ਤਾਲਿਬਾਨ ਹਮਲੇ ਦੇ ਮੰਜ਼ਰ ਦਾ ਬੀਬੀਸੀ ਪੱਤਰਕਾਰ ਨੇ ਦੱਸਿਆ ਅੱਖੀਂ ਡਿੱਠਾ ਹਾਲ

ਅਸਦਉੱਲਾ ਜਲਾਲਜ਼ਈ
ਫੋਟੋ ਕੈਪਸ਼ਨ ਗਜ਼ਨੀ ਉੱਤੇ ਅੱਤਵਾਦੀ ਹਮਲੇ ਦਾ ਚਸ਼ਮਦੀਦ ਬੀਬੀਸੀ ਪੱਤਰਕਾਰ ਅਸਦਉੱਲਾ ਜਲਾਲਜ਼ਈ

ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਦੱਖਣ ਵਿਚ ਸਥਿਤ ਅਤੇ ਰਣਨੀਤਿਕ ਤੌਰ 'ਤੇ ਅਹਿਮ ਸ਼ਹਿਰ ਗ਼ਜ਼ਨੀ ਉੱਤੇ ਹਮਲਾ ਸਰਕਾਰ ਅਤੇ ਉਸਦੇ ਕੌਮਾਂਤਰੀ ਸਹਿਯੋਗੀਆਂ ਲਈ ਇੱਕ ਵੱਡਾ ਝਟਕਾ ਹੈ।

ਪੰਜ ਦਿਨ ਚੱਲੀ ਇਸ ਲੜਾਈ 'ਚ ਘੱਟੋ ਘੱਟ 140 ਸੁਰੱਖਿਆ ਕਰਮੀ ਅਤੇ 60 ਨਾਗਰਿਕ ਮਾਰੇ ਗਏ ਸਨ। ਸ਼ਹਿਰ ਵਿੱਚੋਂ ਕੱਢੇ ਜਾਣ ਤੋਂ ਪਹਿਲਾਂ ਤਾਲਿਬਾਨ ਨੇ ਵੀ ਆਪਣੇ ਸੈਂਕੜੇ ਲੜਾਕੂ ਗੁਆ ਲਏ ਸਨ।

ਬੀਬੀਸੀ ਪਸ਼ਤੋ ਦੇ ਪੱਤਰਕਾਰ ਅਸਦਉੱਲਾ ਜਲਾਲਜ਼ਈ ਨੇ ਲੜਾਈ ਦੌਰਾਨ ਵਿੱਚੋਂ ਸੁਰੱਖਿਅਤ ਬਚ ਨਿਕਲਣ ਤੋਂ ਪਹਿਲਾਂ ਤਿੰਨ ਦਿਨ ਇਸ ਸ਼ਹਿਰ ਦੇ ਖੌਫਨਾਕ ਮਾਹੌਲ ਵਿੱਚ ਕੱਢੇ। ਹੁਣ ਇਹ ਸ਼ਹਿਰ ਵਾਪਸ ਸਰਕਾਰ ਦੇ ਅਧੀਨ ਆ ਗਿਆ ਹੈ। ਉਨ੍ਹਾਂ ਨੇ ਆਪਣੇ ਅਨੁਭਵ ਨੂ ਇਸ ਪ੍ਰਕਾਰ ਕਲਮਬੱਧ ਕੀਤਾ।

10 ਅਗਸਤ : 'ਉਹ ਫੌਜੀਆਂ ਦੇ ਭੇਸ ਵਿਚ ਆਏ'

ਰਾਤ ਕਰੀਬ 12.30 ਵਜੇ ਭਾਰੀ ਗੋਲੀਬਾਰੀ ਨੇ ਰਾਤ ਦੇ ਸੰਨਾਟੇ ਨੂੰ ਅਚਾਨਕ ਭੰਗ ਕਰ ਦਿੱਤਾ। ਸਾਰਿਆਂ ਦੀ ਨੀਂਦ ਟੁੱਟ ਗਈ ਅਤੇ ਮੇਰੇ ਬੱਚੇ ਰੋਣ ਲੱਗੇ। ਮੈਂ ਤੁਰੰਤ ਸਭ ਨੂੰ ਖਿੜਕੀਆਂ ਤੋਂ ਦੂਰ ਕਰ ਦਿੱਤਾ। ਉਸੇ ਵੇਲੇ ਮੇਰੇ ਇੱਕ ਬਜ਼ੁਰਗ ਗੁਆਂਢੀ ਦੀ ਆਵਾਜ਼ ਸੁਣਾਈ ਦਿੱਤੀ, "ਘਰਾਂ ਤੋਂ ਬਾਹਰ ਨਾ ਨਿਕਲਿਓ।"

ਇਹ ਵੀ ਪੜ੍ਹੋ꞉

ਨਾਲ ਵਾਲੇ ਇੱਕ ਗੁਆਂਢੀ ਨੇ ਸਾਂਝੀ ਕੰਧ ਉੱਤੇ ਕੁਝ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਅਸੀਂ ਸੁਚੇਤ ਰਹੀਏ। ਉਸ ਰਾਤ ਕੋਈ ਨਹੀਂ ਸੁੱਤਾ, ਬੱਚੇ ਵੀ ਨਹੀਂ।

ਸਵੇਰੇ ਸਾਨੂੰ ਸ਼ਹਿਰ ਵਿਚ ਥਾਂ-ਥਾਂ ਤੋਂ ਉੱਠਦਾ ਧੂੰਆਂ ਨਜ਼ਰ ਆਇਆ। ਸੰਚਾਰ ਦੇ ਸਾਰੇ ਟਾਵਰ, ਜੋ ਇੱਕ ਹੀ ਪਹਾੜੀ ਉੱਤੇ ਲੱਗੇ ਹੋਏ ਸਨ, ਅੱਗ ਦੀ ਲਪੇਟ ਵਿੱਚ ਆ ਗਏ ਸਨ। ਸੰਚਾਰ ਸੇਵਾਵਾਂ ਪੂਰੀ ਤਰ੍ਹਾਂ ਠੱਪ ਸਨ। ਪਾਣੀ ਵੀ ਬੰਦ ਸੀ ਅਤੇ 5,000 ਪਰਿਵਾਰ ਇਸ ਕਾਰਨ ਪ੍ਰਭਾਵਿਤ ਹੋ ਰਹੇ ਸਨ।

ਪਹਾੜੀ ਦੇ ਕੋਲ ਮੈਨੂੰ ਫੌਜ ਦੀ ਇੱਕ ਪਲਟੀ ਹੋਈ ਗੱਡੀ ਨਜ਼ਰ ਆਈ, ਜਿਸ 'ਚ ਪੰਜ ਅਫ਼ਗ਼ਾਨ ਫੌਜੀਆਂ ਦੀਆਂ ਲਾਸ਼ਾਂ ਅਜੇ ਵੀ ਫਸੀਆਂ ਹੋਈਆਂ ਸਨ। ਸ਼ਹਿਰ ਦੇ ਹੋਰ ਹਿੱਸਿਆਂ ਵਿਚ ਵੀ ਲਾਸ਼ਾਂ ਪਈਆਂ ਸਨ ਜੋ ਵਰਦੀ ਪਹਿਨੀ ਹੋਣ ਕਰਕੇ ਫੌਜੀਆਂ ਦੀਆਂ ਲਗਦੀਆਂ ਸਨ।

ਪਰ ਨਜ਼ਦੀਕ ਤੋਂ ਉਨ੍ਹਾਂ ਦੀਆਂ ਲੰਮੀਆਂ ਦਾੜ੍ਹੀਆਂ ਅਤੇ ਵਾਲ ਵੇਖ ਕੇ ਪਤਾ ਲਗਦਾ ਸੀ ਕਿ ਅਸਲ ਵਿਚ ਇਹ ਤਾਲਿਬਾਨੀ ਲੜਾਕੇ ਸਨ, ਜਿਨ੍ਹਾਂ ਨੇ ਫੌਜੀ ਵਰਦੀ ਪਾ ਕੇ ਸ਼ਹਿਰ ਵਿਚ ਘੁਸਪੈਠ ਕੀਤੀ ਸੀ।

Image copyright Reuters
ਫੋਟੋ ਕੈਪਸ਼ਨ ਲੋਕ ਆਪਣੇ ਘਰਾਂ ਵਿਚ ਫਸੇ ਹੋਏ ਸਨ ਤੇ ਗਲੀਆਂ ਵਿਚ ਲੜਾਈ ਜਾਰੀ ਸੀ

ਜਦੋਂ ਸੂਰਜ ਸ਼ਹਿਰ ਦੇ ਦੱਖਣੀ ਪਹਾੜਾਂ ਪਿੱਛੇ ਛੁਪ ਰਿਹਾ ਸੀ ਤਾਂ ਲੋਕ ਆਪਣੇ ਘਰਾਂ ਵਿਚ ਫਸੇ ਹੋਏ ਸਨ ਤੇ ਗਲੀਆਂ ਵਿਚ ਲੜਾਈ ਜਾਰੀ ਸੀ। ਕਈਆਂ ਨੂੰ ਇਹ ਨਹੀਂ ਸੀ ਪਤਾ ਕਿ ਬਾਕੀ ਥਾਵਾਂ 'ਤੇ ਕੀ ਹੋ ਰਿਹਾ ਸੀ।

ਅਸਲ 'ਚ ਤਾਲਿਬਾਨ ਨੇ ਗ਼ਜ਼ਨੀ ਉੱਤੇ ਚਾਰੇ ਪਾਸਿਓਂ ਹਮਲਾ ਕੀਤਾ ਸੀ ਅਤੇ ਪਹਿਲੇ ਦਿਨ ਤਾਂ ਸ਼ਹਿਰ ਦੇ ਹਰ ਹਿੱਸੇ ਵਿਚ ਭਾਰੀ ਝੜਪਾਂ ਹੋ ਰਹੀਆਂ ਸਨ। ਅਸੀਂ ਰਾਤ ਗੋਲੀਬਾਰੀ ਅਤੇ ਹੈਲੀਕਾਪਟਰਾਂ ਦੀ ਆਵਾਜ਼ ਸੁਣਦਿਆਂ ਕੱਟੀ।

ਕਿਸੇ ਨੂੰ ਨਹੀਂ ਸੀ ਪਤਾ ਕਿ ਗੁਆਂਢੀਆਂ ਦਾ ਕੀ ਹਾਲ ਸੀ। ਬੂਹਾ ਖੋਲ੍ਹ ਕੇ ਬਾਹਰ ਨਿਕਲਣ 'ਚ ਖ਼ਤਰਾ ਬਹੁਤ ਜ਼ਿਆਦਾ ਸੀ।

11 ਅਗਸਤ: 'ਦਵਾਈਆਂ ਮੁੱਕ ਰਹੀਆਂ ਨੇ'

ਤਾਲਿਬਾਨ ਲੜਾਕੇ ਸ਼ਹਿਰ ਦੇ ਵਿਚਕਾਰ ਪਹੁੰਚ ਚੁੱਕੇ ਸਨ। ਸਿਨੇਮਾ ਸਕੁਏਅਰ ਦੇ ਕੋਲ ਉਨ੍ਹਾਂ ਨੇ ਇੱਕ ਪੁਲਿਸ ਟਰੇਨਿੰਗ ਸੈਂਟਰ ਨੂੰ ਅੱਗ ਲਾ ਦਿੱਤੀ। ਕੁਝ ਮਸ਼ੀਨਗੰਨਾਂ ਅਤੇ ਰਾਕੇਟ ਲਾਂਚਰ ਫੜ ਕੇ ਬ੍ਰੋਕਨ ਬ੍ਰਿਜ ਉੱਤੇ ਖੜੇ ਸਨ।

ਥੋੜੀ ਜਿਹੀ ਦੂਰੀ 'ਤੇ ਹੀ ਅਫ਼ਗ਼ਾਨ ਫੌਜੀ ਇਕ ਮਸਜਿਦ ਦੇ ਪਿੱਛੇ ਸਨ।

ਦੋਹਾਂ ਦੇ ਵਿਚ ਦੂਰੀ 100 ਮੀਟਰ ਤੋਂ ਜ਼ਿਆਦਾ ਨਹੀਂ ਸੀ। ਜਿਵੇਂ ਹੀ ਕੋਈ ਲੜਾਕਾ ਜਾਂ ਅਫ਼ਗ਼ਾਨ ਫੌਜੀ ਕਿਸੇ ਕੰਧ ਪਿੱਛੋਂ ਬਾਹਰ ਨਿਕਲਦਾ ਤਾਂ ਗੋਲੀਬਾਰੀ ਹੋਣ ਲਗਦੀ।

ਇਸ ਲੜਾਈ ਦੇ ਦਰਮਿਆਨ ਸਨ, ਆਮ ਲੋਕ ਜੋ ਭੱਜਣ ਦੀ ਕੋਸ਼ਿਸ਼ ਵਿਚ ਆਪਣੇ ਸਿਰਾਂ ਨੂੰ ਗੋਲੀਆਂ ਨਾਲ ਉੱਡਣ ਤੋਂ ਬਚਾ ਰਹੇ ਸਨ। ਇਸ ਦੌਰਾਨ ਇਕ ਹੋਰ ਬੁਰੀ ਖ਼ਬਰ ਆ ਗਈ। ਸ਼ਹਿਰ ਦੀ ਬਿਜਲੀ ਸਪਲਾਈ ਬੰਦ ਹੋ ਗਈ।

ਇਲਾਕੇ ਦਾ ਹਸਪਤਾਲ ਸੈਂਕੜੇ ਜ਼ਖਮੀ ਲੋਕਾਂ ਨਾਲ ਭਰਿਆ ਹੋਇਆ ਸੀ। ਦਰਜਨਾਂ ਲਾਸ਼ਾਂ ਦੇ ਢੇਰ ਵਿਚੋਂ ਲੋਕ ਆਪਣੇ ਰਿਸ਼ਤੇਰਾਦਾਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਜਿਵੇਂ ਹੀ ਕੋਈ ਜ਼ੋਰ ਨਾਲ ਰੋਂਦਾ ਤਾਂ ਪਤਾ ਲੱਗਦਾ ਕਿ ਸ਼ਾਇਦ ਕਿਸੇ ਲਾਸ਼ ਦੀ ਪਛਾਣ ਹੋ ਗਈ ਹੈ।

Image copyright Reuters
ਫੋਟੋ ਕੈਪਸ਼ਨ ਡਾਕਟਕ ਬਾਜ਼ ਨੇ ਕਿਹਾ, "ਦਵਾਈਆਂ ਮੁੱਕ ਰਹੀਆਂ ਹਨ। ਅਸੀਂ ਫਸਟ-ਏਡ ਵੀ ਨਹੀਂ ਦੇ ਸਕਦੇ।"

ਇੱਕ ਐਂਬੂਲੈਂਸ ਵਿਚ ਕੁਝ ਹੋਰ ਜ਼ਖਮੀ ਉੱਥੇ ਲਿਆਉਂਦੇ ਗਏ। ਡਰਾਈਵਰ ਨੇ ਦੱਸਿਆ ਕਿ ਉਹ ਤਾਲਿਬਾਨੀ ਲੜਾਕੇ ਸਨ।

ਕਲੀਨਿਕ ਦਾ ਮੁਖੀ ਡਰਾਈਵਰ ਨੂੰ ਕਹਿੰਦਾ, "ਇਨ੍ਹਾਂ ਨੂੰ ਕਿਸੇ ਹੋਰ ਕਲੀਨਿਕ ਲੈ ਜਾਓ। ਇੱਥੇ ਕੁਝ ਪੁਲਿਸ ਵਾਲੇ ਭਰਤੀ ਹਨ। ਕਿਤੇ ਦੋਵੇਂ ਹਸਪਤਾਲ ਵਿਚ ਹੀ ਇੱਕ ਦੂਜੇ 'ਤੇ ਗੋਲੀਆਂ ਨਾ ਚਲਾਉਣ ਲੱਗ ਜਾਣ।"

ਕੁਝ ਜ਼ਖਮੀ ਲੋਕ ਹਸਪਤਾਲ ਦੇ ਲਾਅਨ ਵਿਚ ਪਏ ਸਨ। ਛੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਸਨ। ਡਾਕਟਰ ਬਾਜ਼ ਮੁਹੰਮਦ ਨੇ ਮੈਨੂੰ ਦੱਸਿਆ, "ਦਵਾਈਆਂ ਮੁੱਕ ਰਹੀਆਂ ਹਨ। ਅਸੀਂ ਫਸਟ-ਏਡ ਵੀ ਨਹੀਂ ਦੇ ਸਕਦੇ।"

ਇਸ ਭੱਜ ਦੌੜ ਵਿਚ ਵੀ ਲੋਕ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਲੱਭ ਰਹੇ ਸਨ। ਗ਼ੁਲਾਮ ਸਨਾਈ ਉਨ੍ਹਾਂ 'ਚੋਂ ਇੱਕ ਸੀ ਅਤੇ ਉਸਨੇ ਦੱਸਿਆ ਕਿ ਉਹ ਆਪਣੇ ਭਰਾ, ਜੋ ਕਿ ਇੱਕ ਦੁਕਾਨਦਾਰ ਸੀ, ਦੀ ਭਾਲ ਸਵੇਰ ਤੋਂ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ, "ਸਾਰਾ ਦਿਨ ਲੰਘ ਗਿਆ ਤੇ ਮੈਂ ਬਸ ਇੱਕ ਹਸਪਤਾਲ ਤੋਂ ਦੂਜੇ ਜਾ ਰਿਹਾ ਹਾਂ।"

ਭੋਜਨ ਦੀ ਵੀ ਕਮੀ ਹੋਣ ਲੱਗੀ ਸੀ। ਸ਼ਹਿਰ 'ਚ ਹੁਣ ਬਸ ਦੋ ਹੀ ਬੇਕਰੀਆਂ ਖੁੱਲ੍ਹੀਆਂ ਸਨ। ਬ੍ਰੈਡ ਦੀ ਕੀਮਤ ਦੋ ਦਿਨਾਂ ਵਿਚ 10 ਅਫ਼ਗ਼ਾਨੀ (ਕਰੰਸੀ) ਤੋਂ ਵਧ ਕੇ 50-60 ਅਫ਼ਗ਼ਾਨੀ (47-57 ਭਾਰਤੀ ਰੁਪਈਏ) ਪਹੁੰਚ ਚੁੱਕੀ ਸੀ।

12 ਅਗਸਤ : 'ਸ਼ਹਿਰੋਂ ਭੱਜਦਿਆਂ ਨੂੰ ਉਹ ਰੋਕ ਰਹੇ ਸਨ'

ਤੀਜੇ ਦਿਨ ਵੀ ਲੜਾਈ ਜਾਰੀ ਰਹੀ। ਮੈਂ ਸ਼ਹਿਰ ਛੱਡ ਕੇ ਜਾਣ ਦਾ ਫ਼ੈਸਲਾ ਕਰ ਲਿਆ ਸੀ ਪਰ ਹਸਪਤਾਲ ਦਾ ਦਰਦਨਾਕ ਮੰਜ਼ਰ ਮੇਰੀਆਂ ਅੱਖਾਂ ਸਾਹਮਣੇ ਘੁੰਮ ਰਿਹਾ ਸੀ।

ਸ਼ਾਮ ਹੋ ਚੁੱਕੀ ਸੀ ਤੇ ਹਨੇਰਾ ਛਾਇਆ ਹੋਇਆ ਸੀ। ਗ਼ਜ਼ਨੀ ਦੇ ਉੱਤਰੀ ਇਲਾਕੇ 'ਚ ਮੈਂ ਚਾਰ ਫੌਜੀ ਗੱਡੀਆਂ ਦੇਖੀਆਂ। ਫੌਜੀ ਉਨ੍ਹਾਂ ਦੇ ਕੋਲ ਖੜ੍ਹੇ ਸਨ ਅਤੇ ਸ਼ਹਿਰ ਛੱਡ ਕੇ ਜਾਂਦੇ ਲੋਕਾਂ ਨੂੰ ਰੋਕ ਰਹੇ ਸਨ, ਸਵਾਲ ਪੁੱਛ ਰਹੇ ਸਨ।

ਮੈਨੂੰ ਵੀ ਰੋਕਿਆ ਗਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤਾਂ ਸ਼ਹਿਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਜਾ ਰਿਹਾ ਸੀ। ਉਨ੍ਹਾਂ ਨੇ ਸਾਡੇ ਗਰੁੱਪ ਨੂੰ ਅੱਗੇ ਜਾਣ ਦਿੱਤਾ ਅਤੇ ਕੁਝ ਹੀ ਪਲਾਂ 'ਚ ਅਸੀਂ ਕਾਬੁਲ ਦੇ ਰਾਹ ਪੈ ਗਏ। ਕਾਬੁਲ ਸਾਥੋਂ 148 ਕੀਲੋਮੀਟਰ ਦੂਰ ਸੀ।

ਜਦੋਂ ਅਸੀਂ ਕਰੀਬ ਅੱਧੇ ਰਾਹ ਪਹੁੰਚ ਗਏ ਤਾਂ ਵਰਦਕ ਸੂਬੇ ਦੇ ਇਲਾਕੇ 'ਚ ਤਾਲਿਬਾਨੀ ਲੜਾਕਿਆ ਨੇ ਸਾਡੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਸਾਡੇ ਡਰਾਈਵਰ ਨੇ ਤੇਜ਼ੀ ਨਾਲ ਗੱਡੀ ਘੁੰਮਾਈ ਤੇ ਭਜਾ ਲਈ। ਕਈ ਪਿੰਡਾਂ ਵਿਚੋਂ ਨਿਕਲ ਕੇ ਅਸੀਂ ਮੈਦਾਨ ਸ਼ਹਿਰ ਪਹੁੰਚੇ ਜੋ ਕਿ ਕਾਬੁਲ ਤੋਂ ਘੰਟਾ ਕੁ ਦੂਰ ਹੈ।

ਤਿੰਨ ਦਿਨ ਦੀ ਦਹਿਸ਼ਤ ਤੋਂ ਬਾਅਦ ਅਸੀਂ ਹੁਣ ਖ਼ਤਰੇ ਤੋਂ ਬਾਹਰ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ