ਕੀ ਮਿੱਠਾ ਤੁਹਾਡੀ ਸਿਹਤ ਲਈ ਸੱਚਮੁਚ ਹੀ ਖ਼ਰਾਬ ਹੈ

ਮਿੱਠਾ Image copyright Getty Images
ਫੋਟੋ ਕੈਪਸ਼ਨ ਤਕਰੀਬਨ 80 ਹਜ਼ਾਰ ਸਾਲ ਪਹਿਲਾਂ, ਇੱਕ ਅਜਿਹਾ ਵੀ ਸਮਾਂ ਸੀ ਜਦੋਂ ਇਨਸਾਨ ਨੂੰ ਮਿੱਠਾ ਸਿਰਫ਼ ਫ਼ਲਾਂ ਦੇ ਮੌਸਮ ਵਿੱਚ ਹੀ ਖਾਣ ਨੂੰ ਮਿਲਦਾ ਸੀ।

ਵਧੇਰੇ ਮਿੱਠਾ ਖਾਣ ਵਾਲੇ ਲੋਕਾਂ ਨੂੰ ਟਾਈਪ 2 ਡਾਇਬਟੀਜ਼, ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ ਪਰ ਜ਼ਰੂਰੀ ਨਹੀਂ ਕਿ ਇਸ ਵਿੱਚ ਖੰਡ ਹੀ ਕਸੂਰਵਾਰ ਹੋਵੇ। ਬੀਬੀਸੀ ਫ਼ਿਊਚਰ ਨੇ ਇਸ ਬਾਰੇ ਕੁਝ ਤਾਜ਼ਾ ਖੋਜਾਂ ਦੀ ਪੜਤਾਲ ਕੀਤੀ।

ਖੰਡ ਨੂੰ ਭਾਂਵੇ ਸਿਹਤ ਦਾ ਸਭ ਤੋਂ ਵੱਡਾ ਦੁਸ਼ਮਨ ਮੰਨਿਆ ਜਾਂਦਾ ਹੈ। ਡਾਈਟੀਸ਼ੀਅਨਜ਼ ਤੋਂ ਲੈਕੇ ਡਾਕਟਰ ਤੱਕ, ਸਭ ਘੱਟ ਤੋਂ ਘੱਟ ਖੰਡ ਖਾਣ ਦੀ ਸਲਾਹ ਦਿੰਦੇ ਹਨ। ਪਰਿਵਾਰਿਕ ਮੈਂਬਰਾਂ ਅਤੇ ਦੋਸਤਾਂ-ਮਿੱਤਰਾਂ ਵੱਲੋਂ ਵੀ ਕੁਝ ਇਸੇ ਤਰ੍ਹਾਂ ਦਾ ਮਸ਼ਵਰਾ ਦਿੱਤਾ ਜਾਂਦਾ ਹੈ।

ਪਰ ਕੀ ਖੰਡ ਅਸਲ ਵਿਚ ਸਿਹਤ ਲਈ ਇੰਨੀ ਖ਼ਤਰਨਾਕ ਹੈ? ਜਾਣਨ ਲਈ ਇਤਿਹਾਸ ਦੇ ਵਰਕਿਆਂ 'ਤੇ ਇੱਕ ਝਾਤ ਮਾਰਦੇ ਹਾਂ।

ਭਾਵੇਂ ਇਸ ਬਾਰੇ ਹੁਣ ਸੋਚਣਾ ਵੀ ਮੁਸ਼ਕਿਲ ਲਗਦਾ ਹੈ, ਪਰ ਤਕਰੀਬਨ 80 ਹਜ਼ਾਰ ਸਾਲ ਪਹਿਲਾਂ, ਇੱਕ ਅਜਿਹਾ ਵੀ ਸਮਾਂ ਸੀ ਜਦੋਂ ਇਨਸਾਨ ਨੂੰ ਮਿੱਠਾ ਸਿਰਫ਼ ਫ਼ਲਾਂ ਦੇ ਮੌਸਮ ਵਿੱਚ ਹੀ ਖਾਣ ਨੂੰ ਮਿਲਦਾ ਸੀ।

ਇਹ ਕੁਝ ਮਹੀਨੇ ਲਈ ਵੀ ਮਿੱਠਾ ਵੀ ਕੋਈ ਬਹੁਤੀ ਆਸਾਨੀ ਨਾਲ ਨਹੀਂ ਮਿਲਦਾ ਸੀ ਸਗੋਂ ਸ਼ਿਕਾਰੀਆਂ ਅਤੇ ਖਾਣਾ ਇਕੱਠੇ ਕਰਨ ਵਾਲਿਆਂ ਦਾ ਫ਼ਲਾਂ ਲਈ ਪੰਛੀਆਂ ਨਾਲ ਮੁਕਾਬਲਾ ਰਹਿੰਦਾ ਸੀ।

ਇਹ ਵੀ ਪੜ੍ਹੋ:

ਇੱਕ ਉਹ ਸਮਾਂ ਸੀ ਅਤੇ ਇੱਕ ਹੁਣ ਦਾ ਸਮਾਂ ਹੈ, ਜਦੋਂ ਪੂਰਾ ਸਾਲ ਮਿੱਠਾ ਖਾਣ ਨੂੰ ਮਿਲਦਾ ਹੈ, ਹਾਲਾਂਕਿ ਇਸ ਵਿਚਲੇ ਪੋਸ਼ਕ ਤੱਤਾਂ ਦੀ ਮਾਤਰਾ ਵਿੱਚ ਘਾਟ ਆ ਗਈ ਹੈ।

ਮਿੱਠੇ ਦਾ ਨਾਂ ਸੁਣ ਕੇ ਹੀ ਮਨ ਵਿੱਚ ਚਾਕਲੇਟ, ਮਿਠਾਈ, ਸਿਰਪ, ਕੇਕ, ਜੂਸ ਆਦਿ ਕਈ ਚੀਜ਼ਾਂ ਆ ਜਾਂਦੀਆਂ ਹਨ। ਅੱਜ ਮਿੱਠਾ ਹਰ ਰੰਗ ਰੂਪ ਵਿੱਚ ਮਿਲਦਾ ਹੈ। ਸਵੇਰੇ ਨਾਸ਼ਤੇ ਲਈ ਖੋਲ੍ਹੇ ਗਏ ਸੀਰੀਅਲ ਦੇ ਡੱਬੇ ਤੋਂ ਲੈ ਕੇ ਹਰ ਚੀਜ਼ ਵਿੱਚ ਮਿੱਠਾ ਭਰਪੂਰ ਹੈ।

Image copyright Getty Images
ਫੋਟੋ ਕੈਪਸ਼ਨ ਖੰਡ (ਜਿਸ ਨੂੰ ਐਡਿਡ ਸ਼ੂਗਰ ਵੀ ਕਿਹਾ ਜਾਂਦਾ ਹੈ) ਤੋਂ ਇੱਥੇ ਭਾਵ ਹੈ ਖੰਡ ਨਾਲ ਬਣੀਆਂ ਚੀਜ਼ਾਂ, ਸ਼ਹਿਦ, ਫ਼ਲਾਂ ਦਾ ਰਸ, ਕੋਲਡ ਡਰਿੰਕਜ਼ ਵਿਚ ਮਿਲਾਈ ਗਈ ਖੰਡ, ਆਦਿ।

ਖੰਡ ਨੂੰ ਅੱਜ ਮਨੁੱਖ ਦੀ ਸਿਹਤ ਦਾ ਸਭ ਤੋਂ ਵੱਡਾ ਦੁਸ਼ਮਨ ਮੰਨਿਆ ਜਾ ਰਿਹਾ ਹੈ। ਸਰਕਾਰਾਂ ਇਸ 'ਤੇ ਟੈਕਸ ਲਾ ਰਹੀਆਂ ਹਨ। ਸਕੂਲਾਂ ਅਤੇ ਹਸਪਤਾਲਾਂ ਵਿੱਚ ਮਿੱਠੀਆਂ ਚੀਜ਼ਾਂ ਵਾਲੀਆਂ ਮਸ਼ੀਨਾਂ ਨੂੰ ਹਟਾਇਆ ਜਾ ਰਿਹਾ ਹੈ।

ਮਾਹਿਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਮਿੱਠੇ ਨੂੰ ਆਪਣੀ ਖ਼ੁਰਾਕ ਵਿੱਚੋਂ ਪੂਰੀ ਤਰ੍ਹਾਂ ਮਨਫ਼ੀ ਕਰ ਦੇਣਾ ਚਾਹੀਦਾ ਹੈ।

ਖੋਜਾਂ ਕੀ ਦਸਦੀਆਂ ਹਨ

ਵਿਗਿਆਨੀਆਂ ਨੂੰ ਇਹ ਸਾਬਤ ਕਰਨ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ ਕਿ ਇੱਕ ਕੈਲੋਰੀ ਭਰਪੂਰ ਖੁਰਾਕ ਤੋਂ ਇਲਾਵਾ, ਮਿੱਠੇ ਦਾ ਸਾਡੀ ਸਿਹਤ 'ਤੇ ਕੀ ਪ੍ਰਭਾਵ ਪੈਂਦਾ ਹੈ।

ਪਿਛਲੇ 5 ਸਾਲਾਂ ਦੌਰਾਨ ਕੀਤੀਆਂ ਗਈਆਂ ਖੋਜਾਂ ਦਾ ਨਿਚੋੜ ਦੱਸਦਾ ਹੈ ਕਿ ਜੇਕਰ ਖੁਰਾਕ ਵਿੱਚ ਹਰ ਦਿਨ 150 ਗ੍ਰਾਮ ਤੋਂ ਵੱਧ ਫ਼ਰੱਕਟੋਜ਼ (ਖੰਡ ਦਾ ਇੱਕ ਰੂਪ) ਸ਼ਮਾਲ ਹੋਵੇ ਤਾਂ ਉਸ ਨਾਲ ਸਰੀਰ ਦੀ ਇਨਸੁਲਿਸ ਹੌਰਮੋਨ ਲਈ ਸੰਵੇਦਨਸ਼ੀਲਤਾ ਘੱਟ ਜਾਂਦੀ ਹੈ।

ਨਤੀਜੇ ਵਜੋਂ ਇਸ ਨਾਲ ਸਿਹਤ ਸਬੰਧੀ ਬਹੁਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਵੇਂ ਕਿ ਬਲੱਡ ਪ੍ਰੈਸ਼ਰ, ਵੱਧਦਾ ਕੋਲੈਸਟ੍ਰੋਲ ਆਦਿ। ਖੋਜ ਇਹ ਵੀ ਕਹਿੰਦੀ ਹੈ ਕਿ ਅਜਿਹਾ ਉਸ ਵੇਲੇ ਹੁੰਦਾ ਹੈ ਜਦੋਂ ਵਿਅਕਤੀ ਸਰੀਰ ਦੀ ਜ਼ਰੂਰਤ ਤੋਂ ਜਿਆਦਾ ਮਿੱਠਾ ਲੈਂਦਾ ਹੈ। ਯਾਨਿ ਕਿ ਸਿਰਫ਼ ਮਿੱਠਾ ਨਹੀਂ, ਵੱਧ ਮਿੱਠੇ ਨਾਲ ਖਾਧੀਆਂ ਗਈਆਂ ਵੱਧ ਕੈਲੋਰੀਆਂ ਵੀ ਸਿਹਤ 'ਤੇ ਮਾਰੂ ਅਸਰ ਛੱਡਦੀਆਂ ਹਨ।

ਇਸ ਦੌਰਾਨ ਇਹ ਦਲੀਲ ਵੀ ਦਿੱਤੀ ਜਾ ਰਹੀ ਹੈ ਕਿ ਇੱਕ ਤਰ੍ਹਾਂ ਦੇ ਖਾਣ ਦੇ ਪਦਾਰਥ ਨੂੰ ਹੀ ਕੈਦੋਂ ਆਖਣਾ ਸਹੀ ਨਹੀਂ ਨਹੀਂ ਹੈ। ਇਸ ਨਾਲ ਲੋਕ ਉਲਝ ਕੇ ਆਪਣੇ ਆਪ ਨੂੰ ਸਰੀਰ ਲਈ ਲੋੜੀਂਦੇ ਬਹੁਤ ਸਾਰੇ ਅਹਿਮ ਖਾਣਿਆਂ ਤੋਂ ਦੂਰ ਕਰ ਸਕਦੇ ਹਨ।

ਇਹ ਵੀ ਪੜ੍ਹੋ:

ਖੰਡ (ਜਿਸ ਨੂੰ ਐਡਿਡ ਸ਼ੂਗਰ ਵੀ ਕਿਹਾ ਜਾਂਦਾ ਹੈ) ਤੋਂ ਇੱਥੇ ਭਾਵ ਹੈ ਖੰਡ ਨਾਲ ਬਣੀਆਂ ਚੀਜ਼ਾਂ, ਸ਼ਹਿਦ, ਫ਼ਲਾਂ ਦਾ ਰਸ, ਕੋਲਡ ਡਰਿੰਕਜ਼ ਵਿਚ ਮਿਲਾਈ ਗਈ ਖੰਡ, ਆਦਿ। ਇਹ ਸਵਾਦ ਨੂੰ ਬਹਿਤਰ ਬਨਾਉਣ ਲਈ ਮਿਲਾਇਆ ਜਾਂਦੀ ਹੈ।

ਸਿਰਫ਼ ਖੰਡ ਹੀ ਨਹੀਂ, ਸਧਾਰਨ ਕਾਰਬੋਹਾਈਡਰੇਟ ਜਿਵੇਂ ਕਿ ਚੌਲ ਅਤੇ ਆਟਾ ਵੀ ਸ਼ੂਗਰ ਦੇ ਅਣੂਆਂ ਨਾਲ ਬਣਿਆ ਹੁੰਦਾ ਹੈ। ਜਦੋਂ ਭੋਜਨ ਸਰੀਰ ਅੰਦਰ ਪਹੁੰਚਦਾ ਹੈ ਤਾਂ ਸਾਡੀਆਂ ਅੰਤੜੀਆਂ ਇਸ ਨੂੰ ਤੋੜ ਕੇ ਇਸ ਵਿਚੋਂ ਗਲੂਕੋਜ਼ ਕੱਢਦੀਆਂ ਹਨ। ਇਸੇ ਗਲੂਕੋਜ਼ ਨੂੰ ਫਿਰ ਸਾਡੇ ਸਰੀਰ ਦੇ ਸਾਰੇ ਸੈੱਲ ਵਰਤਦੇ ਹਨ।

ਸਬਜ਼ੀਆਂ ਅਤੇ ਅਨਾਜ ਵਿੱਚ ਵੀ ਸ਼ੂਗਰ ਇਸੇ ਪ੍ਰਕਾਰ ਹੁੰਦੀ ਹੈ। ਕੁਦਰਤੀ ਤੌਰ 'ਤੇ ਖੰਡ ਕਈ ਰੂਪਾਂ ਵਿੱਚ ਪਾਈ ਜਾਂਦੀ ਹੈ, ਜਿਵੇਂ ਕਿ ਫਰੱਕਟੋਜ਼, ਲੈਕਟੋਜ਼, ਸੱਕਰੋਜ਼ ਅਤੇ ਗਲੂਕੋਜ਼ ਪਰ ਉੱਚ ਫਰੱਕਟੋਜ਼ ਵਾਲੀ ਕਾਰਨ ਸਿਰਪ ਇੱਕ ਮਨੁੱਖੀ ਕਾਢ ਹੈ।

Image copyright Getty Images
ਫੋਟੋ ਕੈਪਸ਼ਨ ਖੰਡ ਵਾਲੇ ਪੀਣ ਦੇ ਪਦਾਰਥਾਂ ਦਾ ਸਰੀਰ ਦਾ ਵਜ਼ਨ ਵਧਾਉਣ ਵਿੱਚ ਹੱਥ ਹੈ।

16ਵੀਂ ਸਦੀ ਤੋਂ ਪਹਿਲਾਂ, ਖੰਡ ਸਿਰਫ਼ ਅਮੀਰ ਲੋਕ ਹੀ ਖ਼ਰੀਦ ਸਕਦੇ ਸਨ ਪਰ ਬਸਤੀਵਾਦੀ ਵਪਾਰ ਲਈ ਇਹ ਵਧੇਰੇ ਤੌਰ 'ਤੇ ਉਪਲਬਧ ਹੋਣ ਲੱਗੀ।

1960 ਦੇ ਦਹਾਕੇ ਵਿਚ ਗਲੂਕੋਜ਼ ਅਤੇ ਫ਼ਰੱਕਟੋਜ਼ ਦੇ ਮਿਸ਼ਰਣ ਨਾਲ ਬਣਾਇਆ ਗਿਆ ਕੌਰਨ ਸਿਰਪ ਯਕਦਮ ਹੀ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੋ ਗਿਆ।

ਖੰਡ ਦੀ ਭਾਰੀ ਖ਼ਪਤ

1970 ਅਤੇ 1990 ਵਿਚਕਾਰ ਅਮਰੀਕਾ 'ਚ ਖੰਡ ਤੋਂ ਤਿਆਰ ਕੀਤੇ ਜਾਣ ਵਾਲੇ ਕੌਰਨ ਸਿਰਪ ਦੀ ਮੰਗ ਦਸ ਗੁਣਾਂ ਵੱਧ ਗਈ। ਵਿਗਿਆਨੀਆਂ ਮੁਤਾਬਕ ਇਸ ਤੋਂ ਬਾਅਦ ਮੋਟਾਪਾ ਪੂਰੇ ਅਮਰੀਕਾ ਲਈ ਚੁਣੌਤੀ ਬਣ ਗਿਆ।

ਖੰਡ ਨਾਲ ਬਣੀਆਂ ਚੀਜ਼ਾਂ, ਜਿਵੇਂ ਕਿ ਕੋਲਡ ਡਰਿੰਕਜ਼, ਜਿਨ੍ਹਾਂ ਵਿੱਚ ਫ਼ਰੱਕਟੋਜ਼ ਕਾਫ਼ੀ ਵੱਡੀ ਮਿਕਦਾਰ ਵਿੱਚ ਹੁੰਦਾ ਹੈ ਸਾਡੀ ਸਿਹਤ 'ਤੇ ਖੰਡ ਦੇ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਖੋਜ ਹੋਈਆਂ ਖੋਜਾਂ ਦੇ ਮੁੱਖ ਥੀਮ ਰਹੇ ਹਨ।

88 ਇਧਿਐਨਾਂ ਦਾ ਨਿਚੋੜ (ਮੈਟਾ ਅਨੈਲਿਸਿਸ) ਦੱਸਦਾ ਹੈ ਕਿ ਖੰਡ ਵਾਲੇ ਪੀਣ ਦੇ ਪਦਾਰਥਾਂ ਦਾ, ਸਰੀਰ ਦਾ ਵਜ਼ਨ ਵਧਾਉਣ ਵਿੱਚ ਹੱਥ ਹੈ। ਜਦ ਲੋਕੀਂ ਠੰਡੇ ਪੀਂਦੇ ਹਨ, ਤਾਂ ਉਸ ਨਾਲ ਹੋਰ ਚੀਜ਼ਾਂ ਖਾ ਕੇ, ਹੋਰ ਕੈਲੋਰੀਆਂ ਲੈਂਦੇ ਹਨ। ਜਿਨ੍ਹਾਂ ਦੀ ਸਰੀਰ ਨੂੰ ਜ਼ਰੂਰਤ ਨਹੀਂ ਹੁੰਦੀ ਅਤੇ ਇਹ ਵਾਧੂ ਕੈਲੋਰੀਆਂ ਸਰੀਰ ਵਿੱਚ ਜਮ੍ਹਾਂ ਹੋ ਜਾਂਦੀਆਂ ਹਨ।

Image copyright Getty Images
ਫੋਟੋ ਕੈਪਸ਼ਨ 16ਵੀਂ ਸਦੀ ਤੋਂ ਪਹਿਲਾਂ, ਖੰਡ ਸਿਰਫ਼ ਅਮੀਰ ਲੋਕ ਹੀ ਖ਼ਰੀਦ ਸਕਦੇ ਸਨ।

ਖੋਜੀਆਂ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਖੰਡ ਨਾਲ ਬਣੇ ਠੰਡਿਆਂ ਜਾਂ ਦੂਜੀਆਂ ਹੋਰ ਚੀਜ਼ਾਂ ਦੀ ਵਰਤੋਂ ਦਾ ਸਬੰਧ ਅਮਰੀਕਾ ਵਿੱਚ ਵੱਧਦੇ ਮੋਟਾਪੇ ਦੇ ਨਾਲ ਹੈ ਪਰ ਇਸ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ।

ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਵਿੱਚ ਖੰਡ ਦੀ ਵਰਤੋਂ ਅਮਰੀਕਾ ਵਿਚ ਘੱਟ ਰਹੀ ਹੈ, ਫਿਰ ਵੀ ਅਮਰੀਕੀਆਂ ਵਿੱਚ ਮੋਟਾਪਾ ਵੱਧ ਰਿਹਾ ਹੈ।

ਹਾਲ ਦੇ ਸਮੇਂ ਵਿੱਚ ਡਾਇਬਟੀਜ਼ ਅਤੇ ਮੋਟਾਪੇ ਦੇ ਮਰੀਜ਼ਾਂ ਦੀ ਗਿਣਤੀ ਦੇਸ਼ ਵਿੱਚ ਕਾਫ਼ੀ ਵਾਧਾ ਹੋਇਆ ਹੈ। ਆਸਟ੍ਰੇਲੀਆ ਅਤੇ ਯੂਰਪੀ ਦੇਸਾਂ ਵਿੱਚ ਤਾਂ ਫ਼ਰੱਕਟੋਜ਼ ਅਤੇ ਕੌਰਨ ਸਿਰਪ ਦੀ ਇੰਨੀ ਵਰਤੋਂ ਹੁੰਦੀ ਵੀ ਨਹੀਂ, ਪਰ ਇੱਥੇ ਮੋਟਾਪੇ ਨੇ ਮਹਾਂਮਾਰੀ ਦਾ ਰੂਪ ਧਾਰ ਲਿਆ ਹੈ।

ਸਿਰਫ਼ ਕੌਰਨ ਸਿਰਪ ਵਿੱਚ ਮਿਲਣ ਵਾਲਾ ਫ਼ਰੱਕਟੋਜ਼ ਹੀ ਨਹੀਂ, ਖੰਡ ਨਾਲ ਤਿਆਰ ਬਣਨ ਵਾਲੀਆਂ ਹੋਰ ਚੀਜ਼ਾਂ ਨੂੰ ਵੀ ਕਈ ਬਿਮਾਰੀਆਂ ਲਈ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਫ਼ਰੱਕਟੋਜ਼ ਬਾਰੇ ਕਿਹਾ ਜਾਂਦਾ ਹੈ ਕਿ ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਹੈ।

ਇਸ ਦੇ ਸਰੀਰ ਵਿੱਚ ਪਹੁੰਚਦੇ ਹੀ ਜਿਗਰ ਇਸ ਨੂੰ ਤੋੜਦਾ ਹੈ। ਇਸ ਵਿਚੋਂ ਟ੍ਰਾਈਗਲਿਸਰਾਈਡ ਨਾਂ ਦਾ ਇੱਕ ਰਸਾਇਣ ਨਿਕਲਦਾ ਹੈ। ਇਹ ਇੱਕ ਕਿਸਮ ਦਾ ਫੈਟ ਹੈ ਜੋ ਸਾਡੇ ਲਿਵਰ ਦੇ ਸੈਲਾਂ ਤੋਂ ਸਾਡੇ ਖੂਨ ਦੀਆਂ ਨਾੜੀਆਂ ਤੱਕ ਪਹੁੰਚ ਕੇ ਖੂਨ ਦੀਆਂ ਨੜੀਆਂ ਨੂੰ ਜਾਮ ਕਰ ਸਕਦਾ ਹੈ।

15 ਸਾਲ ਤੱਕ ਕੀਤੀ ਗਈ ਇੱਕ ਰਿਸਰਚ ਨੇ ਇਸ ਗੱਲ਼ ਨੂੰ ਸਹੀ ਸਾਬਤ ਕੀਤਾ ਹੈ। ਇਸ ਖੋਜ ਮੁਤਾਬਕ, ਜੋ ਲੋਕ ਹਰ ਰੋਜ਼ ਆਪਣੀ ਜ਼ਰੂਰਤ ਤੋਂ 25 ਫ਼ੀਸਦੀ ਜਾਂ ਇਸ ਤੋਂ ਵੀ ਜ਼ਿਆਦਾ ਕੈਲੋਰੀਜ਼ ਲੈਂਦੇ ਹਨ, ਉਨ੍ਹਾਂ ਦਾ ਦਿਲ ਦੀ ਬਿਮਾਰੀ ਨਾਲ ਮੌਤ ਦਾ ਖ਼ਦਸ਼ਾ ਦੁੱਗਣਾ ਹੋਣ ਜਾਂਦਾ ਹੈ।

ਟਾਇਪ-2 ਡਾਇਬਟੀਜ਼ ਲਈ ਵੀ ਜ਼ਿਆਦਾ ਖੰਡ ਖਾਣ ਨੂੰ ਜਿੰਮੇਵਾਰ ਦੱਸਿਆ ਜਾਂਦਾ ਹੈ। ਦੋ ਪ੍ਰਮੁੱਖ ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਔਰਤਾਂ ਪੂਰੇ ਦਿਨ ਵਿੱਚ ਇੱਕ ਸੌਫ਼ਟ ਡਰਿੰਕ ਜਾਂ ਫਿਰ ਜੂਸ ਦੀ ਬੋਤਲ ਤੋਂ ਵੱਧ ਪੀਂਦੀਆਂ ਹਨ, ਉਨ੍ਹਾਂ ਨੂੰ ਡਾਇਬਟੀਜ਼ ਹੋਣ ਦਾ ਖ਼ਦਸ਼ਾ ਦੁੱਗਣਾ ਹੋ ਜਾਂਦਾ ਹੈ।

Image copyright Getty Images
ਫੋਟੋ ਕੈਪਸ਼ਨ ਖਿਡਾਰੀ ਜੋ ਜ਼ਿਆਦਾ ਖੰਡ ਖਾਂਦੇ ਹਨ, ਪਰ ਉਨ੍ਹਾਂ ਨੂੰ ਇਸ ਨਾਲ ਕੋਈ ਬਿਮਾਰੀ ਨਹੀਂ ਹੁੰਦੀ।

ਰਿਸਰਚ ਘੱਟ, ਦੁਵਿਧਾ ਵੱਧ?

ਇਨ੍ਹਾਂ ਖੋਜਾਂ ਤੋਂ ਇਹ ਸਪਸ਼ਟ ਨਹੀਂ ਹੈ ਕਿ ਖੰਡ ਨਾਲ ਦਿਲ ਦੀ ਬਿਮਾਰੀ ਜਾਂ ਡਾਇਬਟੀਜ਼ ਹੁੰਦੀ ਹੈ। ਸਵਿਟਜ਼ਰਲੈਂਡ ਦੀ ਲੁਸਾਨ ਯੂਨੀਵਰਸਿਟੀ ਵਿੱਚ ਸਰੀਰ ਵਿਗਿਆਨ ਦੇ ਪ੍ਰੋਫ਼ੈਸਰ ਲਿਊਕ ਟੈਪੀ ਦਾ ਕਹਿਣਾ ਹੈ ਕਿ ਮੋਟਾਪਾ, ਦਿਲ ਦੀਆਂ ਬਿਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਵੱਡਾ ਕਾਰਨ ਜ਼ਰੂਰਤ ਤੋਂ ਵੱਧ ਕੈਲੋਰੀਜ਼ ਲੈਣਾ ਹੈ। ਖੰਡ ਇਨ੍ਹਾਂ ਵਾਧੂ ਕੈਲੋਰੀਆਂ ਦਾ ਸਿਰਫ਼ ਇੱਕ ਹਿੱਸਾ ਹੈ।

ਪ੍ਰੋਫ਼ੈਸਰ ਲਿਊਕ ਦੱਸਦੇ ਹਨ ਕਿ, "ਖਾਣਾ ਜੋ ਵੀ ਹੋਵੇ ਪਰ ਸਰੀਰ ਵਿਚ ਖਪਤ ਤੋਂ ਵੱਧ ਊਰਜਾ ਭਰਨਾ, ਲੰਬੇ ਸਮੇਂ ਵਿੱਚ ਸਰੀਰ ਅੰਦਰ ਫੈਟ ਨੂੰ ਜਮ੍ਹਾ ਕਰ ਦਿੰਦਾ ਹੈ, ਇਨਸੁਲਿਨ ਦਾ ਅਸਰ ਘੱਟ ਜਾਂਦਾ ਹੈ ਅਤੇ ਫੈਟੀ ਲਿਵਰ ਦਾ ਰੋਗ ਵੀ ਹੋ ਸਕਦਾ ਹੈ।" ਜੇਕਰ ਖਪਤ ਦੇ ਬਰਾਬਰ ਹੀ ਕੈਲੋਰੀਆਂ ਖਾਧੀਆਂ ਜਾਣ ਤਾਂ ਖੰਡ ਜਾਂ ਮਿੱਠੀਆਂ ਚੀਜ਼ਾਂ ਖਾਣ ਵਿਚ ਕੋਈ ਹਰਜ਼ ਨਹੀਂ ਹੈ ਅਤੇ ਸਰੀਰ ਇਸ ਨੂੰ ਸਹਿ ਲਏਗਾ।

ਪ੍ਰੋਫ਼ੈਸਰ ਕੁਝ ਖਿਡਾਰੀਆਂ ਦੀ ਵੀ ਉਦਾਹਰਨ ਦਿੰਦੇ ਹਨ, ਜੋ ਜ਼ਿਆਦਾ ਖੰਡ ਖਾਂਦੇ ਹਨ, ਪਰ ਉਨ੍ਹਾਂ ਨੂੰ ਇਸ ਨਾਲ ਕੋਈ ਬਿਮਾਰੀ ਨਹੀਂ ਹੁੰਦੀ। ਇਸਦਾ ਕਾਰਨ ਹੈ ਕਿ ਉਹ ਮਿਹਨਤ ਕਰਕੇ ਵਧੇਰੇ ਕੈਲੋਰੀਆਂ ਖਪਾ ਲੈਂਦੇ ਹਨ।

Image copyright Getty Images
ਫੋਟੋ ਕੈਪਸ਼ਨ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਹਰ ਵਿਅਕਤੀ ਲਈ ਸੰਤੁਲਿਤ ਖੁਰਾਕ ਦਾ ਪੱਧਰ ਵੱਖਰਾ ਹੁੰਦਾ ਹੈ।

ਕੁਲ ਮਿਲਾ ਕੇ ਕਿਹਾ ਜਾਵੇ ਤਾਂ, ਜ਼ਿਆਦਾ ਮਿੱਠਾ ਖਾਣ ਨਾਲ ਡਾਇਬਟੀਜ਼, ਦਿਲ ਦੀ ਬਿਮਾਰੀ, ਮੋਟਾਪਾ ਜਾਂ ਫੇਰ ਕੈਂਸਰ ਹੋਣ ਦੀਆਂ ਦਲੀਲਾਂ ਵਿੱਚ ਦਮ ਨਹੀਂ ਹੈ। ਹਾਂ, ਜ਼ਿਆਦਾ ਮਿੱਠਾ ਖਾਣ ਨਾਲ ਇਹ ਬਿਮਾਰੀਆਂ ਹੁੰਦੀਆਂ ਜਰੂਰ ਹਨ। ਇਨ੍ਹਾਂ ਬਿਮਾਰੀਆਂ ਦਾ ਸਿੱਧਾ ਕਾਰਨ ਮਿੱਠਾ ਖਾਣਾ ਹੀ ਹੈ, ਇਹ ਗੱਲ ਅਜੇ ਪੱਕੇ ਤੌਰ 'ਤੇ ਸਾਬਤ ਨਹੀ ਸਾਬਤ ਨਹੀਂ ਹੋਈ ਹੈ।

ਖੰਡ ਖਾਣ ਦੀ ਆਦਤ

ਖੰਡ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਸਦੀ ਆਦਤ ਪੈ ਜਾਂਦੀ ਹੈ। ਪਰ ਹੁਣ ਤੱਕ ਦੀ ਖੋਜ ਇਸ ਨੂੰ ਵੀ ਸਾਬਤ ਨਹੀਂ ਕਰ ਸਕੀ ਹੈ।

ਸਾਲ 2017 ਵਿਚ ਬ੍ਰਿਟਿਸ਼ ਜਰਨਲ ਆੱਫ਼ ਸਪੋਰਟਸ ਮੈਡੀਸਿਨ ਨੇ ਇੱਕ ਤਜਰਬੇ ਦਾ ਹਵਾਲਾ ਦਿੰਦਿਆਂ ਛਾਪਿਆ ਕਿ ਚੂਹਿਆਂ ਨੂੰ ਖੰਡ ਨਾਲ ਚਿੜਚਿੜਾਪਣ ਹੋ ਸਕਦਾ ਹੈ।

ਉਨ੍ਹਾਂ ਵਿੱਚ ਖੰਡ ਨੂੰ ਨਾਲ ਕੋਕੀਨ ਵਰਗੇ ਲੱਛਣ ਦੇਖੇ ਗਏ ਹਨ। ਹਾਲਾਂਕਿ ਇਸ ਦਾਅਵੇ ਦੀ ਕਾਫ਼ੀ ਆਲੋਚਨਾ ਵੀ ਕੀਤੀ ਗਈ।

ਆਸਟ੍ਰੇਲੀਆ ਦੀ ਸਵਿਨਬਰਨ ਯੂਨੀਵਰਸਿਟੀ ਵਿਚ ਐਕਸਪਰਟ ਮੈਥਿਊ ਪੇਸ ਨੇ ਖੰਡ ਦੀ ਲਤ ਬਾਬਤ ਖੋਜ ਕੀਤੀ ਹੈ। ਪੇਸ ਸਪਸ਼ਟ ਤੌਰ 'ਤੇ ਇਹ ਕਹਿਣ ਨੂੰ ਰਾਜ਼ੀ ਨਹੀਂ ਹਨ ਕਿ ਖੰਡ ਦਾ ਸਾਡੀ ਦਿਮਾਗੀ ਸਿਹਤ 'ਤੇ ਪ੍ਰਭਾਵ ਪੈਂਦਾ ਹੈ। ਯਾਨਿਕਿ ਇਸਦੀ ਆਦਤ ਬਾਰੇ ਉਹ ਸਪਸ਼ਟ ਤੌਰ 'ਤੇ ਕੁਝ ਨਹੀਂ ਕਹਿ ਸਕਦੇ।

Image copyright Getty Images
ਫੋਟੋ ਕੈਪਸ਼ਨ ਮਿੱਠੇ ਨੂੰ ਸਿਹਤ ਲਈ ਖਲਨਾਇਕ ਸਾਬਤ ਕਰਨਾ ਵੀ ਠੀਕ ਨਹੀਂ ਹੈ।

ਹਾਲ ਹੀ ਵਿਚ ਹੋਈ ਇੱਕ ਖੋਜ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਮਿੱਠਾ ਖਾਣ ਨਾਲ ਯਾਦਾਸ਼ਤ ਤੇਜ਼ ਹੁੰਦੀ ਹੈ। ਖਾਸ ਤੌਰ 'ਤੇ ਬਜ਼ੁਰਗਾਂ ਵਿੱਚ ਇਸਦਾ ਚੰਗਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਉਹ ਮਿੱਠਾ ਖਾ ਕੇ ਵੱਡੀ ਚੁਣੌਤੀਆਂ ਦਾ ਬਹਿਤਰ ਤਰੀਕੇ ਨਾਲ ਸਾਹਮਣਾ ਕਰ ਸਕੇ ਹਨ। ਉਨ੍ਹਾਂ ਨੂੰ ਇਸ ਲਈ ਜ਼ਿਆਦਾ ਜ਼ੋਰ ਵੀ ਨਹੀਂ ਲਗਾਉਣਾ ਪਿਆ ਅਤੇ ਨਾਂ ਹੀ ਕੰਮ ਕਰਦੇ ਹੋਏ ਉਨ੍ਹਾਂ ਨੂੰ ਜ਼ਿਆਦਾ ਥਕਾਵਟ ਮਹਿਸੂਸ ਹੋਈ। ਇਸ ਦੀ ਬਜਾਏ, ਕੰਮ ਪੂਰਾ ਹੋਣ 'ਤੇ ਉਨ੍ਹਾਂ ਖੁਸ਼ੀ ਦਾ ਅਨੁਭਵ ਕੀਤਾ।

ਹਰ ਰੋਜ਼ ਕਿੰਨਾ ਮਿੱਠਾ ਖਾਣਾ ਚਾਹੀਦਾ ਹੈ?

ਮੌਜੂਦਾ ਸਿਫ਼ਾਰਸ਼ਾਂ ਮੁਤਾਬਕ ਸਾਡੀ ਨਿੱਤ ਦਿਨ ਦੀ ਖੁਰਾਕ ਵਿੱਚ ਪੰਜ ਫ਼ੀਸਦੀ ਤੋਂ ਜਿਆਦਾ ਖੰਡ ਨਹੀਂ ਹੋਣੀ ਚਾਹਿਦੀ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਹਰ ਵਿਅਕਤੀ ਲਈ ਸੰਤੁਲਿਤ ਖੁਰਾਕ ਦਾ ਪੱਧਰ ਵੱਖਰਾ ਹੁੰਦਾ ਹੈ।

ਬ੍ਰਿਟਿਸ਼ ਡਾਈਟੀਸ਼ੀਅਨ ਰਿਨੀ ਮੈਕਗ੍ਰੇਗਰ ਕਹਿੰਦੇ ਹਨ ਕਿ, "ਮੈਂ ਖਿਡਾਰੀਆਂ ਦੇ ਨਾਲ ਕੰਮ ਕਰ ਚੁੱਕੀ ਹਾਂ। ਉਨ੍ਹਾਂ ਨੂੰ ਵਧੇਰੇ ਕੈਲੋਰੀਆਂ ਦੀ ਲੋੜ ਹੁੰਦੀ ਹੈ। ਉਹ ਕਸਰਤ ਕਰਕੇ ਵਾਧੂ ਕੈਲੋਰੀਆਂ ਖਪਾ ਦਿੰਦੇ ਹਨ, ਜਦੋਂ ਕਿ ਉਹ ਸਿਫ਼ਾਰਿਸ਼ ਕੀਤੀ ਮਾਤਰਾ ਤੋਂ ਵੱਧ ਮਿੱਠਾ ਲੈ ਰਹੇ ਹੁੰਦੇ ਹਨ।"

ਉਹ ਲੋਕ ਜੋ ਖਿਡਾਰੀ ਨਹੀਂ ਹਨ, ਉਨ੍ਹਾਂ ਲਈ ਖੰਡ ਲਈ ਆਪਣੇ ਖਾਣ-ਪੀਣ ਦਾ ਅਹਿਮ ਹਿੱਸਾ ਬਨਾਉਣਾ ਜ਼ਰੂਰੀ ਨਹੀਂ ਹੈ। ਪਰ ਮਿੱਠੇ ਨੂੰ ਸਿਹਤ ਲਈ ਖਲਨਾਇਕ ਸਾਬਤ ਕਰਨਾ ਵੀ ਠੀਕ ਨਹੀਂ ਹੈ।

ਇਹ ਵੀ ਪੜ੍ਹੋ:

ਰਿਨੀ ਮੈਕਗ੍ਰੇਗਰ ਕਹਿੰਦੀ ਹੈ ਕਿ, ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਨਾ ਖਾਣ ਲਈ ਮਨ ਪੱਕਾ ਕਰਦੇ ਹੋ, ਤਾਂ ਉਸ ਚੀਜ਼ ਨੂੰ ਖਾਣ ਲਈ ਤੁਹਾਡਾ ਹੋਰ ਵੀ ਜ਼ਿਆਦਾ ਮਨ ਕਰਦਾ ਹੈ। ਬਹਿਤਰ ਇਹ ਹੋਵੇਗਾ ਕਿ ਖੁਦ 'ਤੇ ਪਾਬੰਦੀਆਂ ਨਾ ਲਗਾਈਆਂ ਜਾਣ। ਪਰ ਇਹ ਜ਼ਰੂਰੀ ਹੈ ਕਿ ਮਿੱਠੇ ਦੀ ਮਾਤਰਾ 'ਤੇ ਕਾਬੂ ਕੀਤਾ ਜਾਵੇ।

ਜੇਮਜ਼ ਮੈਡੀਸਿਨ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਐਲਨ ਲੈਵੀਨੋਵਿਤਜ਼ ਇੱਕ ਹੋਰ ਦਿਲਚਸਪ ਸਿਧਾਂਤ ਲੈਕੇ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨਸਾਨ ਨੇ ਇਤਿਹਾਸਿਕ ਤੌਰ 'ਤੇ ਉਸ ਚੀਜ਼ ਨੂੰ ਖਲਨਾਇਕ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਵੱਲ ਉਹ ਜ਼ਿਆਦਾ ਆਕਰਸ਼ਿਤ ਹੁੰਦਾ ਹੈ। ਉਹ ਵਿਕਟੋਰੀ ਯੁਗ ਦੀ ਉਦਾਹਰਨ ਦਿੰਦੇ ਹਨ ਜਦੋਂ ਯੌਨ ਸੁੱਖ ਨੂੰ ਖਰਾਬ ਦੱਸਿਆ ਜਾਂਦਾ ਸੀ ਅਤੇ ਇਸ ਤੋਂ ਪਰਹੇਜ਼ ਕਰਨ ਦੀ ਸਲਾਹ ਵੀ ਬ੍ਰਿਟਿਸ਼ ਲੋਕਾਂ ਨੂੰ ਦਿੱਤੀ ਜਾਂਦੀ ਸੀ। ਐਲਨ ਕਹਿੰਦੇ ਹਨ ਕਿ ਅੱਜ ਮਿੱਠੇ ਨਾਲ ਵੀ ਇਹੀ ਹੋ ਰਿਹਾ ਹੈ। ਕਿਉਂਕਿ ਅਸੀਂ ਮਿੱਠੇ ਤੋਂ ਪੂਰੀ ਤਰ੍ਹਾਂ ਮੂੰਹ ਨਹੀਂ ਮੋੜ ਸਕਦੇ, ਇਸ ਲਈ ਅਸੀਂ ਇਸ ਨੂੰ ਗਲਤ ਸਾਬਤ ਕਰਨ ਵਿਚ ਲੱਗੇ ਹੋਏ ਹਾਂ।

Image copyright Getty Images
ਫੋਟੋ ਕੈਪਸ਼ਨ ਅਸੀਂ ਮਿੱਠੇ ਤੋਂ ਪੂਰੀ ਤਰ੍ਹਾਂ ਮੂੰਹ ਨਹੀਂ ਮੋੜ ਸਕਦੇ, ਇਸ ਲਈ ਅਸੀਂ ਇਸ ਨੂੰ ਗਲਤ ਸਾਬਤ ਕਰਨ ਵਿਚ ਲੱਗੇ ਹੋਏ ਹਾਂ।

ਲੈਵੀਨੋਵਿਤਜ਼ ਕਹਿੰਦੇ ਹਨ ਕਿ, "ਮਿੱਠਾ ਖਾਣ ਵਿੱਚ ਬਹੁਤ ਮਜ਼ਾ ਆਉਂਦਾ ਹੈ, ਨਤੀਜੇ ਵਜੋਂ ਅਸੀਂ ਮਿੱਠਾ ਖਾਣ ਨੂੰ ਪਾਪ ਮੰਨ ਬੈਠੇ ਹਾਂ। ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਪੁੰਨ ਅਤੇ ਪਾਪ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਅਸੀਂ ਉਸ ਦੀ ਬੁਰਾਈ ਨੂੰ ਬਹੁਤ ਘੱਟ ਮਾਤਰਾ ਵਿੱਚ ਹੀ ਬਰਦਾਸ਼ਤ ਕਰਦੇ ਹਾਂ, ਅੱਜ ਮਿੱਠੇ ਨਾਲ ਵੀ ਇਹੀ ਹੋ ਰਿਹਾ ਹੈ।"

ਐਲਨ ਦਾ ਕਹਿਣਾ ਹੈ ਕਿ ਖਾਣ ਪੀਣ ਦੀਆਂ ਵਸਤਾਂ ਨੂੰ ਕਾਲੇ ਅਤੇ ਚਿੱਟੇ ਦੀਆਂ ਸ਼੍ਰੇਰੀਆਂ ਵਿੱਚ ਵੰਡਣਾ ਠੀਕ ਨਹੀਂ ਹੈ। ਇਸ ਨਾਲ ਖਾਣੇ ਨੂੰ ਲੈਕੇ ਸਾਡੀਆਂ ਚਿੰਤਾਵਾਂ ਵੱਧਦੀਆਂ ਹਨ। ਨੈਤਿਕਤਾ ਦਾ ਸਵਾਲ ਖੜ੍ਹਾ ਹੁੰਦਾ ਹੈ। ਸਾਨੂੰ ਹਰ ਰੋਜ਼, ਸਵੇਰੇ-ਸ਼ਾਮ ਇਹ ਤੈਅ ਕਰਨਾ ਪੈਂਦਾ ਹੈ ਕਿ ਕੀ ਖਾਣਾ ਹੈ ਅਤੇ ਕੀ ਨਹੀਂ, ਜੋ ਠੀਕ ਨਹੀਂ ਹੈ।

Image copyright Getty Images
ਫੋਟੋ ਕੈਪਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਕਿਹੜਾ ਮਿੱਠਾ ਚੰਗਾ ਹੈ ਅਤੇ ਕਿਹੜਾ ਮਾੜਾ, ਬਹਿਤਰ ਹੋਵੇਗਾ ਕਿ ਅਸੀਂ ਇਸਦੀ ਚਿੰਤਾ ਕਰਨਾ ਛੱਡ ਦਈਏ।

ਖੰਡ ਜਾਂ ਮਿੱਠੇ ਨੂੰ ਪੂਰੀ ਤਰ੍ਹਾਂ ਆਪਣੇ ਖਾਣੇ ਵਿਚੋਂ ਹਟਾਉਣ ਨਾਲ ਮਾੜੇ ਪ੍ਰਭਾਵ ਵੀ ਹੋ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਇਸਤੋਂ ਬਾਅਦ ਜੋ ਖਾਇਆ ਜਾਵੇ, ਉਸ ਵਿਚ ਖੰਡ ਤੋਂ ਵੀ ਵੱਧ ਕੈਲੋਰੀਜ਼ ਹੋਣ। ਮਿੱਠੇ ਨੂੰ ਲੈਕੇ ਜੇ ਬਹਿਸ ਛਿੜੀ ਹੋਈ ਹੈ ਤਾਂ ਇਸ ਵਿਚ ਸੌਫ਼ਟ ਡਰਿੰਕਜ਼ ਤੋਂ ਲੈਕੇ ਫ਼ਲਾਂ ਦੇ ਰਸ ਨੂੰ ਵੀ ਘਸੀਟਿਆ ਜਾ ਰਿਹਾ ਹੈ। ਜਦੋਂ ਕਿ ਸੌਫ਼ਟ ਡਰਿੰਕਸ ਦੇ ਮੁਕਾਬਲੇ ਫਲਾਂ ਦੇ ਰਸ ਵਿੱਚ ਮਿੱਠੇ ਦੇ ਨਾਲ ਨਾਲ ਬਹੁਤ ਗੁਣਵੱਤਾ ਵੀ ਹੁੰਦੀ ਹੈ।

ਸਵੀਡਨ ਦੀ ਰਹਿਣ ਵਾਲੀ ਟੀਨਾ ਗ੍ਰੰਡਿਨ ਇਸ ਦੇ ਨੁਕਸਾਨ ਭੁਗਤ ਚੁੱਕੀ ਹੈ। ਬਚਪਨ ਤੋਂ ਹੀ ਮਿੱਠੇ ਨੂੰ ਗਲਤ ਮੰਨਣ ਦਾ ਨਤੀਜਾ ਇਹ ਹੋਇਆ ਕਿ ਉਹ ਜ਼ਿਆਦਾ ਪ੍ਰੋਟੀਨ ਅਤੇ ਸ਼ਾਕਾਹਾਰੀ ਖਾਣਾ ਖਾਂਦੀ ਰਹੀ। ਇਸ ਨਾਲ ਉਸ ਨੂੰ ਇੱਕ ਖਾਣ-ਪੀਣ ਦੀ ਅਜੀਬ ਬਿਮਾਰੀ ਹੋ ਗਈ।

ਆਖ਼ਰਕਾਰ ਡਾਕਟਰਾਂ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੇ ਕਾਰਬੋਹਾਈਡਰੇਟਜ਼ ਅਤੇ ਕੁਦਰਤੀ ਮਿਠਾਸ ਨਾਲ ਭਰਪੂਰ ਭੋਜਨ ਖਾਣਾ ਸ਼ੁਰੂ ਕੀਤਾ, ਜਿਸ ਤੋਂ ਬਾਅਦ ਟੀਨਾ ਦੀ ਬਿਮਾਰੀ ਠੀਕ ਹੋ ਗਈ।

ਮਾਹਿਰਾਂ ਦਾ ਕਹਿਣਾ ਹੈ ਕਿ ਕਿਹੜਾ ਮਿੱਠਾ ਚੰਗਾ ਹੈ ਅਤੇ ਕਿਹੜਾ ਮਾੜਾ, ਇਸ 'ਤੇ ਬਹਿਸ ਚੱਲ ਰਹੀ ਹੈ। ਬਹਿਤਰ ਹੋਵੇਗਾ ਕਿ ਅਸੀਂ ਇਸਦੀ ਚਿੰਤਾ ਕਰਨਾ ਛੱਡ ਦਈਏ।

ਰਿਨੀ ਮੈਕਗ੍ਰੇਗਰ ਦਾ ਕਹਿਣਾ ਹੈ ਕਿ, "ਅਸੀਂ ਖਾਣ-ਪੀਣ ਨੂੰ ਬਹੁਤ ਗੁੰਝਲਦਾਰ ਬਣਾ ਲਿਆ ਹੈ। ਹਰ ਕੋਈ ਸੰਪੂਰਨ ਹੋਣਾ ਚਾਹੁੰਦਾ ਹੈ। ਹਰ ਵਿਅਕਤੀ ਪਰਫ਼ੈਕਟ ਅਤੇ ਸਫ਼ਲ ਹੋਣਾ ਚਾਹੁੰਦਾ ਹੈ। ਪਰ ਸੰਪੂਰਨਤਾ ਵਰਗੀ ਕੋਈ ਚੀਜ਼ ਨਹੀਂ ਹੁੰਦੀ।"

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)