ਨਸਲਕੁਸ਼ੀ ਦੇ ਦਾਇਰੇ 'ਚ ਇਹ ਕਤਲੇਆਮ ਆਉਂਦੇ ਹਨ

NOVEMBER 7, 2015: Members of the Sikh community mark the 1984 Genocide and Protest India's Human Rights Violations Remembrance Walk, in Los Angeles, CA

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਨਸਲਕੁਸ਼ੀ ਇੱਕ ਫਿਰਕੇ ਦੇ ਲੋਕਾਂ ਦਾ ਖਾਤਮਾ ਹੈ ਤਾਂ ਕਿ ਉਨ੍ਹਾਂ ਦਾ ਵਜੂਦ ਖਤਮ ਕੀਤਾ ਜਾ ਸਕੇ।

ਹਾਲ ਹੀ ਵਿੱਚ ਆਈ ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਮਿਆਂਮਾਰ ਦੇ ਰਖਾਇਨ ਸੂਬੇ ਵਿੱਚ ਨਸਲਕੁਸ਼ੀ ਅਤੇ ਹੋਰ ਖੇਤਰਾਂ ਵਿੱਚ ਮਨੁੱਖਤਾ ਖ਼ਿਲਾਫ਼ ਜੁਰਮ ਲਈ ਵੱਡੇ ਫੌਜੀ ਅਧਿਕਾਰੀਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

1984 ਵਿੱਚ ਜੋ ਸਿੱਖ ਕਤਲੇਆਮ ਹੋਇਆ ਹੈ ਉਸ ਲਈ ਵੀ ਕਈ ਜਥੇਬੰਦੀਆਂ ਨਸਲਕੁਸ਼ੀ ਸ਼ਬਦ ਦੀ ਵਰਤੋਂ ਕਰਦੀਆਂ ਆਈਆਂ ਹਨ।

ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਅਸਲ ਵਿੱਚ ਨਸਲਕੁਸ਼ੀ ਹੈ ਕੀ ਅਤੇ ਇਸ ਸ਼ਬਦ ਦੀ ਵਰਤੋਂ ਕਦੋਂ ਕੀਤੀ ਜਾ ਸਕਦੀ ਹੈ?

ਨਸਲਕੁਸ਼ੀ ਨੂੰ ਅਕਸਰ ਮਨੁੱਖਾਂ ਦੇ ਖਿਲਾਫ਼ ਸਭ ਤੋਂ ਖਤਰਨਾਕ ਅਪਰਾਧ ਸਮਝਿਆ ਜਾਂਦਾ ਹੈ।ਇਹ ਇੱਕ ਫਿਰਕੇ ਦੇ ਲੋਕਾਂ ਦਾ ਖਾਤਮਾ ਹੈ ਤਾਂ ਕਿ ਉਨ੍ਹਾਂ ਦਾ ਵਜੂਦ ਖਤਮ ਕੀਤਾ ਜਾ ਸਕੇ।

ਇਹ ਵੀ ਪੜ੍ਹੋ:

ਯੂਐਨ ਵਿੱਚ ਪਰਿਭਾਸ਼ਾ

1943 ਵਿੱਚ ਜੂਇਸ਼-ਪੋਲਿਸ਼ ਵਕੀਲ ਰਫੈਲ ਲੈਮਕਿਨ ਨੇ ਗਰੀਕ ਸ਼ਬਦ 'ਜੀਨੋਸ' (ਨਸਲ ਜਾਂ ਕਬੀਲਾ) ਅਤੇ ਲੈਟਿਨ ਸ਼ਬਦ 'ਸਾਈਡ' (ਕਤਲ ਕਰਨਾ) ਨੂੰ ਜੋੜ ਕੇ ਬਣਾਇਆ।

ਡਾ. ਲੈਮਕਿਨ ਨੇ ਘੱਲੂਘਾਰੇ ਨੂੰ ਅੱਖੀਂ ਦੇਖਿਆ ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਹਰੇਕ ਮੈਂਬਰ ਮਾਰਿਆ ਗਿਆ ਸੀ।

ਇਸ ਤੋਂ ਬਾਅਦ ਡਾ. ਲੈਮਕਿਨ ਨੇ ਕੌਮਾਂਤਰੀ ਕਾਨੂੰਨ ਅਧੀਨ ਨਸਲਕੁਸ਼ੀ ਨੂੰ ਅਪਰਾਧ ਦੇ ਦਾਇਰੇ ਵਿੱਚ ਲਿਆਉਣ ਲਈ ਮੁਹਿੰਮ ਵਿੱਢੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਦਸੰਬਰ, 1948 ਵਿੱਚ ਨਸਲਕੁਸ਼ੀ ਦੇ ਮੁੱਦੇ 'ਤੇ ਯੂਐਨ ਕਨਵੈਨਸ਼ਨ ਹੋਈ ਅਤੇ ਜਨਵਰੀ 1951 ਵਿੱਚ ਇਹ ਲਾਗੂ ਹੋ ਗਿਆ

ਦਸੰਬਰ, 1948 ਵਿੱਚ ਨਸਲਕੁਸ਼ੀ ਦੇ ਮੁੱਦੇ 'ਤੇ ਯੂਐਨ ਕਨਵੈਨਸ਼ਨ ਹੋਈ ਅਤੇ ਜਨਵਰੀ 1951 ਵਿੱਚ ਇਹ ਲਾਗੂ ਹੋ ਗਿਆ।

ਕਨਵੈਨਸ਼ਨ ਦੇ ਆਰਟੀਕਲ ਦੋ ਵਿੱਚ ਨਸਲਕੁਸ਼ੀ ਦੀ ਪਰਿਭਾਸ਼ਾ ਦਿੱਤੀ ਗਈ ਹੈ। ਇਸ ਮੁਤਾਬਕ, "ਹੇਠ ਲਿਖੇ ਵਿੱਚੋਂ ਕੋਈ ਵੀ ਕਾਰਵਾਈ ਹੋਵੇ ਜਿਸ ਦੀ ਮਨਸ਼ਾ ਇੱਕ ਰਾਸ਼ਟਰ, ਕੌਮ ਜਾਂ ਧਾਰਮਿਕ ਜਥੇਬੰਦੀ ਨੂੰ ਪੂਰਾ ਜਾਂ ਕੁਝ ਹਿੱਸੇ ਨੂੰ ਖਤਮ ਕਰਨ ਦੀ ਹੋਵੇ।"

 • ਇੱਕ ਫਿਰਕੇ ਦੇ ਮੈਂਬਰਾਂ ਨੂੰ ਕਤਲ ਕਰਨਾ
 • ਕਿਸੇ ਫਿਰਕੇ ਦੇ ਮੈਂਬਰਾਂ ਨੂੰ ਸਰੀਰਕ ਜਾਂ ਮਾਨਸਿਕ ਨੁਕਸਾਨ ਪਹੁੰਚਾਉਣਾ
 • ਜਾਣਬੁੱਝ ਕੇ ਫਿਰਕੇ ਦੀ ਜ਼ਿੰਦਗੀ ਦੇ ਹਾਲਾਤ 'ਤੇ ਹਮਲਾ ਕਰਨਾ ਤਾਂ ਕਿ ਉਸ ਦਾ ਵਜੂਦ ਪੂਰੀ ਤਰ੍ਹਾਂ ਜਾਂ ਕੁਝ ਹਿੱਸਾ ਖਤਮ ਹੋ ਸਕੇ।
 • ਕਿਸੇ ਭਾਈਚਾਰੇ ਵਿੱਚ ਬੱਚੇ ਪੈਦਾ ਕਰਨ ਸਬੰਧੀ ਰੋਕ ਲਾਉਣਾ
 • ਕਿਸੇ ਫਿਰਕੇ ਵਿੱਚ ਬੱਚਿਆਂ ਨੂੰ ਜ਼ਬਰਦਸਤੀ ਦੂਜੇ ਭਾਈਚਾਰੇ ਵਿੱਚ ਤਬਦੀਲ ਕਰਨਾ
 • ਨਸਲਕੁਸ਼ੀ ਨੂੰ ਰੋਕਣ ਅਤੇ ਸਜ਼ਾ ਨਾ ਦੇਣ ਵਾਲੇ ਮੁਲਕਾਂ ਖਿਲਾਫ਼ ਚੁੰਗੀ (ਡਿਊਟੀ) ਲਾਉਣ ਦੀ ਤਜਵੀਜ ਵੀ ਕਨਵੈਨਸ਼ਨ ਨੇ ਕੀਤੀ ਹੈ।

ਹਾਲਾਂਕਿ ਜਦੋਂ ਤੋਂ ਇਹ ਅਮਲ ਵਿੱਚ ਆਇਆ ਹੈ ਕੁਝ ਲੋਕਾਂ ਨੇ ਇਸ 'ਤੇ ਸਵਾਲ ਵੀ ਚੁੱਕੇ ਹਨ।

ਕੁਝ ਲੋਕਾਂ ਦਾ ਦਾਅਵਾ ਹੈ ਕਿ ਇਸ ਦਾ ਦਾਇਰਾ ਕਾਫ਼ੀ ਸੌੜਾ ਹੈ। ਹੋਰਨਾਂ ਲੋਕਾਂ ਦਾ ਕਹਿਣਾ ਹੈ ਕਿ ਇਸ ਸ਼ਬਦ ਦੀ ਗਲਤ ਵਰਤੋਂ ਹੋ ਰਹੀ ਹੈ।

ਕੁਝ ਸਰਵੇਖਣਕਰਤਾਵਾਂ ਦਾ ਕਹਿਣਾ ਹੈ ਕਿ ਇਹ ਪਰਿਭਾਸ਼ਾ ਇੰਨੀ ਸੌੜੀ ਹੈ ਕਿ ਕੋਈ ਵੀ ਕਤਲੇਆਮ ਨਸਲਕੁਸ਼ੀ ਦੇ ਦਾਇਰੇ ਵਿੱਚ ਨਹੀਂ ਹੋਏਗਾ।

ਇਹ ਵੀ ਪੜ੍ਹੋ:

ਹੇਠ ਲਿਖੇ ਇਤਰਾਜ਼ ਜਤਾਏ ਜਾ ਚੁੱਕੇ ਹਨ:

 • ਇਸ ਸੰਮੇਲਨ (ਕਨਵੈਨਸ਼ਨ) ਵਿੱਚੋਂ ਕਈ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਨੂੰ ਬਾਹਰ ਰੱਖਿਆ ਗਿਆ ਹੈ।
 • ਇਹ ਪਰਿਭਾਸ਼ਾ ਸਿਰਫ਼ ਲੋਕਾਂ ਖਿਲਾਫ਼ ਸਿੱਧੀ ਕਾਰਵਾਈ ਤੱਕ ਸੀਮਿਤ ਹੈ ਪਰ ਇਸ ਵਿੱਚ ਉਨ੍ਹਾਂ ਹਾਲਤਾਂ ਅਤੇ ਸੱਭਿਆਚਾਰ 'ਤੇ ਹਮਲੇ ਨੂੰ ਬਾਹਰ ਰੱਖਿਆ ਗਿਆ ਹੈ ਜਿਸ ਦੇ ਆਧਾਰ 'ਤੇ ਉਨ੍ਹਾਂ ਦਾ ਵਜੂਦ ਹੈ।
 • ਸ਼ੱਕ ਦੇ ਆਧਾਰ 'ਤੇ ਕਿਸੇ ਦੇ ਇਰਾਦੇ ਨੂੰ ਸਾਬਿਤ ਕਰਨਾ ਕਾਫ਼ੀ ਔਖਾ ਹੈ।
 • ਕੌਮਾਂਤਰੀ ਕਾਨੂੰਨ ਦੀ ਅਜਿਹੀ ਕੋਈ ਵੀ ਸੰਸਥਾ ਨਹੀਂ ਹੈ ਜੋ ਕਨਵੈਨਸ਼ਨ ਦੇ ਮਾਪਦੰਡਾਂ ਨੂੰ ਸਾਬਿਤ ਕਰ ਸਕੇ (ਹਾਲਾਂਕਿ ਇਸ ਵਿੱਚ ਬਦਲਾਅ ਹੋ ਰਿਹਾ ਹੈ)
 • ਇਹ ਵੀ ਤੈਅ ਕਰਨਾ ਔਖਾ ਹੈ ਕਿ ਕਿੰਨੀਆਂ ਮੌਤਾਂ ਹੋਣ 'ਤੇ ਨਸਲਕੁਸ਼ੀ ਮੰਨਿਆ ਜਾਵੇਗਾ।

ਇਨ੍ਹਾਂ ਆਲੋਚਨਾਵਾਂ ਦੇ ਬਾਵਜੂਦ ਕੁਝ ਲੋਕਾਂ ਦਾ ਮੰਨਣਾ ਹੈ ਕਿ ਨਸਲਕੁਸ਼ੀ ਨੂੰ ਸਮਝਿਆ ਜਾ ਸਕਦਾ ਹੈ।

ਮੈਡਸਾ ਸੈਨਜ਼ ਫਰੰਟੀਅਰਜ਼ ਦੇ ਸਾਬਕਾ ਜਨਰਲ ਸਕੱਤਰ ਅਲੈਨ ਡੈਸੈਕਜ਼ ਦਾ ਕਹਿਣਾ ਹੈ, "ਅਪਰਾਧ ਦੇ ਪਿੱਛੇ ਇਰਾਦਾ ਕੀ ਹੈ, ਇਸੇ ਨਾਲ ਪਤਾ ਲਾਇਆ ਜਾ ਸਕਦਾ ਹੈ ਕਿ ਇਸ ਦਾ ਹੋਰਨਾਂ ਅਪਰਾਧਾਂ ਨਾਲੋਂ ਕਿੰਨਾ ਫਰਕ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਨਸਲਕੁਸ਼ੀ ਮਨੁੱਖਤਾ ਦੇ ਖਿਲਾਫ਼ ਸਭ ਤੋਂ ਘਟਿਆ ਅਤੇ ਸਭ ਤੋਂ ਵੱਡਾ ਜ਼ੁਰਮ ਹੁੰਦਾ ਹੈ।

"ਨਸਲਕੁਸ਼ੀ ਮਨੁੱਖਤਾ ਦੇ ਖਿਲਾਫ਼ ਅਪਰਾਧ ਹੈ ਅਤੇ ਇੱਕ ਭਾਈਚਾਰੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਇੱਛਾ ਹੁੰਦੀ ਹੈ। ਇਸ ਲਈ ਨਸਲਕੁਸ਼ੀ ਮਨੁੱਖਤਾ ਦੇ ਖਿਲਾਫ਼ ਸਭ ਤੋਂ ਘਟਿਆ ਅਤੇ ਸਭ ਤੋਂ ਵੱਡਾ ਜ਼ੁਰਮ ਹੁੰਦਾ ਹੈ।"

ਨਸਲਕੁਸ਼ੀ ਦਾ ਅਸਲ ਮਤਲਬ ਭੁਲਾ ਦਿੱਤਾ ਗਿਆ

ਪਰ ਡਾ. ਡੈਸੈਕਜ਼ ਦਾ ਮੰਨਣਾ ਹੈ, "ਨਸਲਕੁਸ਼ੀ ਸ਼ਬਦ ਦੀ ਵਰਤੋਂ ਵਧਾ-ਚੜ੍ਹਾ ਕੇ ਕੀਤੀ ਜਾਣ ਲੱਗੀ ਹੈ ਜਿਸ ਤਰ੍ਹਾਂ ਫਾਸ਼ੀਵਾਦੀ ਸ਼ਬਦ ਦੀ ਵਰਤੋਂ ਹੋ ਰਹੀ ਹੈ।"

ਉਨ੍ਹਾਂ ਅੱਗੇ ਕਿਹਾ, "ਇਸ ਸ਼ਬਦ ਦਾ ਅਸਲ ਮਤਲਬ ਗੁੰਮ ਹੋ ਚੁੱਕਿਆ ਹੈ ਅਤੇ ਆਮ ਵਰਤੋਂ ਵਿੱਚ ਆ ਗਿਆ ਹੈ।"

ਨਸਲਕੁਸ਼ੀ ਦਾ ਇਤਿਹਾਸ

ਕੁਝ ਲੋਕਾਂ ਦਾ ਮੰਨਣਾ ਹੈ ਕਿ ਪਿਛਲੀ ਇੱਕ ਸਦੀ ਵਿੱਚ ਸਿਰਫ਼ ਇੱਕ ਹੀ ਨਸਲਕੁਸ਼ੀ ਦਾ ਮਾਮਲਾ ਸਾਹਮਣੇ ਆਇਆ: ਘੱਲੂਘਾਰਾ

ਹਾਲਾਂਕਿ ਹੋਰਨਾਂ ਲੋਕਾਂ ਦਾ ਮੰਨਣਾ ਹੈ ਕਿ 1948 ਯੂਐਨ ਕਨਵੈਨਸ਼ਨ ਅਧੀਨ ਤਿੰਨ ਨਸਲਕੁਸ਼ੀ ਦੇ ਮਾਮਲੇ ਆਉਂਦੇ ਹਨ।

 • 1915-1920 ਵਿਚਾਲੇ ਓਟੋਮੈਨ ਤੁਰਕੀਆਂ ਵੱਲੋਂ ਅਰਮੇਨੀਆ ਦੇ ਲੋਕਾਂ ਦਾ ਕਤਲੇਆਮ (ਤੁਰਕੀ ਇਸ ਇਲਜ਼ਾਮ ਨੂੰ ਬੇਬੁਨਿਆਦ ਦੱਸਦੇ ਰਹੇ ਹਨ)
 • ਘੱਲੂਘਾਰਾ ਜਿਸ ਵਿੱਚ 6 ਮਿਲੀਅਨ ਜਿਊਜ਼ ਮਾਰੇ ਗਏ ਸਨ
 • ਰਵਾਂਡਾ ਜਿੱਥੇ 1994 ਕਤਲੇਆਮ ਦੌਰਾਨ 8 ਲੱਖ ਟੂਟੀਜ਼ ਅਤੇ ਹਿਊਟੂਸ ਮਾਰੇ ਗਏ।

ਬੋਸਨੀਆ ਵਿੱਚ ਸਰੈਬਰੈਨਿਸਾ ਵਿੱਚ 1995 ਕਤਲੇਆਮ ਨੂੰ ਕੌਮਾਂਤਰੀ ਕ੍ਰਿਮਿਨਲ ਟ੍ਰਿਬਿਊਨਲ ਵਿੱਚ ਨਸਲਕੁਸ਼ੀ ਕਰਾਰ ਦਿੱਤਾ ਗਿਆ।

ਕੌਮਾਂਤਰੀ ਕ੍ਰਿਮਿਨਲ ਕੋਰਟ ਨੇ ਨਸਲਕੁਸੀ ਦੇ ਇਲਜ਼ਾਮ ਵਿੱਚ 2010 ਵਿੱਚ ਸੂਡਾਨ ਦੇ ਰਾਸ਼ਟਰਪਕਤੀ ਉਮਰ ਅਲ-ਬਸ਼ੀਰ ਖਿਲਾਫ਼ ਵਾਰੰਟ ਜਾਰੀ ਕਰ ਦਿੱਤੇ ਸਨ।

ਇਹ ਵੀ ਪੜ੍ਹੋ:

ਉਸ 'ਤੇ ਦਾਰਫੁਰ ਦੇ ਸੂਡਾਨੀ ਖੇਤਰ ਦੇ ਨਾਗਰਿਕਾਂ ਵਿਰੁੱਧ ਮੁਹਿੰਮ ਛੇੜਣ ਦਾ ਦੋਸ਼ ਹੈ।

ਕਿਹਾ ਜਾਂਦਾ ਹੈ ਕਿ ਤਕਰੀਬਨ 3 ਲੱਖ ਲੋਕ ਮਾਰੇ ਗਏ ਅਤੇ ਸੱਤ ਸਾਲ ਲੜਨ ਕਾਰਨ ਲੱਖਾਂ ਲੋਕ ਬੇਘਰ ਹੋ ਗਏ।

ਹਾਲ ਹੀ ਵਿੱਚ ਮਾਰਚ 2016 ਵਿੱਚ ਅਮਰੀਕਾ ਨੇ ਕਿਹਾ ਕਿ ਇਸਲਾਮਿਕ ਸਟੇਟ (ਆਈਐਸ) ਇਰਾਕ ਅਤੇ ਸੀਰੀਆ ਵਿੱਚ ਈਸਾਈ, ਯਾਜ਼ੀਦੀ ਅਤੇ ਸ਼ੀਆ ਘੱਟ ਗਿਣਤੀਆਂ ਦੇ ਖਿਲਾਫ ਨਸਲਕੁਸ਼ੀ ਕਰਵਾ ਰਿਹਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)