ਇਸਲਾਮਿਕ ਸਟੇਟ ਵੱਲੋਂ ਵੇਚੀ ਗਈ ਕੁੜੀ ਨੂੰ ਜਦੋਂ ਮੁੜ ਮਿਲਿਆ ਉਸਦਾ ਕਿਡਨੈਪਰ

  • ਵਿਕਟੋਰੀਆ ਬਿਜ਼ਟ ਅਤੇ ਲਾਈਸ ਡੂਸੇ
  • ਬੀਬੀਸੀ ਨਿਊਜ਼
ਇਸਲਾਮਿਕ ਸਟੇਟ, ਜਰਮਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਆਈਐਸ ਲੜਾਕਿਆਂ ਨੇ ਅਸ਼ਵਾਕ ਨੂੰ 100 ਡਾਲਰ ਵਿੱਚ ਅਬੂ ਹੁਮਾਮ ਨਾਮ ਦੇ ਸ਼ਖ਼ਸ ਨੂੰ ਵੇਚ ਦਿੱਤਾ ਸੀ

ਕੋਈ ਵੀ ਸ਼ਖ਼ਸ ਇੱਕ ਵਾਰ ਕੈਦ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਮੁੜ ਅਜਿਹਾ ਨਾ ਹੋਣ ਦੀ ਦੁਆ ਕਰਦਾ ਹੈ। ਪਰ, ਅਗਵਾ ਕਰਨ ਵਾਲੇ ਨਾਲ ਉਸ ਦਾ ਇੱਕ ਵਾਰ ਮੁੜ ਸਾਹਮਣਾ ਹੋ ਜਾਵੇ ਤਾਂ ਸੋਚੋ ਕੀ ਹਾਲ ਹੋਵੇਗਾ।

ਅਜਿਹਾ ਹੀ ਹੋਇਆ ਇੱਕ ਯਜ਼ਿਦੀ ਕੁੜੀ ਨਾਲ ਜਿਹੜੀ ਲੰਬੇ ਸਮੇਂ ਤੱਕ ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਦੀ ਗੁਲਾਮੀ ਵਿੱਚ ਰਹੀ।

ਅਸ਼ਵਾਕ ਜਦੋਂ 14 ਸਾਲ ਦੀ ਸੀ ਤਾਂ ਉੱਤਰੀ ਇਰਾਕ ਵਿੱਚ ਆਈਐਸ ਲੜਾਕਿਆਂ ਨੇ ਹਮਲਾ ਕਰ ਦਿੱਤਾ ਸੀ। ਉਨ੍ਹਾਂ ਨੇ ਹਜ਼ਾਰਾਂ ਔਰਤਾਂ ਨੂੰ ਸੈਕਸ ਸਲੇਵ ਬਣਾਇਆ, ਜਿਸ ਵਿੱਚ ਅਸ਼ਵਾਕ ਵੀ ਸ਼ਾਮਲ ਸੀ।

ਆਈਐਸ ਲੜਾਕਿਆਂ ਨੇ ਅਸ਼ਵਾਕ ਨੂੰ 100 ਡਾਲਰ ਵਿੱਚ ਅਬੂ ਹੁਮਾਮ ਨਾਮ ਦੇ ਸ਼ਖ਼ਸ ਨੂੰ ਵੇਚ ਦਿੱਤਾ।

ਇਹ ਵੀ ਪੜ੍ਹੋ:

ਅਸ਼ਵਾਕ ਨੂੰ ਹੁਮਾਮ ਵੱਲੋਂ ਰੋਜ਼ਾਨਾ ਸਰੀਰਕ ਹਿੰਸਾ ਅਤੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ। ਤਿੰਨ ਮਹੀਨੇ ਉਹ ਇਸੇ ਖੌਫ਼ਨਾਕ ਅਤੇ ਦਰਦ ਭਰੇ ਮਾਹੌਲ ਵਿੱਚ ਰਹੀ ਅਤੇ ਫਿਰ ਇੱਕ ਦਿਨ ਕਿਸੇ ਤਰ੍ਹਾਂ ਉੱਥੋਂ ਭੱਜ ਗਈ।

ਇਸ ਤੋਂ ਬਾਅਦ ਅਸ਼ਵਾਕ ਆਪਣੀ ਮਾਂ ਅਤੇ ਇੱਕ ਭਰਾ ਦੇ ਨਾਲ ਜਰਮਨੀ ਆ ਗਈ। ਉਸ ਨੇ ਸੋਚ ਲਿਆ ਸੀ ਕਿ ਹੁਣ ਉਹ ਪਿੱਛੇ ਮੁੜ ਕੇ ਕਦੇ ਨਹੀਂ ਦੇਖੇਗੀ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗੀ।

ਤਸਵੀਰ ਕੈਪਸ਼ਨ,

ਹੁਣ ਅਸ਼ਵਾਕ 19 ਸਾਲ ਦੀ ਹੈ ਅਤੇ ਕਦੇ ਜਰਮਨੀ ਵਾਪਿਸ ਨਹੀਂ ਜਾਣਾ ਚਾਹੁੰਦੀ

ਉਹ ਇੱਕ ਨਵੀਂ ਸ਼ੁਰੂਆਤ ਕਰ ਹੀ ਰਹੀ ਸੀ ਕਿ ਕੁਝ ਮਹੀਨੇ ਪਹਿਲਾਂ ਉਸ ਦਾ ਉਸੇ ਦਹਿਸ਼ਤ ਨਾਲ ਸਾਹਮਣਾ ਹੋ ਗਿਆ।

ਅਸ਼ਵਾਕ ਇੱਕ ਸੁਪਰਮਾਰਕੀਟ ਦੇ ਬਾਹਰ ਇੱਕ ਗਲੀ ਵਿੱਚ ਸੀ ਕਿ ਉਦੋਂ ਹੀ ਕਿਸੇ ਨੇ ਉਸ ਦਾ ਨਾਂ ਲੈ ਕੇ ਆਵਾਜ਼ ਮਾਰੀ।

ਜਦੋਂ ਕਿਡਨੈਪਰ ਨਾਲ ਟਕਰਾਈ

ਅਸ਼ਵਾਕ ਦੱਸਦੀ ਹੈ, ''ਇੱਕ ਕਾਰ ਅਚਾਨਕ ਮੇਰੇ ਕੋਲ ਆ ਕੇ ਰੁਕੀ। ਉਹ ਅੱਗੇ ਦੀ ਸੀਟ 'ਤੇ ਬੈਠਿਆ ਹੋਇਆ ਸੀ। ਉਸ ਨੇ ਮੇਰੇ ਨਾਲ ਜਰਮਨ ਭਾਸ਼ਾ ਵਿੱਚ ਗੱਲ ਕੀਤੀ ਅਤੇ ਪੁੱਛਿਆ: ਤੁਸੀਂ ਅਸ਼ਵਾਕ ਹੋ? ਮੈਂ ਡਰ ਗਈ ਅਤੇ ਕੰਬਣ ਲੱਗੀ। ਮੈਂ ਕਿਹਾ ਨਹੀਂ, ਤੁਸੀਂ ਕੌਣ ਹੋ?"

"ਉਸ ਆਦਮੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੂੰ ਅਸ਼ਵਾਕ ਹੈਂ ਅਤੇ ਮੈਂ ਅਬੂ ਹੁਮਾਮ ਹਾਂ। ਫਿਰ ਅਬੂ ਹੁਮਾਮ ਉਸ ਨਾਲ ਅਰਬੀ ਭਾਸ਼ਾ ਵਿੱਚ ਗੱਲ ਕਰਨ ਲੱਗਾ ਅਤੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੂੰ ਕਿੱਥੇ ਅਤੇ ਕਿਸਦੇ ਨਾਲ ਰਹਿੰਦੀ ਹੈ। ਉਹ ਜਰਮਨੀ ਵਿੱਚ ਮੇਰੇ ਬਾਰੇ ਸਭ ਜਾਣਦਾ ਸੀ।"

ਉਹ ਕਹਿੰਦੀ ਹੈ, "ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਜਰਮਨੀ ਵਿੱਚ ਕੁਝ ਅਜਿਹਾ ਦੇਖਣਾ ਪਵੇਗਾ। ਮੈਂ ਉਸ ਮਾਰ-ਕੁੱਟ ਅਤੇ ਦਰਦ ਨੂੰ ਭੁੱਲਣ ਲਈ ਆਪਣਾ ਪਰਿਵਾਰ ਅਤੇ ਦੇਸ ਛੱਡ ਕੇ ਜਰਮਨੀ ਆ ਗਈ ਸੀ। ਮੈਂ ਉਸ ਸ਼ਖਸ ਨਾਲ ਕਦੇ ਮਿਲਣਾ ਨਹੀਂ ਚਾਹੁੰਦੀ ਸੀ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅਸ਼ਵਾਕ ਨੂੰ ਆਈਐਸ ਲੜਾਕੇ ਵੱਲੋਂ ਤਿੰਨ ਮਹੀਨੇ ਤੱਕ ਸੈਕਸ ਸਲੇਵ ਬਣਾ ਕੇ ਰੱਖਿਆ ਗਿਆ

ਫਿਰ ਪਰਤੀ ਇਰਾਕ

ਜਰਮਨੀ ਦੇ ਫੈਡਰਲ ਪ੍ਰਾਸੀਕਿਊਟਰ ਕਹਿੰਦੇ ਹਨ ਕਿ ਅਸ਼ਵਾਕ ਨੇ ਘਟਨਾ ਦੇ ਪੰਜ ਦਿਨ ਬਾਅਦ ਇਸ ਬਾਰੇ ਪੁਲਿਸ ਨੂੰ ਦੱਸਿਆ।

ਅਸ਼ਵਾਕ ਕਹਿੰਦੀ ਹੈ ਕਿ ਉਸ ਨੇ ਪੁਲਿਸ ਨੂੰ ਉਸ ਦਿਨ ਦੀ ਘਟਨਾ ਅਤੇ ਇਰਾਕ ਦੇ ਖ਼ੌਫ਼ਨਾਕ ਦਿਨਾਂ ਬਾਰੇ ਵੀ ਸਭ ਕੁਝ ਦੱਸ ਦਿੱਤਾ।

ਉਸ ਨੇ ਪੁਲਿਸ ਨੂੰ ਸੁਪਰਮਾਰਕੀਟ ਦੀ ਸੀਸੀਟੀਵੀ ਦੇਖਣ ਲਈ ਵੀ ਕਿਹਾ ਪਰ ਅਜਿਹਾ ਨਹੀਂ ਹੋਇਆ। ਅਸ਼ਵਾਕ ਨੇ ਪੂਰਾ ਮਹੀਨਾ ਉਡੀਕ ਕੀਤੀ ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

ਇਸ ਤੋਂ ਬਾਅਦ ਅਸ਼ਵਾਕ ਮੁੜ ਤੋਂ ਉੱਤਰੀ ਇਰਾਕ ਵਾਪਿਸ ਚਲੀ ਗਈ। ਉਸ ਨੂੰ ਅਬੂ ਹੁਮਾਮ ਦੇ ਮਿਲਣ ਦਾ ਡਰ ਤਾਂ ਸੀ ਹੀ ਪਰ ਆਪਣੀਆਂ ਚਾਰ ਭੈਣਾਂ ਨੂੰ ਮਿਲਣ ਦੀ ਉਮੀਦ ਵੀ ਸੀ। ਅਸ਼ਵਾਕ ਦੀਆਂ ਭੈਣਾਂ ਨੂੰ ਵੀ ਆਈਐਸ ਦੇ ਲੜਾਕਿਆਂ ਨੇ ਬੰਦੀ ਬਣਾ ਲਿਆ ਸੀ।

ਇਹ ਵੀ ਪੜ੍ਹੋ:

ਅਸ਼ਵਾਕ ਕਹਿੰਦੀ ਹੈ, "ਜੇਕਰ ਤੁਸੀਂ ਇਸ ਸਭ ਦਾ ਸਾਹਮਣਾ ਨਾ ਕੀਤਾ ਤਾਂ ਤੁਸੀਂ ਨਹੀਂ ਜਾਣ ਸਕੋਗੇ ਕਿ ਇਹ ਕਿਵੇਂ ਹੁੰਦਾ ਹੈ। ਦਿਲ ਅੰਦਰ ਇੱਕ ਝਟਕਾ ਜਿਹਾ ਲਗਦਾ ਹੈ ਅਤੇ ਤੁਹਾਨੂੰ ਕੁਝ ਸਮਝ ਨਹੀਂ ਆਉਂਦੀ। ਜਦੋਂ ਇੱਕ ਕੁੜੀ ਨਾਲ ਆਈਐਸ ਨੇ ਰੇਪ ਕੀਤਾ ਹੋਵੇ ਅਤੇ ਮੁੜ ਉਹੀ ਸ਼ਖ਼ਸ ਸਾਹਮਣੇ ਆ ਜਾਵੇ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿੰਝ ਲਗਦਾ ਹੈ।''

ਹੋਰ ਵੀ ਹਨ ਮਾਮਲੇ

ਜਰਮਨੀ ਦੀ ਉੱਚ ਅਦਾਲਤ ਦੇ ਬੁਲਾਰੇ ਫਰੌਕ ਖੁਲਰ ਨੇ ਕਿਹਾ ਕਿ ਪੁਲਿਸ ਨੇ ਆਈ-ਫਿਟ ਈਮੇਜ ਜ਼ਰੀਏ ਅਤੇ ਅਸ਼ਵਾਕ ਦੇ ਬਿਆਨ ਦੇ ਆਧਾਰ 'ਤੇ ਅਬੂ ਹੁਮਾਮ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਉਸਦਾ ਪਤਾ ਨਹੀਂ ਲੱਗਿਆ ਹੈ।

ਪੁਲਿਸ ਨੇ ਜੂਨ ਵਿੱਚ ਅਸ਼ਵਾਕ ਨਾਲ ਮੁੜ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਤੱਕ ਉਹ ਇਰਾਕ ਚਲੀ ਗਈ ਸੀ।

ਤਸਵੀਰ ਕੈਪਸ਼ਨ,

ਅਸ਼ਵਾਕ ਦੇ ਬਿਆਨ ਦੇ ਆਧਾਰ 'ਤੇ ਅਬੂ ਹੁਮਾਮ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਉਸਦਾ ਪਤਾ ਨਹੀਂ ਲੱਗਿਆ ਹੈ

ਹਾਲਾਂਕਿ, ਜਰਮਨੀ ਦੇ ਕਾਰਕੁਨ ਕਹਿੰਦੇ ਹਨ ਕਿ ਇਹ ਇਕੱਲਾ ਮਾਮਲਾ ਨਹੀਂ ਹੈ।

ਯਜ਼ਿਦੀ ਲੋਕਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਹਾਵਰ ਡਾਟ ਹੈਲਪ ਦੀ ਸੰਸਥਾਪਕ ਅਤੇ ਕਾਰਕੁਨ ਡੂਜ਼ੇਲ ਟੇਕਲ ਕਹਿੰਦੀ ਹੈ ਕਿ ਉਨ੍ਹਾਂ ਨੇ ਅਜਿਹੇ ਕਈ ਮਾਮਲੇ ਸੁਣੇ ਹਨ ਜਿਨ੍ਹਾਂ ਵਿੱਚ ਯਜ਼ਿਦੀ ਸ਼ਰਨਾਰਥੀ ਕੁੜੀਆਂ ਨੇ ਜਰਮਨੀ ਵਿੱਚ ਆਈਐਸ ਲੜਾਕਿਆਂ ਨੂੰ ਪਛਾਣਿਆ ਹੈ।

ਅਸ਼ਵਾਕ ਵੀ ਕਹਿੰਦੀ ਹੈ ਕਿ ਉਨ੍ਹਾਂ ਨੇ ਵੀ ਆਈਐਸ ਦੀ ਕੈਦ ਤੋਂ ਭੱਜ ਕੇ ਆਈਆਂ ਹੋਰ ਕੁੜੀਆਂ ਤੋਂ ਵੀ ਅਜਿਹੀਆਂ ਗੱਲਾਂ ਸੁਣੀਆਂ ਹਨ।

ਹਾਲਾਂਕਿ, ਸਾਰੇ ਮਾਮਲੇ ਪੁਲਿਸ ਕੋਲ ਨਹੀਂ ਪਹੁੰਚਦੇ।

ਇਹ ਵੀ ਪੜ੍ਹੋ:

"ਮੈਂ ਕਦੇ ਜਰਮਨੀ ਨਹੀਂ ਜਾਵਾਂਗੀ"

ਕੁਰਦੀਸਤਾਨ ਵਾਪਿਸ ਜਾ ਕੇ ਯਜ਼ਿਦੀ ਕੈਂਪ ਵਿੱਚ ਰਹਿ ਰਹੀ ਅਸ਼ਵਾਕ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹੈ ਪਰ ਉਹ ਅਤੇ ਉਨ੍ਹਾਂ ਦਾ ਪਰਿਵਾਰ ਦੇਸ ਛੱਡਣਾ ਚਾਹੁੰਦੇ ਹਨ।

ਅਸ਼ਵਾਕ ਦੇ ਪਿਤਾ ਕਹਿੰਦੇ ਹਨ, ''ਸਾਨੂੰ ਆਈਐਸ ਦੇ ਲੜਾਕਿਆਂ ਤੋਂ ਬਹੁਤ ਡਰ ਲਗਦਾ ਹੈ।''

ਪਰ, ਜਰਮਨੀ ਵਿੱਚ ਵਾਪਰੀ ਘਟਨਾ ਨੇ ਅਸ਼ਵਾਕ 'ਤੇ ਐਨਾ ਡੂੰਘਾ ਅਸਰ ਪਾਇਆ ਹੈ ਕਿ ਉਹ ਕਹਿੰਦੀ ਹੈ,ਜੇਕਰ ਪੂਰੀ ਦੁਨੀਆਂ ਖ਼ਤਮ ਵੀ ਹੋ ਜਾਵੇਗੀ ਤਾਂ ਵੀ ਉਹ ਜਰਮਨੀ ਨਹੀਂ ਜਾਵੇਗੀ।"

ਕਈ ਹੋਰ ਯਜ਼ੀਦੀਆਂ ਦੀ ਤਰ੍ਹਾਂ ਹੁਣ ਅਸ਼ਵਾਕ ਦਾ ਪਰਿਵਾਰ ਵੀ ਆਸਟਰੇਲੀਆ ਜਾਣ ਲਈ ਗੁਜ਼ਾਰਿਸ਼ ਕਰ ਰਿਹਾ ਹੈ।

ਇਹ ਆਈਐਸ ਲੜਾਕਿਆਂ ਵੱਲੋਂ ਅਗਵਾ ਕੀਤੀਆਂ ਗਈਆਂ ਕੁੜੀਆਂ ਲਈ ਚਲਾਏ ਗਏ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)