੀ।

13 ਸਾਲ ਦੀ ਉਮਰ ਵਿੱਚ ਕੀਤਾ ਅਗਵਾ

ਪੁਲਿਸ ਨੇ ਗੁਫਾ ਦੀ ਜੋ ਤਸਵੀਰ ਦਿਖਾਈ ਹੈ ਉਸ ਵਿੱਚ ਗੁਫਾ ਦੇ ਅੰਦਰ ਕੁਝ ਫਰਨੀਚਰ ਦਿਖਾਈ ਦੇ ਰਿਹਾ ਹੈ ਅਤੇ ਇਹ ਗੁਫਾ ਮੁਲਜ਼ਮ ਦੇ ਘਰ ਦੇ ਨੇੜੇ ਹੈ।

ਤੋਲੀਤੋਲੀ ਪੁਲਿਸ ਦੇ ਮੁਖੀ ਐਮ ਇਕਬਾਲ ਅਲਕੁਦੁਸੀ ਨੇ ਦੱਸਿਆ ਕਿ ਮੁਲਜ਼ਮ ਉਸੇ ਵੇਲੇ ਤੋਂ ਕੁੜੀ ਦਾ ਬਲਾਤਕਾਰ ਕਰ ਰਿਹਾ ਹੈ, ਜਦੋਂ ਉਹ ਮਹਿਜ਼ 13 ਸਾਲਾਂ ਦੀ ਸੀ। ਰਾਤ ਵੇਲੇ ਮਹਿਲਾ ਨੂੰ ਉਹ ਆਪਣੇ ਘਰ ਲੈ ਆਉਂਦਾ ਸੀ ਪਰ ਦਿਨ ਵੇਲੇ ਉਸ ਨੂੰ ਗੁਫਾਨੁਮਾ ਕੈਦਖਾਨੇ ਵਿੱਚ ਰੱਖਿਆ ਜਾਂਦਾ ਸੀ।

Image copyright POLICE HANDOUT
ਫੋਟੋ ਕੈਪਸ਼ਨ ਬਜ਼ੁਰਗ ਕੁੜੀ ਨੂੰ ਕਹਿੰਦਾ ਸੀ ਕਿ ਉਸਦੇ ਅੰਦਰ ਉਸਦੇ ਬੁਆਏਫਰੈਂਡ ਦੀ ਆਤਮਾ ਹੈ

ਪੁਲਿਸ ਅਨੁਸਾਰ ਮੁਲਜ਼ਮ ਨੇ 15 ਸਾਲ ਪਹਿਲਾਂ ਕੁੜੀ ਨੂੰ ਉਸ ਦੇ ਬੁਆਏਫਰੈਂਡ ਦੀ ਤਸਵੀਰ ਦਿਖਾਈ ਅਤੇ ਝਾਂਸਾ ਦਿੱਤਾ ਕਿ ਮੁੰਡੇ ਦੀ ਆਤਮਾ ਉਸਦੇ ਸਰੀਰ ਵਿੱਚ ਦਾਖਲ ਹੋ ਗਈ ਹੈ।

ਜਕਾਰਤਾ ਪੋਸਟ ਨੇ ਇੱਕ ਸਥਾਨਕ ਵਿਅਕਤੀ ਸੁਜੇਂਗ ਦੇ ਹਵਾਲੇ ਤੋਂ ਕਿਹਾ ਹੈ, "ਅਜਿਹਾ ਲਗਦਾ ਹੈ ਕਿ ਪੀੜਤਾ ਦਾ ਬ੍ਰੇਨਵਾਸ਼ ਕੀਤਾ ਗਿਆ ਹੈ। ਪੀੜਤਾ ਉੱਥੋਂ ਭੱਜ ਨਾ ਸਕੇ ਅਤੇ ਕਿਸੇ ਹੋਰ ਨਾਲ ਨਾ ਮਿਲ ਸਕੇ, ਇਸ ਲਈ ਉਸ ਨੂੰ ਲਗਾਤਾਰ ਡਰਾਇਆ ਗਿਆ ਅਤੇ ਕਿਹਾ ਗਿਆ ਕਿ ਇੱਕ ਜਿੰਨ ਉਸ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ।''

ਕਿਵੇਂ ਮਿਲੀ ਪੀੜਤਾ?

ਪੁਲਿਸ ਮੁਖੀ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਦੱਸਿਆ ਕਿ ਪੀੜਤਾ ਨੇ ਦੱਸਿਆ ਕਿ ਸਾਲ 2003 ਤੋਂ ਹੀ 'ਜਿੰਨ ਅਮਰੀਨ' ਉਸਦੇ ਨਾਲ ਸਰੀਰਕ ਸਬੰਧ ਬਣਾ ਰਿਹਾ ਸੀ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਗਵਾ ਹੋਈ ਕੁੜੀ ਦੇ ਬਾਰੇ ਵਿੱਚ ਉਸ ਵੇਲੇ ਪਤਾ ਲੱਗਾ ਜਦੋਂ ਪੀੜਤਾ ਦੀ ਭੈਣ ਨੇ ਗੁਆਂਢੀਆਂ ਨੂੰ ਜਾਣਕਾਰੀ ਦਿੱਤੀ ਕਿ ਉਹ ਆਲੇ-ਦੁਆਲੇ ਹੀ ਹੈ। ਪੀੜਤਾ ਦੀ ਭੈਣ ਦਾ ਵਿਆਹ ਮੁਲਜ਼ਮ ਦੇ ਬੇਟੇ ਨਾਲ ਹੋਇਆ ਸੀ ਅਤੇ ਮੁਲਜ਼ਮ ਨੇ ਪੀੜਤਾ ਦੇ ਘਰ ਵਾਲਿਆਂ ਤੋਂ ਝੂਠ ਕਿਹਾ ਸੀ ਕਿ ਪੀੜਤਾ ਕੰਮ ਕਰਨ ਲਈ ਜਕਾਰਤਾ ਚਲੀ ਗਈ ਹੈ।

ਮੁਲਜ਼ਮ ਖਿਲਾਫ਼ ਬਾਲ ਸੁਰੱਖਿਆ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ। ਇਲਜ਼ਾਮ ਸਾਬਿਤ ਹੋਣ 'ਤੇ ਮੁਲਜ਼ਮ ਨੂੰ 15 ਸਾਲਾਂ ਦੀ ਸਜ਼ਾ ਹੋ ਸਕਦੀ ਹੈ।

ਇਹ ਵੀ ਪੜ੍ਹੋ:

ਸ਼ੰਘਾਈ ਵਿੱਚ ਸਿੱਖਾਂ ਦੇ ਵਸਣ ਅਤੇ ਉਜਾੜੇ ਦੀ ਕਹਾਣੀ

ਕੌਣ ਹੈ ਇਹ ਔਰਤ ਜਿਸ ਪਿੱਛੇ ਲੜ ਰਹੇ ਨੇ ਸਾਊਦੀ ਤੇ ਕੈਨੇਡਾ?

19 ਸਾਲ ਦੀ ਕੁੜੀ ਨੇ ਕਿਉਂ ਬਣਾਈ 'ਰੇਪ ਪਰੂਫ਼ ਪੈਂਟੀ'?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)