ਦੁੱਧ ਚੁੰਘਾਉਂਦੀ ਮਾਂ ਨੂੰ ਭੀੜ ਵਿੱਚ ਹੀ ਟਰੇਨ 'ਚ ਖੜ੍ਹੇ ਰਹਿਣਾ ਪਿਆ

Kate Hitchens breastfeeding on train

ਤਸਵੀਰ ਸਰੋਤ, Instagram/Hitchens' Kitchen BLW Club

ਤਸਵੀਰ ਕੈਪਸ਼ਨ,

35 ਮਿੰਟ ਦੇ ਸਫਰ ਵਿੱਚ ਕੇਟ ਨੂੰ ਕਿਸੇ ਨੇ ਸੀਟ ਨਹੀਂ ਦਿੱਤੀ

"ਦੁਨੀਆਂ ਨੂੰ ਕੀ ਹੋ ਗਿਆ ਹੈ ਜਿੱਥੇ ਇੱਕ ਮਾਂ ਨੂੰ 6 ਮਹੀਨੇ ਦੇ ਬੱਚੇ ਨੂੰ ਚੱਲਦੀ ਟਰੇਨ ਵਿੱਚ ਖੜ੍ਹੇ ਹੋ ਕੇ ਹੀ ਦੁੱਧ ਚੁੰਘਾਉਣਾ ਪੈਂਦਾ ਹੈ?"

ਇਹ ਕਹਿਣਾ ਹੈ 32 ਸਾਲਾ ਕੇਟ ਹਿਚੈਨਜ਼ ਦਾ ਜੋ ਕਿ ਲੰਡਨ ਵਿੱਚ ਵਿਕਫੋਰਡ ਤੋਂ ਘਰ ਵੱਲ ਜਾ ਰਹੀ ਸੀ ਅਤੇ ਟਰੇਨ ਵਿੱਚ ਭੀੜ ਬਹੁਤ ਸੀ।

ਮੁਸਾਫਰਾਂ ਨੇ ਦੇਖਿਆ ਕਿ ਉਹ 6 ਮਹੀਨੇ ਦੇ ਚਾਰਲੀ ਨੂੰ ਦੁੱਧ ਚੁੰਘਾ ਰਹੀ ਸੀ ਪਰ 35 ਮਿੰਟ ਦੇ ਇਸ ਸਫਰ ਵਿੱਚ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ।

ਇਹ ਵੀ ਪੜ੍ਹੋ:

ਬਲਾਗਰ ਕੇਟ ਦਾ ਤਿੰਨ ਸਾਲ ਦਾ ਇੱਕ ਹੋਰ ਬੱਚਾ ਹੈ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 'ਦਿਆਲੂਤਾ ਦਿਖਾਉਣ' ਜੇ ਉਹ ਹੋਰਨਾਂ ਨੂੰ ਸੰਘਰਸ਼ ਕਰਦੇ ਹੋਏ ਦੇਖਣ।

'ਮੈਨੂੰ ਤਾਂ ਪੁੱਛਣ ਦੀ ਹੀ ਲੋੜ ਨਹੀਂ ਹੋਣੀ ਚਾਹੀਦੀ ਸੀ'

ਫੇਸਬੁੱਕ ਅਤੇ ਇੰਸਟਾਗਰਾਮ 'ਤੇ ਪੋਸਟ ਵਿੱਚ ਉਨ੍ਹਾਂ ਦਾ ਗੁੱਸਾ ਝਲਕ ਰਿਹਾ ਹੈ। ਉਨ੍ਹਾਂ ਲਿਖਿਆ, "ਮੈਂ ਸੀਟ ਦੇਣ ਲਈ ਕਿਸੇ ਨੂੰ ਕਹਿ ਸਕਦੀ ਸੀ ਪਰ ਨਹੀਂ ਕਹਿਣਾ ਚਾਹੁੰਦੀ ਸੀ।"

"ਗੱਲ ਇਹ ਨਹੀਂ ਹੈ ਕਿ ਮੈਂ ਬੱਚੇ ਨੂੰ ਸੰਭਾਲ ਰਹੀ ਸੀ ਤਾਂ ਇਹ ਔਖਾ ਸੀ। ਸਗੋਂ ਗੱਲ ਇਹ ਹੈ ਕਿ ਕਿਸੇ ਨੇ ਵੀ ਇੱਕ ਮਾਂ ਨੂੰ ਜਿਸ ਨੇ ਇੱਕ ਛੋਟੇ ਬੱਚੇ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਸੀ, ਤਿੰਨ ਸਟੇਸ਼ਨਾਂ ਤੱਕ ਬੈਠਣ ਲਈ ਥਾਂ ਨਹੀਂ ਦਿੱਤੀ। ਮੈਨੂੰ ਤਾਂ ਪੁੱਛਣ ਦੀ ਹੀ ਲੋੜ ਨਹੀਂ ਹੋਣੀ ਚਾਹੀਦੀ ਸੀ।"

ਹਿਚੈਨਜ਼ ਨੇ ਆਪਣੇ ਬਲਾਗ 'ਹਿਚੈਨਜ਼ ਕਿਚਨ' 'ਤੇ ਲਿਖਿਆ, "ਮੁਸਾਫ਼ਰਾਂ ਨਾਲ ਭਰੀ ਹੋਈ ਟਰੇਨ ਵਿੱਚ ਸਫ਼ਰ ਕਰਨ 'ਤੇ ਉਨ੍ਹਾਂ ਨੂੰ ਬੇਹੱਦ ਘਬਰਾਹਟ ਅਤੇ ਸ਼ਰਮ ਮਹਿਸੂਸ ਹੋਈ।"

ਤਸਵੀਰ ਸਰੋਤ, Hitchens' Kitchen

ਤਸਵੀਰ ਕੈਪਸ਼ਨ,

ਤਿੰਨ ਸਾਲਾ ਓਲੀਵਰ ਅਤੇ 6 ਮਹੀਨੇ ਦੇ ਚਾਰਲੀ ਦੀ ਮਾਂ ਕੇਟ ਨੂੰ ਖੜ੍ਹੇ ਹੋ ਕੇ ਹੀ ਟਰੇਨ ਚ ਸਫਰ ਕਰਨਾ ਪਿਆ

"ਮੈਂ ਰਾਤ ਦੇ ਖਾਣੇ ਤੱਕ ਘਰ ਪਹੁੰਚਣਾ ਚਾਹੁੰਦੀ ਸੀ ਪਰ ਜਿਸ ਟਰੇਨ 'ਤੇ ਜਾਣਾ ਚਾਹੁੰਦੀ ਸੀ ਉਹ ਰੱਦ ਹੋ ਗਈ।"

"ਦੁੱਧ ਚੁੰਘਾਉਣਾ ਮੈਨੂੰ ਔਖਾ ਨਹੀਂ ਲਗਦਾ ਅਤੇ ਨਾ ਹੀ ਮੈਂ ਦੁੱਧ ਚੁੰਘਾਉਣ ਵੇਲੇ ਜ਼ਿਆਦਾ ਚੌਕਸ ਹੁੰਦੀ ਹਾਂ। ਪਰ ਹਰ ਕਿਸੇ ਨੂੰ ਨਜ਼ਰ ਆ ਰਿਹਾ ਸੀ ਕਿ ਮੈਂ ਕੀ ਕਰ ਰਹੀ ਹਾਂ।"

ਅਸੀਂ ਨਿਮਰਤਾ ਕਿਉਂ ਨਹੀਂ ਦਿਖਾਉਂਦੇ

"ਸਰੀਰਕ ਤੌਰ 'ਤੇ ਮੈਂ ਕਾਫੀ ਅਸਹਿਜ ਮਹਿਸੂਸ ਕੀਤਾ ਕਿਉਂਕਿ ਮੇਰੇ ਕੋਲ ਸਹਾਰੇ ਲਈ ਕੋਈ ਚੀਜ਼ ਨਹੀਂ ਸੀ ਜਿਸ ਨੂੰ ਮੈਂ ਫੜ੍ਹ ਸਕਦੀ। ਚਾਰਲੀ ਵੀ ਟਰੇਨ ਚੱਲਣ 'ਤੇ ਹਿੱਲ ਰਿਹਾ ਸੀ ਜਿਸ ਕਾਰਨ ਤਕਲੀਫ ਹੋ ਰਹੀ ਸੀ।

ਇਹ ਵੀ ਪੜ੍ਹੋ:

"ਇੱਕ ਔਰਤ ਜੋ ਮੈਨੂੰ ਸੀਟ ਦੇਣ ਲਈ ਉੱਠੀ ਤਾਂ ਦੂਜੀ ਮੁਸਾਫ਼ਰ ਇਸ 'ਤੇ ਬੈਠ ਗਈ। ਉਸ ਨੇ ਆਪਣੇ ਹੈੱਡਫੋਨ ਲਾਏ ਅਤੇ ਅੱਖਾਂ ਬੰਦ ਕਰ ਲਈਆਂ।"

ਹਿਚੈਨਜ਼ ਦਾ ਕਹਿਣਾ ਹੈ, "ਇਹ ਬਰੈਸਟਫੀਡਿੰਗ ਤੇ ਬੋਤਲ ਨਾਲ ਦੁੱਧ ਪਿਆਉਣ ਦੀ ਗੱਲ ਨਹੀਂ ਹੈ ਸਗੋਂ ਇਹ ਦਿਆਲੂ ਹੋਣ ਅਤੇ ਨਿਮਰਤਾ ਦਿਖਾਉਣ ਦੀ ਗੱਲ ਹੈ।"

"ਜੇ ਮੈਂ ਕਿਸੇ ਨੂੰ ਸੰਘਰਸ਼ ਕਰਦੇ ਹੋਏ ਦੇਖਦੀ ਹਾਂ, ਭਾਵੇਂ ਉਹ ਬੱਚੇ ਦੇ ਨਾਲ ਹੋਵੇ, ਕਿਸੇ ਭਾਰੀ ਬੈਗ ਜਾਂ ਕਿਤਾਬਾਂ ਦੇ ਢੇਰ ਦੇ ਨਾਲ ਮੈਂ ਉਸ ਨੂੰ ਬੈਠਣ ਲਈ ਥਾਂ ਦੇ ਦੇਵਾਂਗੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)