ਪਾਕਿਸਤਾਨੀ ਜੇਲ੍ਹਾਂ ਤੋਂ ਭੱਜਣ ਵਾਲੇ ਭਾਰਤੀ ਪਾਇਲਟਾਂ ਦੀ ਕਹਾਣੀ

  • ਰੇਹਾਨ ਫਜ਼ਲ
  • ਬੀਬੀਸੀ ਪੱਤਰਕਾਰ
ਪਾਕਿਸਤਾਨ ਤੋਂ ਵਾਪਸ ਆਇਆ ਭਾਰਤੀ ਪਾਇਲਟਾਂ ਦਾ ਦਲ

ਤਸਵੀਰ ਸਰੋਤ, DHIRENDRA S JAFA

ਤਸਵੀਰ ਕੈਪਸ਼ਨ,

ਪਾਕਿਸਤਾਨ ਤੋਂ ਵਾਪਸ ਆਇਆ ਭਾਰਤੀ ਪਾਇਲਟਾਂ ਦਾ ਦਲ

ਕਹਾਣੀ ਪੂਰੀ ਫਿਲਮੀ ਹੈ, ਪਰ 16 ਆਨੇ ਸੱਚ। ਸਾਲ 1971 ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਈ ਜੰਗ ਦੀਆਂ ਬਹੁਤ ਕਹਾਣੀਆਂ ਸੁਣੀਆਂ ਪਰ ਇਸ ਕਹਾਣੀ ਬਾਰੇ ਕਦੇ ਕੋਈ ਚਰਚਾ ਨਹੀਂ ਹੋਈ।

ਕਿਸੇ ਵੀ ਜੰਗ ਵਿੱਚ ਵਾਯੂ ਸੈਨਾ ਦਾ ਕਿਰਦਾਰ ਅਹਿਮ ਹੁੰਦਾ ਹੈ। ਉਨ੍ਹਾਂ ਲਈ ਖਤਰਾ ਵੀ ਵੱਧ ਹੁੰਦਾ ਹੈ ਕਿਉਂਕਿ ਸੈਨਾ ਦੇ ਪਾਇਲਟ ਦੁਸ਼ਮਨ ਦੀ ਜ਼ਮੀਨ 'ਤੇ ਜਾ ਕੇ ਹਮਲਾ ਕਰਦੇ ਹਨ।

1971 ਦੀ ਜੰਗ ਵਿੱਚ ਕਈ ਪਾਇਲਟ ਬੰਦੀ ਬਣਾਏ ਗਏ ਹਨ। ਪਰ ਸਾਰਿਆਂ ਵਿੱਚ ਦਮ ਨਹੀਂ ਸੀ ਕਿ ਉਹ ਪਾਕਿਸਤਾਨ ਦੀ ਜੇਲ੍ਹ ਤੋੜਕੇ ਭੱਜਣ ਦੀ ਕੋਸ਼ਿਸ਼ ਕਰਨ ਸਿਵਾਏ ਇੱਕ ਦੇ।

ਇਹ ਵੀ ਪੜ੍ਹੋ:

ਦਿਲੀਪ ਪਰੁਲਕਰ ਬਹੁਤ ਪਹਿਲਾਂ ਤੋਂ ਜੇਲ੍ਹ 'ਚੋਂ ਭੱਜਣ ਦੀ ਇੱਛਾ ਰੱਖਦੇ ਸਨ। ਜਦ ਉਨ੍ਹਾਂ ਨੂੰ ਮੌਕਾ ਮਿਲਿਆ ਉਹ ਆਪਣੇ ਨਾਲ ਨਾਲ ਦੋ ਹੋਰਾਂ ਨੂੰ ਵੀ ਲੈ ਗਏ ਤੇ ਬਿਨਾਂ ਕਿਸੇ ਵੀ ਪ੍ਰੇਸ਼ਾਨੀ ਦੇ ਅਫਗਾਨਿਸਤਾਨ ਦੀ ਸੀਮਾ ਤੱਕ ਪਹੁੰਚ ਗਏ।

ਪਰ ਅਫਗਾਨਿਸਤਾਨ ਦੀ ਸਰਹੱਦ ਅੰਦਰ ਦਾਖਲ ਤੋਂ ਪਹਿਲਾਂ ਹੀ ਫੜੇ ਗਏ। ਰਾਵਲਪਿੰਡੀ ਦੀ ਜੇਲ੍ਹ ਤੋਂ ਉਨ੍ਹਾਂ ਦੇ ਭੱਜਣ ਦੀ ਕਹਾਣੀ ਰੋਮਾਂਚਕ ਵੀ ਹੈ ਤੇ ਖ਼ਤਰਨਾਕ ਵੀ।

ਇਸ ਘਟਨਾ ਦੇ 47 ਸਾਲ ਬਾਅਦ ਵੀ ਦਿਲੀਪ ਪਰੁਲਕਰ ਬੇਹੱਦ ਜੋਸ਼ ਨਾਲ ਇਹ ਕਹਾਣੀ ਦੱਸਦੇ ਹਨ।

ਜੰਗੀ ਕੈਦੀ ਦਾ ਫਰਜ਼

ਬੀਬੀਸੀ ਨਾਲ ਗੱਲਬਾਤ ਵਿੱਚ ਪਰੁਲਕਰ ਨੇ ਦੱਸਿਆ, ''ਜੰਗ ਦੇ ਹਰ ਕੈਦੀ ਦਾ ਫਰਜ਼ ਹੁੰਦਾ ਹੈ ਕਿ ਉਹ ਜੇਲ੍ਹ 'ਚੋਂ ਭੱਜਣ ਦੀ ਕੋਸ਼ਿਸ਼ ਕਰੇ। ਮੇਰੀ ਬਹੁਤ ਇੱਛਾ ਸੀ ਕਿ ਜੇ ਮੈਂ ਕੈਦੀ ਬਣਿਆ ਤਾਂ ਜ਼ਰੂਰ ਭੱਜਣ ਦੀ ਕੋਸ਼ਿਸ਼ ਕਰਾਂਗਾ ਤੇ ਮੈਂ ਅਜਿਹਾ ਕੀਤਾ ਵੀ।''

ਫਲਾਈਟ ਲੈਫਟੀਨੈਂਟ ਦਿਲੀਪ ਪਰੁਲਕਰ, ਫਲਾਈਟ ਲੈਫਟੀਨੈਂਟ ਹਰੀਸ਼ ਸਿੰਘ ਜੀ, ਕਮਾਂਡਰ ਗਰੇਵਾਲ ਤੇ ਫਲਾਈਂਗ ਅਫ਼ਸਰ ਚੇਟੀ ਨੇ ਸ਼ੁਰੂਆਤ ਵਿੱਚ ਯੋਜਨਾ ਬਣਾਈ।

ਸਭ ਤੋਂ ਪਹਿਲਾਂ ਇੰਨਾ ਚਾਰਾਂ ਨੇ ਉਸ ਕਮਰੇ ਨੂੰ ਚੁਣਿਆ ਜਿਸ ਵਿੱਚ ਸੁਰੰਗ ਬਣਾਈ ਜਾ ਸਕਦੀ ਸੀ। ਦਿਲੀਪ ਦੀ ਲੀਡਰਸ਼ਿਪ ਹੇਠ ਸੁਰੰਗ ਖੋਦਣ ਦਾ ਕੰਮ ਸ਼ੁਰੂ ਹੋਇਆ।

ਇਹ ਵੀ ਪੜ੍ਹੋ:

ਵਿੰਗ ਕਮਾਂਡਰ ਗਰੇਵਾਲ ਨੇ ਦੱਸਿਆ, ''ਸਾਨੂੰ ਖੇਡਣ ਲਈ ਥੋੜੀ ਬਹੁਤੀ ਛੁੱਟੀ ਮਿਲਦੀ ਸੀ। ਉੱਥੋਂ ਕਦੇ ਕਦੇ ਬਾਹਰ ਦਾ ਰਾਹ ਦਿਖਦਾ ਸੀ।''

''ਨਾਲ ਹੀ ਬਾਥਰੂਮ ਦੀ ਖਿੜਕੀ 'ਚੋਂ ਵੇਖ ਲੈਂਦੇ ਸੀ ਕਿ ਬਾਹਰ ਕਿੰਨੀ ਸੁਰੱਖਿਆ ਹੈ। ਸਾਨੂੰ ਇਹ ਲੱਗ ਰਿਹਾ ਸੀ ਕਿ ਜੇ ਅਸੀਂ ਕਮਰੇ ਦੀ ਕੰਧ ਤੋੜ ਕੇ ਬਾਹਰ ਚਲੇ ਜਾਈਏ ਤਾਂ ਅਸੀਂ ਆਸਾਨੀ ਨਾਲ ਸੜਕ 'ਤੇ ਪਹੁੰਚ ਸਕਦੇ ਹਾਂ।''

ਇਹ ਲੋਕ ਗੁਪਤ ਜਾਣਕਾਰੀ ਲਈ ਗਾਰਡਜ਼ ਨਾਲ ਵੀ ਬਹੁਤ ਗੱਲਾਂ ਕਰਦੇ ਸਨ। ਦਰਅਸਲ ਉਸ ਵੇਲੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਹੋ ਗਈ ਸੀ, ਇਸ ਲਈ ਗਾਰਡਜ਼ ਨਾਲ ਗੱਲ ਕਰਨਾ ਹੋਰ ਵੀ ਸੌਖਾ ਹੋ ਗਿਆ ਸੀ।

ਦੇਖੋ ਵੀਡੀਓ

ਗਾਰਡਜ਼ ਦੀ ਸਖ਼ਤ ਨਿਗਰਾਨੀ

ਗਰੇਵਾਲ, ਪਰੁਲਕਰ, ਹਰੀਸ਼ ਸਿੰਘ ਤੇ ਚੇਟੀ ਰਾਤ ਵਿੱਚ ਕਮਰੇ ਦਾ ਬੱਲਬ ਫਿਊਜ਼ ਕਰਕੇ ਫੇਰ ਮੰਜੇ ਥੱਲੇ ਲੇਟ ਕੇ ਕੰਧ ਤੋੜਣ ਦੀ ਕੋਸ਼ਿਸ਼ ਕਰਦੇ ਸਨ। ਇਨ੍ਹਾਂ 'ਚੋਂ ਹੀ ਇੱਕ ਬੰਦਾ ਗਾਰਡਜ਼ ਦੀ ਹਰਕਤਾਂ ਉੱਤੇ ਨਿਗਰਾਨੀ ਰੱਖਦਾ ਸੀ।

ਬਾਹਰ ਦਾ ਪਲੱਸਟਰ ਕਾਫੀ ਮਜ਼ਬੂਤ ਸੀ, ਜਿਸ ਨੂੰ ਤੋੜਣ ਵਿੱਚ ਇਨ੍ਹਾਂ ਲੋਕਾਂ ਨੂੰ ਕਾਫੀ ਮਿਹਨਤ ਕਰਨੀ ਪਈ।

ਆਖ਼ਰਕਾਰ ਇਹ ਸਫ਼ਲ ਹੋਏ। ਪਾਕਿਸਤਾਨ ਦੀ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ 13 ਅਗਸਤ ਨੂੰ ਉਹ ਭੱਜੇ। ਗਰੇਵਾਲ ਨੇ ਦੱਸਿਆ ਕਿ ਉਸ ਦਿਨ ਸੁਰੱਖਿਆ ਘੱਟ ਸੀ। ਕੈਂਪ ਕਮਾਂਡਰ ਵਹੀਦੁਦੀਨ ਮਰੀ ਗਏ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਪਲੱਸਟਰ 'ਤੇ ਆਖਰੀ ਵਾਰ ਮਾਰਿਆ ਤੇ ਉਹ ਟੁੱਟ ਗਿਆ। ਉਸੇ ਦੌਰਾਨ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਪਲੱਸਟਰ ਟੁੱਟਣ ਦੀ ਆਵਾਜ਼ ਵੀ ਦੱਬ ਗਈ। ਨਾਲ ਹੀ ਬਾਹਰ ਪਹਿਰਾ ਦੇ ਰਹੇ ਗਾਰਡਜ਼ ਵਰਾਂਡੇ ਵਿੱਚ ਚਲੇ ਗਏ ਸਨ।

ਗਰੇਵਾਲ ਨੇ ਦੱਸਿਆ, ''ਸਾਡੇ ਕੋਲ ਰਾਸ਼ਨ ਤੇ ਪਾਣੀ ਸੀ, ਕੁਝ ਪੈਸੇ ਵੀ ਸਨ। ਅਸੀਂ ਕੰਧ ਟੱਪ ਕੇ ਸੜਕ 'ਤੇ ਪਹੁੰਚੇ। ਉਸੇ ਵੇਲੇ ਨੇੜੇ ਦੇ ਸਿਨੇਮਾਘਰ ਵਿੱਚ ਮਿਡ-ਨਾਈਟ ਸ਼ੋਅ ਖਤਮ ਹੋਇਆ ਸੀ।''

''ਉੱਥੇ ਕਾਫੀ ਭੀੜ ਹੋ ਗਈ ਸੀ, ਅਸੀਂ ਤਿੰਨੇ ਵੀ ਇਸ ਭੀੜ ਵਿੱਚ ਰਲ ਗਏ ਤੇ ਪੇਸ਼ਾਵਰ ਦੀ ਬੱਸ ਵਿੱਚ ਬਹਿ ਗਏ।''

ਤਸਵੀਰ ਸਰੋਤ, DILIP PARULKAR

ਤਸਵੀਰ ਕੈਪਸ਼ਨ,

ਦਿਲੀਪ ਪਰੂਲਕਰ

ਤਿੰਨੇ ਲੰਡੀ ਕੋਟਲ ਤੱਕ ਪਹੁੰਚ ਗਏ। ਹੁਣ ਤੱਕ ਸਾਰਾ ਕੁਝ ਯੋਜਨਾ ਤੋਂ ਵੀ ਬਿਹਤਰ ਚੱਲ ਰਿਹਾ ਸੀ ਪਰ ਇੱਥੇ ਆਕੇ ਗੱਲ ਵਿਗੜ ਗਈ।

ਪਰੁਲਕਰ ਨੇ ਦੱਸਿਆ, ''ਅਸੀਂ ਕੁਝ ਅਜੀਬ ਲੱਗ ਰਹੇ ਸੀ। ਪਹਿਲਾਂ ਤਾਂ ਸਾਨੂੰ ਬੰਗਲਾਦੇਸ਼ੀ ਸਮਝ ਕੇ ਰੋਕ ਲਿਆ ਗਿਆ। ਪਰ ਅਸੀਂ ਖੁਦ ਨੂੰ ਪਾਕਿਸਤਾਨੀ ਏਅਰਫੋਰਸ ਦਾ ਜਵਾਨ ਦੱਸਿਆ।''

''ਇਹ ਵੀ ਦੱਸਿਆ ਕਿ ਅਸੀਂ ਇਸਾਈ ਹਾਂ। ਫੇਰ ਸਾਨੂੰ ਤਹਿਸੀਲਦਾਰ ਦੇ ਦਫ਼ਤਰ ਲਿਜਾਇਆ ਗਿਆ।''

ਪਾਲੀਟੀਕਲ ਏਜੰਟ ਸਾਹਮਣੇ ਪੇਸ਼ੀ

ਉਨ੍ਹਾਂ ਲੋਕਾਂ 'ਤੇ ਰੌਹਬ ਵਿਖਾਉਣ ਲਈ ਦਿਲੀਪ ਨੇ ਉਨ੍ਹਾਂ ਨੂੰ ਚੀਫ ਆਫ ਏਅਰ ਸਟਾਫ ਦੇ ਏਡੀਸੀ ਉਸਮਾਨ ਨਾਲ ਗੱਲ ਕਰਨ ਨੂੰ ਕਿਹਾ।ਦਰਅਸਲ ਏਡੀਸੀ ਪਹਿਲਾਂ ਰਾਵਲਪਿੰਡੀ ਜੇਲ੍ਹ ਦੇ ਕੈਂਪ ਕਮਾਂਡਰ ਸੀ ਤੇ ਇਨ੍ਹਾਂ ਲੋਕਾਂ ਨੂੰ ਜਾਣਦੇ ਸੀ।

ਏਡੀਸੀ ਉਸਮਾਨ ਨੇ ਤਹਿਸੀਲਦਾਰ ਨੂੰ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਕੁਝ ਵੀ ਨਹੀਂ ਹੋਣਾ ਚਾਹੀਦਾ ਪਰ ਇਨ੍ਹਾਂ ਨੂੰ ਛੱਡਣਾ ਵੀ ਨਹੀਂ ਹੈ। ਏਡੀਸੀ ਉਸਮਾਨ ਨੇ ਉੱਥੇ ਦੇ ਪਾਲੀਟਿਕਲ ਏਜੰਟ ਨੂੰ ਫੋਨ ਕਰਕੇ ਇਹ ਸਾਰੀ ਜਾਣਕਾਰੀ ਦਿੱਤੀ।

ਆਖਰਕਾਰ ਉਨ੍ਹਾਂ ਨੂੰ ਪਾਲੀਟੀਕਲ ਏਜੰਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜੋ ਕੂਲੈਕਟਰ ਵਾਂਗ ਹੁੰਦਾ ਸੀ।

ਵੀਡੀਓ ਕੈਪਸ਼ਨ,

ਲੰਡਨ ਦੇ ਰਹਿਣ ਵਾਲੇ ਰਾਜ ਦੀ ਮੁਹੱਬਤ ਭਰੀ ਕਹਾਣੀ

ਵਿੰਗ ਕਮਾਂਡਰ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਨਾਂ ਮੇਜਰ ਬਰਕੀ ਸੀ। ਉਨ੍ਹਾਂ ਅੱਗੇ ਕਿਹਾ, ''ਮੇਜਰ ਬਰਕੀ ਨੇ ਸਾਨੂੰ ਦੱਸਿਆ ਕਿ ਅਸੀਂ ਦੁਨੀਆਂ ਦੇ ਸਭ ਤੋਂ ਅਭਾਗੇ ਲੋਕਾਂ 'ਚੋਂ ਹਨ।''

''ਆਪਣੀ ਖਿੜਕੀ ਤੋਂ ਇੱਕ ਪਹਾੜੀ ਵੱਲ ਇਸ਼ਾਰਾ ਕਰਦੇ ਹੋਇਆਂ ਉਨ੍ਹਾਂ ਕਿਹਾ ਕਿ ਉਹ ਅਫਗਾਨਿਸਤਾਨ ਵਿੱਚ ਹਨ। ਉਹ ਕਹਿ ਰਹੇ ਸਨ ਕਿ ਅਸੀਂ ਅਫਗਾਨਿਤਸਾਨ ਤੋਂ ਸਿਰਫ਼ ਕੁਝ ਹੀ ਦੂਰੀ 'ਤੇ ਸਨ।''

ਦੂਜੀ ਤਰਫ਼ ਹੁਣ ਤੱਕ ਰਾਵਲਪਿੰਡੀ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਿਆ ਸੀ ਕਿ ਤਿੰਨੇ ਕੈਦੀ ਭੱਜ ਚੁੱਕੇ ਹਨ। ਉਨ੍ਹਾਂ ਦੇ ਨੰਦੀ ਕੋਟਲ ਵਿੱਚ ਫੜੇ ਜਾਣ ਤੋਂ ਬਾਅਦ ਰਾਵਲਪਿੰਡੀ ਦੀ ਜੇਲ੍ਹ ਵਿੱਚ ਹਲਚਲ ਸ਼ੁਰੂ ਹੋ ਗਈ।

ਤਸਵੀਰ ਸਰੋਤ, DHIRENDRA S JAFA

ਤਸਵੀਰ ਕੈਪਸ਼ਨ,

ਪਾਕਿਸਤਾਨੀ ਜੇਲ੍ਹ ਤੋਂ ਭੱਜਣ ਵਾਲੇ ਤੀਜੇ ਕੈਦੀ ਹਰੀਸ਼ ਸਿੰਘ

ਜੰਗਬੰਦੀ ਕੈਂਪ ਵਿੱਚ ਮੌਜੂਦ ਏਅਰ ਕੋਮੋਡੋਰ ਜੇਐਲ ਭਾਰਗਵ ਨੇ ਬੀਬੀਸੀ ਨੂੰ ਦੱਸਿਆ, ''ਜੇ ਇਹ ਤਿੰਨੇ ਫੜੇ ਨਹੀਂ ਜਾਂਦੇ ਤਾਂ ਇਤਿਹਾਸ ਬਣ ਜਾਂਦਾ। ਸਾਨੂੰ ਲਾਇਲਪੁਰ ਸ਼ਿਫਟ ਕਰ ਦਿੱਤਾ ਗਿਆ। ਸਾਡੇ ਨਾਲ ਚਾਰ ਪੰਜ ਦਿਨ ਰਾਵਲਪਿੰਡੀ ਵਿੱਚ ਬਹੁਤ ਮਾੜਾ ਵਤੀਰਾ ਕੀਤਾ।''

''ਪਰ ਲਾਇਲਪੁਰ ਵਿੱਚ ਹਾਲਾਤ ਕੁਝ ਹੋਰ ਸਨ। ਉੱਥੇ ਕਈ ਭਾਰਤੀ ਕੈਦੀ ਪਹਿਲਾਂ ਹੀ ਬੰਦ ਸੀ। ਇੱਥੇ ਹੀ ਸਾਡੀ ਇਨ੍ਹਾਂ ਤਿੰਨਾਂ ਨਾਲ ਮੁਲਾਕਾਤ ਹੋਈ।''

ਬਾਅਦ ਵਿੱਚ ਭਾਰੀ ਸੁਰੱਖਿਆ ਤਹਿਤ ਇਨ੍ਹਾਂ ਨੂੰ ਪੇਸ਼ਾਵਰ ਲਿਜਾਇਆ ਗਿਆ।

ਪਰ ਗੱਲ ਇੱਥੇ ਨਹੀਂ ਮੁੱਕਦੀ। ਪੇਸ਼ਾਵਰ ਵਿੱਚ ਵੀ ਦਿਲੀਪ ਪਰੁਲਕਰ ਨੇ ਕਮਰੇ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਪਰ ਉਹ ਸ਼ੁਰੂਆਤ ਵਿੱਚ ਹੀ ਫੜੇ ਗਏ।

ਸਜ਼ਾ ਦੇ ਤੌਰ 'ਤੇ ਹੱਥਾਂ ਤੇ ਪੈਰਾਂ 'ਤੇ ਹਥਕੜੀਆਂ ਤੇ ਬੇੜੀਆਂ ਲਾ ਦਿੱਤੀਆਂ ਗਈਆਂ। ਇਸਦੇ ਵਿਰੋਧ ਵਿੱਚ ਪਰੁਲਕਰ ਨੇ ਭੁੱਖ ਹੜਤਾਲ ਦਾ ਐਲਾਨ ਕਰ ਦਿੱਤਾ।

ਅਗਲੇ ਦਿਨ ਬੇਸ ਕਮਾਂਡਰ ਸਣੇ ਕਈ ਅਧਿਕਾਰੀ ਆਏ। ਉਨ੍ਹਾਂ ਇਨ੍ਹਾਂ ਲੋਕਾਂ ਨੂੰ ਚੰਗਾ ਵਤੀਰਾ ਕਰਨ ਦੀ ਸਲਾਹ ਦਿੱਤੀ।

ਅਲੱਗ-ਥਲੱਗ ਰੱਖਣ ਦੀ ਸਜ਼ਾ

ਬਾਅਦ 'ਚ ਹਥਕੜੀਆਂ ਖੋਲ ਦਿੱਤੀਆਂ ਗਈਆਂ। ਤਿੰਨ ਚਾਰ ਦਿਨਾਂ ਬਾਅਦ ਇਨ੍ਹਾਂ ਨੂੰ ਰਾਵਲਪਿੰਡੀ ਲਿਜਾਇਆ ਗਿਆ, ਜਿੱਥੇ ਪੂਰੇ ਮਾਮਲੇ ਦੀ ਜਾਂਚ ਹੋਣੀ ਸੀ। ਜਾਂਚ ਤੋਂ ਬਾਅਦ ਇੰਨਾਂ ਤਿੰਨਾਂ ਨੂੰ ਇੱਕ ਮਹੀਨੇ ਤੱਕ ਵੱਖ ਵੱਖ ਕਮਰਿਆਂ ਵਿੱਚ ਰੱਖਣ ਦੀ ਸਜ਼ਾ ਸੁਣਾਈ ਗਈ।

ਫੇਰ ਇਨ੍ਹਾਂ ਨੂੰ ਲਾਇਲਪੁਰ ਲਿਜਾਇਆ ਗਿਆ। ਜਿੱਥੇ ਪਹਿਲਾਂ ਤੋਂ ਹੀ ਵੱਡੀ ਗਿਣਤੀ ਵਿੱਚ ਭਾਰਤੀ ਕੈਦੀ ਮੌਜੂਦ ਸਨ। ਉਦੋਂ ਤੱਕ ਇਨ੍ਹਾਂ ਦੇ ਪੁਰਾਣੇ ਸਾਥੀ ਵੀ ਲਾਇਲਪੁਰ ਜੇਲ੍ਹ ਵਿੱਚ ਪਹੁੰਚ ਚੁੱਕੇ ਸੀ।

ਇਨ੍ਹਾਂ ਨੇ ਲਾਇਲਪੁਰ ਵਿੱਚ ਜਨਮ ਅਸ਼ਟਮੀ ਮਨਾਉਣ ਦੀ ਯੋਜਨਾ ਬਣਾਈ। ਜਦ ਕੁਝ ਸੀਨੀਅਰ ਅਧਿਕਾਰੀ ਇਸ ਪ੍ਰੋਗਰਾਮ ਨੂੰ ਵੇਖਣ ਲਈ ਪਹੁੰਚੇ, ਤਾਂ ਇਨ੍ਹਾਂ ਲੋਕਾਂ ਨੇ ਪਰੁਲਕਰ, ਹਰੀਸ਼ ਸਿੰਘ ਤੇ ਗਰੇਵਾਲ ਦੇ ਉੱਥੋਂ ਨਿਕਲਣ ਦੀ ਮੰਗ ਰੱਖੀ।

ਵੀਡੀਓ ਕੈਪਸ਼ਨ,

ਭਾਰਤੀ ਜੇਲ੍ਹਾਂ 'ਚ ਬੰਦ ਪਾਕਿਸਤਾਨੀ ਮਛੇਰਿਆਂ ਦੀਆਂ ਪਤਨੀਆਂ ਨੇ ਕੀਤੀ ਰਿਹਾਈ ਦੀ ਅਪੀਲ

ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਨਹੀਂ ਛੱਡਿਆ ਜਾਵੇਗਾ, ਤਾਂ ਉਹ ਪ੍ਰੋਗਰਾਮ ਨਹੀਂ ਕਰਨਗੇ। ਹਾਲੇ ਇੰਨਾਂ ਤਿੰਨਾਂ ਦੀ ਸਜ਼ਾ ਦੇ ਛੇ ਦਿਨ ਬਾਕੀ ਸੀ। ਪਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਿਤੇ ਮਾਮਲਾ ਵਿਗੜ ਨਾ ਜਾਏ, ਇਸ ਲਈ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

ਫੇਰ ਦਸੰਬਰ 1972 ਵਿੱਚ ਜੰਗ ਦੇ ਕੈਦੀਆਂ ਦੀ ਅਦਲਾ ਬਦਲੀ ਤਹਿਤ ਇਹ ਲੋਕ ਭਾਰਤ ਪਹੁੰਚੇ। ਭਾਵੇਂ ਇਨ੍ਹਾਂ ਤਿੰਨਾਂ ਕੈਦੀਆਂ ਦੇ ਭੱਜਣ ਦੀ ਕੋਸ਼ਿਸ਼ ਨਾਕਾਮ ਰਹੀ, ਪਰ ਉਨ੍ਹਾਂ ਨੇ ਆਪਣਾ ਫਰਜ਼ ਨਿਭਾਇਆ।

ਮੰਨਿਆ ਜਾਂਦਾ ਹੈ ਕਿ ਜੰਗਬੰਦੀ ਦੌਰਾਨ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਕਰਨਾ ਕੈਦੀਆਂ ਦਾ ਫਰਜ਼ ਹੁੰਦਾ ਹੈ ਤੇ ਉਨ੍ਹਾਂ ਨੇ ਆਪਣਾ ਫਰਜ਼ ਨਿਭਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)