ਔਰਤ ਯੋਧਿਆਂ ਦੀ ਬਹਾਦਰੀ ਦੇ ਕਿੱਸੇ

  • ਫਲੌਰ ਮੈਕਡੋਨਲਡ
  • ਬੀਬੀਸੀ ਟਰੈਵਲ
ਅਮੇਜ਼ੋਨਸ

ਤਸਵੀਰ ਸਰੋਤ, Chris Hellier/Getty Images

ਤਸਵੀਰ ਕੈਪਸ਼ਨ,

ਅਮੇਜ਼ੋਨਸ ਨੂੰ ਤਾਕਤ ਲਈ ਜਾਣਿਆ ਜਾਂਦਾ ਹੈ

ਅਫ਼ਰੀਕਾ ਦੁਨੀਆਂ ਦਾ ਅਜਿਹਾ ਮਹਾਂਦੀਪ ਹੈ, ਜਿੱਥੇ ਆਦੀਵਾਸੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਹਾਲਾਂਕਿ ਅਫ਼ਰੀਕਾ ਦੇ ਬਹੁਤ ਸਾਰੇ ਦੇਸ ਕਾਫ਼ੀ ਤਰੱਕੀ ਕਰ ਚੁੱਕੇ ਹਨ ਪਰ ਫੇਰ ਵੀ ਜ਼ਿੰਦਗੀ ਜਿਉਣ ਦਾ ਤਰੀਕਾ ਕਾਫ਼ੀ ਹੱਦ ਤੱਕ ਕਬੀਲਿਆਂ ਵਰਗਾ ਹੈ।

ਪੁਰਾਤਨ ਸਮਾਜ ਹੋਣ ਦੇ ਬਾਵਜੂਦ ਕਈ ਅਫ਼ਰੀਕੀ ਕਬੀਲਿਆਂ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੀ ਮੰਨਿਆ ਜਾਂਦਾ ਹੈ। ਇੱਥੇ ਔਰਤ ਯੋਧਿਆਂ ਦਾ ਲੰਬਾ ਇਤਿਹਾਸ ਰਿਹਾ ਹੈ। ਇਹ ਪ੍ਰਥਾ ਅੱਜ ਵੀ ਜਾਰੀ ਹੈ।

ਅਫ਼ਰੀਕੀ ਦੇਸ ਬੇਨਿਨ ਵਿੱਚ ਇੱਕ ਸਮਾਂ ਦਾਹੋਮੇ ਸੂਬਾ ਸੀ ਅਤੇ ਇਸ ਦੀ ਰਾਜਾਧਨੀ ਸੀ ਅਬੋਮੇ। ਕਿਹਾ ਜਾਂਦਾ ਹੈ ਕਿ ਇਸ ਸੂਬੇ ਦੀ ਕਮਾਨ ਔਰਤਾਂ ਦੇ ਹੱਥ ਵਿੱਚ ਸੀ। ਇਨ੍ਹਾਂ ਮਹਿਲਾ ਸੂਰਮਿਆਂ ਨੂੰ ਅਮੇਜ਼ੋਨਜ਼ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ:

ਅੱਜ ਵੀ ਇੱਥੋਂ ਦੇ ਕਬੀਲੇ ਦੀ ਸਭ ਤੋਂ ਬਜ਼ੁਰਗ ਔਰਤ ਨੂੰ ਸੂਬੇ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਅਤੇ ਦੂਜੀਆਂ ਸਾਰੀਆਂ ਔਰਤਾਂ ਉਸਦੀ ਰੱਖਿਆ ਕਰਦੀਆਂ ਹਨ। ਹਾਲਾਂਕਿ, ਆਧੁਨਿਕਤਾ ਨੇ ਪੁਰਾਣੇ ਕਬੀਲਿਆਂ ਦੇ ਤਮਾਮ ਰਿਵਾਜ਼ ਬਦਲ ਦਿੱਤੇ ਹਨ। ਪਰ ਦਾਹੋਮੇ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਜੇ ਵੀ ਸਾਰੀਆਂ ਜ਼ਿੰਮੇਦਾਰੀਆਂ ਔਰਤਾਂ ਹੀ ਨਿਭਾਉਂਦੀਆਂ ਹਨ।

ਬੇਨਿਨ ਦੀਆਂ ਲੋਕ-ਕਥਾਵਾਂ ਮੁਤਾਬਕ, ਦਾਹੋਮੇ ਸੂਬਾ ਪੱਛਮੀ ਅਫ਼ਰੀਕਾ ਵਿੱਚ 1625 ਤੋਂ ਲੈ ਕੇ 1894 ਤੱਕ ਰਿਹਾ। ਇਸ ਸੂਬੇ ਦੀ ਮੁੱਖ ਤਾਕਤ ਸੀ ਬਹਾਦੁਰ ਅਤੇ ਨਿਡਰ ਮਹਿਲਾ ਯੋਧਿਆਂ ਦੀ ਫੌਜ ਜਿਹੜੀ ਕਿਸੇ ਨਾਲ ਵੀ ਲੋਹਾ ਲੈਣ ਤੋਂ ਪਿੱਛੇ ਨਹੀਂ ਹਟਦੀ ਸੀ।

ਅੱਜ ਵੀ ਹੈ ਮਹਿਲਾ ਯੋਧਿਆਂ ਦੀ ਟੁਕੜੀ

ਕਿਹਾ ਜਾਂਦਾ ਹੈ ਕਿ 1892 ਵਿੱਚ ਜਦੋਂ ਫਰਾਂਸ ਦੇ ਨਾਲ ਲੜਾਈ ਹੋਈ ਤਾਂ ਇਨ੍ਹਾਂ ਮਹਿਲਾ ਯੋਧਿਆਂ ਨੇ ਡਟ ਕੇ ਮੁਕਾਬਲਾ ਕੀਤਾ। 434 ਮਹਿਲਾ ਯੋਧਿਆਂ ਵਿੱਚੋਂ ਸਿਰਫ਼ 17 ਹੀ ਜ਼ਿੰਦਾ ਬਚੀਆਂ ਸਨ।

ਤਸਵੀਰ ਸਰੋਤ, The Picture Art Collection/Alamy

ਤਸਵੀਰ ਕੈਪਸ਼ਨ,

ਦਾਹੋਮੇ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਜੇ ਵੀ ਸਾਰੀਆਂ ਜ਼ਿੰਮੇਦਾਰੀਆਂ ਔਰਤਾਂ ਹੀ ਨਿਭਾਉਂਦੀਆਂ ਹਨ

ਇਹ ਹੋਰ ਗੱਲ ਹੈ ਕਿ ਇਸ ਲੜਾਈ ਤੋਂ ਬਾਅਦ ਦਾਹੋਮੇ ਸੂਬੇ ਫਰਾਂਸ ਦਾ ਉਪਨਿਵੇਸ਼ ਬਣ ਗਿਆ ਸੀ। ਇਨ੍ਹਾਂ ਯੋਧਿਆਂ ਨੇ ਯੂਰਪ ਅਤੇ ਗੁਆਂਢੀ ਕਬੀਲਿਆਂ ਨੂੰ ਕਦੇ ਆਪਣੇ ਸੂਬੇ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਦਾਹੋਮੇ ਦੀ ਰਿਆਸਤ ਦੇ ਵਾਰਿਸ ਅੱਜ ਵੀ ਬੇਨਿਨ ਵਿੱਚ ਰਹਿੰਦੇ ਹਨ।

ਕਹਿੰਦੇ ਹਨ ਕਿ ਦਾਹੋਮੇ ਦੀਆਂ ਇਨ੍ਹਾਂ ਮਹਿਲਾ ਯੋਧਿਆਂ ਦੀ ਫੌਜ ਦੀ ਨੀਂਹ ਮਹਾਰਾਣੀ ਹੈਂਗਬੇ ਨੇ ਰੱਖੀ ਸੀ। ਹੈਂਗਬੇ ਨੇ ਅਠਾਰਵੀਂ ਸਦੀ ਵਿੱਚ ਆਪਣੇ ਜੁੜਵਾਂ ਭਰਾ ਅਕਾਬਾ ਦੀ ਮੌਤ ਤੋਂ ਬਾਅਦ ਰਾਜਭਾਗ ਸੰਭਾਲਿਆ। ਪਰ ਕੁਝ ਹੀ ਸਮੇਂ ਬਾਅਦ ਛੋਟੇ ਭਰਾ ਅਗਾਜਾ ਨੇ ਉਸ ਨੂੰ ਗੱਦੀ ਤੋਂ ਹਟਾ ਦਿੱਤਾ। ਮੌਜੂਦਾ ਰਾਣੀ ਦੇ ਮੁਤਾਬਕ ਅਗਾਜਾ ਨੇ ਹੈਂਗਬੇ ਦੇ ਜ਼ਮਾਨੇ ਦੀਆਂ ਤਮਾਮ ਨਿਸ਼ਾਨੀਆਂ ਨੂੰ ਤਹਿਸ-ਨਹਿਸ ਕਰ ਦਿੱਤਾ।

ਅਗਾਜਾ ਮਰਦਵਾਦੀ ਸੀ। ਉਸ ਨੂੰ ਲਗਦਾ ਸੀ ਕਿ ਰਾਜ ਕਰਨ ਦਾ ਹੱਕ ਸਿਰਫ਼ ਮਰਦਾਂ ਦਾ ਹੈ। ਉਸ ਨੇ ਔਰਤਾਂ ਦੇ ਸ਼ਾਸਨਕਾਲ ਦੀਆਂ ਤਮਾਮ ਨਿਸ਼ਾਨੀਆਂ ਨੂੰ ਖ਼ਤਮ ਕਰ ਦਿੱਤਾ। ਇਸ ਲਈ ਕੁਝ ਇਤਿਹਾਸਕਾਰ ਵੀ ਰਾਣੀ ਹੈਂਗਬੇ ਦੇ ਵਜੂਦ ਬਾਰੇ ਪੁਖ਼ਤਾ ਤੌਰ 'ਤੇ ਜ਼ਿਕਰ ਨਹੀਂ ਕਰਦੇ।

ਇਸਦੇ ਬਾਵਜੂਦ ਰਾਣੀ ਹੈਂਗਬੇ ਦੀ ਵਿਰਾਸਤ ਅਤੇ ਮਹਿਲਾ ਯੋਧਿਆਂ ਦੀ ਟੁਕੜੀ ਰੱਖਣ ਦਾ ਚਲਨ ਅੱਜ ਵੀ ਜ਼ਿੰਦਾ ਹੈ। ਅਮੇਜ਼ੋਨਜ਼ ਦੇ ਵਜੂਦ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਹਾਣੀਆਂ ਮਸ਼ਹੂਰ ਹਨ। ਕਈਆਂ ਦਾ ਕਹਿਣਾ ਹੈ ਕਿ ਇਹ ਹਾਥੀਆਂ ਦਾ ਸ਼ਿਕਾਰ ਕਰਦੀਆਂ ਸਨ ਪਰ ਇਨ੍ਹਾਂ ਨੂੰ ਇਨਸਾਨਾਂ ਦੇ ਸ਼ਿਕਾਰ ਵਿੱਚ ਵੀ ਮੁਹਾਰਤ ਹਾਸਲ ਸੀ। ਉੱਥੇ ਹੀ ਇੱਕ ਹੋਰ ਥਿਊਰੀ ਦੇ ਮੁਤਾਬਕ ਅਮੇਜ਼ੋਨਜ਼ ਸ਼ਾਹੀ ਸੁਰੱਖਿਆਕਰਮੀ ਸਨ, ਜਿਹੜੀ ਮਹਾਰਾਣੀ ਹੈਂਗਬੇ ਅਤੇ ਉਸ ਤੋਂ ਬਾਅਦ ਦੇ ਸ਼ਾਸਕਾਂ ਦੀ ਵੀ ਸੁਰੱਖਿਆ ਗਾਰਡ ਬਣਦੀ ਰਹੀ।

ਤਸਵੀਰ ਸਰੋਤ, Fleur Macdonald

ਤਸਵੀਰ ਕੈਪਸ਼ਨ,

ਰਾਣੀ ਹੈਂਗਬੇ ਅਤੇ ਉਨ੍ਹਾਂ ਦੇ ਅਮੇਜ਼ੋਨਸ ਅੱਜ ਵੀ ਹਨ

1818 ਤੋਂ 1858 ਤੱਕ ਰਾਜਾ ਘੀਜ਼ੋ ਨੇ ਦਾਹੋਮੇ ਸੂਬੇ ਦੀ ਕਮਾਨ ਸੰਭਾਲੀ ਹੋਈ ਸੀ ਅਤੇ ਉਸੇ ਨੇ ਅਮੇਜ਼ੋਨਜ਼ ਨੂੰ ਆਪਣੀ ਫੌਜ ਵਿੱਚ ਅਧਿਕਾਰਤ ਰੂਪ ਵਿੱਚ ਸ਼ਾਮਲ ਕੀਤਾ ਸੀ। ਇਸ ਕਦਮ ਦੇ ਪਿੱਛੇ ਵੀ ਇੱਕ ਵੱਡਾ ਕਾਰਨ ਸੀ। ਅਫ਼ਰੀਕੀ ਕਬੀਲਿਆਂ ਦੇ ਮਰਦਾਂ ਨੂੰ ਵੱਡੇ ਪੱਧਰ 'ਤੇ ਯੂਰਪੀ ਆਪਣੇ ਇੱਥੇ ਗੁਲਾਮ ਬਣਾ ਲੈਂਦੇ ਸਨ। ਅਜਿਹੇ ਵਿੱਚ ਅਫ਼ਰੀਕੀ ਸਮਾਜ ਵਿੱਚ ਮਰਦਾਂ ਦੀ ਕਮੀ ਹੋਣ ਲੱਗੀ ਸੀ। ਮਰਦਾਂ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਵੀ ਔਰਤਾਂ 'ਤੇ ਆ ਗਿਆ ਸੀ।

ਭਗਵਾਨ ਜੋ ਮਰਦ ਅਤੇ ਔਰਤ ਹੈ

ਬੇਨਿਨ ਦੇ ਲੋਕਾਂ ਦਾ ਧਰਮ ਵੁਡਨ ਹੈ ਅਤੇ ਇਨ੍ਹਾਂ ਦਾ ਦੇਵਤਾ ਹੈ ਮਾਵੂ-ਲਿਸਾ, ਜਿਹੜਾ ਮਰਦ ਅਤੇ ਔਰਤ ਦੋਵੇਂ ਹੈ। ਮੰਨਿਆ ਜਾਂਦਾ ਹੈ ਕਿ ਇਸ ਦੇਵਤਾ ਨੇ ਸ੍ਰਿਸ਼ਟੀ ਦੀ ਸਿਰਜਨਾ ਕੀਤਾ ਹੈ। ਇਸ ਲਈ ਮਰਦ ਅਤੇ ਔਰਤ ਵਿੱਚ ਕੋਈ ਭੇਦ ਨਹੀਂ ਕੀਤਾ ਗਿਆ ਅਤੇ ਸਾਰੇ ਖੇਤਰਾਂ ਵਿੱਚ ਉਨ੍ਹਾਂ ਦੀ ਬਰਾਬਰ ਹਿੱਸੇਦਾਰੀ ਰਹੀ। ਪਰ ਸੂਬੇ ਦੀ ਕਮਾਨ ਕਿਸੇ ਮਰਦ ਦੇ ਹੱਥ ਵਿੱਚ ਹੀ ਸੀ।

ਇਹ ਵੀ ਪੜ੍ਹੋ:

ਬਹੁਤ ਸਾਰੇ ਯੂਰਪੀ ਗੁਲਾਮਾਂ ਦੇ ਸੌਦਾਗਰ, ਮਿਸ਼ਨਰੀ ਅਤੇ ਉਪਨਿਵੇਸ਼ਵਾਦੀਆਂ ਦੇ ਦਸਤਾਵੇਜ਼ਾਂ ਵਿੱਚ ਅਮੇਜ਼ੋਨਜ਼ ਦਾ ਜ਼ਿਕਰ ਮਿਲਦਾ ਹੈ, ਜਿਹੜੇ ਨਿਡਰ ਯੋਧਾ ਦੇ ਤੌਰ 'ਤੇ ਉਨ੍ਹਾਂ ਦੇ ਗੁਣ ਗਾਉਂਦੇ ਹਨ।

ਇਟਲੀ ਦੇ ਇੱਕ ਧਾਰਮਿਕ ਗੁਰੂ ਫਰਾਂਸਿਸਕੋ ਬੋਰਘੇਰੋ 1861 ਦੀ ਇੱਕ ਫੌਜੀ ਮੁਹਿੰਮ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਮਹਿਲਾ ਯੋਧਿਆਂ ਨਾਲ ਉਨ੍ਹਾਂ ਦਾ ਸਾਹਮਣਾ ਹੋਇਆ ਸੀ। ਉਨ੍ਹਾਂ ਵਿੱਚੋਂ ਵਧੇਰੇ ਮਹਿਲਾ ਸਿਪਾਹੀ 120 ਮੀਟਰ ਉੱਚੇ ਖ਼ੁਰਦਰੇ ਕਿੱਕਰ ਦੇ ਦਰਖ਼ਤ 'ਤੇ ਬਿਨਾਂ ਕਿਸੇ ਡਰ ਦੇ ਨੰਗੇ ਪੈਰ ਚੜ੍ਹ ਗਈਆਂ ਅਤੇ ਆਖ਼ਰੀ ਦਮ ਤੱਕ ਵਾਰ ਕਰਦੀਆਂ ਰਹੀਆਂ।

ਤਸਵੀਰ ਸਰੋਤ, ullstein bild/Getty Images

ਤਸਵੀਰ ਕੈਪਸ਼ਨ,

ਲਿਓਨਾਰਡ ਬੇਨਿਨ ਵਿੱਚ ਹੀ ਪੈਦਾ ਹੋਏ ਅਤੇ ਫ਼ਿਲਹਾਲ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਰਾਜਨੀਤੀ ਦੇ ਪ੍ਰੋਫੈਸਰ ਹਨ

19ਵੀਂ ਸ਼ਤਾਬਦੀ ਵਿੱਚ ਜਿਹੜੇ ਯੂਰਪੀ ਲੋਕਾਂ ਨੇ ਦਾਹੋਮੇ ਸੂਬੇ ਦਾ ਦੌਰਾ ਕੀਤਾ ਸੀ ਉਹ ਸਾਰੇ ਯੂਨਾਨੀ ਯੋਧਿਆਂ ਤੋਂ ਬਾਅਦ ਅਫਰੀਕੀ ਅਮੇਜ਼ੋਨਜ਼ ਨੂੰ ਹੀ ਸਭ ਤੋਂ ਵੱਧ ਬਹਾਦਰ ਮੰਨਦੇ ਹਨ। ਅੱਜ ਦੇ ਇਤਿਹਾਸਕਾਰ ਅਮੇਜ਼ੋਨ਼ਜ਼ ਦੇ ਵਜੂਦ ਦਾ ਜ਼ਿਕਰ ਕਰਨ ਲੱਗੇ ਹਨ। ਉਹ ਇਨ੍ਹਾਂ ਲਈ ਮੀਨੋ ਸ਼ਬਦ ਦੀ ਵਰਤੋਂ ਕਰਦੇ ਹਨ ਜਿਸਦਾ ਮਤਲਬ ਹੈ ਸਾਡੀ ਮਾਂ। ਪਰ ਲਿਓਨਾਰਡ ਵਾਂਚੀਕੋਨ ਇਸ ਨਾਲ ਇਤਫ਼ਾਕ ਨਹੀਂ ਰਖਦੇ। ਇਨ੍ਹਾਂ ਮੁਤਾਬਕ ਮੀਨੋ ਦਾ ਮਤਲਬ ਹੈ ਚੁੜੇਲ। ਲਿਓਨਾਰਡ ਬੇਨਿਨ ਵਿੱਚ ਹੀ ਪੈਦਾ ਹੋਏ ਅਤੇ ਫ਼ਿਲਹਾਲ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਰਾਜਨੀਤੀ ਦੇ ਪ੍ਰੋਫੈਸਰ ਹਨ।

ਅੱਜ ਦਾਹੋਮੇ ਸੂਬਾ ਤਾਂ ਨਹੀਂ ਹੈ, ਪਰ ਰਾਣੀ ਹੈਂਗਬੇ ਅਤੇ ਉਨ੍ਹਾਂ ਦੇ ਅਮੇਜ਼ੋਨਜ਼ ਅੱਜ ਵੀ ਹਨ। ਇਨ੍ਹਾਂ ਦਾ ਜ਼ਿਕਰ ਪੂਜਾ-ਪਾਠ ਵਿੱਚ ਹੁੰਦਾ ਹੈ। ਧਾਰਮਿਕ ਸਮਾਗਮਾਂ ਵਿੱਚ ਹੀ ਰਾਣੀ ਅਤੇ ਅਮੇਜ਼ੋਨਜ਼ ਸ਼ਾਹੀ ਅੰਦਾਜ਼ ਵਿੱਚ ਨਜ਼ਰ ਆਉਂਦੀ ਹੈ।

ਪਰ ਅੱਜ ਵੀ ਜਦੋਂ ਰਾਣੀ ਚੱਲਦੀ ਹੈ ਤਾਂ ਉਸਦੀ ਮਹਿਲਾ ਸੁਰੱਖਿਆਕਰਮੀ ਉਸਦੇ ਨਾਲ ਛਤਰੀ ਲੈ ਕੇ ਚਲਦੀ ਹੈ ਜਿਸ 'ਤੇ ਕਸ਼ੀਦਾਕਾਰੀ ਨਾਲ ਰਾਣੀ ਹੈਂਗਬੇ ਲਿਖਿਆ ਰਹਿੰਦਾ ਹੈ। 18ਵੀਂ ਅਤੇ 19ਵੀਂ ਸਦੀ ਵਿੱਚ ਇਹ ਛਤਰੀਆਂ ਸਾਦੀਆਂ ਹੁੰਦੀਆਂ ਸਨ। ਉਸ 'ਤੇ ਕਿਤੇ-ਕਿਤੇ ਪਸ਼ੂ-ਪੰਛੀਆਂ ਦੇ ਚਿੱਤਰ ਬਣੇ ਹੁੰਦੇ ਸਨ ਨਾਲ ਹੀ ਇਸ 'ਤੇ ਹਰਾਏ ਗਏ ਦੁਸ਼ਮਣਾਂ ਦੀਆਂ ਹੱਡੀਆਂ ਸਜੀਆਂ ਹੁੰਦੀਆਂ ਸਨ।

ਇਨਸਾਨੀ ਖੋਪੜੀ ਹੋ ਸਕਦੀ ਹੈ ਟਰਾਫ਼ੀ

ਇਸ ਸੂਬੇ ਵਿੱਚ ਪ੍ਰਥਾ ਸੀ ਕਿ ਹਰੇਕ ਨਵਾਂ ਰਾਜਾ ਆਪਣੇ ਬਜ਼ੁਰਗਾਂ ਦੇ ਮਹਿਲ ਦੇ ਨਾਲ ਹੀ ਆਪਣੇ ਲਈ ਨਵਾਂ ਮਹਿਲ ਬਣਾਵੇਗਾ। ਪੁਰਾਣੇ ਰਾਜਾ ਦੇ ਮਹਿਲ ਨੂੰ ਮਿਊਜ਼ੀਅਮ ਬਣਾ ਦਿੱਤਾ ਜਾਂਦਾ ਸੀ। ਹਾਲਾਂਕਿ ਦਾਹੋਮੇ ਸੂਬੇ ਦੇ ਅੰਤਿਮ ਸ਼ਾਸਕ ਬੇਹਾਨਜ਼ਿਨ ਨੇ ਫਰਾਂਸੀਸੀ ਯੋਧਿਆਂ ਦੇ ਪਹੁੰਚਣ ਤੋਂ ਪਹਿਲਾਂ ਆਪਣੇ ਮਹਿਲ ਵਿੱਚ ਅੱਗ ਲਗਾ ਲਈ ਸੀ। ਫਿਰ ਵੀ ਉਸਦੇ ਕੁਝ ਅਵਸ਼ੇਸ਼ ਬਾਕੀ ਹਨ ਜਿਨ੍ਹਾਂ 'ਤੇ ਯੂਨੈਸਕੋ ਦਾ ਬੋਰਡ ਲਟਕਿਆ ਹੋਇਆ ਹੈ।

ਤਸਵੀਰ ਸਰੋਤ, Marvel/Disney

ਤਸਵੀਰ ਕੈਪਸ਼ਨ,

2018 ਵਿੱਚ ਆਈ ਫ਼ਿਲਮ ਬਲੈਕ ਪੈਂਥਰ ਵੀ ਸ਼ਾਇਦ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਬਣਾਈ ਗਈ

ਇਨ੍ਹਾਂ ਅਵਸ਼ੇਸ਼ਾਂ 'ਤੇ ਕੀਤੀ ਗਈ ਨੱਕਾਸ਼ੀ ਦੱਸਦੀ ਹੈ ਕਿ ਅਮੇਜ਼ੋਨਜ਼ ਕਿਵੇਂ ਲਾਠੀ ਦੀ ਵਰਤੋਂ ਕਰਦੀ ਸੀ ਅਤੇ ਕਿਵੇਂ ਬੰਦੂਕਾਂ, ਚਾਕੂ, ਛੁਰੀਆਂ ਦੀ ਵਰਤੋਂ ਕਰਕੇ ਦੁਸ਼ਮਣ ਨੂੰ ਪਛਾੜ ਦਿੰਦੀ ਸੀ। ਮਹਿਲ ਦੀ ਇੱਕ ਅਲਮਾਰੀ ਤੋਂ ਇਨਸਾਨੀ ਖੋਪੜੀ ਵਿੱਚ ਘੋੜੇ ਦੀ ਪੂੰਛ ਰੱਖੀ ਦੇਖੀ ਗਈ ਹੈ। ਇਸਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੱਕ ਤਰ੍ਹਾਂ ਦੀ ਟਰਾਫ਼ੀ ਸੀ ਜਿਸ ਨੂੰ ਇੱਕ ਅਮੇਜ਼ੋਨ ਨੇ ਆਪਣੇ ਸਮਰਾਟ ਨੂੰ ਸੌਂਪਿਆ ਸੀ। ਇਸਦੀ ਵਰਤੋਂ ਮੱਖੀਮਾਰ ਦੇ ਤੌਰ 'ਤੇ ਹੁੰਦੀ ਸੀ।

ਅਮੇਜ਼ੋਨਜ਼ ਦੀ ਕਹਾਣੀ ਹਮੇਸ਼ਾ ਹੀ ਪ੍ਰੇਰਨਾ ਦਿੰਦੀ ਰਹੀ ਹੈ। ਹੋ ਸਕਦਾ ਹੈ ਕਿ 2018 ਵਿੱਚ ਆਈ ਫ਼ਿਲਮ ਬਲੈਕ ਪੈਂਥਰ ਵੀ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਬਣਾਈ ਗਈ ਹੋਵੇ।

ਇਹ ਵੀ ਪੜ੍ਹੋ:

ਡਾ. ਆਰਥਰ ਵੀਡੋ ਦਾ ਕਹਿਣਾ ਹੈ ਕਿ ਅਫ਼ਰੀਕਾ ਵਿੱਚ ਔਰਤਾਂ ਦੇ ਇਤਿਹਾਸ ਬਦਲਦਾ ਰਿਹਾ ਹੈ। ਕੁਝ ਇਤਿਹਾਸਕਾਰ ਅਮੇਜ਼ੋਨ਼ ਦੇ ਇਤਿਹਾਸ ਨੂੰ ਸ਼ੌਰਿਆ ਅਤੇ ਵੀਰਤਾ ਦਾ ਇਤਿਹਾਸ ਦੱਸਦੇ ਹਨ ਜਦਕਿ ਕੁਝ ਇਤਿਹਾਸਕਾਰ ਮੰਨਦੇ ਹਨ ਕਿ ਅਮੇਜ਼ੋਨਸ ਉਹੀ ਕਰਦੀ ਸੀ ਜੋ ਇੱਕ ਯੋਧਾ ਨੂੰ ਕਰਨਾ ਚਾਹੀਦਾ ਹੈ। ਲਿਹਾਜ਼ਾ ਉਨ੍ਹਾਂ ਦਾ ਰੋਲ ਬਹੁਤ ਵਧਾ-ਚੜ੍ਹਾ ਕੇ ਨਹੀਂ ਦੱਸਿਆ ਜਾਣਾ ਚਾਹੀਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)