ਪਾਕਿਸਤਾਨ ਅੱਤਵਾਦੀ ਸੰਗਠਨਾਂ ਖਿਲਾਫ ਰਿਹਾ ਨਾਕਾਮ, ਰੁਕੇਗੀ ਮਦਦ - ਅਮਰੀਕਾ

ਡੌਨਲਡ ਟਰੰਪ Image copyright Getty Images
ਫੋਟੋ ਕੈਪਸ਼ਨ ਟਰੰਪ ਨੇ ਕਿਹਾ ਸੀ, "ਅਮਰੀਕਾ ਨੇ ਪਿਛਲੇ 15 ਸਾਲਾਂ ਵਿੱਚ ਪਾਕਿਸਤਾਨ ਨੂੰ 33 ਅਰਬ ਡਾਲਰ ਤੋਂ ਵੱਧ ਦੀ ਮਦਦ ਦਿੱਤੀ ਅਤੇ ਉਸਨੇ ਬਦਲੇ ਵਿੱਚ ਝੂਠ ਅਤੇ ਧੋਖੇ ਤੋਂ ਇਲਾਵਾ ਕੁਝ ਨਹੀਂ ਦਿੱਤਾ।''

ਅਮਰੀਕੀ ਫੌਜ ਨੇ ਕਿਹਾ ਹੈ ਕਿ ਉਸ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਤਕਰੀਬਨ 30 ਕਰੋੜ ਡਾਲਰ ਦੀ ਮਦਦ ਰੱਦ ਕਰ ਦਿੱਤੀ ਹੈ।

ਅਮਰੀਕੀ ਫੌਜ ਨੇ ਕਿਹਾ ਹੈ ਕਿ ਉਸ ਨੇ ਇਹ ਫ਼ੈਸਲਾ ਇਸ ਲਈ ਲਿਆ ਹੈ ਕਿਉਂਕਿ ਪਾਕਿਸਤਾਨ ਅੱਤਵਾਦੀ ਗੁਟਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਨਾਕਾਮ ਰਿਹਾ ਹੈ।

ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟੀਨੈਂਟ ਕਰਨਲ ਕੋਨੀ ਫੌਕਨਰ ਨੇ ਕਿਹਾ ਹੈ ਕਿ ਅਮਰੀਕੀ ਰੱਖਿਆ ਵਿਭਾਗ ਹੁਣ ਇਸ ਰਕਮ ਦੀ ਵਰਤੋਂ ਜ਼ਰੂਰੀ ਚੀਜ਼ਾਂ 'ਤੇ ਕਰੇਗਾ।

ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਾਕਿਸਤਾਨ ਉਨ੍ਹਾਂ ਕੱਟੜਪੰਥੀਆਂ ਲਈ ਸੁਰੱਖਿਅਤ ਪਨਾਹਗਾਹ ਬਣਿਆ ਹੋਇਆ ਹੈ ਜਿਨ੍ਹਾਂ ਨੇ ਗੁਆਂਢੀ ਦੇਸ ਅਫ਼ਗਾਨਿਸਤਾਨ ਵਿੱਚ ਪਿਛਲੇ 17 ਸਾਲਾਂ ਤੋਂ ਜੰਗ ਛੇੜੀ ਹੋਈ ਹੈ। ਹਾਲਾਂਕਿ ਪਾਕਿਸਤਾਨ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ:

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨ ਆਪਣਾ ਰਵੱਈਆ ਬਦਲਦਾ ਹੈ ਤਾਂ ਉਸ ਨੂੰ ਅਮਰੀਕੀ ਸਮਰਥਨ ਮੁੜ ਤੋਂ ਹਾਸਲ ਹੋ ਸਕਦਾ ਹੈ।

Image copyright EPA

ਇਸ ਤੋਂ ਪਹਿਲਾਂ ਵੀ ਅਮਰੀਕਾ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਪਾਕਿਸਤਾਨ ਨੂੰ 50 ਕਰੋੜ ਡਾਲਰ ਦੀ ਆਰਥਿਕ ਮਦਦ ਰੱਦ ਕਰ ਦਿੱਤੀ ਸੀ।

ਹਾਲਾਂਕਿ ਰੱਖਿਆ ਮੰਤਰਾਲੇ ਦੇ ਇਸ ਫ਼ੈਸਲੇ ਨੂੰ ਅਜੇ ਅਮਰੀਕੀ ਸੰਸਦ ਦੀ ਮਨਜ਼ੂਰੀ ਮਿਲਣਾ ਬਾਕੀ ਹੈ।

ਟਰੰਪ ਦਾ ਝਟਕਾ

ਉਦੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਨਵੇਂ ਸਾਲ ਦੇ ਪਹਿਲੇ ਦਿਨ ਕੀਤੇ ਇੱਕ ਟਵੀਟ ਵਿੱਚ ਪਾਕਿਸਤਾਨ 'ਤੇ ਝੂਠ ਬੋਲਣ ਅਤੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਇਲਜ਼ਾਮ ਲਾਏ ਸਨ। ਟਰੰਪ ਨੇ ਕਿਹਾ ਸੀ ਕਿ ਪਾਕਿਸਤਾਨ ਅਮਰੀਕਾ ਤੋਂ 'ਅਰਬਾਂ ਡਾਲਰ ਦੀ ਮਦਦ ਲੈਣ ਦੇ ਬਾਵਜੂਦ ਅੱਤਵਾਦੀਆਂ ਨੂੰ ਪਾਲ ਰਿਹਾ ਹੈ।

ਇਹ ਵੀ ਪੜ੍ਹੋ:

ਟਰੰਪ ਨੇ ਕਿਹਾ ਸੀ, "ਅਮਰੀਕਾ ਨੇ ਪਿਛਲੇ 15 ਸਾਲਾਂ ਵਿੱਚ ਪਾਕਿਸਤਾਨ ਨੂੰ 33 ਅਰਬ ਡਾਲਰ ਤੋਂ ਵੱਧ ਦੀ ਮਦਦ ਦਿੱਤੀ ਅਤੇ ਉਸਨੇ ਬਦਲੇ ਵਿੱਚ ਝੂਠ ਅਤੇ ਧੋਖੇ ਤੋਂ ਇਲਾਵਾ ਕੁਝ ਨਹੀਂ ਦਿੱਤਾ। ਉਹ ਸੋਚਦੇ ਹਨ ਕਿ ਅਮਰੀਕੀ ਲੀਡਰ ਮੂਰਖ ਹਨ। ਅਸੀਂ ਅਫ਼ਗਾਨਿਸਤਾਨ ਵਿੱਚ ਜਿਨ੍ਹਾਂ ਅੱਤਵਾਦੀਆਂ ਦੀ ਭਾਲ ਕਰ ਰਹੇ ਹਾਂ, ਉਨ੍ਹਾਂ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਹੈ। ਹੁਣ ਹੋਰ ਨਹੀਂ।"

Image copyright Getty Images
ਫੋਟੋ ਕੈਪਸ਼ਨ ਅਮਰੀਕਾ ਦੇ ਇਸ ਕਦਮ ਨਾਲ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਮੁਸ਼ਕਿਲਾਂ ਵਧਣਗੀਆਂ

ਅਮਰੀਕੀ ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟੀਨੈਂਟ ਕੋਨੀ ਫੌਕਨਰ ਨੇ ਕਿਹਾ, "ਦੱਖਣੀ ਏਸ਼ੀਆ ਲਈ ਅਮਰੀਕਾ ਦੀ ਫੌਜੀ ਰਣਨੀਤੀ ਵਿੱਚ ਸਹਿਯੋਗ ਨਾ ਕਰਨ ਕਰਕੇ ਪਾਕਿਸਤਾਨ ਨੂੰ ਬਚੀ ਹੋਈ 30 ਕਰੋੜ ਡਾਲਰ ਦੀ ਸਹਾਇਤਾ ਰੱਦ ਕਰ ਦਿੱਤੀ ਹੈ।"

ਅਮਰੀਕਾ ਦੇ ਇਸ ਕਦਮ ਨਾਲ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਮੁਸ਼ਕਿਲਾਂ ਵਧਣਗੀਆਂ। ਇਮਰਾਨ ਖ਼ਾਨ ਨੇ ਪਿਛਲੇ ਮਹੀਨੇ ਹੀ ਪਾਕਿਸਤਾਨ ਦੀ ਕਮਾਨ ਸਾਂਭੀ ਹੈ ਅਤੇ ਆਰਥਿਕ ਮੋਰਚੇ ਤੋਂ ਉਨ੍ਹਾਂ ਨੂੰ ਜੂਝਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)