ਸਵੀਡਨ ਚੋਣਾਂ ਵਿੱਚ ਪਰਵਾਸੀ ਵਿਰੋਧੀ ਪਾਰਟੀ ਨੂੰ ਹਾਸਿਲ ਹੋਈਆਂ 18 ਫੀਸਦ ਵੋਟਾਂ

Social Democrats party in Stockholm.
ਤਸਵੀਰ ਕੈਪਸ਼ਨ,

ਜਿਵੇਂ ਨਤੀਜੇ ਆਉਣੇ ਸ਼ੁਰੂ ਹੋਏ ਸੋਸ਼ਲ ਡੈਮੋਕਰੈਟਸ ਸਮਰਥਕਾਂ ਨੇ ਸਟਾਕਹੋਮ ਵਿੱਚ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ

ਸਵੀਡਨ ਚੋਣਾਂ ਵਿੱਚ ਪਰਵਾਸੀ ਵਿਰੋਧੀ ਨੈਸ਼ਨਲ ਸਵੀਡਨ ਡੈਮੋਕਰੇਟਸ ਪਾਰਟੀ ਨੇ 18 ਫੀਸਦ ਵੋਟਾਂ ਹਾਸਿਲ ਕਰ ਕੇ ਨਵੀਂ ਸਰਕਾਰ ਵਿੱਚ ਭੂਮਿਕਾ ਨਿਭਾਉਣ ਦੀ ਗੱਲ ਕਹੀ ਹੈ।

ਹੁਣ ਅਜੇ ਤੱਕ ਦੋਵੇਂ ਗਠਜੋੜਾਂ ਨੇ ਸਵੀਡਨ ਡੈਮੋਕਰੇਟਸ ਨਾਲ ਕੰਮ ਕਰਨ ਤੋਂ ਇਨਕਾਰ ਕੀਤਾ ਹੈ। ਸੈਂਟਰ ਲੈਫਟ ਪਾਰਟੀ ਨੇ ਹੁਣ ਸੱਜੇਪੱਖੀ ਪਾਰਟੀਆਂ ਦੇ ਗਠਜੋੜ ਤੋਂ ਕੁਝ ਲੀਡ ਬਣਾ ਲਈ ਹੈ।

ਨੈਸ਼ਨਲਿਸਟ ਸਵੀਡਨ ਡੈਮੋਕਰੈਟਸ (ਐਸਡੀ) ਨੇ ਇਸ ਵਾਰ ਪਿਛਲੀਆਂ ਚੋਣਾਂ ਨਾਲੋਂ 12.9 ਫੀਸਦ ਵੱਧ ਵੋਟਾਂ ਹਾਸਿਲ ਕੀਤੀਆਂ ਹਨ।

ਸਵੀਡਨ ਇੱਕ ਅਨੁਪਾਤਕ ਪ੍ਰਤਿਨਿਧਤਾ ਪ੍ਰਣਾਲੀ ਦੀ ਵਰਤੋਂ ਕਰਦਾ ਹੈ, ਜਿਸ ਦੇ ਤਹਿਤ ਹਰੇਕ ਪਾਰਟੀ ਨੂੰ ਹਰੇਕ ਹਲਕੇ ਵਿੱਚ ਸੀਟਾਂ ਦੀ ਵੰਡ ਕੀਤੀ ਜਾਂਦੀ ਹੈ ਜੋ ਆਮ ਤੌਰ 'ਤੇ ਵੋਟ ਦੇ ਹਿੱਸੇ ਦੇ ਬਰਾਬਰ ਹੁੰਦੀ ਹੈ।

ਇਹ ਵੀ ਪੜ੍ਹੋ:

ਦੋਹਾਂ ਹੀ ਅਹਿਮ ਧੜਿਆਂ ਨੇ ਐਸਡੀ ਨਾਲ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ, ਹਾਲਾਂਕਿ ਐਸਡੀ ਆਗੂ ਦਾ ਦਾਅਵਾ ਹੈ ਕਿ ਉਹ ਹੋਰਨਾਂ ਪਾਰਟੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ।

ਤਸਵੀਰ ਕੈਪਸ਼ਨ,

ਸਵੀਡਨ ਡੈਮੋਕਰੈਟ ਆਗੂ ਜਿਮੀ ਐਕਸਨ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦਾ 'ਵਧੇਰੇ ਅਸਰ' ਹੈ।

ਜੈਮੀ ਐਕਸਨ ਨੇ ਪਾਰਟੀ ਦੀ ਇੱਕ ਰੈਲੀ ਦੌਰਾਨ ਕਿਹਾ, "ਅਸੀਂ ਸੰਸਦ ਵਿੱਚ ਆਪਣੀਆਂ ਸੀਟਾਂ ਵਧਾਵਾਂਗੇ ਅਤੇ ਇਸ ਦਾ ਅਸਰ ਆਉਣ ਵਾਲੇ ਹਫ਼ਤਿਆਂ, ਮਹੀਨਿਆਂ ਅਤੇ ਸਾਲਾਂ ਵਿੱਚ ਸਵੀਡਨ 'ਤੇ ਨਜ਼ਰ ਆਉਣ ਲੱਗੇਗਾ।"

ਸਵੀਡਨ ਵਿੱਚ ਸਰਕਾਰ ਤੇ ਹੋਰ ਪਾਰਟੀਆਂ

ਪ੍ਰਧਾਨ ਮੰਤਰੀ ਸਟੀਫਨ ਲੋਵਾਨ ਦੀ ਅਗਵਾਈ ਵਾਲੀ ਹਾਕਮ ਧਿਰ ਸੋਸ਼ਲ ਡੈਮੋਕਰੈਟਸ ਅਤੇ ਦਿ ਗ੍ਰੀਨ ਪਾਰਟੀ ਨਾਲ ਮਿਲ ਕੇ ਬਣੀ ਹੈ। ਇਸ ਨੂੰ ਖੱਬੇਪੱਖੀ ਪਾਰਟੀ ਦਾ ਸਮਰਥਨ ਹਾਸਿਲ ਹੈ।

ਤਸਵੀਰ ਕੈਪਸ਼ਨ,

ਪ੍ਰਧਾਨ ਮੰਤਰੀ ਸਟੀਫਨ ਲੋਵਾਨ ਦਾ ਕਹਿਣਾ ਹੈ ਹਾਲੇ ਉਨ੍ਹਾਂ ਕੋਲ ਦੋ ਹਫ਼ਤੇ ਹਨ ਤੇ ਅਹੁਦਾ ਨਹੀਂ ਛੱਡਣਗੇ

ਸੱਜੇਪੱਖੀ ਰੁਝਾਨ ਵਾਲਾ ਅਲਾਇਂਸ ਚਾਰ ਪਾਰਟੀਆਂ ਦਾ ਗਠਜੋੜ ਹੈ। ਇਸ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹਨ ਦਿ ਮੋਡਰੇਟਜ਼ ਦੇ ਪ੍ਰਧਾਨ ਉਲਫ਼ ਕ੍ਰਿਸਟਰਸਨ।

ਉਨ੍ਹਾਂ ਕਿਹਾ ਕਿ ਹਾਕਮ ਧਿਰ ਨੇ ਆਪਣਾ ਸਮਾਂ ਪੂਰਾ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਸੇਵਾ ਮੁਕਤ ਹੋ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਲੋਵਾਨ ਦਾ ਕਹਿਣਾ ਹੈ ਕਿ ਉਹ ਅਹੁਦਾ ਨਹੀਂ ਛੱਡਣਗੇ। ਉਨ੍ਹਾਂ ਪਾਰਟੀ ਦੀ ਰੈਲੀ ਦੌਰਾਨ ਕਿਹਾ, "ਸੰਸਦ ਸ਼ੁਰੂ ਹੋਣ ਵਿੱਚ ਹਾਲੇ ਦੋ ਹਫ਼ਤੇ ਬਾਕੀ ਹਨ। ਮੈਂ ਵੋਟਰਾਂ ਅਤੇ ਚੋਣ ਪ੍ਰਕਿਰਿਆ ਦਾ ਸਨਮਾਨ ਕਰਦਾ ਹਾਂ ਅਤੇ ਸ਼ਾਂਤੀ ਨਾਲ ਕੰਮ ਕਰਾਂਗਾ।"

ਸੋਸ਼ਲ ਡੈਮੋਕਰੈਟਸ ਅਤੇ ਮੋਡਰੇਟਸ ਦੋਹਾਂ ਹੀ ਪਾਰਟੀਆਂ ਦੀ ਵੋਟਾਂ ਵਿੱਚ ਗਿਰਾਵਟ ਆਈ ਹੈ ਕਿਉਂਕਿ ਐਸਡੀ ਅਤੇ ਛੋਟੀਆਂ ਪਾਰਟੀਆਂ ਨੇ ਕਾਫ਼ੀ ਵੋਟਾਂ ਹਾਸਿਲ ਕੀਤੀਆਂ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਕੇਂਦਰ-ਸੱਜੇਪੱਖੀ ਗਠਜੋੜ ਅਸਾਨੀ ਨਾਲ ਸਰਕਾਰ ਬਣਾ ਸਕਦਾ ਹੈ, ਹਾਲਾਂਕਿ ਕਾਫ਼ੀ ਗੁੰਝਲਦਾਰ ਸਮਝੌਤੇ ਹੋਣੇਗੇ।

ਇਹ ਵੀ ਪੜ੍ਹੋ:

ਸੀਵਡਨ ਡੈਮੋਕਰੇਟਸ ਕੌਣ ਹਨ?

  • 2010 ਵਿੱਚ ਸੰਸਦ ਵਿੱਚ ਆਉਣ ਤੋਂ ਪਹਿਲਾਂ ਕਈ ਸਾਲਾਂ ਤੱਕ ਸਵੀਡਨ ਡੈਮੋਕਰੈਟਸ ਦਾ ਸਬੰਧ ਨਿਓ-ਨਾਜ਼ੀ (ਨਾਜ਼ਾਵਾਦ) ਧੜੇ ਨਾਲ ਜੋੜਿਆ ਗਿਆ ਹੈ।
  • ਐਸਡੀ ਖੁਦ ਦੀ ਬਰਾਂਡਿੰਗ ਬਦਲਣ ਦੀ ਕੋਸ਼ਿਸ਼ ਕਰ ਰਹੀ ਸੀ। ਪਾਰਟੀ ਨੇ ਬਲਦੀ ਟੋਰਚ ਵਾਲਾ ਆਪਣਾ ਲੋਗੋ ਬਦਲ ਕੇ ਸਵੀਡਿਜ਼ ਝੰਡੇ ਦਾ ਰੰਗ ਰੱਖਿਆ।
  • ਵਰਕਿੰਗ ਕਲਾਸ ਨੂੰ ਨਿਸ਼ਾਨਾ ਬਣਾਉਂਦਿਆਂ ਐਸਡੀ ਹੋਰ ਔਰਤਾਂ ਅਤੇ ਵੱਧ ਆਮਦਨ ਵਾਲੇ ਵੋਟਰਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ।
  • ਸਵੀਡਨ ਡੈਮੋਕਰੈਟਸ ਦੇ ਆਗੂ ਜਿਮੀ ਐਕਸਨ ਦਾ ਕਹਿਣਾ ਹੈ ਕਿ ਨਸਲਵਾਦ ਖਿਲਾਫ਼ ਪਾਰਟੀ ਦੀ ਜ਼ੀਰੋ ਟੋਲਰੈਂਸ ਨੀਤੀ ਹੈ।
  • ਹਾਲਾਂਕਿ ਪਾਰਟੀ 'ਤੇ ਹਾਲੇ ਵੀ ਨਸਲਵਾਦ ਦੇ ਕਈ ਮਾਮਲਿਆਂ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਹਨ।

ਚੋਣਾਂ ਦੌਰਾਨ ਮੁੱਖ ਮੁੱਦੇ

ਸਵੀਡਨ ਦਾ ਅਰਥਚਾਰਾ ਮਜ਼ਬੂਤ ਹੋ ਰਿਹਾ ਹੈ ਪਰ ਕਾਫ਼ੀ ਵੋਟਰਾਂ ਦਾ ਮੰਨਣਾ ਹੈ ਕਿ 2015 ਦੀ ਪਰਵਾਸੀ ਲਹਿਰ ਕਾਰਨ ਹਾਊਸਿੰਗ, ਸਿਹਤ ਅਤੇ ਲੋਕ ਭਲਾਈ ਸੇਵਾਵਾਂ ਤੇ ਵਧੇਰੇ ਦਬਾਅ ਪਿਆ ਹੈ।

ਤਸਵੀਰ ਕੈਪਸ਼ਨ,

ਚੋਣਾਂ ਦੌਰਾਨ ਪਰਵਾਸੀ ਵਿਰੋਧੀ ਮੁਹਿੰਮ ਅਹਿਮ ਰਹੀ ਹੈ।

2015 ਵਿੱਚ ਰਿਕਾਰਡ 1,63,000 ਸ਼ਰਨਾਰਥੀਆਂ ਨੂੰ ਸਵੀਡਨ ਨੇ ਥਾਂ ਦਿੱਤੀ ਸੀ। ਇਹ ਯੂਰਪੀ ਯੂਨੀਅਨ ਵਿੱਚ ਸਭ ਤੋਂ ਵੱਧ ਅੰਕੜਾ ਸੀ।

ਕਾਫ਼ੀ ਵੋਟਰ ਵੱਧ ਰਹੀ ਹਿੰਸਾ ਦੀ ਵਜ੍ਹਾ ਵੀ ਵਧਦੇ ਪਰਵਾਸੀਆਂ ਨੂੰ ਮੰਨਦੇ ਹਨ ਹਾਲਾਂਕਿ ਸਰਕਾਰੀ ਅੰਕੜੇ ਇਸ ਵਿਚਾਲੇ ਕੋਈ ਸਬੰਧ ਨਹੀਂ ਦਰਸਾਉਂਦੇ।

ਇਹ ਪੜ੍ਹੋ:

ਐਸਡੀ ਯੂਰਪੀ ਯੂਨੀਅਨ ਨੂੰ ਛੱਡਣਾ ਚਾਹੁੰਦਾ ਹੈ ਅਤੇ 'ਸਵੈਗਿਜ਼' ਰੈਫ਼ਰੈਂਡਮ ਦੀ ਪੇਸ਼ਕਸ਼ ਵੀ ਕੀਤੀ ਸੀ। ਪਰ ਤਾਕਤਵਰ ਕੇਂਦਰੀ ਪਾਰਟੀਆਂ ਇਸ ਦੇ ਵਿਰੋਧ ਵਿੱਚ ਹਨ ਇਸ ਲਈ ਇਹ ਸੰਭਵ ਨਹੀਂ ਹੋ ਸਕਦਾ।

ਇਸ ਤੋਂ ਅਲਾਵਾ ਵਾਤਾਵਰਨ ਵਿੱਚ ਬਦਾਲਅ ਨੂੰ ਲੈ ਕੇ ਕਾਫ਼ੀ ਲੋਕ ਚਿੰਤਤ ਹਨ। ਅੱਤ ਦੀ ਗਰਮੀ ਕਾਰਨ 25000 ਹੈਕਟੇਅਰ ਜੰਗਲ ਨੂੰ ਅੱਗ ਲੱਗ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)