ਨਵਾਜ਼ ਸ਼ਰੀਫ਼ ਤੇ ਮਰੀਅਮ ਸ਼ਰੀਫ਼ ਦੀ ਸਜ਼ਾ ਮੁਲਤਵੀ

ਮਰੀਅਮ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਸ਼ਰੀਫ਼ ਦੀ ਸਜ਼ਾ ਉੱਤੇ ਇਸਲਾਮਾਬਾਦ ਹਾਈਕੋਰਟ ਨੇ ਰੋਕ ਲਾ ਦਿੱਤੀ ਹੈ।

ਐਨਬੀਏ ਅਦਾਲਤ ਦੀ ਸਜ਼ਾ ਖ਼ਿਲਾਫ਼ ਪਾਈ ਪਟੀਸ਼ਨ ਉੱਤੇ ਕਾਰਵਾਈ ਕਰਦਿਆਂ ਅਦਾਲਤ ਨੇ ਸ਼ਰੀਫ਼ ਪਿਓ-ਧੀ ਅਤੇ ਮਰੀਅਮ ਦੇ ਪਤੀ ਕੈਪਟਨ ਮੁਹੰਮਦ ਸਫ਼ਦਰ ਦੀ ਸਜ਼ਾ ਵੀ ਮੁਲਤਵੀ ਕਰ ਦਿੱਤੀ ਹੈ।

ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਸ਼ਰੀਫ਼ ਦੀ ਸਜ਼ਾ ਉੱਤੇ ਇਸਲਾਮਾਬਾਦ ਹਾਈਕੋਰਟ ਦੇ ਫ਼ੈਸਲੇ ਬਾਰੇ ਪੀਐੱਨਐੱਲ- ਨਵਾਜ਼ ਦੇ ਆਗੂਆਂ ਨੇ ਕਿਹਾ ਕਿ ਆਧਾਰਹੀਣ ਕੇਸ ਸੀ।

ਇਹ ਵੀ ਪੜ੍ਹੋ:

13 ਜੁਲਾਈ ਨੂੰ ਹੋਈ ਸੀ ਗ੍ਰਿਫ਼ਤਾਰੀ

ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨੂੰ 13 ਜੁਲਾਈ ਨੂੰ ਲੰਡਨ ਤੋਂ ਵਾਪਸ ਪਰਤਦਿਆਂ ਹੀ ਲਾਹੌਰ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹੁਣ ਦੋਵੇਂ ਅਦਾਇਲਾ ਜੇਲ੍ਹ ਵਿੱਚ ਹਨ। ਉਨ੍ਹਾਂ ਨੇ ਸਜ਼ਾ ਦੇ ਖਿਲਾਫ਼ ਅਪੀਲ ਕੀਤੀ ਹੈ।

Image copyright Getty Images

6 ਜੁਲਾਈ ਨੂੰ ਅਕਾਊਂਟੀਬਿਲਿਟੀ ਅਦਾਲਤ ਨੇ ਲੰਡਨ ਵਿੱਚ ਲਗਜ਼ਰੀ ਫਲੈਟ ਖਰੀਦਣ ਕਾਰਨ ਪਿਉ-ਧੀ ਖਿਲਾਫ਼ ਸਜ਼ਾ ਦਾ ਐਲਾਨ ਕੀਤਾ ਸੀ ਅਤੇ ਅਦਾਲਤ ਨੇ ਨਵਾਜ਼ ਨੂੰ 10 ਸਾਲ ਅਤੇ ਮਰੀਅਮ ਨੂੰ 7 ਸਾਲ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ:

ਕੀ ਹੈ ਮਾਮਲਾ

ਜੁਲਾਈ, 2017 ਨੂੰ ਨਵਾਜ਼ ਸ਼ਰੀਫ਼ ਨੂੰ ਪਨਾਮਾ ਪੇਪਰ ਭ੍ਰਿਸ਼ਟਾਚਾਰ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਸੀ ਜਿਸ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ।

ਅਪ੍ਰੈਲ 2018 ਨੂੰ ਅਦਾਲਤ ਨੇ ਨਵਾਜ਼ ਸ਼ਰੀਫ਼ ਦੇ ਚੋਣਾਂ ਲੜਨ 'ਤੇ ਉਮਰ ਭਰ ਲਈ ਪਾਬੰਦੀ ਲਾ ਦਿੱਤੀ।

ਸੋਸ਼ਲ ਮੀਡੀਆ 'ਤੇ ਟਿੱਪਣੀਆਂ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਸ਼ਰੀਫ਼ ਦੀ ਸਜ਼ਾ 'ਤੇ ਰੋਕ ਲੱਗਣ ਦੇ ਫ਼ੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਪਾਕਿਸਤਾਨ ਮੁਸਲਿਮ ਲੀਗ ਪਾਰਟੀ ਦੇ ਆਗੂ ਅਤੇ ਸੈਨੇਟਰ ਮੁਸ਼ਾਹਿਦ ਹੁਸੈਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਆਖ਼ਰਕਾਰ ਨਿਆਂ ਹੋਇਆ ਹੈ। "ਉਨ੍ਹਾਂ ਨੇ ਦੱਸਿਆ ਕਿ ਅਦਾਲਤ ਦਾ ਫ਼ੈਸਲਾ ਕਮਜ਼ੋਰ ਅਤੇ ਆਧਾਰਹੀਣ ਸੀ। ਜਿਸ ਕਾਰਨ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਤਕਲੀਫ਼ ਝੱਲਣੀ ਪਈ।"

ਇਹ ਵੀ ਪੜ੍ਹੋ:

ਵਿਸ਼ਲੇਸ਼ਕ ਮੁਸ਼ਰੱਫ਼ ਜ਼ੈਦੀ ਨੇ ਲਿਖਿਆ ਹੈ ਕਿ ਇਸਲਾਮਾਬਾਦ ਹਾਈ ਕੋਰਟ ਨੇ ਐੱਨਏਬੀ ਦੇ ਸਖ਼ਤ ਫ਼ੈਸਲੇ ਨੂੰ ਰੱਦ ਕਰਕੇ ਸਾਬਿਤ ਕੀਤਾ ਹੈ ਕਿ ਪਿਛਲੇ ਸਮੇਂ ਦੌਰਾਨ ਅਦਾਲਤੀ ਸਿਸਟਮ ਸ਼ਕਤੀਸ਼ਾਲੀ ਹੋਇਆ ਹੈ।

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਅਧਿਕਾਰਤ ਟਵਿੱਟਰ ਹੈਂਡਲ ਉੱਤੇ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ। ਜਿਸ ਵਿੱਚ ਪਾਰਟੀ ਦੇ ਸਮਰਥਕ ਨਾਅਰੇ ਲਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨਾਅਰਿਆਂ ਵਿੱਚ ਸ਼ਾਮਲ ਹੈ 'ਮੀਆਂ ਸਾਬ, ਆਈ ਲਵ ਯੂ!'

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਨਵਾਜ਼ ਸ਼ਰੀਫ਼ ਕਿਉਂ ਬਣਨਾ ਚਾਹੁੰਦੇ ਹਨ ਵਜ਼ੀਰ-ਏ-ਆਜ਼ਮ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)