ਇਮਰਾਨ ਖ਼ਾਨ ਨੇ ਵੇਚੀਆਂ ਨਵਾਜ਼ ਸ਼ਰੀਫ ਦੀਆਂ ਮੱਝਾਂ

ਇਮਰਾਨ ਖ਼ਾਨ ਨੇ ਵੇਚੀਆਂ ਮੱਝਾਂ Image copyright AFP
ਫੋਟੋ ਕੈਪਸ਼ਨ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਦਿਖਾਵਾ ਹੈ।

ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਪਾਲ਼ੀਆਂ ਹੋਈਆਂ ਅੱਠ ਮੱਝਾਂ ਦੀ 27 ਸਤੰਬਰ ਨੂੰ ਨੀਲਾਮੀ ਕਰ ਕੇ ਖ਼ਜ਼ਾਨੇ ਵਿੱਚ 13 ਲੱਖ 78 ਹਜ਼ਾਰ ਪਾਕਿਸਤਾਨੀ ਰੁਪਏ ਜਮ੍ਹਾ ਕਰ ਲਏ ਹਨ।

ਕੁਝ ਦਿਨ ਪਹਿਲਾਂ ਇਮਰਾਨ ਖ਼ਾਨ ਦੀ ਨਵੀਂ ਸਰਕਾਰ ਨੇ ਪ੍ਰਧਾਨ ਮੰਤਰੀ ਨਿਵਾਸ ਦੀਆਂ ਕਾਰਾਂ ਨੀਲਾਮ ਕਰ ਕੇ 4 ਕਰੋੜ 35 ਲੱਖ ਰੁਪਏ ਇਕੱਠੇ ਕੀਤੇ ਸਨ।

ਇਮਰਾਨ ਖ਼ਾਨ ਦੀ ਚੋਣਾਂ 'ਚ ਜਿੱਤ ਪਿੱਛੇ ਭ੍ਰਿਸ਼ਟਾਚਾਰ ਖਤਮ ਕਰ ਦੇਣ ਦੇ ਵਾਅਦੇ ਦਾ ਵੱਡਾ ਹੱਥ ਸੀ। ਉਨ੍ਹਾਂ ਨੇ ਵੀ.ਆਈ.ਪੀ. ਖਰਚੇ ਘੱਟ ਕਰਨ ਦਾ ਵੀ ਐਲਾਨ ਕੀਤਾ ਸੀ ਅਤੇ ਇਹ ਨੀਲਾਮੀਆਂ ਉਸੇ ਮੁਹਿੰਮ ਦਾ ਹਿੱਸਾ ਹਨ।

ਆਲੋਚਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਦਿਖਾਵਾ ਹੈ। ਪਿਛਲੇ ਮਹੀਨੇ ਜਦੋਂ ਇਮਰਾਨ ਆਪਣੇ ਘਰ ਤੋਂ 15 ਕਿਲੋਮੀਟਰ ਦੂਰ ਦਫਤਰ ਵਿੱਚ ਹੈਲੀਕਾਪਟਰ 'ਤੇ ਆਏ ਤਾਂ ਬਹੁਤ ਮਜ਼ਾਕ ਉੱਡਿਆ ਸੀ।

ਇਹ ਵੀ ਪੜ੍ਹੋ

Image copyright Aamir Qureshi/AFP/Getty Images

ਉੱਠ ਦੇ ਮੂੰਹ ਜੀਰਾ

ਖਰੀਦਣ ਵਾਲਿਆਂ ਵਿਚ ਨਵਾਜ਼ ਸ਼ਰੀਫ ਦੇ ਸਮਰਥਕ ਸ਼ਾਮਲ ਸਨ।

ਹਸਨ ਲਤੀਫ਼ ਨਾਂ ਦਾ ਖਰੀਦਦਾਰ ਪਹਿਲਾਂ ਹੀ ਵੱਡੇ ਡੇਅਰੀ ਫਾਰਮ ਦਾ ਮਾਲਕ ਹੈ ਪਰ ਉਹ ਵੀ ਇਨ੍ਹਾਂ ਮੱਝਾਂ ਨੂੰ ਖਰੀਦਣ ਪੁੱਜਾ: "ਮੇਰੇ ਕੋਲ 100 ਤੋਂ ਵੱਧ ਮੱਝਾਂ ਹਨ ਪਰ ਮੈਂ ਆਪਣੇ ਨੇਤਾ (ਨਵਾਜ਼ ਸ਼ਰੀਫ) ਦੀ ਮੱਝ ਖਰੀਦਣਾ ਚਾਹੁੰਦਾ ਸੀ। ਮੇਰੇ ਲਈ ਇੱਜ਼ਤ ਦੀ ਗੱਲ ਹੈ। ਕਦੇ ਮੌਕਾ ਮਿਲਿਆ ਤਾਂ ਉਨ੍ਹਾਂ ਦੀ ਮੱਝ ਉਨ੍ਹਾਂ ਨੂੰ ਵਾਪਸ ਕਰ ਦਿਆਂਗਾ।"

ਪ੍ਰਧਾਨ ਮੰਤਰੀ ਦਫਤਰ ਦੇ ਇੱਕ ਕਰਮਚਾਰੀ ਨੇ ਬੀਬੀਸੀ ਉਰਦੂ ਨੂੰ ਦੱਸਿਆ, "ਨੀਲਾਮੀ ਵਿਚ ਸਾਨੂੰ ਉਮੀਦ ਤੋਂ ਵੱਧ ਕਮਾਈ ਹੋਈ ਹੈ। ਅਸੀਂ ਇਸਦੀ ਕਾਮਯਾਬੀ ਤੋਂ ਬਹੁਤ ਖੁਸ਼ ਹਾਂ।"

ਵੀ ਪੜ੍ਹੋ

ਫਿਰ ਵੀ ਸਾਰੇ ਹੀ ਇਸ ਨੀਲਾਮੀ ਤੋਂ ਖੁਸ਼ ਨਹੀਂ ਨਜ਼ਰ ਆਏ। ਰਾਵਲਪਿੰਡੀ ਤੋਂ ਆਏ ਇੱਕ ਗਾਹਕ ਨੇ ਕਿਹਾ, "ਅਜਿਹੀਆਂ ਮੱਝਾਂ ਬਾਜ਼ਾਰ 'ਚ ਇਸ ਤੋਂ ਅੱਧੀਆਂ ਕੀਮਤਾਂ 'ਤੇ ਮਿਲਦੀਆਂ ਹਨ। ਮੈਨੂੰ ਤਾਂ ਬਹੁਤੇ ਗਾਹਕ ਵੀ ਅਸਲੀ ਨਹੀਂ ਲੱਗ ਰਹੇ।"

ਉੱਚੀਆਂ ਕੀਮਤਾਂ ਸਰਕਾਰ ਲਈ ਤਾਂ ਚੰਗੀ ਗੱਲ ਹੀ ਹੈ, ਹਾਲਾਂਕਿ ਇਹ ਉੱਠ ਦੇ ਮੂੰਹ ਵਿਚ ਜੀਰੇ ਵਾਂਗ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)