ਘੱਟ ਸਰੀਰਕ ਕਸਰਤ ਕਾਰਨ ਹਰ ਚੌਥਾ ਇਨਸਾਨ ਖਤਰੇ 'ਚ- WHO

ਸਿਹਤ, ਸਰੀਰਕ ਕਸਰਤ Image copyright Thinkstock
ਫੋਟੋ ਕੈਪਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਅਮੀਰ ਦੇਸਾਂ ਵਿੱਚ ਬੈਠ ਕੇ ਕੰਮ ਕਰਨ ਵਾਲੀਆਂ ਨੌਕਰੀਆਂ ਵੱਧ ਹਨ

ਹੈਲਥ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆਂ ਭਰ ਵਿੱਚ ਬਹੁਤ ਹੀ ਹੌਲੀ ਗਤੀ ਨਾਲ ਆਲਸਪੁਣਾ ਖ਼ਤਮ ਹੋ ਰਿਹਾ ਹੈ।

ਹਾਲ ਹੀ ਦੀ WHO ਦੀ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੁਨੀਆਂ ਭਰ ਵਿੱਚ 1.4 ਬਿਲੀਅਨ ਲੋਕ ਲੋੜੀਂਦੀ ਸਰੀਰਕ ਕਸਰਤ ਨਹੀਂ ਕਰ ਰਹੇ ਹਨ। 2001 ਤੋਂ ਬਾਅਦ ਇਸ ਅੰਕੜੇ ਵਿੱਚ ਨਾ ਦੇ ਬਰਾਬਰ ਸੁਧਾਰ ਹੋਇਆ ਹੈ।

ਆਲਸਪੁਣਾ ਸਿਹਤ ਸਮੱਸਿਆਵਾਂ ਨੂੰ ਲਗਾਤਾਰ ਵਧਾ ਰਿਹਾ ਹੈ ਜਿਵੇਂ ਦਿਲ ਦੀਆਂ ਬਿਮਾਰੀਆਂ ਟਾਈਪ-2 ਡਾਇਬਟੀਜ਼ ਅਤੇ ਕਈ ਤਰ੍ਹਾਂ ਦੇ ਕੈਂਸਰ।

ਇਹ ਵੀ ਪੜ੍ਹੋ:

ਯੂਕੇ ਸਮੇਤ ਵਧੇਰੇ ਆਮਦਨੀ ਵਾਲੇ ਦੇਸ ਸਰੀਰਕ ਪੱਖੋਂ ਬਹੁਤ ਹੀ ਘੱਟ ਸਰਗਰਮ ਹਨ।

ਏਸ਼ੀਆ ਦੇ ਦੋ ਖੇਤਰਾਂ ਨੂੰ ਛੱਡ ਕੇ ਦੁਨੀਆਂ ਭਰ ਵਿੱਚ ਔਰਤਾਂ ਬੈਠਣ ਵਾਲਾ ਕੰਮ ਜ਼ਿਆਦਾ ਕਰ ਰਹੀਆਂ ਹਨ।

'ਵੱਡੀ ਚਿੰਤਾ'

ਵਿਸ਼ਵ ਸਿਹਤ ਸੰਗਠਨ (WHO) ਦੇ ਖੋਜਕਾਰਾਂ ਨੇ 168 ਦੇਸਾਂ ਵਿੱਚ 1.9 ਮਿਲੀਅਨ ਲੋਕਾਂ 'ਤੇ 358 ਸਰਵੇ ਕਰਨ ਤੋਂ ਬਾਅਦ ਇਹ ਰਿਪੋਰਟ ਜਾਰੀ ਕੀਤੀ ਹੈ।

ਉਨ੍ਹਾਂ ਨੇ ਇੰਗਲੈਡ ਅਤੇ ਅਮਰੀਕਾ ਸਮੇਤ ਵੱਧ-ਆਮਦਨ ਵਾਲੇ ਦੇਸਾਂ ਵਿੱਚ ਇਹ ਰਿਸਰਚ ਕੀਤੀ। ਜਿਸ ਵਿੱਚ ਉਨ੍ਹਾਂ ਨੇ ਇਹ ਦੇਖਿਆ 2001 ਵਿੱਚ ਆਲਸੀ ਲੋਕਾਂ ਦਾ ਅੰਕੜਾ ਜਿੱਥੇ 32 ਫ਼ੀਸਦ ਸੀ, ਉਹ ਵਧ ਕੇ 2016 ਵਿੱਚ 37 ਫ਼ੀਸਦ ਹੋ ਗਿਆ। ਘੱਟ ਆਮਦਨੀ ਵਾਲੇ ਦੇਸਾਂ ਵਿੱਚ ਇਹ ਅੰਕੜਿਆਂ ਪਹਿਲੇ ਦੀ ਤਰ੍ਹਾਂ 16 ਫ਼ੀਸਦ ਹੀ ਸੀ।

ਆਲਸੀ ਲੋਕਾਂ ਨੇ ਇੱਕ ਹਫ਼ਤੇ ਵਿੱਚ 150 ਮਿੰਟ ਤੋਂ ਘੱਟ ਹਲਕੀ-ਫੁਲਕੀ ਸਰੀਰਕ ਕਸਰਤ ਕੀਤੀ ਅਤੇ ਭਾਰੀ ਕਸਰਤ 'ਤੇ 75 ਮਿੰਟ ਹੀ ਬਤੀਤ ਕੀਤੇ ।

ਰਿਸਰਚ ਵਿੱਚ ਦੇਖਿਆ ਗਿਆ ਕਿ ਉਂਝ ਮਰਦਾਂ ਦੇ ਮੁਕਾਬਲੇ ਔਰਤਾਂ ਘੱਟ ਸਰਗਰਮ ਹਨ ਪਰ ਪੂਰਬੀ ਅਤੇ ਦੱਖਣੀ-ਪੂਰਬੀ ਏਸ਼ੀਆ ਵਿੱਚ ਇਹ ਫਰਕ ਬਹੁਤ ਵੱਡਾ ਹੈ। ਦੱਖਣੀ ਏਸ਼ੀਆ, ਕੇਂਦਰੀ ਏਸ਼ੀਆ, ਮੱਧ ਪੂਰਬੀ, ਉੱਤਰੀ ਅਫਰੀਕਾ ਅਤੇ ਵਾਧੂ ਆਮਦਨ ਵਾਲੇ ਪੱਛਮੀ ਦੇਸਾਂ ਵਿੱਚ ਵੀ ਇਹ ਫਰਕ ਵੱਡਾ ਹੈ।

Image copyright Getty Images
ਫੋਟੋ ਕੈਪਸ਼ਨ 19 ਸਾਲ ਤੋਂ 64 ਸਾਲ ਤੱਕ ਦੀ ਉਮਰ ਵਾਲਿਆਂ ਲਈ ਹਰ ਹਫ਼ਤੇ 150 ਮਿੰਟ ਦੀ ਮੌਡਰੇਟ ਐਰੋਬਿਕ ਕਸਰਤ ਦੀ ਲੋੜ ਹੈ

ਲੇਖਕ ਦਾ ਕਹਿਣਾ ਹੈ ਕਿ ਕਸਰਤ ਨਾ ਕਰਨ ਦੇ ਕਈ ਕਾਰਨ ਹੋ ਸਕਦੇ ਹਨ। ਬੱਚਿਆਂ ਪ੍ਰਤੀ ਸਖ਼ਤ ਡਿਊਟੀ ਅਤੇ ਸੱਭਿਆਚਾਰਕ ਰਵੱਈਏ ਕਾਰਨ ਕਸਰਤ ਕਰਨ ਦਾ ਸਮਾਂ ਨਹੀਂ ਮਿਲਦਾ।

ਯੂਕੇ ਵਿੱਚ 2016 'ਚ ਆਲਸਪੁਣੇ ਦਾ ਪੱਧਰ ਕੁੱਲ 36 ਫ਼ੀਸਦ, ਮਰਦਾਂ ਵਿੱਚ 32 ਫ਼ੀਸਦ ਅਤੇ ਔਰਤਾਂ ਵਿੱਚ 40 ਫ਼ੀਸਦ ਰਿਹਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਅਮੀਰ ਦੇਸਾਂ ਵਿੱਚ ਬੈਠ ਕੇ ਕੰਮ ਕਰਨ ਵਾਲੀਆਂ ਨੌਕਰੀਆਂ ਵੱਧ ਹਨ। ਇਸ ਤੋਂ ਇਲਾਵਾ ਉੱਥੇ ਮੋਟਰ ਟਰਾਂਸਪੋਰਟ ਦੀ ਵਰਤੋਂ ਵੱਧ ਕੀਤੀ ਜਾਂਦੀ ਹੈ।

ਘੱਟ ਆਮਦਨੀ ਵਾਲੇ ਦੇਸਾਂ ਵਿੱਚ ਲੋਕ ਆਪਣੀ ਨੌਕਰੀ ਵਿੱਚ ਕਾਫ਼ੀ ਸਰਗਰਮ ਰਹਿੰਦੇ ਹਨ, ਚਲਦੇ-ਫਿਰਦੇ ਹਨ ਅਤੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਦੇ ਹਨ।

ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਚੀਜ਼ਾਂ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ WHO ਦਾ 2025 ਤੱਕ ਇਹ ਅੰਕੜਾ 10 ਫ਼ੀਸਦ ਘਟਾਉਣ ਦਾ ਟੀਚਾ ਪੂਰਾ ਨਹੀਂ ਹੋ ਸਕੇਗਾ।

ਰਿਸਰਚ ਦੀ ਮੁਖੀ ਡਾ. ਰਿਜਾਇਨਾ ਗਟਹੋਲਡ ਦਾ ਕਹਿਣਾ ਹੈ, "ਵੱਡੇ ਸਿਹਤ ਖਤਰੇ ਦੇ ਉਲਟ, ਨਾਕਾਫ਼ੀ ਸਰੀਰਕ ਕਸਰਤ ਦਾ ਪੱਧਰ ਦੁਨੀਆਂ ਭਰ ਵਿੱਚ ਨਹੀਂ ਡਿੱਗਿਆ। ਔਸਤਨ ਬਾਲਗਾਂ ਦਾ ਇੱਕ ਚੌਥਾਈ ਹਿੱਸਾ ਚੰਗੀ ਸਿਹਤ ਲਈ ਲੋੜੀਂਦੀ ਕਸਰਤ ਤੱਕ ਨਹੀਂ ਪਹੁੰਚ ਰਿਹਾ।''

"ਚੰਗੀ ਸਿਹਤ ਲਈ ਲੋੜੀਂਦੀ ਕਸਰਤ ਨਾ ਕਰਨਾ ਸਿਹਤ ਲਈ ਇੱਕ ਵੱਡੀ ਫਿਕਰ ਵਾਲੀ ਗੱਲ ਹੈ।''

ਇਹ ਵੀ ਪੜ੍ਹੋ:

WHO ਦੇ ਸਹਿ-ਲੇਖਕ ਡਾ. ਫਿਓਨਾ ਬੁੱਲ ਦਾ ਕਹਿਣਾ, "ਜੇ ਅਸੀਂ ਵਿਸ਼ਵ ਪੱਧਰ 'ਤੇ ਕਸਰਤ ਦੇ ਅੰਕੜੇ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਮਰਦਾਂ ਤੇ ਔਰਤਾਂ ਦੇ ਫਰਕ ਉੱਤੇ ਵੀ ਧਿਆਨ ਦੇਣਾ ਹੋਵੇਗਾ। ਸਾਨੂੰ ਔਰਤਾਂ ਲਈ ਕਸਰਤ ਦੇ ਅਜਿਹੇ ਤਰੀਕੇ ਲੱਭਣੇ ਪੈਣਗੇ ਜਿਹੜੇ ਸੁਰੱਖਿਅਤ, ਸਮਾਜ ਵਿੱਚ ਕਬੂਲ ਹੋਣ ਵਾਲੇ ਅਤੇ ਉਨ੍ਹਾਂ ਦੀ ਪਹੁੰਚ ਵਿੱਚ ਹੋਣ।"

ਕਿਸ ਨੂੰ ਕਿੰਨੀ ਮੌਡਰੇਟ ਕਸਰਤ ਕਰਨ ਦੀ ਲੋੜ ਹੈ?

5 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਹਰ ਦਿਨ ਕਰੀਬ 60 ਮਿੰਟ ਦੀ ਫਿਜ਼ੀਕਲ ਐਕਟੀਵਿਟੀ ਜ਼ਰੂਰੀ ਹੈ

19 ਸਾਲ ਤੋਂ 64 ਸਾਲ ਤੱਕ ਦੀ ਉਮਰ ਵਾਲਿਆਂ ਲਈ ਹਰ ਹਫ਼ਤੇ 150 ਮਿੰਟ ਦੀ ਮੌਡਰੇਟ ਐਰੋਬਿਕ ਕਸਰਤ ਦੀ ਲੋੜ ਹੈ।

65 ਸਾਲ ਅਤੇ ਉਸ ਤੋਂ ਵੱਧ ਦੇ ਲਈ 150 ਮਿੰਟ ਦੀ ਮੌਡਰੇਟ ਐਰੋਬਿਕ ਕਸਰਤ ਅਤੇ ਤਾਕਤ ਦੇ ਲਈ ਹਫ਼ਤੇ ਵਿੱਚ ਦੋ ਦਿਨ ਦੀ ਕਸਰਤ।

ਤੇਜ਼ ਚੱਲਣਾ, ਤੈਰਨਾ, ਸਾਈਕਲ ਚਲਾਉਣਾ, ਟੈਨਿਸ, ਹਾਈਕਿੰਗ, ਸਕੇਟਬੋਰਡਿੰਗ, ਵਾਲੀਬਾਲ ਅਤੇ ਬਾਸਕਟਬਾਲ ਨੂੰ ਮੌਡਰੇਟ ਐਕਟੀਵਿਟੀ ਐਰੋਬਿਕਸ ਤਹਿਤ ਗਿਣਿਆ ਜਾਂਦਾ ਹੈ।

ਕਸਰਤ ਕਰਨਾ ਕਿਉਂ ਜ਼ਰੂਰੀ ਹੈ ?

ਐਨਐਚਐਸ ਦੀ ਰਿਪੋਰਟ ਮੁਤਾਬਕ ਜਿਹੜੇ ਲੋਕ ਰੋਜ਼ਾਨਾ ਕਸਰਤ ਕਰਦੇ ਹਨ ਉਨ੍ਹਾਂ ਵਿੱਚ

  • ਦਿਲ ਦਾ ਦੌਰਾ ਪੈਣ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਹੋਣ ਦਾ ਖਤਰਾ 35 ਫ਼ੀਸਦ ਤੱਕ ਘੱਟ ਜਾਂਦਾ ਹੈ
  • ਅਜਿਹੇ ਲੋਕਾਂ ਵਿੱਚ ਟਾਈਪ-2 ਡਾਇਬਟੀਜ਼ ਹੋਣ ਦਾ ਖਤਰਾ 50 ਫ਼ੀਸਦ ਤੱਕ ਘੱਟ ਜਾਂਦਾ ਹੈ
  • ਕੋਲੋਨ ਜਾਂ ਰੈਕਟਲ ਕੈਂਸਰ ਹੋਣ ਦਾ ਖ਼ਤਰਾ 50 ਫ਼ੀਸਦ ਤੱਕ ਘੱਟ ਜਾਂਦਾ ਹੈ।
  • ਬ੍ਰੈਸਟ ਕੈਂਸਰ ਹੋਣ ਦਾ ਖ਼ਤਰਾ 20 ਫ਼ੀਸਦ ਤੱਕ ਘੱਟ ਜਾਂਦਾ ਹੈ।
  • ਮੌਤ ਦਾ ਖ਼ਤਰਾ ਵੀ 30 ਫ਼ੀਸਦ ਤੱਕ ਘੱਟ ਜਾਂਦਾ ਹੈ
  • ਹੱਡੀਆਂ ਦਾ ਰੋਗ ਹੋਣ ਦਾ ਖਦਸ਼ਾ 83 ਫ਼ੀਸਦ ਤੱਕ ਘੱਟ ਹੋ ਜਾਂਦੀ ਹੈ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)