ਪੀਰੀਅਡਜ਼ ਮਗਰੋਂ ਔਰਤਾਂ ਦੇ ਤੇਜ਼ ਦਿਮਾਗ ਦੇ ਮੁਕਾਬਲੇ 'ਚ ਮਰਦ ਨਹੀਂ

ਤਸਵੀਰ ਸਰੋਤ, Getty Images
ਔਰਤਾਂ ਵਿੱਚ ਮਾਹਵਾਰੀ ਇੱਕ ਬੁਨਿਆਦੀ ਪ੍ਰਕਿਰਿਆ ਹੈ। ਇਹੀ ਕੁਦਰਤੀ ਅਮਲ ਉਸ ਨੂੰ ਸਮਾਜ ਵਿੱਚ ਔਰਤ ਦਾ ਦਰਜਾ ਦਿਵਾਉਂਦਾ ਹੈ। ਕਹਿਣਾ ਗਲਤ ਨਹੀਂ ਹੋਵੇਗਾ ਕਿ ਮਨੁੱਖੀ ਨਸਲ ਦੀ ਹੋਂਦ ਇਸ 'ਤੇ ਟਿਕੀ ਹੋਈ ਹੈ।
ਪੀਰੀਅਡਜ਼ ਤੋਂ ਪਹਿਲਾਂ ਅਤੇ ਉਸ ਦੌਰਾਨ ਔਰਤ ਦੀ ਆਪਣੇ ਸਰੀਰ ਅਤੇ ਖੁਦ ਨਾਲ ਲੜਾਈ ਚੱਲਦੀ ਰਹਿੰਦੀ ਹੈ। ਉਸ ਦੇ ਸੁਭਾਅ ਵਿੱਚ ਕਾਫ਼ੀ ਬਦਲਾਅ ਨਜ਼ਰ ਆਉਣ ਲਗਦੇ ਹਨ। ਪੁਰਾਤਨ ਕਾਲ ਵਿੱਚ ਇਸ ਨੂੰ ਔਰਤ ਨੂੰ ਪੈਣ ਵਾਲੇ ਦੌਰੇ ਦੇ ਤੌਰ 'ਤੇ ਦੇਖਿਆ ਜਾਂਦਾ ਸੀ।
ਪੀਰੀਅਡਜ਼ ਸ਼ੁਰੂ ਹੋਣ ਤੋਂ ਪਹਿਲਾਂ ਔਰਤ ਦੇ ਮੂਡ ਵਿੱਚ ਬਦਲਾਅ ਆਉਂਦਾ ਹੈ। ਉਸ ਦਾ ਮਿਜਾਜ਼ ਚਿੜਚਿੜਾ ਹੋ ਜਾਂਦਾ ਹੈ। ਸਰੀਰ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਅਜੀਬ ਖਿਚਾਓ ਜਾਂ ਪੀੜ ਹੋਣ ਲਗਦੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਕੁਝ ਹੀ ਸਮੇਂ ਵਿੱਚ ਬਲੀਡਿੰਗ ਸ਼ੁਰੂ ਹੋਣ ਵਾਲੀ ਹੈ।
ਇਹ ਵੀ ਪੜ੍ਹੋ:
ਅਜਿਹੀ ਹਾਲਤ ਹਰ ਔਰਤ ਦੀ ਹੋਵੇ ਇਹ ਜ਼ਰੂਰੀ ਨਹੀਂ ਹੈ। ਕੁਝ ਔਰਤਾਂ ਨੂੰ ਦਰਦ ਕਾਫ਼ੀ ਜ਼ਿਆਦਾ ਹੁੰਦਾ ਹੈ, ਕੁਝ ਨੂੰ ਘੱਟ, ਜਦੋਂ ਕਿ ਕੁਝ ਨੂੰ ਬਰਦਾਸ਼ਤ ਨਾ ਹੋਣ ਵਾਲਾ ਦਰਦ ਹੁੰਦਾ ਹੈ। ਕਾਫੀ ਲੋਕ ਅੱਜ ਵੀ ਮੰਨਦੇ ਹਨ ਕਿ ਔਰਤ ਦੀ ਇਹ ਹਾਲਤ ਸੈਕਸ ਤੋਂ ਮਹਿਰੂਮ ਹੋਣ ਕਾਰਨ ਹੁੰਦੀ ਹੈ।
ਇਹੀ ਕਾਰਨ ਹੈ ਕਿ ਅੱਜ ਵੀ ਘੱਟ ਪੜ੍ਹੇ-ਲਿਖੇ ਲੋਕ ਕੁੜੀਆਂ ਨੂੰ ਸਮਝਾਉਂਦੇ ਹਨ ਕਿ ਵਿਆਹ ਤੋਂ ਬਾਅਦ ਪੀੜ ਘੱਟ ਹੋ ਜਾਵੇਗੀ। ਆਧੁਨਿਕ ਵਿਗਿਆਨ ਤੇ ਖੋਜ ਮਾਹਵਾਰੀ ਦੌਰਾਨ ਔਰਤਾਂ ਵਿੱਚ ਹੋਣ ਵਾਲੇ ਬਦਲਾਅ ਦੇ ਕਈ ਸਕਾਰਾਤਮਕ ਪਹਿਲੂ ਦੇਖਦੀ ਹੈ।
ਦਿਮਾਗ ਦੀ ਥਿਊਰੀ
ਨਵੇਂ ਸਰਵੇਖਣ ਮੁਤਾਬਕ ਪੀਰੀਅਡਜ਼ ਪੂਰੇ ਹੋਣ ਤੋਂ ਬਾਅਦ ਔਰਤਾਂ ਵਿੱਚ ਖਾਸ ਤਰ੍ਹਾਂ ਦੀ ਜਾਗਰੂਕਤਾ ਵਧ ਜਾਂਦੀ ਹੈ। ਪੀਰੀਅਡਜ਼ ਦੇ ਤਿੰਨ ਹਫ਼ਤਿਆਂ ਬਾਅਦ ਉਨ੍ਹਾਂ ਦੀ ਵਿਚਾਰ-ਵਟਾਂਦਰੇ ਦੀ ਸਮਰੱਥਾ ਵੱਧ ਜਾਂਦੀ ਹੈ। ਜਿਨ੍ਹਾਂ ਗੱਲਾਂ ਨੂੰ ਦੂਜੇ ਲੋਕ ਕਹਿਣ ਤੋਂ ਡਰਦੇ ਹਨ ਉਨ੍ਹਾਂ ਨੂੰ ਉਹ ਖੁੱਲ੍ਹ ਕੇ ਕਹਿ ਦਿੰਦੀ ਹੈ। ਜਿਵੇਂ ਹੀ ਪੀਰੀਅਡਜ਼ ਦਾ ਨਵਾਂ ਚੱਕਰ ਸ਼ੁਰੂ ਹੁੰਦਾ ਹੈ, ਉਨ੍ਹਾਂ ਦਾ ਦਿਮਾਗ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰਦਾ ਹੈ।

ਤਸਵੀਰ ਸਰੋਤ, Getty Images
ਮਰਦ ਅਤੇ ਔਰਤ ਦੋਵੇਂ ਹੀ ਆਪਣੇ ਹਾਰਮੋਨ ਕਾਰਨ ਹਰ ਮਹੀਨੇ ਇਸ ਤਰ੍ਹਾਂ ਦੇ ਚੱਕਰ ਤੋਂ ਲੰਘਦੇ ਹਨ।
ਪੁਰਾਣੇ ਦੌਰ ਵਿੱਚ ਲੋਕ ਮੰਨਦੇ ਸਨ ਕਿ ਔਰਤ ਦੇ ਮਿਜਾਜ਼ ਵਿੱਚ ਇਹ ਬਦਲਾਅ ਢਿੱਡ ਵਿੱਚ ਚੱਲ ਰਹੀ ਉਥਲ-ਪੁਥਲ ਕਾਰਨ ਹੁੰਦਾ ਹੈ। ਜਦੋਂ ਕਿ ਇਨ੍ਹਾਂ ਬਦਲਾਵਾਂ ਦਾ ਸਰੋਤ ਬੱਚੇਦਾਨੀ ਹੈ, ਜਿੱਥੇ ਐਸਟਰੋਜਨ ਅਤੇ ਪ੍ਰੋਜੇਸਟਰੋਨ ਨਾਂ ਦੇ ਦੋ ਹਾਰਮੋਨ ਪੂਰੇ ਮਹੀਨੇ ਵੱਖ-ਵੱਖ ਮਾਤਰਾ ਵਿੱਚ ਨਿਕਲਦੇ ਰਹਿੰਦੇ ਹਨ ਅਤੇ ਬੱਚੇਦਾਨੀ ਦੇ ਚਾਰੋਂ ਪਾਸੇ ਚਾਦਰ ਬਣਾਉਂਦੇ ਹਨ।
ਇਹੀ ਹਾਰਮੋਨ ਫ਼ੈਸਲਾ ਕਰਦੇ ਹਨ ਕਿ ਅੰਡਾ ਕਦੋਂ ਤਿਆਰ ਕਰਨਾ ਹੈ। ਇਸੇ ਹਾਰਮੋਨ ਕਾਰਨ ਔਰਤ ਦੀ ਸਿਹਤ ਅਤੇ ਸੁਭਾਅ 'ਤੇ ਅਸਰ ਪੈਂਦਾ ਹੈ।
ਪੀਰੀਡਜ਼ ਦੇ ਸਾਈਕਲ 'ਤੇ 1930 ਦੇ ਦਹਾਕੇ ਤੋਂ ਸਰਵੇਖਣ ਕੀਤਾ ਜਾ ਰਿਹਾ ਹੈ। ਵਿਗਿਆਨੀਆਂ ਲਈ ਵੀ ਇਹ ਖੋਜ ਦਾ ਦਿਲਚਸਪ ਵਿਸ਼ਾ ਹੈ। ਇਸ ਦੀ ਪ੍ਰੇਰਣਾ ਉਨ੍ਹਾਂ ਨੂੰ ਸਿਰਫ਼ ਔਰਤਾਂ ਦੀ ਬਾਇਓਲੌਜੀ ਸਮਝਣ ਤੋਂ ਨਹੀਂ ਮਿਲੀ ਹੈ।
ਸਗੋਂ ਇਸ ਗੱਲ ਤੋਂ ਮਿਲੀ ਹੈ ਕਿ ਔਰਤਾਂ, ਮਰਦਾਂ ਤੋਂ ਕਿਉਂ ਅਤੇ ਕਿੰਨੀਆਂ ਵੱਖਰੀਆਂ ਹਨ। ਇਨ੍ਹਾਂ ਦੋਹਾਂ ਵਿਚਾਲੇ ਫਰਕ ਦੀ ਬੁਨਿਆਦੀ ਮਿਸਾਲ ਸਾਡੇ ਦਿਮਾਗ ਵਿੱਚ ਹੈ।
ਯੂਕੇ ਦੀ ਡਰਹਮ ਯੂਨੀਵਰਸਿਟੀ ਦੇ ਨਿਊਰੋਸਾਈਂਟਿਸਟ ਮਾਰਕਸ ਹਸਮੈਨ ਮੁਤਾਬਕ ਸਾਲਾਂ ਤੱਕ ਇਹੀ ਮੰਨਿਆ ਗਿਆ ਕਿ ਮਰਦ ਅਤੇ ਔਰਤ ਦੋਵੇਂ ਹੀ ਆਪਣੇ ਹਾਰਮੋਨ ਕਾਰਨ ਹਰ ਮਹੀਨੇ ਇਸ ਤਰ੍ਹਾਂ ਦੇ ਚੱਕਰ ਤੋਂ ਲੰਘਦੇ ਹਨ।
ਔਰਤਾਂ ਵਿੱਚ ਪੀਰੀਅਡਜ਼ ਹੁੰਦੇ ਹਨ ਅਤੇ ਮਰਦਾਂ ਵਿੱਚ ਟੈਸਟੋਸਟੋਰੋਨ ਦਾ ਪੱਧਰ ਵੱਧਦਾ-ਘੱਟਦਾ ਹੈ। ਜਦੋਂ ਕਿ ਔਰਤਾਂ ਦਾ ਦਿਮਾਗ ਮਰਦਾਂ ਨਾਲੋਂ ਵੱਖ ਕੰਮ ਕਰਦਾ ਹੈ। ਉਨ੍ਹਾਂ ਦੇ ਦਿਮਾਗ ਦੀ ਥਿਊਰੀ ਮਰਦਾਂ ਨਾਲੋਂ ਬਿਹਤਰ ਹੁੰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਕਮਿਊਨੀਕੇਸ਼ਨ ਅਤੇ ਸੋਸ਼ਲ ਸਕਿੱਲ ਮਰਦਾਂ ਨਾਲੋਂ ਬਿਹਤਰ ਹੁੰਦੀ ਹੈ।

ਤਸਵੀਰ ਸਰੋਤ, Getty Images
ਔਰਤਾਂ ਦਾ ਦਿਮਾਗ ਕੋਈ ਵੀ ਸ਼ਬਦ ਦੀ ਸਪੈਲਿੰਗ ਮਰਦਾਂ ਮੁਕਾਬਲੇ ਤੇਜ਼ੀ ਨਾਲ ਯਾਦ ਰਖਦਾ ਹੈ।
ਸ਼ਿਕਾਗੋ ਦੀ ਇਲੀਨੋਇਸ ਯੂਨੀਵਰਸਿਟੀ ਦੇ ਮਨੋਵਿਗਿਆਨੀ ਪਾਉਲਿਨ ਮਕੀ ਦਾ ਕਹਿਣਾ ਹੈ, "ਔਰਤਾਂ ਦਾ ਦਿਮਾਗ ਕੋਈ ਵੀ ਸ਼ਬਦ ਦੀ ਸਪੈਲਿੰਗ ਮਰਦਾਂ ਮੁਕਾਬਲੇ ਤੇਜ਼ੀ ਨਾਲ ਯਾਦ ਰੱਖਦਾ ਹੈ। ਇਹੀ ਨਹੀਂ ਔਰਤਾਂ ਮਰਦਾਂ ਦੇ ਮੁਕਾਬਲੇ ਤੇਜ਼ੀ ਨਾਲ ਬੋਲਦੀਆਂ ਹਨ ਅਤੇ ਉਨ੍ਹਾਂ ਦੇ ਦਿਮਾਗ ਵਿੱਚ ਦਰਜ ਲਫ਼ਜ਼ਾਂ ਦੀ ਗਿਣਤੀ, ਮਰਦਾਂ ਨਾਲੋਂ ਵੱਧ ਹੁੰਦੀ ਹੈ।"
ਇਹ ਵੀ ਪੜ੍ਹੋ:
ਮੰਨਿਆ ਜਾਂਦਾ ਹੈ ਕਿ ਹਜ਼ਾਰਾਂ ਸਾਲ ਤੋਂ ਔਰਤਾਂ ਆਪਣੇ ਬੱਚਿਆਂ ਨੂੰ ਚੰਗੇ-ਮਾੜੇ ਵਿਚਾਲੇ ਫਰਕ ਕਰਨ ਦੇ ਹੁਕਮ ਦਿੰਦੀਆਂ ਰਹੀਆਂ ਹਨ, ਸ਼ਾਇਦ ਇਸ ਲਈ ਵੀ ਕੁੜੀਆਂ ਦੇ ਬੋਲਣ ਦੀ ਪ੍ਰੈਕਟਿਸ ਚੰਗੀ ਹੁੰਦੀ ਹੈ। ਪਰ ਕੀ ਇਸ ਦੇ ਪਿੱਛੇ ਹਾਰਮੋਨ ਜ਼ਿੰਮੇਦਾਰ ਹਨ, ਇਹ ਵੱਡਾ ਸਵਾਲ ਹੈ।
ਹਾਰਮੋਨਲ ਸੰਤੁਲਨ
ਇਸੇ ਸਵਾਲ ਦਾ ਜਵਾਬ ਲੱਭਣ ਲਈ ਮਨੋਵਿਗਿਆਨੀ ਪਾਊਲਿਨ ਮਕੀ ਨੇ ਬਾਲਟੀਮੋਰ ਦੇ ਜੇਰੋਂਟਾਲਜੀ ਰਿਸਰਚ ਸੈਂਟਰ ਦੇ ਕੁਝ ਸਰਵੇਖਣਕਰਤਾ ਦੇ ਨਾਲ ਮਿਲ ਕੇ ਤਜੁਰਬਾ ਕੀਤਾ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਔਰਤਾਂ ਵਿੱਚ ਐਸਟਰੋਜਨ ਦਾ ਵੱਧਦਾ-ਘੱਟਦਾ ਪੱਧਰ ਹਰ ਮਹੀਨੇ ਉਨ੍ਹਾਂ ਤੇ ਕਿਵੇਂ ਅਤੇ ਕਿੰਨਾ ਅਸਰ ਪਾਉਂਦਾ ਹੈ। ਇਸ ਲਈ ਉਨ੍ਹਾਂ ਨੇ ਦੋ ਪੱਧਰ 'ਤੇ ਤਜਰਬਾ ਸ਼ੁਰੂ ਕੀਤਾ। ਹਾਲਾਂਕਿ ਇਸ ਤਜਰਬੇ ਦਾ ਸੈਂਪਲ ਸਾਈਜ਼ ਛੋਟਾ ਹੁੰਦਾ ਸੀ।
ਸਿਰਫ਼ 16 ਔਰਤਾਂ ਨੇ ਹੀ ਹਿੱਸਾ ਲਿਆ ਸੀ।ਇਨ੍ਹਾਂ ਸਾਰੀਆਂ ਦੇ ਪੀਰੀਅਡ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਪੀਰੀਅਡ ਖਤਮ ਹੋਣ ਤੋਂ ਬਾਅਦ ਰਵੱਈਆ ਦੇਖਿਆ ਗਿਆ।
ਸਰਵੇਖਣ ਦੇ ਨਤੀਜੇ ਹੈਰਾਨ ਕਰਨ ਵਾਲੇ ਸਨ। ਸਾਰੀਆਂ ਔਰਤਾਂ ਵਿੱਚ ਜਿਸ ਵੇਲੇ ਫੀਮੇਲ ਹਾਰਮੋਨ ਦਾ ਪੱਧਰ ਵੱਧ ਸੀ, ਤਾਂ ਉਹ ਮਰਦਾਂ ਦੇ ਮੁਕਾਬਲੇ ਚੀਜ਼ਾਂ ਯਾਦ ਰੱਖਣ ਵਿੱਚ ਕਮਜ਼ੋਰ ਸਨ ਪਰ ਜਦੋਂ ਫੀਮੇਲ ਹਾਰਮੋਨ ਦਾ ਪੱਧਰ ਘੱਟ ਹੋਇਆ ਤਾਂ ਉਨ੍ਹਾਂ ਦੀ ਇਹ ਕਮਜ਼ੋਰ ਦੂਰ ਹੋ ਗਈ। ਉਹ ਮਰਦਾਂ ਦੇ ਮੁਕਾਬਲੇ ਸ਼ਬਦਾਂ ਨੂੰ ਤੇਜ਼ੀ ਨਾਲ ਯਾਦ ਰੱਖਣ ਲੱਗੀਆਂ।
ਜਿਨ੍ਹਾਂ ਸ਼ਬਦਾਂ ਦੀ ਅਦਾਇਗੀ ਨੂੰ ਲੈ ਕੇ ਖਦਸ਼ਾ ਬਣਿਆ ਰਹਿੰਦਾ ਹੈ, ਉਨ੍ਹਾਂ ਨੂੰ ਔਰਤਾਂ ਤੇਜ਼ੀ ਨਾਲ ਅਤੇ ਬਿਲਕੁਲ ਸਹੀ ਸਮਝ ਲੈਂਦੀਆਂ ਹਨ। ਬਿਹਤਰ ਕਮਿਊਨੀਕੇਸ਼ਨ ਲਈ ਇਸ ਨੂੰ ਖੂਬੀ ਮੰਨਿਆ ਜਾਂਦਾ ਹੈ। ਆਪਣੀ ਰਿਸਰਚ ਦੇ ਆਧਾਰ 'ਤੇ ਮਨੋਵਿਗਿਆਨੀ ਮਕੀ ਮੰਨਦੇ ਹਨ ਕਿ ਔਰਤਾਂ ਵਿੱਚ ਹਰ ਮਹੀਨੇ ਹੋਣ ਵਾਲੇ ਇਸ ਬਦਲਾਅ ਦਾ ਕਾਰਨ ਓਏਸਟਰੋਜਨ ਹਾਰਮੋਨ ਹੈ।
ਦਿਮਾਗ ਦੇ ਦੋਨੋਂ ਹਿੱਸੇ ਤੇਜ਼ੀ ਨਾਲ ਕੰਮ ਕਰਦੇ ਹਨ
ਫੀਮੇਲ ਹਾਰਮੋਨ ਦਿਮਾਗ ਦੇ ਦੋ ਹਿੱਸਿਆਂ 'ਤੇ ਡੂੰਘਾ ਅਸਰ ਪਾਉਂਦੇ ਹਨ। ਪਹਿਲਾ ਹਿੱਸਾ ਹੈ ਹਿੱਪੋਕੈਂਪਸ ਜਿੱਥੇ ਹਰ ਤਰ੍ਹਾਂ ਦੀਆਂ ਯਾਦਾਂ ਜਮ੍ਹਾਂ ਹੁੰਦੀਆਂ ਰਹਿੰਦੀਆਂ ਹਨ। ਹਰ ਮਹੀਨੇ ਜਦੋਂ ਪੀਮੇਲ ਹਾਰਮੋਨ ਰਿਲੀਜ਼ ਹੁੰਦੇ ਹਨ ਤਾਂ ਦਿਮਾਗ ਦਾ ਇਹ ਹਿੱਸਾ ਵੱਡਾ ਹੋ ਜਾਂਦਾ ਹੈ।

ਤਸਵੀਰ ਸਰੋਤ, Getty Images
ਫੀਮੇਲ ਹਾਰਮੋਨ ਦਿਮਾਗ ਦੇ ਦੋ ਹਿੱਸਿਆਂ 'ਤੇ ਡੂੰਘਾ ਅਸਰ ਪਾਉਂਦੇ ਹਨ
ਦੂਜਾ ਅਸਰਦਾਰ ਹੋਣ ਵਾਲਾ ਹਿੱਸਾ ਹੈ ਏਮਿਗਡਾਲਾ। ਦਿਮਾਗ ਦੇ ਇਸ ਹਿੱਸੇ ਦਾ ਸਬੰਧ ਜਜ਼ਬਾਤਾਂ ਅਤੇ ਫੈਸਲੇ ਕਰਨ ਦੀ ਤਾਕਤ ਨਾਲ ਹੁੰਦਾ ਹੈ।
ਹਰ ਮਹੀਨੇ ਫੀਮੇਲ ਹਾਰਮੋਨ ਰਿਲੀਜ਼ ਹੋਣ ਨਾਲ ਔਰਤਾਂ ਦਿਮਾਗ ਦੇ ਇਸ ਹਿੱਸੇ ਦੀ ਵਰਤੋਂ ਕਰਦੇ ਹੋਏ ਕਿਸੇ ਵੀ ਹਾਲਤ ਨੂੰ ਦੂਜਿਆਂ ਦੇ ਮੁਕਾਬਲੇ ਬਿਹਤਰ ਤਰੀਕੇ ਨਾਲ ਦੇਖਦੀਆਂ ਹਨ। ਹਰ ਮਹੀਨੇ ਵਧਣ ਵਾਲੇ ਓਏਸਟਰੋਜਨ ਹਾਰਮੋਨ ਦਾ ਕਾਰਨ ਹੀ ਔਰਤਾਂ ਕਿਸੇ ਵੀ ਤਰ੍ਹਾਂ ਦੇ ਡਰ ਨੂੰ ਪਹਿਲਾਂ ਹੀ ਸਮਝ ਲੈਂਦੀਆਂ ਹਨ।
ਮਕੀ ਦਾ ਮੰਨਣਾ ਹੈ ਕਿ ਔਰਤਾਂ ਦੇ ਪੀਰੀਅਡਜ਼ ਦਾ ਉਨ੍ਹਾਂ ਦੇ ਦਿਮਾਗ 'ਤੇ ਅਸਰ ਮਹਿਜ਼ ਇਤੇਫਾਕ ਨਹੀਂ ਹੈ। ਸਾਲਾਂ ਤੱਕ ਰਿਸਰਚਰ ਇਹੀ ਮੰਨਦੇ ਰਹੇ ਕਿ ਜਦੋਂ ਔਰਤਾਂ ਵਿੱਚ ਓਵਿਊਲੇਸ਼ਨ ਹੁੰਦਾ ਹੈ ਤਾਂ ਉਨ੍ਹਾਂ ਨੂੰ ਸਿਹਤਮੰਦ ਮਰਦ ਦੇ ਨਾਲ ਸੈਕਸ ਦੀ ਇੱਛਾ ਹੁੰਦੀ ਹੈ। ਪਰ ਹਾਲੀਆ ਰਿਸਰਚ ਇਸ ਨੂੰ ਨਕਾਰਦੀ ਹੈ।
ਦਿਮਾਗੀ ਤਾਕਤ
ਮਰਦਾਂ ਅਤੇ ਔਰਤਾਂ ਦੇ ਦਿਮਾਗ ਦੇ ਕੰਮ ਕਰਨ ਦੇ ਤਰੀਕੇ ਵਿੱਚ ਇੱਕ ਹੋਰ ਵੱਡਾ ਫਰਕ ਹੈ। ਕੋਈ ਵੀ ਕੰਮ ਕਰਨ ਵਿੱਚ ਮਰਦਾਂ ਦੇ ਦਿਮਾਗ ਦਾ ਇੱਕ ਹਿੱਸਾ ਕੰਮ ਕਰਦਾ ਹੈ। ਜਦੋਂ ਕਿ ਔਰਤਾਂ ਦੇ ਦਿਮਾਗ ਦੇ ਦੋਵੇਂ ਹਿੱਸੇ ਕੰਮ ਕਰਦੇ ਹਨ। ਦਿਮਾਗ ਦੇ ਸੱਜੇ ਜਾਂ ਖੱਬੇ ਹਿੱਸੇ ਦੇ ਕੰਮ ਕਰਨ ਦੇ ਤਰੀਕੇ ਦਾ ਸਬੰਧ ਹੱਥ ਨਾਲ ਹੈ।
ਉਦਾਹਰਨ ਦੇ ਤੌਰ 'ਤੇ ਜੇ ਕੋਈ ਆਪਣੇ ਸੱਜੇ ਹੱਥ ਦੀ ਵਰਤੋਂ ਕਰਦਾ ਹੈ ਤਾਂ ਭਾਸ਼ਾ ਦੀ ਜਾਣਕਾਰੀ ਉਸ ਦੇ ਦਿਮਾਗ ਦੇ ਖੱਬੇ ਹਿੱਸੇ ਵਿੱਚ ਹੁੰਦੀ ਹੈ ਪਰ ਔਰਤਾਂ ਦੇ ਦਿਮਾਗ ਇਸ ਤੋਂ ਵੱਖਰਾ ਬਣਿਆ ਹੋਇਆ ਹੈ। ਅਜਿਹਾ ਕਿਉਂ ਹੈ ਇਹ ਹਾਲੇ ਵੀ ਨਹੀਂ ਪਤਾ ਲਗ ਸਕਿਆ ਹੈ।
2002 ਵਿੱਚ ਹੌਸਮੈਨ ਵੱਲੋਂ ਕੀਤੇ ਗਏ ਸਰਵੇਖਣ ਮੁਤਾਬਕ ਜਦੋਂ ਔਰਤਾਂ ਵਿੱਚ ਓਏਸਟਰੋਜਨ ਅਤੇ ਪ੍ਰੋਜੇਸਟਰੋਨ ਹਾਰਮੋਨ ਰਿਲੀਜ਼ ਹੁੰਦੇ ਹਨ ਤਾਂ ਉਨ੍ਹਾਂ ਦੇ ਦਿਮਾਗ ਦੇ ਦੋਨੋਂ ਹਿੱਸੇ ਜ਼ਿਆਦਾ ਤੇਜ਼ੀ ਨਾਲ ਕੰਮ ਕਰਦੇ ਹਨ।
ਇਹ ਵੀ ਪੜ੍ਹੋ:
ਹੌਸਮਨ ਦਾ ਕਹਿਣਾ ਹੈ, "ਇਸ ਨਾਲ ਔਰਤਾਂ ਦੀ ਸੋਚਣ ਦੀ ਸ਼ਖਤੀ ਵਿੱਚ ਲਚੀਲਾਪਨ ਆਉਂਦਾ ਹੈ। ਦਿਮਾਗ ਦਾ ਸੱਜਾ ਹਿੱਸਾ ਤੇਜ਼ ਰਫ਼ਤਾਰ ਨਾਲ ਕੰਮ ਕਰਨ ਲਗਦਾ ਹੈ। ਦੇਖਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਦਿਮਾਗ ਦਾ ਸੱਜਾ ਹਿੱਸਾ ਵੱਧ ਕੰਮ ਕਰਦਾ ਹੈ ਉਹ ਗਣਿਤ ਦੇ ਸਵਾਲ ਤੇਜ਼ੀ ਨਾਲ ਹੱਲ ਕਰ ਲੈਂਦੇ ਹਨ। ਸਰੀਰ ਵਿੱਚ ਹਰ ਮਹੀਨੇ ਹੋਣ ਵਾਲੇ ਬਦਲਾਅ ਨਾਲ ਦਿਮਾਗ ਦੇ ਕੰਮ ਕਰਨ ਦੇ ਤਰੀਕੇ 'ਤੇ ਅਸਰ ਪੈਂਦਾ ਹੈ। ਔਰਤਾਂ ਵਿੱਚ ਇਹ ਬਦਲਾਅ ਸਕਾਰਤਮਕ ਹੁੰਦੇ ਹਨ।"
ਇਸ ਲਈ ਜੋ ਲੋਕ ਖੱਬੇ ਹਿੱਸੇ ਉੱਤੇ ਵਧੇਰੇ ਨਿਰਭਰ ਹਨ, ਉਹ ਸਮੱਸਿਆਵਾਂ ਨੂੰ ਵਧੇਰੇ ਤਾਰਕਿਕ ਢੰਗ ਨਾਲ ਹੱਲ ਕਰ ਸਕਦੇ ਹਨ ਅਤੇ ਜੋ ਲੋਕ ਸੱਜੇ ਹਿੱਸੇ ਉੱਤੇ ਜ਼ਿਆਦਾ ਭਰੋਸਾ ਰੱਖਦੇ ਹਨ ਉਹ ਇੱਕ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰਨ ਵੇਲੇ ਪੂਰੀ ਪ੍ਰਕ੍ਰਿਆਵਾਂ 'ਤੇ ਵਧੇਰੇ ਨਿਰਭਰ ਹੋ ਸਕਦੇ ਹਨ।
ਅੰਗਰੇਜ਼ੀ ਵਿੱਚ ਇਹ ਲੇਖ ਬੀਬੀਸੀ ਫਿਊਚਰ 'ਤੇ ਪੜ੍ਹਿਆ ਜਾ ਸਕਦਾ ਹੈ