ਇਮਰਾਨ ਖ਼ਾਨ ਨੂੰ ਚੁਣਿਆ ਗਿਆ ਪਾਕਿਸਤਾਨ ਦਾ ਪ੍ਰਧਾਨ ਮੰਤਰੀ

ਇਮਰਾਨ ਖ਼ਾਨ Image copyright EPA

ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੂੰ ਪਾਕਿਸਤਾਨ ਦੀ ਪਾਰਲੀਮੈਂਟ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਚੁਣ ਲਿਆ ਹੈ।

ਸ਼ਨੀਵਾਰ ਨੂੰ ਇਮਰਾਨ ਖ਼ਾਨ ਦਾ ਦਾ ਸਹੁੰ ਚੁੱਕ ਸਮਾਗਮ ਹੋਣ ਜਾ ਰਿਹਾ ਹੈ ਜਿਸ ਵਿੱਚ ਸ਼ਿਰਕਤ ਕਰਨ ਭਾਰਤ ਤੋਂ ਸਾਬਕਾ ਕ੍ਰਿਕਟਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਪਾਕਿਸਤਾਨ ਪਹੁੰਚ ਚੁਕੇ ਹਨ।

ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਨੇ ਛੋਟੀਆਂ ਸਿਆਸੀ ਪਾਰਟੀਆਂ ਦੀ ਮਦਦ ਨਾਲ ਅਸੰਬਲੀ ਵਿੱਚ 176 ਵੋਟਾਂ ਹਾਸਿਲ ਕਰ ਲਈਆਂ ਹਨ।

ਇਮਰਾਨ ਦੇ ਵਿਰੋਧੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਸ਼ਹਿਬਾਜ਼ ਸ਼ਰੀਫ਼ ਨੂੰ 96 ਵੋਟਾਂ ਮਿਲੀਆਂ। ਦੂਜੇ ਪਾਸੇ ਬਿਲਾਵਲ ਭੁੱਟੋ ਦੀ ਪਾਰਟੀ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।

ਨੈਸ਼ਨਲ ਅਸੰਬਲੀ ਦੇ ਸਪੀਕਰ ਨੇ ਜਿਵੇਂ ਹੀ ਨਤੀਜੇ ਐਲਾਨ ਕੀਤੇ, ਨਾਮਨਜ਼ੂਰ ਨਾਮਨਜ਼ੂਰ ਦੇ ਨਾਅਰੇ ਸਦਨ ਵਿੱਚ ਗੂੰਜਣ ਲੱਗੇ।

ਇਮਰਾਨ ਖ਼ਾਨ ਚੰਗੇ ਖਿਡਾਰੀ ਜਾਂ ਸਿਆਸਤਦਾਨ?

ਇਮਰਾਨ ਅਹਿਮਦ ਖ਼ਾਨ ਨਿਆਜ਼ੀ ਖਿਡਾਰੀ ਚੰਗੇ ਹਨ ਜਾਂ ਸਿਆਸਤਦਾਨ? ਇਸ ਬਾਰੇ ਲੋਕਾਂ ਦੀ ਰਾਏ ਵੱਖੋ-ਵੱਖ ਦਿਖਾਈ ਦਿੰਦੀ ਹੈ, ਪਰ ਇਨ੍ਹਾਂ ਬਾਰੇ ਇੱਕ ਗੱਲ ਸਪੱਸ਼ਟ ਹੈ ਕਿ ਉਹ ਆਪਣੇ ਲਈ ਜਿਹੜੇ ਮਕਸਦ ਚੁਣ ਲੈਂਦੇ ਹਨ, ਉਸ ਨੂੰ ਪੂਰਾ ਕੀਤੇ ਬਿਨਾਂ ਆਰਾਮ ਨਾਲ ਨਹੀਂ ਬੈਠਦੇ।

1992 ਵਿੱਚ ਜੇਕਰ ਵਿਸ਼ਵ ਕੱਪ ਜਿੱਤਣ ਦਾ ਟੀਚਾ ਸੀ ਤਾਂ ਸਿਆਸੀ ਅਖਾੜੇ ਵਿੱਚ ਕੁੱਦਣ ਤੋਂ ਬਾਅਦ ਕੇਂਦਰ ਵਿੱਚ ਸਰਕਾਰ ਬਣਾਉਣਾ ਜਾਂ ਪ੍ਰਧਾਨ ਮੰਤਰੀ ਬਣਨਾ ਹੀ ਉਦੇਸ਼ ਰਹਿ ਗਿਆ। ਅੱਜ ਉਹ ਇਸ ਟੀਚੇ ਨੂੰ ਤਕਰੀਬਨ ਪੂਰਾ ਕਰ ਚੁੱਕੇ ਹਨ।

ਇਹ ਵੀ ਪੜ੍ਹੋ

ਇੱਕ ਚੰਗੇ ਖਿਡਾਰੀ ਲਈ ਸਭ ਤੋਂ ਵੱਡੀ ਗੱਲ ਜਿੱਤ ਹੁੰਦੀ ਹੈ। ਉਹ ਕਾਮਯਾਬੀ ਲਈ ਲੰਬੇ ਸੰਘਰਸ਼ ਅਤੇ ਤਨ-ਮਨ ਦੀ ਬਾਜ਼ੀ ਲਗਾ ਦਿੰਦਾ ਹੈ। ਜਿੱਤ ਉਸ ਲਈ ਕਿਸੇ ਵੀ ਖੇਡ ਦਾ ਸਿਖ਼ਰ ਹੁੰਦਾ ਹੈ ਪਾਰਟੀ ਆਗਾਜ਼ ਨਹੀਂ।

ਵਿਸ਼ਵ ਕੱਪ ਘਰ ਲਿਆਉਣ ਅਤੇ 1996 ਵਿੱਚ ਤਹਿਰੀਕ-ਏ-ਇਨਸਾਫ਼ ਦੀ ਨੀਂਹ ਰੱਖਣ ਤੋਂ ਬਾਅਦ ਇਮਰਾਨ ਖ਼ਾਨ ਨੇ ਕੇਂਦਰ ਵਿੱਚ ਸਰਕਾਰ ਬਣਾਉਣ ਦਾ ਸਭ ਕੋਂ ਵੱਡਾ ਟੀਚਾ ਰੱਖਿਆ।

ਇਸ ਦੌਰਾਨ ਉਨ੍ਹਾਂ ਨੂੰ 2013 ਵਿੱਚ ਖ਼ੈਬਰ ਪਖਤੂਨਵਾ ਦੀ ਸੂਬਾ ਸਰਕਾਰ ਵੀ ਮਿਲੀ ਜਿਸ ਵਿੱਚ ਉਹ 2018 ਲਈ ਭਰਪੂਰ ਪ੍ਰੈਕਟਿਸ ਕਰ ਸਕਦੇ ਸੀ ਪਰ ਉਨ੍ਹਾਂ ਨੇ ਕੋਈ ਦਿਲਚਸਪੀ ਨਹੀਂ ਵਿਖਾਈ।

Image copyright EPA
ਫੋਟੋ ਕੈਪਸ਼ਨ ਸੂਬਾ ਪੱਧਰੀ ਸਿਆਸਤ ਤੋਂ ਇਮਰਾਨ ਨੇ ਖੁਦ ਨੂੰ ਹਮੇਸ਼ਾ ਦੂਰ ਰੱਖਿਆ

ਉਨ੍ਹਾਂ ਦੀ ਪਤਨੀ ਰਹਿ ਚੁੱਕੀ ਰੇਹਾਮ ਖ਼ਾਨ ਨੇ ਆਪਣੀ ਕਿਤਾਬ ਵਿੱਚ ਲਿਖਿਆ ਸੀ ਕਿ ਉਨ੍ਹਾਂ ਨੇ ਇਮਰਾਨ ਖ਼ਾਨ ਨੂੰ ਪਿਸ਼ਾਵਰ ਰਹਿ ਕੇ ਸੂਬੇ ਦੇ ਵਿਕਾਸ ਵਿੱਚ ਆਪਣਾ ਰੋਲ ਅਦਾ ਕਰਨ ਦੀ ਪੇਸ਼ਕਸ਼ ਕਈ ਵਾਰ ਕੀਤੀ ਸੀ ਪਰ ਖ਼ਾਨ ਸਾਹਿਬ ਨੇ ਇੱਕ ਨਾ ਸੁਣੀ।

ਇਸਦਾ ਕਾਰਨ ਉਨ੍ਹਾਂ ਨੇ ਇੱਕ ਮੁਲਾਕਾਤ ਵਿੱਚ ਦੱਸਿਆ ਸੀ ਕਿ ਇਸ ਨਾਲ ਉਹ ਕੇਂਦਰ ਨੂੰ ਤਵੱਜੋ ਨਹੀਂ ਦੇ ਸਕਦੇ ਸਨ। ਯਾਨਿ ਉਨ੍ਹਾਂ ਸਾਹਮਣੇ ਵੱਡਾ ਟੀਚਾ ਕੇਂਦਰ ਵਿੱਚ ਸਰਕਾਰ ਬਣਾਉਣਾ ਹੀ ਸੀ।

ਇਮਾਰਨ: ਖਿਡਾਰੀ ਹੋਣਗੇ ਜਾਂ ਰਹਿਨੁਮਾ?

ਹੁਣ ਜਦਕਿ 'ਵਜ਼ੀਰ-ਏ-ਆਜ਼ਮ ਹਾਊਸ' ਸਾਫ਼ ਦਿਖਾਈ ਦੇਣ ਲੱਗਾ ਹੈ ਤਾਂ ਇਮਰਾਨ ਖ਼ਾਨ ਉੱਥੇ ਪਹੁੰਚ ਕੇ ਕਿਹੜੇ ਇਮਰਾਨ ਖ਼ਾਨ ਹੋਣਗੇ- ਖਿਡਾਰੀ ਜਾਂ ਅਸਲ ਰਹਿਨੁਮਾ? ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਖਿਡਾਰੀ ਨਹੀਂ ਹੋਣਗੇ। ਜਿਹੜਾ ਸਿਰਫ਼ ਜਿੱਤ ਲਈ ਖੇਡਦਾ ਹੈ।

ਖ਼ਤਰੇ ਦੀ ਗੱਲ ਇਹ ਹੈ ਕਿ ਉਹ ਜਿੱਤ ਤੋਂ ਬਾਅਦ ਵੀ ਸਰਕਾਰੀ ਸਰਗਰਮੀਆਂ ਨੂੰ ਗੰਭੀਰਤਾ ਨਾਲ ਲੈਣਗੇ ਜਾਂ ਨਹੀਂ। ਉਨ੍ਹਾਂ ਨੂੰ ਇੱਕ ਰਹਿਨੁਮਾ ਦੀ ਤਰ੍ਹਾਂ ਸਰਕਾਰ ਵਿੱਚ ਆਉਣ ਤੋਂ ਬਾਅਦ ਲਗਾਤਾਰ ਬੈਠਕਾਂ ਦੀ ਪ੍ਰਧਾਨਗੀ ਕਰਨੀ ਹੋਵੇਗੀ।

ਇਹ ਵੀ ਪੜ੍ਹੋ:

ਹੁਣ ਤੱਕ ਤਾਂ ਅਸੀਂ ਉਨ੍ਹਾਂ ਨੂੰ ਦਿਨ ਵਿੱਚ ਇੱਕ-ਅੱਧੀ ਹੀ ਪਾਰਟੀ ਮੀਟਿੰਗ ਕਰਦੇ ਦੇਖਿਆ ਹੈ। ਖ਼ੈਰ, ਹੁਣ ਉਨ੍ਹਾਂ ਨੇ ਇਹ ਬ੍ਰਿਟਿਸ਼ ਅਖ਼ਬਾਰ ਨੂੰ ਕਿਹਾ ਹੈ ਕਿ ਉਹ ਸੋਸ਼ਲ ਲਾਈਫ਼ ਲਈ ਬਹੁਤ ਬੁੱਢੇ ਹੋ ਚੁੱਕੇ ਹਨ।

ਭਾਵੇਂ ਉਨ੍ਹਾਂ ਦੇ ਸਮਰਥਕ ਇੱਕ ਸੀਨੀਅਰ ਪੱਤਰਕਾਰ ਨੇ ਖ਼ਤਰੇ ਦੀ ਘੰਟੀ ਇਹ ਕਹਿ ਕੇ ਵਜਾ ਦਿੱਤੀ ਕਿ ਉਨ੍ਹਾਂ ਦੇ ''ਖ਼ੈਰ ਖ਼ਵਾਹ ਜਿਤਨੀ ਜ਼ਿਆਦਾ ਇਹਤਿਆਤ ਦੀ ਤਲਕੀਨ ਕਰਤੇ ਹੈਂ, ਉਤਨੀ ਹੀ ਬੇ-ਇਹਤਿਆਤੀ ਮੌਸੂਫ਼ ਕਰਤੇ ਹੈਂ।'' ਯਾਨਿ ਇਨ੍ਹਾਂ ਦੇ ਸ਼ੁੱਭਚਿੰਤਕ ਜਿੰਨਾ ਵੱਧ ਚੌਕੰਨਾ ਰਹਿਣ ਦੀ ਹਦਾਇਤ ਦਿੰਦੇ ਹਨ, ਓਨੀ ਲਾਪ੍ਰਵਾਰੀ ਇਹ ਸਾਹਿਬ ਕਰਦੇ ਹਨ।

Image copyright Reuters
ਫੋਟੋ ਕੈਪਸ਼ਨ ਬ੍ਰਿਟਿਸ਼ ਅਖ਼ਬਾਰ 'ਦਿ ਗਾਰਡੀਅਨ' ਦੇ ਪਾਕਿਸਤਾਨ ਵਿੱਚ ਸਾਬਕਾ ਪੱਤਰਕਾਰ ਦੀਕਲਨ ਵੌਲਸ਼ ਨੇ ਉਨ੍ਹਾਂ ਨੂੰ ਇੱਕ ''ਮਾੜਾ ਸਿਆਸਤਦਾਨ'' ਕਰਾਰ ਦਿੱਤਾ

ਬ੍ਰਿਟਿਸ਼ ਅਖ਼ਬਾਰ 'ਦਿ ਗਾਰਡੀਅਨ' ਦੇ ਪਾਕਿਸਤਾਨ ਵਿੱਚ ਸਾਬਕਾ ਪੱਤਰਕਾਰ ਦੀਕਲਨ ਵੌਲਸ਼ ਨੇ ਉਨ੍ਹਾਂ ਨੂੰ ਇੱਕ ''ਮਾੜਾ ਸਿਆਸਤਦਾਨ'' ਕਰਾਰ ਦਿੱਤਾ ਹੈ। ਜਿਨ੍ਹਾਂ ਦੇ ਵਿਚਾਰ ਅਤੇ ਸਬੰਧਾਂ ਦੀ ਤੁਲਨਾ ਉਨ੍ਹਾਂ ਨੇ "ਬਾਰਿਸ਼ ਵਿੱਚ ਝੂਮ ਰਹੇ ਰਿਕਸ਼ੇ" ਨਾਲ ਕੀਤੀ ਸੀ।

ਇਮਰਾਨ ਦੀ ਸਰਕਾਰ ਵਿੱਚ ਕੀ ਹੋ ਸਕਦਾ ਹੈ?

ਇਮਰਾਨ ਖ਼ਾਨ ਦੀ ਇੱਕ ਹੋਰ ਆਦਤ ਜਿਹੜੀ ਉਨ੍ਹਾਂ ਨੂੰ ਮੁਸ਼ਕਿਲ ਵਿੱਚ ਪਾ ਸਕਦੀ ਹੈ ਉਹ ਹੈ ਕਿਸੇ ਦੀ "ਡਿਕਟੇਸ਼ਨ" ਨਾ ਲੈਣਾ। ਸੁਣਦੇ ਤਾਂ ਸ਼ਾਇਦ ਸਭ ਦੀ ਹਨ, ਪਰ ਕਰਦੇ ਹਮੇਸ਼ਾ ਆਪਣੀ ਹੀ ਹਨ। ਇਸ ਨਾਲ ਹੋਰਾਂ ਸੂਬਿਆਂ ਦੀਆਂ ਸੰਸਥਾਵਾਂ ਲਈ ਕਿੰਨੇ ਕਾਬਿਲ ਹੋਣਗੇ ਇਹ ਸਪੱਸ਼ਟ ਨਹੀਂ।

ਇਹ ਵੀ ਪੜ੍ਹੋ:

Image copyright EPA
ਫੋਟੋ ਕੈਪਸ਼ਨ ਕੁਝ ਮਾਹਿਰਾਂ ਮੁਤਾਬਕ ਆਪਣੀ ਸਿਆਸਤ ਦੀ ਸ਼ੁਰੂਆਤੀ ਨਰਸਰੀ ਵਿੱਚ ਇਮਰਾਨ ਉੱਚ ਵਿਚਾਰਾਂ ਦੇ ਕੈਦੀ ਰਹੇ

65 ਸਾਲਾ ਇਮਰਾਨ ਖ਼ਾਨ ਜੇਕਰ ਪਿਛਲੇ ਪੰਜ ਸਾਲਾਂ 'ਚ ਖ਼ੈਬਰ ਪਖਤੂਨਵਾ ਵਿੱਚ ਕਿਸੇ ਕਾਮਯਾਬੀ ਦਾ ਜ਼ਿਕਰ ਕਰਦੇ ਹਨ ਤਾਂ ਉਹ ਇਹ ਕਿ ਪੁਲਿਸ ਨੂੰ ਉਨ੍ਹਾਂ ਨੇ "ਡੀ-ਪੌਲੀਟੀਸਾਈਜ਼" ਕਰ ਦਿੱਤਾ ਹੈ। ਇਹ ਤਾਂ ਵਾਕਈ ਆਸਾਨ ਹੈ।

ਅਸਲ ਗੱਲ ਤਾਂ ਉਦੋਂ ਹੁੰਦੀ ਜੇਕਰ ਉਹ ਪੁਲਿਸ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਗੱਲ ਕਰਦੇ। ਅਜਿਹਾ ਉਨ੍ਹਾਂ ਨੇ ਕਦੇ ਵੀ ਆਪਣੇ ਭਾਸ਼ਣਾਂ ਵਿੱਚ ਨਹੀਂ ਕਿਹਾ।

ਜੇਕਰ ਕੁਝ ਸਿੱਖਿਆ ਤਾਂ ਉਹ ਇਹ ਸੀ ਕਿ ਜਵਾਬਦੇਹੀ ਤੋਂ ਬਿਨਾਂ ਨਵੇਂ ਸੰਸਥਾਨ ਨਹੀਂ ਚਲਾ ਸਕਣਗੇ। ਭ੍ਰਿਸ਼ਟਾਚਾਰ ਦਾ ਇਸ ਸੂਬੇ ਵਿੱਚ ਖ਼ਾਤਮਾ ਤਾਂ ਨਹੀਂ ਹੋਇਆ, ਹਾਂ ਤਹਿਰੀਕ-ਏ-ਇਨਸਾਫ਼ ਨੂੰ ਸਮਝ ਆ ਗਿਆ ਕਿ ਉਨ੍ਹਾਂ ਲਈ ਪੁਰਾਣੇ ਨਕਾਰਾ ਪੁਰਜ਼ਿਆਂ ਨੂੰ ਮੁੜ ਉਪਯੋਗੀ ਬਣਾਉਣਾ ਬਿਹਤਰ ਹੈ।

ਇਮਰਾਨ ਨੂੰ ਐਨੀ ਦੇਰ ਕਿਉਂ ਲੱਗੀ?

ਇਮਰਾਨ ਖ਼ਾਨ ਨਾਲ ਜੁੜਿਆ ਇੱਕ ਸਵਾਲ ਇਹ ਵੀ ਹੈ ਕਿ ਆਖ਼ਰ ਸਿਆਸੀ ਅਖਾੜੇ ਵਿੱਚ ਮੰਜ਼ਿਲ ਤੱਕ ਪੁੱਜਣ ਲਈ ਐਨਾ ਸਮਾਂ ਕਿਉਂ ਲੱਗਿਆ। ਪਾਕਿਸਤਾਨ ਵਿੱਚ ਤਾਂ ਕਈ ਵੱਡੇ ਸਿਆਸਤਦਾਨ ਤੁਰੰਤ ਜਾਂ ਵਿਰਾਸਤ ਦੀ ਸਿਆਸਤ ਜਾਂ ਅਸਟੈਬਲਿਸ਼ਮੈਂਟ ਦੀ ਮਦਦ ਨਾਲ ਸੱਤਾ ਦੇ ਗਲਿਆਰਿਆਂ ਦੀ ਸੈਰ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਫਿਰ ਇਨ੍ਹਾਂ ਨੂੰ ਇੱਥੇ ਪੁੱਜਣ ਲਈ ਐਨੀ ਦੇਰ ਕਿਉਂ ਲੱਗੀ?

Image copyright Getty Images

ਕੁਝ ਮਾਹਿਰਾਂ ਮੁਤਾਬਕ ਆਪਣੀ ਸਿਆਸਤ ਦੀ ਸ਼ੁਰੂਆਤੀ ਨਰਸਰੀ ਵਿੱਚ ਉਹ ਉੱਚ ਵਿਚਾਰਾਂ ਦੇ ਕੈਦੀ ਰਹੇ। ਆਪਣੇ ਵਿਚਾਰਾਂ ਨੂੰ ਹਲਕਾ ਜਾਂ ਇਸ 'ਤੇ ਕਿਸੇ ਕਿਸਮ ਦੇ ਬਦਲਾਅ ਦੀ ਕੋਸ਼ਿਸ਼ ਤੋਂ ਉਨ੍ਹਾਂ ਨੇ ਦੂਰੀ ਬਣਾ ਕੇ ਰੱਖੀ।

ਪਰ 2013 ਦੀਆਂ ਆਮ ਚੋਣਾਂ ਵਿੱਚ ਜਿੱਤ ਨੂੰ ਐਨਾ ਨੇੜਿਓਂ ਦੇਖਣ ਤੋਂ ਬਾਅਦ ਵਿਚਾਰ ਅਤੇ ਆਪਣੇ ਬਣਾਏ ਅਸੂਲਾਂ ਵਿੱਚ ਨਰਮੀ ਦਿਖਾਉਣੀ ਸ਼ੁਰੂ ਕੀਤੀ ਅਤੇ ਅਖ਼ੀਰ ਵਿੱਚ "ਇਲੈਕਟੀਬਲਸ" ਨੂੰ ਆਪਣੇ ਪਾਲੇ ਵਿੱਚ ਲਿਆ ਖੜ੍ਹਾ ਕਰ ਦਿੱਤਾ ਜਿਨ੍ਹਾਂ ਨੂੰ ਸ਼ਾਇਦ ਉਹ ਦੇਖਣਾ ਵੀ ਪਸੰਦ ਨਹੀਂ ਕਰਦੇ ਸਨ।

ਇਹ ਵੀ ਪੜ੍ਹੋ:

ਇਹੀ ਸਮਝੌਤੇ ਸ਼ਾਇਦ ਉਨ੍ਹਾਂ ਨੂੰ 'ਵਜ਼ੀਰ-ਏ-ਆਜ਼ਮ ਹਾਊਸ' ਦੀ ਦਹਿਲੀਜ਼ 'ਤੇ ਲੈ ਆਏ। ਉਹ ਹੋਰ ਕਿੰਨਾ ਬਦਲਦੇ ਹਨ ਜਾਂ ਨਹੀਂ, ਇਸਦੇ ਲਈ ਸਾਨੂੰ ਸ਼ਾਇਦ ਜ਼ਿਆਦਾ ਉਡੀਕ ਨਾ ਕਰਨੀ ਪਵੇ। ਉਨ੍ਹਾਂ ਦੇ 'ਹਨੀਮੂਨ ਪੀਰੀਅਡ' ਵਿੱਚ ਹੀ ਸੰਕੇਤ ਮਿਲ ਜਾਣਗੇ।

ਆਨੇ ਮੇਂ ਸਦਾ ਦੇਰ ਲਗਾਤੇ ਹੀ ਰਹੇ ਤੁਮ

ਜਾਤੇ ਰਹੇ ਹਮ ਜਾਨ ਸੇ ਆਤੇ ਹੀ ਰਹੇ ਤੁਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)