ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਬਣਾਉਣਾ ਹੋਵੇਗਾ 4 ਕਿਲੋਮੀਟਰ ਲੰਬਾ ਪੁਲ

ਹਾਲ ਵਿੱਚ ਹੀ ਕਰਤਾਪੁਰ ਸਾਹਿਬ ਗੁਰਦੁਆਰਾ ਵਾਸਤੇ ਪਾਕਿਸਤਾਨ ਵੱਲੋਂ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਗਈ ਸੀ
ਫੋਟੋ ਕੈਪਸ਼ਨ ਹਾਲ ਵਿੱਚ ਹੀ ਕਰਤਾਪੁਰ ਸਾਹਿਬ ਗੁਰਦੁਆਰਾ ਵਾਸਤੇ ਪਾਕਿਸਤਾਨ ਵੱਲੋਂ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਗਈ ਸੀ

"ਭਾਰਤੀ ਸਰਹੱਦ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ 4 ਕਿਲੋਮੀਟਰ ਪਾਕਿਸਤਾਨ ਵੱਲ ਹੈ। ਇਸ ਵਿਚਾਲੇ ਰਾਵੀ ਦਰਿਆ ਅਤੇ ਵੇਈਂ ਨਦੀ ਪੈਂਦੀ ਹੈ ਅਤੇ ਅਜਿਹੇ ਵਿੱਚ ਜੇਕਰ ਗੁਰਦੁਆਰੇ ਤੱਕ ਲਾਂਘਾ ਬਣਾਉਣਾ ਹੈ ਤਾਂ ਇਨ੍ਹਾਂ ਉਪਰ 4 ਕਿਲੋਮੀਟਰ ਲੰਬਾ ਪੁਲ ਉਸਾਰਨ ਦੀ ਲੋੜ ਹੈ।"

ਬੀਬੀਸੀ ਉਰਦੂ ਨਾਲ ਫੇਸਬੁੱਕ ਲਾਈਵ ਦੌਰਾਨ ਪਾਕਿਸਤਾਨ ਵਿੱਚ ਸਥਿਤ ਦਰਬਾਰ ਸਾਹਿਬ ਦੀ ਸਾਂਭ-ਸੰਭਾਲ ਕਰਨ ਵਾਲੇ ਗੋਬਿੰਦ ਸਿੰਘ ਨੇ ਦੱਸਿਆ, "ਜੇਕਰ ਤੁਸੀਂ ਕੱਚੇ ਰਸਤੇ ਰਾਹੀਂ ਜਾਂਦੇ ਹੋ ਤਾਂ ਅੱਧੇ ਕਿਲੋਮੀਟਰ ਤੱਕ ਵੇਈਂ ਨਦੀ ਪੈਂਦੀ ਹੈ ਅਤੇ ਉਸ ਦੇ ਦੋ ਕਿਲੋਮੀਟਰ ਬਾਅਦ ਰਾਵੀ ਦਰਿਆ ਆਉਂਦਾ ਹੈ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਗੁਰਦੁਆਰਾ ਦਰਬਾਰ ਸਾਹਿਬ ਦੇ ਗ੍ਰੰਥੀ ਤੋਂ ਜਾਣੋ ਅਸਥਾਨ ਦੀ ਅਹਿਮੀਆਅਤ

"ਵੇਂਈ ਨਦੀ ਰਾਵੀ ਦਰਿਆ 'ਚੋਂ ਹੀ ਨਿਕਲਦੀ ਹੈ ਅਤੇ ਫੇਰ ਕੁਝ ਕਿਲੋਮੀਟਰ ਬਾਅਦ ਜਾ ਕੇ ਰਾਵੀ 'ਚ ਹੀ ਮਿਲ ਜਾਂਦੀ ਹੈ। ਇਸ ਤਰ੍ਹਾਂ 3 ਕਿਲੋਮੀਟਰ ਦਾ ਰਸਤਾ ਪਾਣੀ ਵਿੱਚ ਪੈਂਦਾ ਹੈ।"

ਇਹ ਵੀ ਪੜ੍ਹੋ:

ਸਥਾਨਕ ਲੋਕ ਵੇਈਂ ਨਦੀ ਨੂੰ ਪਾਰ ਕਰਨ ਲਈ ਬੇੜੀਆਂ ਦੀ ਵਰਤੋਂ ਕਰਦੇ ਹਨ ਅਤੇ ਰਾਵੀ 'ਤੇ ਵੀ ਕੋਈ ਪੁਲ ਨਹੀਂ ਬਣਿਆ।

ਫੋਟੋ ਕੈਪਸ਼ਨ ਲਾਹੌਰ ਤੋਂ ਕਰਤਾਰ ਪੁਰ ਸਾਹਿਬ ਦੇ ਰਾਹ ਉੱਤੇ ਵਾਹਨ ਦੀ ਉਡੀਕ ਵਿੱਚ ਯਾਤਰੀ

ਬੀਬੀਸੀ ਨੂੰ ਦਿੱਤੇ ਇੰਟਰਵੀਊ ਵਿੱਚ ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਦੱਸਿਆ ਸੀ ਕਿ ਪਾਕਿਸਤਾਨ ਸਰਕਾਰ ਛੇਤੀ ਹੀ ਭਾਰਤ ਤੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਲਾਂਘਾ ਖੋਲ੍ਹਣ ਜਾ ਰਹੀ ਹੈ।

ਜੇਕਰ ਪਾਕਿਸਤਾਨ ਅਤੇ ਭਾਰਤ ਲਾਂਘੇ ਲਈ ਰਾਜ਼ੀ ਹੋ ਜਾਂਦੇ ਹਨ ਤਾਂ ਸ਼ਰਧਾਲੂਆਂ ਦੇ ਆਉਣ ਜਾਣ ਲਈ 4 ਕਿਲੋਮੀਟਰ ਲੰਬਾ ਪੁਲ ਬਣਾਉਣਾ ਪਵੇਗਾ।

ਗੋਬਿੰਦ ਸਿੰਘ ਮੁਤਾਬਕ, "ਜਦੋਂ ਸਾਬਕਾ ਰਾਸ਼ਟਰਪਤੀ ਵੇਲੇ ਲਾਂਘਾ ਖੋਲ੍ਹਣ ਦੀ ਗੱਲ ਚੱਲ ਰਹੀ ਸੀ ਤਾਂ ਲਾਂਘਾ ਬਣਾਉਣ ਲਈ ਉੱਥੇ ਪੱਥਰ ਸੁੱਟੇ ਗਏ ਸਨ। ਪੱਥਰ ਤਾਂ ਅੱਜ ਵੀ ਉੱਥੇ ਪਏ ਹਨ ਪਰ ਲਾਂਘਾ ਬਣਾਉਣ 'ਤੇ ਕੋਈ ਵਿਕਾਸ ਨਹੀਂ ਹੋਇਆ।"

ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਤੋਂ ਬਾਅਦ ਇੱਕ ਵਾਰ ਮੁੜ ਲਾਂਘੇ ਦਾ ਮੁੱਦਾ ਚਰਚਾ 'ਚ ਆਇਆ ਹੈ।

'4 ਕਿਲੋਮੀਟਰ ਦੂਰੋਂ ਦਰਸ਼ਨ'

ਹਾਲਾਂਕਿ ਸਰਹੱਦ 'ਤੇ ਡੇਰਾ ਬਾਬਾ ਨਾਨਕ ਤੋਂ ਸ਼ਰਧਾਲੂ ਗੁਰਦੁਆਰੇ ਦੇ ਦਰਸ਼ਨ ਤਾਂ ਕਰ ਸਕਦੇ ਹਨ ਪਰ 4 ਕਿਲੋਮੀਟਰ ਦੂਰ ਤੋਂ ਹੀ, ਜਿੱਥੇ ਬੀਐਸਐਫ ਨੇ "ਦਰਸ਼ਨ ਅਸਥਲ" ਬਣਾਇਆ ਹੋਇਆ ਹੈ।

Image copyright @JYOTIPRAKASHRA2/TWITTER
ਫੋਟੋ ਕੈਪਸ਼ਨ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਂਦੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ

ਬੀਐਸਐਫ ਨੇ ਦੂਰਬੀਨਾਂ ਲਗਾਈਆਂ ਹੋਈਆਂ ਹਨ, ਜਿਸ ਨਾਲ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਤੇ ਅਰਦਾਸ ਕਰਦੇ ਹਨ। ਪਰ ਸਰਹੱਦ ਤੋਂ ਦੇਖ ਗੁਰਦੁਆਰਾ ਕਿਵੇਂ ਲਗਦਾ ਦੱਸਣਾ ਮੁਸ਼ਕਲ ਹੈ।

ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿੱਚ ਸ਼ੱਕਰਗੜ੍ਹ ਵੱਲ ਜਾਂਦੀ ਸੜਕ 'ਤੇ ਸਥਾਪਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਬੇਹੱਦ ਖ਼ੂਬਸੂਰਤ ਨਜ਼ਰ ਆਉਂਦੀ ਹੈ।

ਜਦੋਂ ਤੁਸੀਂ ਮੇਨ ਰੋਡ ਤੋਂ ਕੱਚੇ ਰਸਤੇ ਆਉਂਦੇ ਹੋ ਤਾਂ ਗੁਰਦੁਆਰੇ ਦਾ ਗੁੰਬਦ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ।

ਹੜ੍ਹ ਨਾਲ ਨੁਕਸਾਨੀ ਗਈ ਗੁਰਦੁਆਰੇ ਦੀ ਇਮਾਰਤ 1920 ਤੋਂ 1929 ਦੌਰਾਨ ਬਣਾਈ ਗਈ ਸੀ ਅਤੇ ਇਹ ਭਾਰਤੀ ਸਰਹੱਦ ਤੋਂ ਸੰਘਣੇ ਰੁੱਖਾਂ ਵਿਚੋਂ ਦੇਖੀ ਜਾ ਸਕਦੀ ਹੈ।

ਹਾਲਾਂਕਿ ਗੋਬਿੰਦ ਸਿੰਘ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਸ਼ਰਧਾਲੂ ਕਿੱਥੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ ਇਸ ਲਈ ਉਸ ਵਿਚਾਲੇ ਰੁੱਖਾਂ ਦੀ ਸੰਘਣਤਾ ਵੀ ਘੱਟ ਹੈ।

ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਸਿੱਖਾਂ ਦੇ ਹੋਰ ਧਾਰਮਿਕ ਸਥਾਨ ਡੇਰਾ ਸਾਹਿਬ ਲਾਹੌਰ, ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਹਨ।

ਇਹ ਵੀ ਪੜ੍ਹੋ:

ਗੁਰਦੁਆਰੇ ਦਾ ਇਤਿਹਾਸ

ਗੋਬਿੰਦ ਸਿੰਘ ਮੁਤਾਬਕ, "ਕਰਤਾਰਪੁਰ ਵਿਖੇ ਸਿੱਖ ਧਰਮ ਦੇ ਬਾਨੀ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦਾ ਸਭ ਤੋਂ ਵੱਧ ਸਮਾਂ 17-18 ਸਾਲ ਗੁਜਾਰਿਆ ਅਤੇ ਇੱਥੇ ਉਨ੍ਹਾਂ ਨੇ ਅਕਾਲ ਚਲਾਣਾ ਕੀਤਾ ਸੀ।"

"ਇਸ ਦਾ ਨਾਮ ਵੀ ਗੁਰੂ ਨਾਨਕ ਦੇਵ ਜੀ ਨੇ ਹੀ ਰੱਖਿਆ ਸੀ। ਕਰਤਾਰ ਦਾ ਮਤਲਬ 'ਕਰਤਾ'। ਇੱਥੇ ਹੀ ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੇ 7 ਸਾਲ ਬਿਤਾਏ ਹਨ। ਉਨ੍ਹਾਂ ਨੂੰ ਸਿੱਖਾਂ ਦੇ ਦੂਜੇ ਗੁਰੂ ਵਜੋਂ ਥਾਪਿਆ ਗਿਆ।"

ਇਸ ਥਾਂ 'ਤੇ ਗੁਰੂ ਜੀ ਰਹਿੰਦੇ ਸਨ ਅਤੇ ਘੁੰਮਣ ਤੇ ਧਿਆਨ ਲਾਉਣ ਲਈ ਰਾਵੀ ਦੇ ਦੂਜੇ ਪਾਸੇ ਜਾਂਦੇ ਸਨ, ਜਿੱਥੇ ਅੱਜ ਗੁਰਦੁਆਰਾ ਡੇਰਾ ਬਾਬਾ ਨਾਨਕ ਬਣਿਆ ਹੋਇਆ ਹੈ।

ਫੋਟੋ ਕੈਪਸ਼ਨ ਗੁਰਦੁਆਰੇ ਦੇ ਅੰਦਰ ਇੱਕ ਇਤਿਹਾਸਕ ਖੂਹ ਵੀ ਹੈ।

ਗੁਰਦੁਆਰੇ ਤੋਂ ਕੁਝ ਕਦਮ ਪਹਿਲਾਂ ਇੱਥੇ ਇੱਕ ਖੂਹ ਹੈ ਜਿਸ ਨੂੰ 'ਸ੍ਰੀ ਖੂਹ ਸਾਹਿਬ' ਕਹਿੰਦੇ ਹਨ। ਇਸ ਦਾ ਸਬੰਧ ਵੀ ਗੁਰੂ ਨਾਨਕ ਦੇਵ ਜੀ ਨਾਲ ਹੈ।

ਗੋਬਿੰਦ ਸਿੰਘ ਮੁਤਾਬਕ ਇਸ ਖੂਹ ਦਾ ਪਾਣੀ ਕਦੇ ਨਹੀਂ ਸੁਕਦਾ ਅੱਜ ਵੀ ਵਗ ਰਿਹਾ ਹੈ।

ਗੁਰਦੁਆਰੇ ਅੰਦਰ ਦਾਖ਼ਲ ਹੁੰਦਿਆਂ ਹੀ ਸੱਜੇ ਪਾਸੇ ਵਿਹੜਾ ਬਣਿਆ ਹੋਇਆ ਹੈ। ਪੈਰ ਧੋਣ ਤੋਂ ਬਾਅਦ ਤੁਸੀਂ ਦਰਗਾਹ ਸਾਹਿਬ ਦਾਖ਼ਲ ਹੁੰਦੇ ਹੋ। ਇਹ ਉਹ ਸਥਾਨ ਜਿੱਥੇ ਮੁਸਲਮਾਨ ਵੀ ਗੁਰੂ ਨਾਨਕ ਦੇਵ ਜੀ ਨੂੰ ਸਜਦਾ ਕਰਦੇ ਹਨ।

ਇਹ ਵੀ ਪੜ੍ਹੋ:

ਮੁਸਲਮਾਨ ਗੁਰੂ ਨਾਨਕ ਨੂੰ ਸੰਤ ਮੰਨਦੇ ਹਨ ਅਤੇ ਅੱਜ ਵੀ ਪਾਕਿਸਤਾਨ ਦੇ ਕਈ ਹਿੱਸਿਆਂ ਖ਼ਾਸ ਕਰਕੇ ਸਿੰਧ ਤੋਂ ਮੁਸਲਮਾਨ ਸ਼ਰਧਾਲੂ ਇੱਥੇ ਨਤਮਸਤਕ ਹੋਣ ਅਤੇ ਲੰਗਰ ਦੀ ਸੇਵਾ ਕਰਨ ਆਉਂਦੇ ਹਨ।

ਫੋਟੋ ਕੈਪਸ਼ਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼

ਦਰਗਾਹ ਸਾਹਿਬ ਤੋਂ ਬਾਅਦ ਖੱਬੇ ਪਾਸੇ ਇੱਕ ਗੁਰਦੁਆਰਾ 'ਸਮਾਧੀ' ਹੈ, ਜਿੱਥੇ ਹਿੰਦੂ ਅਤੇ ਸਿੱਖ ਮੱਥਾ ਟੇਕਦੇ ਹਨ।

ਗੋਬਿੰਦ ਸਿੰਘ ਦਾ ਕਹਿਣਾ ਹੈ, "ਗੁਰਦੁਆਰਾ ਤਿਆਰ ਹੈ ਤਾਂ ਅਸੀਂ ਵੀ ਹਾਂ। ਪਰ ਹੁਣ ਭਾਰਤੀ ਸਰਕਾਰ 'ਤੇ ਗੱਲ ਟਿਕੀ ਹੋਈ ਹੈ।"

ਗੁਰਦੁਆਰੇ ਦੇ ਬਾਹਰ ਕੁਝ ਕਮਰੇ ਹਨ। ਕੀ ਲਾਂਘਾ ਖੁੱਲ੍ਹਣ ਤੋਂ ਬਾਅਦ ਸ਼ਰਧਾਲੂਆਂ ਲਈ ਇਹ ਕਾਫ਼ੀ ਹੋਣਗੇ?

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)