ਇਸ ਦੇਸ ਕੋਲ ਹੈ ਹੈਕਰਜ਼ ਦੀ ਸਭ ਤੋਂ ਵੱਡੀ ਫ਼ੌਜ

  • ਹੇਲੇਨਾ ਮੇਰੀਮੈਨ
  • ਦਿ ਇਨਕੁਆਰੀ
ਤਸਵੀਰ ਕੈਪਸ਼ਨ,

ਸਾਈਬਰ ਅਪਰਾਧ ਜਾਂ ਹੈਕਿੰਗ ਹੁਣ ਇੱਕ ਵੱਡਾ ਕਾਰੋਬਾਰ ਬਣ ਗਿਆ ਹੈ

ਇਸ ਸਾਲ ਅਗਸਤ ਮਹੀਨੇ 'ਚ ਹਰ ਸਾਲ ਦੀ ਤਰ੍ਹਾਂ, ਅਮਰੀਕਾ ਦੇ ਲਾਸ ਵੇਗਾਸ 'ਚ ਇੱਕ ਖ਼ਾਸ ਮੇਲਾ ਲੱਗਿਆ। ਇਹ ਮੇਲਾ ਸੀ ਹੈਕਰਜ਼ ਦਾ। ਜਿਸ 'ਚ ਸਾਈਬਰ ਐਕਸਪਰਟ ਤੋਂ ਲੈ ਕੇ ਬੱਚਿਆਂ ਤੱਕ, ਹਰ ਉਮਰ ਦੇ ਲੋਕ ਹੈਕਿੰਗ ਦਾ ਹੁਨਰ ਦਿਖਾ ਰਹੇ ਸਨ।

ਲਾਸ ਵੇਗਾਸ 'ਚ ਹਰ ਸਾਲ ਹੈਕਰਜ਼ ਇਕੱਠੇ ਹੁੰਦੇ ਹਨ। ਇਨ੍ਹਾਂ ਦੇ ਹੁਨਰ ਦੀ ਨਿਗਰਾਨੀ ਕਰਕੇ ਅਮਰੀਕਾ ਦੇ ਸਾਈਬਰ ਐਕਸਪਰਟ ਸਮਝਦੇ ਹਨ ਕਿ ਹੈਕਰਜ਼ ਦਾ ਦਿਮਾਗ ਕਿਵੇਂ ਕੰਮ ਕਰਦਾ ਹੈ। ਉਹ ਕਿਵੇਂ ਵੱਡਾ ਆਪਰੇਸ਼ਨ ਚਲਾਉਂਦੇ ਹਨ।

ਜਿਸ ਸਮੇਂ ਹੈਕਰਜ਼ ਦਾ ਇਹ ਮੇਲਾ ਲਾਸ ਵੇਗਾਸ 'ਚ ਲੱਗਿਆ ਸੀ, ਠੀਕ ਉਸ ਸਮੇਂ ਹੀ ਹੈਕਰਜ਼ ਨੇ ਇੱਕ ਭਾਰਤੀ ਬੈਂਕ 'ਤੇ ਸਾਈਬਰ ਹਮਲਾ ਕਰਕੇ 3 ਕਰੋੜ ਡਾਲਰ ਦੀ ਰਕਮ ਉਡਾ ਲਈ ਸੀ।

ਇਹ ਵੀ ਪੜ੍ਹੋ:

ਦੁਨੀਆਂ ਭਰ 'ਚ ਹਰ ਵੇਲੇ ਸਰਕਾਰੀ ਵੈੱਬਸਾਈਟ ਤੋਂ ਲੈ ਕੇ ਵੱਡੀ ਨਿੱਜੀ ਕੰਪਨੀਆਂ ਅਤੇ ਆਮ ਲੋਕਾਂ 'ਤੇ ਸਾਈਬਰ ਅਟੈਕ ਹੁੰਦੇ ਰਹਿੰਦੇ ਹਨ।

ਆਖ਼ਿਰ ਕਿਵੇਂ ਚੱਲਦਾ ਹੈ ਹੈਕਿੰਗ ਦਾ ਇਹ ਸਮਰਾਜ?

ਬੀਬੀਸੀ ਦੀ ਰੇਡੀਓ ਸੀਰੀਜ਼ 'ਦਿ ਇਨਕੁਆਰੀ' 'ਚ ਹੇਲੇਨਾ ਮੇਰੀਮੈਨ ਨੇ ਇਸ ਵਾਰ ਇਸ ਸਵਾਲ ਦਾ ਹੀ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਾਈਬਰ ਐਕਸਪਰਟਸ ਦੀ ਮਦਦ ਨਾਲ ਹੈਕਰਜ਼ ਦੀ ਖ਼ਤਰਨਾਕ ਅਤੇ ਰਹੱਸਮਈ ਦੁਨੀਆਂ 'ਚ ਝਾਤ ਮਾਰਨ ਦੀ ਕੋਸ਼ਿਸ਼ ਕੀਤੀ।

1990 ਦੇ ਦਹਾਕੇ 'ਚ ਸੋਵੀਅਤ ਸੰਘ ਦੇ ਟੁੱਟਨ ਤੋਂ ਬਾਅਦ ਰੂਸ 'ਚ ਬਹੁਤ ਸਾਰੇ ਮਾਹਰ ਅਚਾਨਕ ਬੇਰੁਜ਼ਗਾਰ ਹੋ ਗਏ ਸਨ।

ਇਹ ਇਲੈਕਟ੍ਰੌਨਿਕਸ ਇੰਜੀਨੀਅਰ ਅਤੇ ਗਣਿਤ ਦੇ ਮਾਹਰ ਸਨ। ਰੋਜ਼ੀ-ਰੋਟੀ ਲਈ ਇਨ੍ਹਾਂ ਨੇ ਇੰਟਰਨੈੱਟ ਦੀ ਦੁਨੀਆਂ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਸਾਈਬਰ ਸੁਰੱਖਿਆ ਨੂੰ ਲੈ ਕੇ ਬਹੁਤ ਜ਼ਿਆਦਾ ਸੰਵੇਦਨਸ਼ੀਲਤਾ ਨਹੀਂ ਸੀ ਅਤੇ ਨਾ ਹੀ ਜਾਣਕਾਰੀ ਸੀ।

ਤਸਵੀਰ ਕੈਪਸ਼ਨ,

ਰੂਸੀ ਹੈਕਰਾਂ ਨੇ ਬੈਂਕਾਂ, ਵਿੱਤੀ ਅਦਾਰਿਆਂ, ਦੂਜੇ ਦੇਸਾਂ ਦੀਆਂ ਸਰਕਾਰੀ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ

ਇਨ੍ਹਾਂ ਰੂਸੀ ਐਕਸਪਰਟਸ ਨੇ ਹੈਕਿੰਗ ਦੇ ਸਮਰਾਜ ਦੀ ਨੀਂਹ ਰੱਖੀ। ਇਨ੍ਹਾਂ ਰੂਸੀ ਹੈਕਰਾਂ ਨੇ ਬੈਂਕਾਂ, ਵਿੱਤੀ ਅਦਾਰਿਆਂ, ਦੂਜੇ ਦੇਸਾਂ ਦੀਆਂ ਸਰਕਾਰੀ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਆਪਣੀ ਸਫ਼ਲਤਾ ਦੇ ਕਿੱਸੇ ਇਹ ਅਖ਼ਬਾਰਾਂ ਅਤੇ ਮੈਗਜ਼ੀਨਜ਼ ਨੂੰ ਦੱਸਦੇ ਸਨ।

ਰੂਸ ਦੇ ਖੋਜੀ ਪੱਤਰਕਾਰ ਆਂਦ੍ਰੇਈ ਸ਼ੌਸ਼ਿਨਕਾਫ਼ ਦੱਸਦੇ ਹਨ ਕਿ ਉਸ ਦੌਰ 'ਚ ਹੈਕਰਜ਼ ਖ਼ੁਦ ਨੂੰ ਹੀਰੋ ਸਮਝਦੇ ਸਨ। ਉਸ ਦੌਰ 'ਚ ਰੂਸ ਵਿੱਚ ਹੈਕਰਜ਼ ਨਾਂ ਦੀ ਇੱਕ ਮੈਗਜ਼ੀਨ ਵੀ ਛੱਪਦੀ ਸੀ।

ਆਂਦ੍ਰੇਈ ਦੱਸਦੇ ਹਨ ਕਿ ਉਸ ਦੌਰ ਦੇ ਹਰ ਵੱਡੇ ਹੈਕਰ ਦਾ ਸਬੰਧ ਹੈਕਰ ਮੈਗਜ਼ੀਨ ਨਾਲ ਸੀ। ਰੂਸ ਦੀ ਖ਼ੁਫ਼ੀਆ ਏਜੰਸੀ ਐਫ਼ਐਸਬੀ ਨੂੰ ਇਨ੍ਹਾਂ ਹੈਕਰਜ਼ ਬਾਰੇ ਪਤਾ ਸੀ।

ਪਰ ਹੈਰਾਨੀ ਦੀ ਗੱਲ ਇਹ ਸੀ ਕਿ ਰੂਸ ਦੀ ਸਰਕਾਰ ਨੂੰ ਇਨ੍ਹਾਂ ਹੈਕਰਜ਼ ਦੀਆਂ ਕਰਤੂਤਾਂ ਤੋਂ ਕੋਈ ਨਾਰਾਜ਼ਗੀ ਨਹੀਂ ਸੀ ਸਗੋਂ ਉਹ ਤਾਂ ਇਨ੍ਹਾਂ ਹੈਕਰਜ਼ ਦਾ ਫ਼ਾਇਦਾ ਚੁੱਕਣਾ ਚਾਹੁੰਦੇ ਸਨ।

ਰੂਸੀ ਪੱਤਰਕਾਰ ਆਂਦ੍ਰੇਈ ਸ਼ੌਸ਼ਿਨਕਾਫ਼ ਦੱਸਦੇ ਹਨ ਕਿ ਐਫ਼ਐਸਬੀ ਦੇ ਮੁਖੀ ਨਿੱਜੀ ਤੌਰ 'ਤੇ ਕਈ ਰੂਸੀ ਹੈਕਰਜ਼ ਨੂੰ ਜਾਣਦੇ ਸਨ।

ਰੂਸ ਦੇ ਸਰਕਾਰੀ ਹੈਕਰਜ਼

2007 ਵਿੱਚ ਰੂਸੀ ਹੈਕਰਜ਼ ਨੇ ਗੁਆਂਢੀ ਦੇਸ ਐਸਟੋਨੀਆ 'ਤੇ ਵੱਡਾ ਸਾਈਬਰ ਹਮਲਾ ਕੀਤਾ। ਇਨ੍ਹਾਂ ਹੈਕਰਜ਼ ਨੇ ਐਸਟੋਨੀਆ ਦੀਆਂ ਸੈਕੜੇ ਵੈੱਬਸਾਈਟਾਂ ਨੂੰ ਹੈਕ ਕਰ ਲਿਆ। ਅਜਿਹਾ ਉਨ੍ਹਾਂ ਨੇ ਰੂਸ ਦੀ ਸਰਕਾਰ ਦੇ ਇਸ਼ਾਰੇ 'ਤੇ ਕੀਤਾ ਸੀ।

ਅਗਲੇ ਹੀ ਸਾਲ ਰੂਸੀ ਹੈਕਰਜ਼ ਨੇ ਇੱਕ ਹੋਰ ਗੁਆਂਢੀ ਮੁਲਕ ਜਾਰਜੀਆ ਦੀਆਂ ਤਮਾਮ ਸਰਕਾਰੀ ਵੈੱਬਸਾਈਟਾਂ ਨੂੰ ਸਾਈਬਰ ਅਟੈਕ ਨਾਲ ਤਬਾਹ ਕਰ ਦਿੱਤਾ।

ਤਸਵੀਰ ਕੈਪਸ਼ਨ,

ਰੂਸ ਵੱਲੋਂ ਹੋਏ ਸਾਈਬਰ ਹਮਲਿਆਂ 'ਚ ਫ਼ੈਂਸੀ ਬੀਅਰ ਗਰੁੱਪ ਦਾ ਨਾਂ ਸਾਹਮਣੇ ਆਇਆ ਹੈ

ਰੂਸੀ ਪੱਤਰਕਾਰ ਆਂਦ੍ਰੇਈ ਨੂੰ ਦੱਸਦੇ ਹਨ ਕਿ 2008 ਵਿੱਚ ਜਾਰਜੀਆ 'ਤੇ ਹੋਇਆ ਸਾਈਬਰ ਹਮਲਾ ਰੂਸ ਦੇ ਸਰਕਾਰੀ ਹੈਕਰਜ਼ ਨੇ ਕੀਤਾ ਸੀ। ਇਹ ਰੂਸ ਦੀ ਖ਼ੁਫ਼ੀਆ ਏਜੰਸੀ ਦੇ ਮੁਲਾਜ਼ਮ ਸਨ।

ਰੂਸ ਦੀ ਸਰਕਾਰ ਨੂੰ ਲੱਗਿਆ ਕਿ ਉਹ ਫਰੀਲਾਂਸ ਹੈਕਰਜ਼ 'ਤੇ ਭਰੋਸਾ ਨਹੀਂ ਕਰ ਸਕਦੇ। ਇਸ ਤੋਂ ਬਿਹਤਰ ਤਾਂ ਇਹ ਹੋਵੇਗਾ ਕਿ ਉਹ ਆਪਣੇ ਹੈਕਰਜ਼ ਦੀ ਫ਼ੌਜ ਤਿਆਰ ਕਰਨ। ਰੂਸੀ ਹੈਕਰਜ਼ ਦੀ ਇਸ ਸਾਈਬਰ ਫ਼ੌਜ ਨੇ ਹੀ ਜਾਰਜੀਆ 'ਤੇ 2008 ਵਿੱਚ ਹਮਲਾ ਕੀਤਾ ਸੀ।

ਅੱਜ ਦੀ ਤਾਰੀਖ਼ 'ਚ ਰੂਸ ਦੇ ਕੋਲ ਸਭ ਤੋਂ ਵੱਡੀ ਸਾਈਬਰ ਫ਼ੌਜ ਹੈ।

ਰੂਸੀ ਹੈਕਰਜ਼ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਚੋਣ 'ਚ ਦਖ਼ਲਅੰਦਾਜ਼ੀ ਕੀਤੀ। ਉਨ੍ਹਾਂ ਨੇ ਵ੍ਹਾਈਟ ਹਾਊਸ 'ਤੇ ਸਾਈਬਰ ਹਮਲਾ ਕੀਤਾ। ਨੈਟੋ ਅਤੇ ਪੱਛਮੀ ਦੇਸਾਂ ਦੇ ਮੀਡੀਆ ਨੈੱਟਵਰਕ ਵੀ ਰੂਸੀ ਹੈਕਰਜ਼ ਦੇ ਨਿਸ਼ਾਨੇ 'ਤੇ ਰਹੇ ਹਨ।

ਰੂਸ ਵੱਲੋਂ ਹੋਏ ਸਾਈਬਰ ਹਮਲੇ 'ਚ ਇੱਕ ਖ਼ਾਸ ਗਰੁੱਪ ਦਾ ਨਾਂ ਕਈ ਵਾਰ ਆਇਆ ਹੈ। ਇਸਦਾ ਨਾਂ ਹੈ - ਫ਼ੈਂਸੀ ਬੀਅਰ। ਮੰਨਿਆ ਜਾਂਦਾ ਹੈ ਕਿ ਹੈਕਰਜ਼ ਦੇ ਇਸ ਗਰੁੱਪ ਨੂੰ ਰੂਸ ਦੀ ਮਿਲਿਟ੍ਰੀ ਇੰਟੈਲਿਜੈਂਸ ਚਲਾਉਂਦੀ ਹੈ। ਹੈਕਰਜ਼ ਦੇ ਇਸ ਗਰੁੱਪ 'ਤੇ ਹੀ ਇਲਜ਼ਾਮ ਹੈ ਕਿ ਇਸ ਨੇ ਪਿਛਲੀ ਅਮਰੀਕੀ ਰਾਸ਼ਟਰਪਤੀ ਚੋਣ 'ਚ ਦਖ਼ਲਅੰਦਾਜ਼ੀ ਕੀਤੀ ਸੀ।

ਇਹ ਵੀ ਪੜ੍ਹੋ:

ਰੂਸੀ ਪੱਤਰਕਾਰ ਆਂਦ੍ਰੇਈ ਸ਼ੌਸ਼ਿਨਕਾਫ਼ ਕਹਿੰਦੇ ਹਨ ਕਿ ਇਨ੍ਹਾਂ ਸਾਈਬਰ ਹਮਲਿਆਂ ਜ਼ਰੀਏ ਰੂਸ ਦੁਨੀਆਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਸਾਈਬਰ ਸਮਰਾਜ ਦਾ ਬਾਦਸ਼ਾਹ ਹੈ।

ਈਰਾਨ ਦੇ ਕੋਲ ਵੀ ਹੈ ਹੈਕਰਜ਼ ਦੀ ਫ਼ੌਜ

90 ਦੇ ਦਹਾਕੇ 'ਚ ਹਾਲੀਵੁੱਡ ਫ਼ਿਲਮ ਮੈਟ੍ਰਿਕਸ ਤੋਂ ਪ੍ਰਭਾਵਿਤ ਹੋ ਕੇ ਜਿਨ੍ਹਾਂ ਰੂਸੀ ਸਾਈਬਰ ਇੰਜਿਨੀਅਰਾਂ ਨੇ ਹੈਕਿੰਗ ਦੇ ਸਮਰਾਜ ਦੀ ਬੁਨਿਆਦ ਰੱਖੀ ਸੀ, ਉਹ ਅੱਜ ਚੰਗਾ ਫ਼ੈਲ ਰਿਹਾ ਹੈ। ਅੱਜ ਬਹੁਤ ਸਾਰੇ ਹੈਕਰਜ਼ ਰੂਸ ਦੀ ਸਰਕਾਰ ਲਈ ਕੰਮ ਕਰਦੇ ਹਨ।

ਪਰ ਹੈਕਿੰਗ ਦੀ ਇਸ ਖ਼ੇਡ 'ਚ ਰੂਸ ਇਕੱਲਾ ਨਹੀਂ ਹੈ।

ਤਸਵੀਰ ਕੈਪਸ਼ਨ,

ਈਰਾਨ 'ਚ ਰੇਵਾਲੁਸ਼ਨਰੀ ਗਾਰਡ ਕੋਲ ਹੈਕਿੰਗ ਦਾ ਜ਼ਿੰਮਾ

ਈਰਾਨ ਵੀ ਹੈਕਿੰਗ ਦੀ ਦੁਨੀਆਂ ਦਾ ਇੱਕ ਵੱਡਾ ਖ਼ਿਡਾਰੀ ਹੈ। 1990 ਦੇ ਦਹਾਕੇ 'ਚ ਇੰਟਰਨੈੱਟ ਦੇ ਆਉਣ ਨਾਲ ਹੀ ਈਰਾਨ ਨੇ ਆਪਣੇ ਲੋਕਾਂ ਨੂੰ ਸਾਈਬਰ ਹਮਲਿਆਂ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ।

ਈਰਾਨ ਵਰਗੇ ਦੇਸਾਂ 'ਚ ਸੋਸ਼ਲ ਮੀਡੀਆ, ਸਰਕਾਰ ਖ਼ਿਲਾਫ਼ ਆਵਾਜ਼ ਚੁੱਕਣ ਦਾ ਵੰਡਾ ਮੰਚ ਹੁੰਦੇ ਹਨ। ਸਰਕਾਰ ਇਨ੍ਹਾਂ ਦੀ ਨਿਗਰਾਨੀ ਕਰਦੀ ਹੈ। ਈਰਾਨ 'ਚ ਹੈਕਰਜ਼ ਦੀ ਵਰਤੋਂ ਉੱਥੋਂ ਦੀ ਸਰਕਾਰ ਆਪਣੇ ਖ਼ਿਲਾਫ਼ ਬੋਲਣ ਵਾਲਿਆਂ ਦਾ ਮੂੰਹ ਬੰਦ ਕਰਨ ਲਈ ਕਰਦੀ ਹੈ।

2009 'ਚ ਜਦੋਂ ਈਰਾਨ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੋ ਰਹੇ ਸਨ ਤਾਂ ਈਰਾਨ ਦੇ ਸਰਕਾਰੀ ਹੈਕਰਜ਼ ਨੇ ਤਮਾਮ ਸੋਸ਼ਲ ਮੀਡੀਆ ਅਕਾਊਂਟਸ ਹੈਕ ਕਰਕੇ ਇਹ ਪਤਾ ਲਗਾਇਆ ਕਿ ਆਖ਼ਿਰ ਇਨ੍ਹਾਂ ਅੰਦੋਲਨਾਂ ਪਿੱਛੇ ਕੌਣ ਹੈ। ਉਨ੍ਹਾਂ ਲੋਕਾਂ ਦੀ ਸ਼ਿਨਾਖ਼ਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਡਰਾਇਆ-ਧਮਕਾਇਆ ਅਤੇ ਜੇਲ੍ਹ 'ਚ ਡੱਕ ਦਿੱਤਾ ਗਿਆ।

ਮਤਲਬ ਸਾਈਬਰ ਦੁਨੀਆਂ ਦੀ ਤਾਕਤ ਨਾਲ ਈਰਾਨ ਦੀ ਸਰਕਾਰ ਨੇ ਆਪਣੇ ਖ਼ਿਲਾਫ਼ ਤੇਜ਼ ਹੋ ਰਹੇ ਬਾਗ਼ੀ ਸੁਰਾਂ ਨੂੰ ਸ਼ਾਂਤ ਕਰ ਦਿੱਤਾ ਸੀ।

ਈਰਾਨ ਦੇ ਕੋਲ ਰੂਸ ਵਰਗੀ ਤਾਕਤਵਰ ਸਾਈਬਰ ਫ਼ੌਜ ਤਾਂ ਨਹੀਂ ਹੈ ਪਰ ਇਹ ਟਵਿੱਟਰ ਵਰਗੇ ਸੋਸ਼ਲ ਮੀਡੀਆ ਮੰਚ ਨੂੰ ਪ੍ਰੇਸ਼ਾਨ ਕਰਨ ਦੀ ਹਿੰਮਤ ਜ਼ਰੂਰ ਰੱਖਦੀ ਹੈ। ਜਾਣਕਾਰ ਦੱਸਦੇ ਹਨ ਕਿ ਈਰਾਨ ਦੀ ਸਾਈਬਰ ਫ਼ੌਜ ਨੂੰ ਉੱਥੋਂ ਦੇ ਮਸ਼ਹੂਰ 'ਰੇਵਲਿਊਸ਼ਨਰੀ ਗਾਰਡਜ਼' ਚਲਾਉਂਦੇ ਹਨ।

ਈਰਾਨ 'ਚ ਦੁਨੀਆਂ ਦੇ ਇੱਕ ਤੋਂ ਇੱਕ ਕਾਬਲ ਇੰਜਿਨੀਅਰ ਅਤੇ ਵਿਗਿਆਨੀ ਤਿਆਰ ਹੁੰਦੇ ਹਨ। ਦਿੱਕਤ ਇਹ ਹੈ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਜਾਂ ਦੂਜੇ ਪੱਛਮੀ ਦੇਸਾਂ ਦਾ ਰੁਖ਼ ਕਰਦੇ ਹਨ। ਦੂਜੇ ਪਾਸੇ ਈਰਾਨ ਦੀ ਸਾਈਬਰ ਫ਼ੌਜ ਨੂੰ ਬਚੇ-ਖੁਚੇ ਲੋਕਾਂ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ।

ਅਮਰੀਕੀ ਥਿੰਕ ਟੈਂਕ ਕਾਰਨੇਗੀ ਐਂਡੋਮੇਂਟ ਦੇ ਲਈ ਕੰਮ ਕਰਨ ਵਾਲੇ ਕਰੀਮ ਕਹਿੰਦੇ ਹਨ ਕਿ ਈਰਾਨ ਤੀਜੇ ਦਰਜੇ ਦੀ ਸਾਈਬਰ ਪਾਵਰ ਹੈ। ਅਮਰੀਕਾ, ਰੂਸ, ਚੀਨ ਅਤੇ ਇਸਰਾਈਲ, ਸਾਈਬਰ ਤਾਕਤ ਦੇ ਮਾਮਲੇ 'ਚ ਸਭ ਤੋਂ ਅੱਗੇ ਹਨ। ਯੂਰਪੀ ਦੇਸਾਂ ਦੀਆਂ ਸਾਈਬਰ ਫ਼ੌਜਾਂ ਦੂਜੇ ਨੰਬਰ 'ਤੇ ਆਉਂਦੀਆਂ ਹਨ।

ਈਰਾਨ ਅਕਸਰ ਸਾਈਬਰ ਹਮਲਿਆਂ ਦੇ ਨਿਸ਼ਾਨੇ 'ਤੇ ਰਹਿੰਦਾ ਹੈ। ਖ਼ਾਸ ਤੌਰ 'ਤੇ ਅਮਰੀਕਾ ਅਤੇ ਇਸਰਾਈਲ ਤੋਂ। 2012 'ਚ ਈਰਾਨ ਦੇ ਤੇਲ ਉਦਯੋਗ 'ਤੇ ਹੋਏ ਸਾਈਬਰ ਹਮਲਿਆਂ 'ਚ ਉਸਦੇ ਸਿਸਟਮ ਦੀ ਹਾਰਡ ਡ੍ਰਾਈਵ ਤੋਂ ਡਾਟਾ ਉਡਾ ਲਿਆ ਗਿਆ ਸੀ। ਈਰਾਨ 'ਤੇ ਇਸ ਸਾਈਬਰ ਹਮਲੇ ਦੇ ਪਿੱਛੇ ਅਮਰੀਕਾ ਜਾਂ ਇਸਰਾਈਲ ਦਾ ਹੱਥ ਹੋਣ ਦਾ ਖ਼ਦਸ਼ਾ ਸੀ।

ਈਰਾਨ ਨੇ ਇਸ ਹਮਲੇ ਤੋਂ ਸਬਕ ਲੈਂਦੇ ਹੋਏ ਤਿੰਨ ਮਹੀਨੇ ਬਾਅਦ ਆਪਣੇ ਦੁਸ਼ਮਣ ਸਾਊਦੀ ਅਰਬ 'ਤੇ ਵੱਡਾ ਸਾਈਬਰ ਹਮਲਾ ਕੀਤਾ। ਇਸ ਹਮਲੇ 'ਚ ਈਰਾਨ ਦੇ ਹੈਕਰਜ਼ ਨੇ ਸਾਊਦੀ ਅਰਬ ਨੇ ਤੀਹ ਹਜ਼ਾਰ ਕੰਪਿਊਟਰਾਂ ਦਾ ਡਾਟਾ ਉਡਾ ਦਿੱਤਾ ਸੀ।

ਅੱਜ ਹੈਕਰਜ਼ ਨੇ ਆਪਣਾ ਸਮਰਾਜ ਪੂਰੀ ਦੁਨੀਆਂ 'ਚ ਫ਼ੈਲਾ ਲਿਆ ਹੈ। ਲਗਭਗ ਹਰ ਦੇਸ 'ਚ ਹੈਕਰਜ਼ ਮੌਜੂਦ ਹਨ। ਕਿਤੇ ਉਹ ਸਰਕਾਰ ਲਈ ਕੰਮ ਕਰਦੇ ਹਨ, ਤਾਂ ਕਿਤੇ ਸਰਕਾਰ ਦੇ ਖ਼ਿਲਾਫ਼।

ਤਸਵੀਰ ਕੈਪਸ਼ਨ,

ਉੱਤਰ ਕੋਰੀਆ 'ਚ ਹੈਕਰਜ਼ ਦੀ ਫ਼ੌਜ ਨੂੰ ਉੱਥੋਂ ਦੀ ਖ਼ੁਫ਼ੀਆ ਏਜੰਸੀ ਆਰਜੀਬੀ ਚਲਾਉਂਦੀ ਹੈ

ਜਿੱਥੇ ਸਾਈਬਰ ਹੈਕਿੰਗ ਪੂਰੀ ਤਰ੍ਹਾਂ ਸਰਕਾਰੀ

ਪਰ ਇੱਕ ਦੇਸ ਅਜਿਹਾ ਹੈ, ਜਿੱਥੋਂ ਦੀ ਸਾਈਬਰ ਹੈਕਿੰਗ ਫ਼ੌਜ ਪੂਰੀ ਤਰ੍ਹਾਂ ਨਾਲ ਸਰਕਾਰੀ ਹੈ। ਇਸ ਦੇਸ ਦਾ ਹੈ ਉੱਤਰ ਕੋਰੀਆ।

ਉੱਤਰ ਕੋਰੀਆ 'ਚ ਹੈਕਰਜ਼ ਦੀ ਫ਼ੌਜ ਨੂੰ ਉੱਥੋਂ ਦੀ ਖ਼ੁਫ਼ੀਆ ਏਜੰਸੀ ਆਰਜੀਬੀ ਚਲਾਉਂਦੀ ਹੈ। ਉੱਤਰ ਕੋਰੀਆ 'ਚ 13-14 ਸਾਲ ਦੀ ਉਮਰ 'ਚ ਹੀ ਬੱਚਿਆਂ ਨੂੰ ਹੈਕਿੰਗ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਕੂਲਾਂ ਤੋਂ ਹੀ ਹੁਨਰਮੰਦ ਬੱਚਿਆਂ ਦੀ ਛਾਂਟੀ ਕਰਕੇ ਹੈਕਿੰਗ ਦੀ ਖ਼ੁਫ਼ੀਆ ਫ਼ੌਜ 'ਚ ਦਾਖ਼ਸ ਕਰ ਦਿੱਤਾ ਜਾਂਦਾ ਹੈ।

ਗਣਿਤ ਅਤੇ ਇੰਜਿਨੀਅਰਿੰਗ 'ਚ ਹੁਸ਼ਿਆਰ ਵਿਦਿਆਰਥੀਆਂ ਨੂੰ ਸਾਫ਼ਟਵੇਅਰ ਇੰਜੀਨੀਅਰਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ। ਫ਼ਿਰ ਜਾਂ ਤਾਂ ਉਹ ਹੈਕਰ ਬਣਦੇ ਹਨ ਜਾਂ ਸਾਫ਼ਟਵੇਅਰ ਇੰਜੀਨੀਅਰ। ਸੰਸਾਧਨਾਂ ਦੀ ਘਾਟ ਕਾਰਨ ਉੱਤਰ ਕੋਰੀਆ 'ਚ ਬੱਚੇ ਪਹਿਲਾਂ ਕਾਗਜ਼ ਦੇ ਕੀ-ਬੋਰਡ 'ਤੇ ਅਭਿਆਸ ਕਰਦੇ ਹਨ। ਜੋ ਤੇਜ਼-ਤਰਾਰ ਹੁੰਦੇ ਹਨ, ਬਾਅਦ ਵਿੱਚ ਉਨ੍ਹਾਂ ਨੂੰ ਕੰਪਿਊਟਰ ਦਿੱਤਾ ਜਾਂਦਾ ਹੈ।

ਉੱਤਰ ਕੋਰੀਆ ਆਪਣੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਚੀਨ ਜਾਂ ਦੂਜੇ ਏਸ਼ੀਆਈ ਦੇਸਾਂ 'ਚ ਆਈਟੀ ਦੀ ਪੜ੍ਹਾਈ ਕਰਨ ਲਈ ਭੇਜਦਾ ਹੈ, ਤਾਂ ਜੋ ਉਹ ਸਾਈਬਰ ਦੁਨੀਆਂ ਨੂੰ ਚੰਗੀ ਤਰ੍ਹਾਂ ਸਮਝ ਸਕਣ ਅਤੇ ਦੇਸ ਦੇ ਕੰਮ ਆ ਸਕਣ।

ਇਨ੍ਹਾਂ ਵਿੱਚੋਂ ਕਈ ਵਿਦਿਆਰਥੀ ਪੜ੍ਹਾਈ ਮੁਕੰਮਲ ਕਰਕੇ ਚੀਨ ਜਾਂ ਦੂਜੇ ਦੇਸਾਂ 'ਚ ਹੀ ਰੁੱਖ ਜਾਂਦੇ ਹਨ ਅਤੇ ਉੱਥੋਂ ਹੀ ਆਪਣੇ ਦੇਸ ਲਈ ਹੈਕਿੰਗ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਮਕਸਦ ਕਮਾਈ ਕਰਕੇ ਆਪਣੇ ਦੇਸ ਨੂੰ ਪੈਸੇ ਭੇਜਣਾ ਹੁੰਦਾ ਹੈ।

ਉੱਤਰ ਕੋਰੀਆ ਦੇ ਇਹ ਹੈਕਰਜ਼ 80 ਹਜ਼ਾਰ ਤੋਂ ਇੱਕ ਲੱਖ ਡਾਲਰ ਲੈ ਕੇ ਫਰੀਲਾਂਸ ਹੈਕਿੰਗ ਕਰਦੇ ਹਨ, ਤਾਂ ਜੋ ਆਪਣੇ ਦੇਸ ਲਈ ਪੈਸੇ ਕਮਾ ਸਕਣ।

ਇਹ ਵੀ ਪੜ੍ਹੋ:

ਜਾਣਕਾਰ ਮੰਨਦੇ ਹਨ ਕਿ ਕਰੀਬ 2-3 ਹਜ਼ਾਰ ਉੱਤਰ ਕੋਰੀਆ ਦੇ ਹੈਕਰਜ਼ ਫਰੀਲਾਂਸ ਕੰਮ ਕਰਦੇ ਹਨ, ਇਨ੍ਹਾਂ ਦੇ ਨਿਸ਼ਾਨੇ 'ਤੇ ਕ੍ਰੇਡਿਟ ਕਾਰਡ ਅਤੇ ਬੈਂਕ ਦੇ ਖ਼ਾਤੇ ਹੁੰਦੇ ਹਨ, ਤਾਂ ਜੋ ਸੌਖੇ ਤਰੀਕੇ ਕਮਾਈ ਹੋ ਸਕੇ।

ਉੱਤਰ ਕੋਰੀਆ ਦੇ ਹੈਕਰਜ਼ ਨੇ ਦੁਨੀਆਂ ਦੇ ਕਈ ਬੈਂਕਾਂ 'ਤੇ ਵੱਡੇ ਸਾਈਬਰ ਹਮਲੇ ਕਰਕੇ ਕਰੋੜਾਂ ਦੀ ਰਕਮ 'ਤੇ ਹੱਥ ਸਾਫ਼ ਕੀਤਾ ਹੈ। ਇਨ੍ਹਾਂ ਦੇ ਨਿਸ਼ਾਨੇ 'ਤੇ ਲਤੀਨੀ ਅਮਰੀਕੀ ਦੇਸ ਇਕਵਾਡੋਰ ਤੋਂ ਲੈ ਕੇ ਗੁਆਂਢੀ ਦੇਸ ਤੱਕ ਰਹੇ ਹਨ।

ਹੁਣ ਜਦੋਂ ਸਾਈਬਰ ਕ੍ਰਾਈਮ ਵੱਧ ਰਿਹਾ ਹੈ, ਤਾਂ ਜ਼ਾਹਿਰ ਹੈ ਕਿ ਤਮਾਮ ਦੇਸਾਂ ਨੇ ਸਾਈਬਰ ਸੁਰੱਖਿਆ ਲਈ ਪੁਲਿਸ ਟੀਮਾਂ ਤਿਆਰ ਕੀਤੀਆਂ ਹਨ।

ਅਜਿਹੀ ਹੀ ਸਾਈਬਰ ਸੁਰੱਖਿਆ ਮਾਹਿਰ ਹਨ ਮਾਇਆ ਹੋਰੋਵਿਤਜ਼। ਮਾਇਆ ਸਾਈਬਰ ਹਮਲੇ ਕਰਨ ਵਾਲੇ ਹੈਕਰਜ਼ ਨੂੰ ਲੱਭਦੀ ਅਤੇ ਫੜਦੀ ਹੈ। ਹੈਕਿੰਗ ਦੇ ਕੇਸ ਸੁਲਝਾਉਂਦੀ ਹੈ। ਉਹ ਸਾਈਬਰ ਸੁਰੱਖਿਆ ਕੰਪਮੀ ਚੈੱਕ ਪੁਆਇੰਟ ਲਈ ਕੰਮ ਕਰਦੀ ਹੈ।

ਤਸਵੀਰ ਕੈਪਸ਼ਨ,

ਹੈਕਰਜ਼ ਦੇ ਨਿਸ਼ਾਨੇ 'ਤੇ ਕ੍ਰਿਪਟੋਕੰਰਸੀ

ਹੁਣ ਕ੍ਰਿਪਟੋਕਰੰਸੀ ਨਿਸ਼ਾਨੇ 'ਤੇ

ਇਸਰਾਈਲ ਦੀ ਰਹਿਣ ਵਾਲੀ ਮਾਇਆ ਦੱਸਦੀ ਹੈ ਕਿ ਆਮ ਤੌਰ 'ਤੇ ਆਈਟੀ ਪ੍ਰੋਫ਼ੈਨਲਜ਼ ਹੀ ਸਾਈਬਰ ਹਮਲਿਆਂ ਦੇ ਪਿੱਛੇ ਹੁੰਦੇ ਹਨ। ਇਹ ਤਿੰਨ ਜਾਂ ਚਾਰ ਲੋਕਾਂ ਦੀ ਟੀਮ ਵਜੋਂ ਕੰਮ ਕਰਦੇ ਹਨ। ਇੱਕ ਟਾਰਗੇਟ ਦੀ ਤਲਾਸ਼ ਕਰਦਾ ਹੈ ਤਾਂ ਦੂਜਾ ਹੈਕਿੰਗ ਕਰਦਾ ਹੈ ਅਤੇ ਤੀਜਾ ਖ਼ਾਤਿਆਂ ਤੋਂ ਡਾਟਾ ਜਾਂ ਪੈਸੇ ਚੋਰੀ ਕਰਦਾ ਹੈ।

ਮਾਇਆ ਦੱਸਦੀ ਹੈ ਕਿ ਕਈ ਵਾਰ ਹੈਕਰਜ਼ 5 ਤੋਂ 7 ਲੋਕਾਂ ਦੇ ਗਰੁੱਪ ਵਿੱਚ ਕੰਮ ਕਰਦੇ ਹਨ, ਜੋ ਇੱਕ-ਦੂਜੇ ਨੂੰ ਕੋਡ ਨਾਲ ਜਾਣਦੇ ਹਨ। ਕਿਸੇ ਨੂੰ ਦੂਜੇ ਦਾ ਅਸਲੀ ਨਾਂ ਨਹੀਂ ਪਤਾ ਹੁੰਦਾ।

ਸਵਾਲ ਇਹ ਆਉਂਦਾ ਹੈ ਕਿ ਜਦੋਂ ਉਹ ਇੱਕ-ਦੂਜੇ ਨੂੰ ਜਾਣਦੇ ਨਹੀਂ, ਤਾਂ ਫ਼ਿਰ ਰਾਬਤਾ ਕਿਵੇਂ ਕਰਦੇ ਹਨ?

ਮਾਇਆ ਮੁਤਾਬਕ ਹੈਕਰਜ਼ ਅਕਸਰ ਟੈਲੀਗ੍ਰਾਮ ਨਾਂ ਦੀ ਸੋਸ਼ਲ ਮੈਸੇਜਿੰਗ ਐਪ ਜ਼ਰੀਏ ਗੱਲ ਕਰਦੇ ਹਨ। ਇਹ ਐਨਕ੍ਰਿਪਟੇਡ ਮੈਸੇਜ ਸੇਵਾ ਹੈ, ਜੋ ਅੱਤਵਾਦੀ ਸੰਗਠਨਾਂ ਵਿਚਾਲੇ ਕਾਫ਼ੀ ਮਸ਼ਹੂਰ ਹੈ।

ਸਾਈਬਰ ਅਪਰਾਧੀ ਅਕਸਰ ਆਪਣੇ ਹੁਨਰ ਜਾਂ ਕੋਡ ਨੂੰ ਵੇਚ ਕੇ ਪੈਸੇ ਕਮਾਉਂਦੇ ਹਨ। ਉਹ ਬੈਂਕ ਜਾਂ ਕਿਸੇ ਵਿੱਤੀ ਅਦਾਰੇ ਦੇ ਮੁਲਾਜ਼ਮ ਨੂੰ ਈ-ਮੇਲ ਕਰਕੇ ਹੈਕਿੰਗ ਕਰ ਸਕਦੇ ਹਨ, ਜਾਂ ਫ਼ਿਰ ਕੁਝ ਸਮੇਂ ਲਈ ਆਪਣਾ ਹੈਕਿੰਗ ਕੋਡ ਕਿਸੇ ਹੋਰ ਨੂੰ ਦੇ ਕੇ ਪੈਸੇ ਕਮਾ ਸਕਦੇ ਹਨ।

ਤਸਵੀਰ ਕੈਪਸ਼ਨ,

ਸਾਈਬਰ ਐਕਸਪਰਟ ਤੋਂ ਲੈ ਕੇ ਬੱਚਿਆਂ ਤੱਕ, ਹਰ ਉਮਰ ਦੇ ਲੋਕ ਅੱਜ ਹੈਕਿੰਗ ਦਾ ਹੁਨਰ ਦਿਖਾ ਰਹੇ ਹਨ

ਅੱਜ ਦੇ ਸਮੇਂ 'ਚ ਸਾਈਬਰ ਅਪਰਾਧ ਜਾਂ ਹੈਕਿੰਗ ਇੱਕ ਵੱਡਾ ਕਾਰੋਬਾਰ ਬਣ ਗਿਆ ਹੈ।

ਸਾਈਬਰ ਦੁਨੀਆਂ ਦੇ ਅਪਰਾਧੀ ਅੱਜ-ਕੱਲ੍ਹ ਵਰਚੁਅਲ ਕਰੰਸੀ ਜਿਵੇਂ ਬਿਟਕੁਆਇਨ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹ ਦੂਜਿਆਂ ਦੇ ਖ਼ਾਤਿਆਂ ਦੀ ਵਰਚੁਅਲ ਕਰੰਸੀ ਨੂੰ ਹੈਕਿੰਗ ਰਾਹੀਂ ਆਪਣੇ ਖ਼ਾਤਿਆਂ 'ਚ ਟ੍ਰਾਂਸਫ਼ਰ ਕਰਕੇ ਪੈਸੇ ਕਮਾ ਰਹੇ ਹਨ, ਜਾਂ ਇੰਝ ਕਹੀਏ ਕਿ ਦੂਜਿਆਂ ਦੇ ਵਰਚੁਅਲ ਖ਼ਾਤਿਆਂ 'ਤੇ ਡਾਕਾ ਮਾਰ ਰਹੇ ਹਨ।

ਮਾਇਆ ਹੋਰੋਵਿਤਜ਼ ਕਹਿੰਦੇ ਹਨ ਕਿ ਸਾਈਬਰ ਆਪਰਾਧੀ ਸਾਡੇ ਕੰਪਿਊਟਰ ਜਾਂ ਮੋਬਾਈਲ ਫ਼ੋਨ 'ਤੇ ਹਮਲਾ ਕਰਕੇ ਸਾਡੀ ਪ੍ਰੋਸੈਸਿੰਗ ਦੀ ਤਾਕਤ ਨੂੰ ਖੋਹ ਲੈਂਦੇ ਹਨ। ਕਈ ਵਾਰ ਸਾਨੂੰ ਇਸਦਾ ਪਤਾ ਵੀ ਨਹੀਂ ਲਗਦਾ, ਸਿਰਫ਼ ਸਾਡੇ ਲੈਪਟੌਪ ਜਾਂ ਫ਼ੋਨ ਵੱਧ ਗ਼ਰਮ ਹੋਣ ਲਗਦੇ ਹਨ। ਬਿਜਲੀ ਦਾ ਬਿੱਲ ਵੱਧ ਜਾਂਦਾ ਹੈ।

ਮਾਇਆ ਇਸਦੀ ਮਿਸਾਲ ਦੇ ਤੌਰ 'ਤੇ ਆਈਸਲੈਂਡ ਨਾਂ ਦੇ ਇੱਕ ਛੋਟੇ ਜਿਹੇ ਦੇਸ ਦੀ ਮਿਸਾਲ ਦਿੰਦੇ ਹਨ। ਉੱਥੋਂ ਦੇ ਲੋਕ ਆਪਣੀ ਰੋਜ਼ ਦੀ ਜ਼ਰੂਰਤਾਂ ਲਈ ਘੱਟ ਬਿਜਲੀ ਦੀ ਵਰਤੋਂ ਕਰਦੇ ਹਨ। ਆਈਸਲੈਂਡ 'ਚ ਵੱਧ ਬਿਜਲੀ ਆਨਲਾਈਨ ਡਾਟਾ ਪ੍ਰੋਸੈਸਿੰਗ ਯਾਨੀ ਕ੍ਰਿਪਟੋਮਾਈਨਿੰਗ 'ਚ ਖ਼ਰਚ ਹੋ ਰਹੀ ਹੈ।

ਇਹ ਵੀ ਪੜ੍ਹੋ:

ਪ੍ਰੇਸ਼ਾਨੀ ਇਹ ਹੈ ਕਿ ਬਿਜਲੀ ਇੱਕ ਹੱਦ ਤੱਕ ਹੀ ਉਪਲਬਧ ਹੈ, ਦੂਜੇ ਪਾਸੇ ਵਰਚੁਅਲ ਦੁਨੀਆਂ ਅਪਾਰ ਹੈ। ਤਾਂ ਜੇ ਆਈਸਲੈਂਡ 'ਚ ਇਸ ਦਰ ਨਾਲ ਕ੍ਰਿਪਟੋਮਾਈਨਿੰਗ ਹੁੰਦੀ ਰਹੀ, ਤਾਂ ਉਨ੍ਹਾਂ ਦੀਆਂ ਬਾਕੀ ਲੋੜਾਂ ਲਈ ਇੱਕ ਦਿਨ ਬਿਜਲੀ ਬਚੇਗੀ ਹੀ ਨਹੀਂ।

ਹੈਕਰਜ਼ ਦੇ ਇਨ੍ਹਾਂ ਹਮਲਿਆਂ ਨਾਲ ਉਸਤਾਦ ਮੁਲਕ ਵੀ ਪ੍ਰੇਸ਼ਾਨ ਹੈ, ਜਿਵੇਂ ਕਿ ਉੱਤਰੀ ਕੋਰੀਆ। ਉਸ ਨੇ ਐਲਾਨ ਕੀਤਾ ਹੈ ਕਿ ਛੇਤੀ ਹੀ ਉਹ ਕ੍ਰਿਪਟੋਮਾਈਨਿੰਗ ਦੀ ਕਾਨਫਰੰਸ ਦਾ ਆਯੋਜਨ ਕਰੇਗਾ।

ਅੱਜ ਸਾਈਬਰ ਅਪਰਾਧੀਆਂ ਦਾ ਸਮਰਾਜ ਐਨਾਂ ਫ਼ੈਲ ਗਿਆ ਹੈ ਕਿ ਇਹ ਧੰਦਾ ਅਰਬਾਂ-ਖ਼ਰਬਾਂ ਡਾਲਰ ਦਾ ਹੋ ਗਿਆ ਹੈ। ਹੈਕਰਜ਼ ਅੱਜ ਸਰਕਾਰਾਂ ਲਈ ਵੀ ਕੰਮ ਕਰ ਰਹੇ ਹਨ ਅਤੇ ਕਿਰਾਏ 'ਤੇ ਵੀ। ਇਹ ਬੈਂਕਾਂ ਅਤੇ ਸਰਕਾਰੀ ਵੈੱਬਸਾਈਟਾਂ ਤੋਂ ਲੈ ਕੇ ਨਿੱਜੀ ਕੰਪੀਊਟਰਾਂ ਅਤੇ ਮੋਬਾਈਲ ਤੱਕ ਨੂੰ ਨਿਸ਼ਾਨਾ ਬਣਾ ਰਹੇ ਹਨ।

ਇਨ੍ਹਾਂ ਕਈ ਦੇਸਾਂ 'ਚ ਸਰਕਾਰਾਂ ਸਿਖਲਾਈ ਦੇ ਰਹੀਆਂ ਹਨ, ਤਾਂ ਜੋ ਦੁਸ਼ਮਨ ਦੇਸਾਂ ਨੂੰ ਨਿਸ਼ਾਨਾਂ ਬਣਾ ਸਕਣ, ਤਾਂ ਈਰਾਨ ਵਰਗੇ ਕਈ ਦੇਸ ਇਨ੍ਹਾਂ ਨੂੰ ਕਿਰਾਏ 'ਤੇ ਰੱਖ ਕੇ ਵਿਰੋਧ ਦੀ ਆਵਾਜ਼ ਦਬਾ ਰਹੇ ਹਨ। ਸਾਈਬਰ ਅੰਡਰਵਰਲਡ ਅੱਜ ਚੰਗਾ ਫ਼ੈਲ ਰਿਹਾ ਹੈ।

(ਬੀਬੀਸੀ ਦੇ ਰੇਡੀਓ ਪ੍ਰੋਗਰਾਮ 'ਦਿ ਇਨਕੁਆਰੀ' ਦਾ ਇਹ ਐਪੀਸੋਡ ਸੁਣਨ ਲਈ ਇੱਥੇ ਕਲਿੱਕ ਕਰੋ)

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)