ਰੂਸ ਦੇ 3 ਲੱਖ ਫ਼ੌਜੀਆਂ ਦੀਆਂ ਜੰਗੀ ਮਸ਼ਕਾਂ

ਰੂਸ ਤਿੰਨ ਲੱਖ ਫੌਜੀਆਂ ਨਾਲ ਫੌਜੀ ਅਭਿਆਸ ਕਰ ਰਿਹਾ ਹੈ Image copyright RUSSIAN DEFENCE MINISTRY
ਫੋਟੋ ਕੈਪਸ਼ਨ ਰੂਸ ਤਿੰਨ ਲੱਖ ਫੌਜੀਆਂ ਨਾਲ ਫੌਜੀ ਅਭਿਆਸ ਕਰ ਰਿਹਾ ਹੈ

ਸ਼ੀਤ ਜੰਗ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰੂਸ ਤਿੰਨ ਲੱਖ ਫੌਜੀਆਂ ਨਾਲ ਫੌਜੀ ਅਭਿਆਸ ਕਰ ਰਿਹਾ ਹੈ। ਪੂਰਬੀ ਸਾਏਬੇਰੀਆ ਵਿੱਚ ਕੀਤੇ ਜਾ ਰਹੇ ਇਸ ਫੌਜੀ ਅਭਿਆਸ ਨੂੰ 'ਵੋਸਟੋਕ-2018' ਦਾ ਨਾਂ ਦਿੱਤਾ ਗਿਆ ਹੈ।

ਇਸ ਵਿੱਚ ਚੀਨ ਦੇ 3200 ਫੌਜੀ ਵੀ ਸ਼ਾਮਿਲ ਹੋ ਰਹੇ ਹਨ। ਇੰਨਾ ਹੀ ਨਹੀਂ ਅਭਿਆਸ ਵਿੱਚ ਚੀਨ ਕੁਝ ਬਖਤਰਬੰਦ ਗੱਡੀਆਂ ਅਤੇ ਏਅਰਕਰਾਫਟ ਵੀ ਸ਼ਾਮਿਲ ਕਰ ਰਿਹਾ ਹੈ।

ਕੁਝ ਇਸੇ ਤਰੀਕੇ ਦਾ ਅਭਿਆਸ ਸ਼ੀਤ ਜੰਗ ਦੌਰਾਨ ਸਾਲ 1981 ਵਿੱਚ ਕੀਤਾ ਗਿਆ ਸੀ, ਪਰ ਵੋਸਟੋਕ-2018 ਵਿੱਚ ਉਸ ਤੋਂ ਕਾਫੀ ਜ਼ਿਆਦਾ ਫੌਜੀ ਹਿੱਸਾ ਲੈ ਰਹੇ ਹਨ।

ਇਹ ਵੀ ਪੜ੍ਹੋ:

ਇੱਕ ਹਫ਼ਤੇ ਤੱਕ ਚੱਲਣ ਵਾਲਾ ਇਹ ਜੰਗੀ ਅਭਿਆਸ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਨੈਟੋ ਅਤੇ ਰੂਸ ਦੇ ਵਿਚਾਲੇ ਕਾਫੀ ਮਤਭੇਦ ਚੱਲ ਰਹੇ ਹਨ।

ਜੰਗੀ ਅਭਿਆਸ ਸ਼ੁਰੂ ਹੋਣ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਾਲੀਦੀਮੀਰ ਪੁਤਿਨ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨਾਲ ਮੁਲਾਕਾਤ ਕੀਤੀ ਅਤੇ ਕਿਹਾ, ''ਸਿਆਸਤ, ਸੁਰੱਖਿਆ ਅਤੇ ਫੌਜੀ ਖ਼ੇਤਰ ਵਿੱਚਾ ਸਾਡਾ ਰਿਸ਼ਤਾ ਭਰੋਸੇਮੰਦ ਹੈ।''

Image copyright Getty Images
ਫੋਟੋ ਕੈਪਸ਼ਨ ਵੋਸਟੋਕ-2018 ਵਿੱਚ ਕਾਫ਼ੀ ਫ਼ੌਜੀ ਹਿੱਸਾ ਲੈ ਰਹੇ ਹਨ

ਸਾਲ 2014 ਵਿੱਚ ਕ੍ਰੀਮੀਆ ਵਿੱਚ ਰੂਸ ਦੇ ਕਬਜ਼ੇ ਤੋਂ ਬਾਅਦ ਨੈਟੋ ਨਾਲ ਉਨ੍ਹਾਂ ਦੇ ਰਿਸ਼ਤੇ ਖਰਾਬ ਹੋਏ ਹਨ। ਨੈਟੋ 29 ਦੇਸਾਂ ਦਾ ਸਾਂਝਾ ਫੌਜੀ ਸੰਗਠਨ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਸ ਵਿੱਚ ਅਮਰੀਕਾ ਦੀ ਸਿਰਦਾਰੀ ਹੈ।

ਰੂਸੀ ਸਰਕਾਰ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਸ ਅਭਿਆਸ ਨੂੰ ਜਾਇਜ਼ ਦੱਸਿਆ ਹੈ।

ਕੀ ਹੋ ਰਿਹਾ ਹੈ ਅਭਿਆਸ ਵਿੱਚ?

ਮੰਗਲਵਾਰ ਅਤੇ ਬੁੱਧਵਾਰ ਨੂੰ ਅਭਿਆਸ ਦੀ ਯੋਜਨਾ ਬਣਾਈ ਜਾਵੇਗੀ ਅਤੇ ਦੂਜੀਆਂ ਤਿਆਰੀਆਂ ਕੀਤੀਆਂ ਜਾਣਗੀਆਂ। ਇਸ ਵਿੱਚ ਜੰਗੀ ਕਾਰਵਾਈ ਵੀਰਵਾਰ ਨੂੰ ਸ਼ੁਰੂ ਹੋਵੇਗੀ ਅਤੇ ਪੰਜ ਦਿਨਾਂ ਤੱਕ ਚੱਲੇਗੀ।

ਰੂਸ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਅਭਿਆਸ ਵਿੱਚ 36 ਹਜ਼ਾਰ ਬਖਤਰਬੰਦ ਵਾਹਨ, ਟੈਂਕ, ਫੌਜੀ ਹਥਿਆਰ ਵਾਹਕ ਵੀ ਸ਼ਾਮਿਲ ਹੋਣਗੇ।

11 ਤੋਂ 17 ਸਤੰਬਰ ਤੱਕ ਹੋਣ ਵਾਲੇ ਅਭਿਆਸ ਵਿੱਚ ਇਨ੍ਹਾਂ ਤੋਂ ਇਲਾਵਾ ਇੱਕ ਹਜ਼ਾਰ ਏਅਰਕਰਾਫਟ ਦੇ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ਪੂਰਾ ਅਭਿਆਸ ਪੰਜ ਫੌਜੀ ਟਰੇਨਿੰਗ ਖੇਤਰਾਂ, ਚਾਰ ਏਅਰਬੇਸ, ਜਪਾਨ ਸਾਗਰ ਅਤੇ ਕੁਝ ਹੋਰ ਥਾਂਵਾਂ 'ਤੇ ਕੀਤਾ ਜਾਵੇਗਾ। ਇਸ ਵਿੱਚ ਹਵਾਈ ਫੌਜ ਦੇ 80 ਜਹਾਜ਼ ਹਿੱਸਾ ਲੈਣਗੇ।

ਰੂਸ ਦਾ ਕਹਿਣਾ ਹੈ ਕਿ ਜਾਪਾਨ ਦੇ ਉੱਤਰ ਵਿੱਚ ਵਿਵਾਦਿਤ ਦੀਪ ਕੁਰਿਲ 'ਤੇ ਅਭਿਆਸ ਨਹੀਂ ਕੀਤਾ ਜਾਵੇਗਾ।

ਪਿਛਲੇ ਸਾਲ ਵੀ ਰੂਸ ਨੇ ਬੇਲਾਰੂਸ ਦੇ ਨਾਲ ਮਿਲ ਕੇ ਫੌਜੀ ਅਭਿਆਸ ਕੀਤਾ ਸੀ।

ਅਭਿਆਸ ਵਿੱਚ ਚੀਨ ਨਾਲ ਕਿਉਂ?

ਚੀਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਨਾਲ ਦੋਹਾਂ ਦੇਸਾਂ ਵਿਚਾਲੇ ਫੌਜੀ ਹਿੱਸੇਦਾਰੀ ਵਧੇਗੀ ਅਤੇ ਉਨ੍ਹਾਂ ਦੀ ਤਾਕਤ ਵਿੱਚ ਵੀ ਇਜ਼ਾਫਾ ਹੋਵੇਗਾ। ਮੁਸ਼ਕਿਲ ਹਾਲਾਤ ਵਿੱਚ ਦੋਵੇਂ ਦੇਸ ਖ਼ਤਰੇ ਨੂੰ ਚੁਣੌਤੀ ਦੇ ਸਕਦੇ ਹਨ।

ਮੰਗੋਲੀਆ ਨੇ ਇਸ ਲੜਾਈ ਅਭਿਆਸ ਵਿੱਚ ਸ਼ਾਮਿਲ ਹੋਣ ਨਾਲ ਜੁੜੀ ਕੋਈ ਅਹਿਮ ਜਾਣਕਾਰੀ ਹੁਣ ਤੱਕ ਨਹੀਂ ਦਿੱਤੀ ਹੈ।

ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੁ ਕਹਿੰਦੇ ਹਨ ਕਿ ਮੱਧ ਏਸ਼ੀਆ ਵਿੱਚ ਇਸਲਾਮਿਕ ਕੱਟੜਪੰਥੀ ਰੂਸ ਦੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਹਨ।

ਚੀਨ ਦੇ ਮੁਸਲਮਾਨ ਬਹੁਗਿਣਤੀ ਵਾਲੇ ਇਲਾਕੇ ਸ਼ਿਨਜ਼ਿਆਂਗ ਖੇਤਰ ਵਿੱਚ ਸਖ਼ਤ ਸੈਂਸਰਸ਼ਿਪ ਲਗਾਈ ਗਈ ਹੈ।

ਇਸ ਇਲਾਕੇ ਵਿੱਚ ਹਾਲ ਦੇ ਸਾਲਾਂ ਵਿੱਚ ਕਈ ਹਿੰਸਕ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ ਅਤੇ ਚੀਨ ਦਾ ਇਲਜ਼ਾਮ ਹੈ ਕਿ ਇਸਲਾਮਿਕ ਕੱਟੜਪੰਥੀ ਅਤੇ ਵੱਖਵਾਦੀ ਇਲਾਕਿਆਂ ਵਿੱਚ ਸਮੱਸਿਆਵਾਂ ਪੈਦਾ ਕਰ ਰਹੇ ਹਨ।

Image copyright EPA
ਫੋਟੋ ਕੈਪਸ਼ਨ ਰੂਸ ਅਤੇ ਚੀਨ ਵਿਚਾਲੇ ਫੌਜੀ ਰਿਸ਼ਤੇ ਬਿਹਤਰ ਹੋਏ ਹਨ

ਹਾਲ ਦੇ ਸਾਲਾਂ ਵਿੱਚ ਰੂਸ ਅਤੇ ਚੀਨ ਵਿਚਾਲੇ ਫੌਜੀ ਰਿਸ਼ਤੇ ਬਿਹਤਰ ਹੋਏ ਹਨ ਅਤੇ ਇਨ੍ਹਾਂ ਉਪਰਾਲਿਆਂ ਦੌਰਾਨ ਉਨ੍ਹਾਂ ਕੋਲ ਇੱਕ ਸੰਯੁਕਤ ਖੇਤਰੀ ਮੁੱਖ ਦਫ਼ਤਰ ਵੀ ਹੋਵੇਗਾ।

ਰੂਸ-ਚੀਨ ਦੇ ਰਿਸ਼ਤੇ ਮਜ਼ਬੂਤ ਕਿਉਂ ਹੋ ਰਹੇ ਹਨ?

ਜਾਣਕਾਰ ਮੰਨਦੇ ਹਨ ਕਿ ਰੂਸ ਅਤੇ ਚੀਨ ਦਾ ਇਸ ਤਰ੍ਹਾਂ ਇੱਕ-ਦੂਜੇ ਦੇ ਨੇੜੇ ਆਉਣਾ ਅਮਰੀਕਾ ਦੇ ਅੰਤਰਰਾਸ਼ਟਰੀ ਪ੍ਰਭਾਵ ਨਾਲ ਨਜਿੱਠਣ ਦਾ ਇੱਕ ਤਰੀਕਾ ਹੈ। ਇੰਝ ਕਹਿ ਲਓ ਕਿ ਦੋਵੇਂ ਦੇਸ ਬਹੁਤ ਘੱਟ ਹੀ ਸਹੀ ਪਰ ਨੇੜੇ ਆ ਕੇ ਅਮਰੀਕਾ ਦੇ ਪ੍ਰਭਾਵ ਦਾ ਤੋੜ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

ਦੋਵਾਂ ਮੁਲਕਾਂ ਵਿਚਾਲੇ ਆਰਥਿਕ ਸਹਿਯੋਗ ਵਧ ਰਿਹਾ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਮੁਤਾਬਕ, ਚੀਨ ਨੇ ਸਾਲ 2017 'ਚ ਹੀ ਆਪਣੇ ਪ੍ਰਤੱਖ ਨਿਵੇਸ਼ ਵਿੱਚ 72 ਫ਼ੀਸਦੀ ਦਾ ਵਾਧਾ ਕੀਤਾ ਹੈ।

ਚੀਨ ਅਤੇ ਅਮਰੀਕਾ ਵਿਚਾਲੇ ਵਪਾਰਕ ਰਿਸ਼ਤਿਆਂ 'ਚ ਕਾਫ਼ੀ ਤਣਾਅ ਪੈਦਾ ਹੋ ਗਿਆ ਹੈ। ਇਸੇ ਵਿਚਾਲੇ ਰੂਸ ਇੱਕ ਅਹਿਮ ਟਰੇਡ ਪਾਰਟਨਰ ਦੇ ਰੂਪ 'ਚ ਸਾਹਮਣੇ ਆਇਆ ਹੈ।

ਮੌਜੂਦਾ ਸਮੇਂ 'ਚ ਚੀਨ ਨੂੰ ਸਭ ਤੋਂ ਵੱਧ ਤੇਲ ਰੂਸ ਤੋਂ ਹੀ ਮਿਲਦਾ ਹੈ। ਰੂਸ ਦੀ ਸਭ ਤੋਂ ਵੱਡੀ ਊਰਜਾ ਕੰਪਨੀ ਗਾਜ਼ਪ੍ਰੋਮ ਤਿੰਨ ਹਜ਼ਾਰ ਕਿਲੋਮੀਟਰ ਦੀ ਗੈਸ ਪਾਇਪਲਾਈਨ ਦੀ ਉਸਾਰੀ ਕਰ ਰਹੀ ਹੈ ਜੋ ਪੂਰਬੀ ਸਾਇਬੇਰੀਆ ਨੂੰ ਚੀਨੀ ਸਰਹੱਦ ਨਾਲ ਜੋੜੇਗੀ।

ਰੂਸ ਦੇ ਰਾਸ਼ਟਰਪਤੀ ਪੁਤਿਨ ਅਤੇ ਸ਼ੀ ਜਿਨਪਿੰਗ ਦੀ ਜੂਨ 'ਚ ਹੋਈ ਮੁਲਾਕਾਤ ਵੀ ਕਾਫ਼ੀ ਚੰਗੀ ਰਹੀ ਸੀ। ਸ਼ੀ ਜਿਨਪਿੰਗ ਨੇ ਤਾਂ ਰੂਸ ਦੇ ਰਾਸ਼ਟਰਪਤੀ ਨੂੰ ਆਪਣਾ ਸਭ ਤੋਂ ਚੰਗਾ ਅਤੇ ਸਭ ਤੋਂ ਗਹਿਰਾ ਦੋਸਤ ਵੀ ਦੱਸਿਆ ਸੀ।

Image copyright Russian defence ministry
ਫੋਟੋ ਕੈਪਸ਼ਨ ਮੌਜੂਦਾ ਸਮੇਂ 'ਚ ਚੀਨ ਨੂੰ ਸਭ ਤੋਂ ਵੱਧ ਤੇਲ ਰੂਸ ਤੋਂ ਹੀ ਮਿਲਦਾ ਹੈ

ਸ਼ੀਤ ਜੰਗ ਦੌਰਾਨ ਦੇ ਹਾਲਾਤ ਅਤੇ ਅੱਜ ਦੇ ਹਾਲਾਤ 'ਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਇੱਕ ਉਹ ਸਮਾਂ ਵੀ ਸੀ ਜਦੋਂ ਚੀਨ ਅਤੇ ਉਦੋਂ ਦੇ ਸੋਵੀਅਤ ਸੰਘ ਵਿਚਾਲੇ ਵਿਸ਼ਵ ਪੱਧਰ 'ਤੇ ਕਮਿਉਨਿਸਟ ਅਗਵਾਈ ਅਤੇ ਪੂਰਬੀ ਸਰਹੱਦਾਂ ਦੇ ਵਿਸਥਾਰ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਸੀ।

ਇਸ ਡ੍ਰਿਲ ਬਾਰੇ ਨੈਟੋ ਦਾ ਕੀ ਕਹਿਣਾ ਹੈ?

ਨੈਟੋ ਦੇ ਬੁਲਾਰੇ ਡਾਇਲਨ ਵ੍ਹਾਈਟ ਦਾ ਕਹਿਣਾ ਹੈ ਕਿ ਨੈਟੋ ਨੂੰ ਮਈ ਮਹੀਨੇ 'ਚ ਹੀ 'ਵੋਸਟੋਕ-2018' ਬਾਰੇ ਸੁਚਿਤ ਕੀਤਾ ਗਿਆ ਸੀ ਅਤੇ ਉਹ ਇਸ 'ਤੇ ਨਜ਼ਰ ਰੱਖੇਗਾ।

ਉਨ੍ਹਾਂ ਨੇ ਕਿਹਾ, ''ਸਾਰੇ ਦੇਸਾਂ ਨੂੰ ਆਪਣੇ ਹਥਿਆਰਾਂ ਨਾਲ ਲੈਸ ਫ਼ੌਜਾਂ ਦੀ ਵਰਤੋਂ ਕਰਨ ਦਾ ਅਧਿਕਾਰ ਹੈ ਪਰ ਇਹ ਜ਼ਰੂਰੀ ਹੈ ਕਿ ਇਹ ਇੱਕ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾਵੇ।''

''ਵੋਸਟੋਕ-2018 ਰੂਸ ਦੇ ਵੱਡੇ ਪੱਧਰ ਦੇ ਸੰਘਰਸ਼ ਦੇ ਨਜ਼ਰੀਏ ਨੂੰ ਦਿਖਾਉਂਦਾ ਹੈ। ਪਿਛਲੇ ਕੁਝ ਸਮੇਂ 'ਚ ਇਹ ਦੇਖਿਆ ਗਿਆ ਹੈ ਕਿ ਰੂਸ ਦੇ ਰੱਖਿਆ ਬਜਟ ਅਤੇ ਫ਼ੌਜ ਵਿੱਚ ਕਾਫ਼ੀ ਵਾਧਾ ਹੋਇਆ ਹੈ''

ਰੂਸ ਅਤੇ ਨੈਟੋ ਵਿਚਾਲੇ ਇੰਨਾ ਤਣਾਅ ਕਿਉਂ?

ਰੂਸ ਨੇ ਸਾਲ 2014 'ਚ ਯੂਕਰੇਨ 'ਚ ਰੂਸੀ ਵੱਖਵਾਦੀ ਬਾਗ਼ੀਆਂ ਦੇ ਸਮਰਥਨ 'ਚ ਦਖ਼ਲਅੰਦਾਜ਼ੀ ਕੀਤੀ ਸੀ, ਜਿਸ ਕਾਰਨ ਕਾਫ਼ੀ ਤਣਾਅ ਪੈਦਾ ਹੋ ਗਿਆ ਸੀ।

ਇਹ ਵੀ ਪੜ੍ਹੋ:

ਬਾਦ 'ਚ ਨੈਟੋ ਨੇ ਪੂਰਬੀ ਯੂਰਪ 'ਚ ਬਾਲਟਿਕ ਖ਼ੇਤਰ 'ਚ 4000 ਫ਼ੌਜੀ ਭੇਜ ਕੇ ਜਵਾਬ ਦਿੱਤਾ। ਰੂਸ ਦਾ ਕਹਿਣਾ ਹੈ ਕਿ ਨੈਟੋ ਦਾ ਰਵੱਈਆ ਸਹੀ ਨਹੀਂ ਹੈ। ਉਸਦਾ ਇਹ ਵੀ ਕਹਿਣਾ ਹੈ ਕਿ 2013-2014 ਦੀ ਯੂਕ੍ਰੇਨੀਅਨ ਕ੍ਰਾਂਤੀ ਪੱਛਮੀ ਦੇਸਾਂ ਦੀ ਸੋਚੀ-ਸਮਝੀ ਯੋਜਨਾ ਸੀ।

ਮਾਰਚ 'ਚ ਦੱਖਣੀ ਇੰਗਲੈਂਡ 'ਚ ਪੂਰਬੀ ਰੂਸੀ ਜਾਸੂਸ ਸਰਗੇਈ ਸਕ੍ਰਿਪਲ ਅਤੇ ਉਨ੍ਹਾਂ ਦੀ ਧੀ ਯੂਲੀਆ ਨੂੰ ਨਰਵ ਏਜੰਟ ਦੇ ਰੂਪ 'ਚ ਜ਼ਹਿਰ ਦੇਣ ਤੋਂ ਬਾਅਦ ਨੈਟੋ ਦੇਸਾਂ ਤੋਂ ਰੂਸੀ ਰਾਜਨਾਇਕਾਂ ਨੂੰ ਕੱਢ ਦਿੱਤਾ ਸੀ।

ਬ੍ਰਿਟੇਨ ਇਨ੍ਹਾਂ ਹਮਲਿਆਂ ਲਈ ਰੂਸੀ ਮਿਲਿਟ੍ਰੀ ਇੰਟੈਲੀਜੈਂਸ ਤੇ ਇਲਜ਼ਾਮ ਲਗਾਉਂਦਾ ਹੈ ਪਰ ਰੂਸ ਨੇ ਇਸ 'ਚ ਕਿਸੇ ਵੀ ਤਰ੍ਹਾਂ ਨਾਲ ਸ਼ਾਮਿਲ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ