ਕੈਦੀਆਂ ਨਾਲ ਕੰਮ ਕਿਉਂ ਕਰਨਾ ਚਾਹੁੰਦੀਆਂ ਹਨ ਇਹ ਔਰਤਾਂ

ਕੈਰਾਮਾਇਨ
ਫੋਟੋ ਕੈਪਸ਼ਨ ਕੈਰਾਮਾਇਨ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਅਤੀਤ ਦੇ ਅਨੁਭਵ ਉਨ੍ਹਾਂ ਦੀ ਨਵੇਂ ਕੰਮ ਵਿੱਚ ਮਦਦ ਕਰਨਗੇ।

ਇੰਗਲੈਂਡ ਅਤੇ ਵੇਲਜ਼ ਦੀਆਂ ਕਈ ਜੇਲ੍ਹਾਂ ਵਿੱਚ ਨਸ਼ੇ ਅਤੇ ਹਿੰਸਾ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ, ਜੇਲ੍ਹ ਪ੍ਰਬੰਧ ਉੱਪਰ ਸਵਾਲ ਉੱਠ ਰਹੇ ਹਨ। ਇਸ ਹਾਲਤ ਵਿੱਚ ਬੀਬੀਸੀ ਰੇਡੀਓ-4 ਨੂੰ ਤਿੰਨ ਔਰਤਾਂ ਨੇ ਦੱਸਿਆ ਕਿ ਉਹ ਪੁਰਸ਼ਾਂ ਵਾਲੀ ਜੇਲ੍ਹ ਵਿੱਚ ਕੰਮ ਕਿਉਂ ਕਰਨਾ ਚਾਹੁੰਦੀਆਂ ਹਨ।

ਇਨ੍ਹਾਂ ਤਿੰਨਾਂ ਵਿੱਚੋਂ ਇੱਕ ਕੈਰਾਮਾਇਨ ਨੇ ਆਪਣੀ ਬਾਂਹ 'ਤੇ ਅੰਗਰੇਜ਼ੀ ਵਿੱਚ ̔ਮਿਸਅੰਡਰਸਟੁੱਡ' ਖੁਣਵਾਇਆ ਹੋਇਆ ਹੈ।

ਉਸਦੀ ਸਹੇਲੀ ਦੀ ਕੂਹਣੀ 'ਤੇ ਵੀ ਅਜਿਹਾ ਹੀ ਟੈਟੂ ਖੁਣਿਆ ਹੋਇਆ ਸੀ, ਜਿਸਦਾ ਕਤਲ ਕਰ ਦਿੱਤਾ ਗਿਆ ਸੀ। ਕੈਰਾਮਾਇਨ ਨੇ ਇਹ ਟੈਟੂ ਉਸੇ ਸਹੇਲੀ ਦੀ ਯਾਦ ਵਿੱਚ ਬਣਵਾਇਆ ਹੈ।

ਕੈਰਾਮਾਇਨ ਨੇ ਮੰਨਿਆ ਕਿ ਉਨ੍ਹਾਂ ਨੂੰ ਇਸ ਦੇ ਅਸਲੀ ਅਰਥ ਤਾਂ ਨਹੀਂ ਪਤਾ ਪਰ ਇਹ ਉਨ੍ਹਾਂ ਨੇ ਆਪਣੀ ਸਹੇਲੀ ਦੀ ਯਾਦ ਵਿੱਚ ਬਣਵਾਇਆ ਹੋਇਆ ਹੈ।

ਉਹ ਸਹੇਲੀ ਜੋ ਕੈਰਾਮਾਇਨ ਦੀਆਂ ਭੈਣਾਂ ਵਰਗੀ ਸੀ।

ਤਬਦੀਲੀ ਦੀ ਵਾਹਕ

ਕੈਰਾਮਾਇਨ ਨੂੰ ਇਹ ਟੈਟੂ ਹੁਣ ਉਨ੍ਹਾਂ ਦੀ ਜੇਲ੍ਹਰ ਦੀ ਨਵੀਂ ਨੌਕਰੀ ਲਈ ਉਤਸ਼ਾਹਿਤ ਕਰਦਾ ਹੈ।

"ਮੇਰੀ ਸਹੇਲੀ ਜਾਣਦੀ ਸੀ ਕਿ ਇੱਕ ਦਿਨ ਮੈਂ ਜੇਲ੍ਹਰ ਬਣਾਂਗੀ। ਉਹ ਮੈਨੂੰ ਪਾਗਲ ਦੱਸਦੀ ਅਤੇ ਦਿਮਾਗੀ ਜਾਂਚ ਦੀ ਸਲਾਹ ਦਿੰਦੀ।"

ਇਹ ਵੀ ਪੜ੍ਹੋ꞉

ਕੈਰਾਮਾਇਨ ਨੂੰ ਆਪਣੀ ਸਹੇਲੀ ਦੇ ਕਾਤਲ ਨਾਲ ਗੂੜ੍ਹੀ ਨਫ਼ਰਤ ਸੀ ਪਰ ਇੱਕ ਦਿਨ ਉਨ੍ਹਾਂ ਦੀ ਮਾਂ ਨੇ ਕਿਹਾ ਕਿ ਹਰ ਕਿਸੇ ਨੂੰ ਦੂਸਰਾ ਮੌਕਾ ਮਿਲਣਾ ਚਾਹੀਦਾ ਹੈ।

ਉਦੋਂ ਹੀ ਮੈਂ ਫੈਸਲਾ ਕਰ ਲਿਆ ਕਿ ਮੈਂ ਜੇਲ੍ਹਰ ਬਣਾਂਗੀ।

ਸੁਰਖਿਆ ਕਾਰਨਾਂ ਕਰਕੇ ਇਸ ਕਹਾਣੀ ਵਿਚਲੀਆਂ ਔਰਤਾਂ ਦੇ ਗੋਤ ਨਹੀਂ ਵਰਤੇ ਗਏ।

ਕੈਰਾਮਾਇਨ ਨਾਲ ਮੇਰੀ ਮੁਲਾਕਾਤ ਨਿਊਬੋਲਡ ਰੇਵੇਲ ਵਿੱਚ ਉਸਦੀ ਟਰੇਨਿੰਗ ਦੌਰਾਨ ਹੋਈ।

50 ਸਾਲਾ ਕੈਰਾਮਾਇਨ ਇੱਕ ਮਾਂ ਅਤੇ ਦਾਦੀ ਹੈ। ਪਹਿਲਾਂ ਉਹ ਇੱਕ ਪੇਂਟਰ ਅਤੇ ਘਰਾਂ ਦੀ ਸਜਾਵਟ ਕਰਦੇ ਸਨ।

ਪੇਂਟਿੰਗ ਦੌਰਾਨ ਵਾਪਰੀਆਂ ਘਟਨਾਵਾਂ ਕਾਰਨ ਉਹ ਕੁਝ ਹੋਰ ਕਰਨਾ ਚਾਹੁੰਦੇ ਸਨ। ਫਿਲਹਾਲ ਕੈਰਾਮਾਇਨ ਇੱਕ ਜੇਲ੍ਹ ਵਿੱਚ ਉਸਦੇ ਕੰਮ-ਕਾਜ ਨੂੰ ਸਮਝਣ ਲਈ ਸਮਾਂ ਬਿਤਾ ਰਹੀ ਹੈ ਤਾਂ ਕਿ ਉਹ ਇਸ ਕੰਮ ਨੂੰ ਅਪਣਾ ਸਕੇ।

ਕੈਰਾਮਾਇਨ ਦਾ ਕਹਿਣਾ ਹੈ ਕਿ ਉਹ ਜੇਲ੍ਹ ਦੀ ਜ਼ਿੰਦਗੀ ਨਾਲ ਜੁੜੀਆਂ ਚੁਣੌਤੀਆਂ ਨਾਲ ਸਿੱਝਣ ਲਈ ਤਿਆਰ ਹਨ ਕਿਉਂਕਿ ਜੇਲ੍ਹ ਦੀ ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਕਈ ਘਟਨਾਵਾਂ ਦਾ ਉਨ੍ਹਾਂ ਨੂੰ ਜ਼ਾਤੀ ਤਜ਼ਰਬਾ ਹੈ।

"ਮੇਰੇ ਭਰਾ ਅਤੇ ਭਤੀਜੇ ਨੇ ਖ਼ੁਦਕੁਸ਼ੀਆਂ ਕੀਤੀਆਂ ਸਨ। ਮੈਨੂੰ ਖ਼ੁਦਕੁਸ਼ੀਆਂ ਤੋਂ ਭੈਅ ਨਹੀਂ ਆਉਂਦਾ। ਮੈਨੂੰ ਪਤਾ ਹੈ ਕਿ ਮੈਂ ਇਨ੍ਹਾਂ ਹਾਲਾਤਾਂ ਨਾਲ ਨਿਪਟ ਸਕਦੀ ਹਾਂ ਅਤੇ ਮੈਨੂੰ ਪਰਿਵਾਰਾਂ ਨਾਲ ਹਮਦਰਦੀ ਹੋਵੇਗੀ।"

ਮਮਤਾ ਦੀ ਭਾਵਨਾ

ਕੈਰਾਮਾਇਨ ਮੁਤਾਬਕ ਉਨ੍ਹਾਂ ਦੇ ਨਵੇਂ ਕੰਮ ਵਿੱਚ ਉਨ੍ਹਾਂ ਦਾ ਜ਼ਿੰਦਗੀ ਦਾ ਆਪਣਾ ਤਜ਼ਰਬਾ ਅਹਿਮ ਭੂਮਿਕਾ ਨਿਭਾਵੇਗਾ।

"ਤੁਸੀਂ ਜੁਆਨਾਂ ਨੂੰ ਜੇਲ੍ਹ ਵਿੱਚ ਆਉਂਦੇ ਦੇਖਦੇ ਹੋ ਜੋ ਉਨ੍ਹਾਂ ਨੂੰ ਤੋੜ ਦਿੰਦਾ ਹੈ। ਤੁਹਾਨੂੰ ਕਿਸੇ ਮਮਤਾਮਈ ਸ਼ਖਸ਼ੀਅਤ ਦੀ ਲੋੜ ਹੁੰਦੀ ਹੈ ਜੋ ਸਭ ਸਾਂਭ ਸਕੇ।"

ਕੈਰਾਮਾਇਨ ਆਪ ਵੀ ਪੀੜਤ ਰਹੇ ਹਨ। ਉਨ੍ਹਾਂ ਦਾ ਸਾਥੀ ਉਨ੍ਹਾਂ ਨੂੰ ਤੰਗ ਕਰਦਾ ਸੀ ਜਿਸ ਕਰਕੇ ਉਨ੍ਹਾਂ ਨੂੰ ਇੱਕ ਆਸ਼ਰਮ ਵਿੱਚ ਪਨਾਹ ਲੈਣੀ ਪਈ। ਇਸਦੇ ਬਾਵਜ਼ੂਦ ਜੇਲ੍ਹ ਉਨ੍ਹਾਂ ਲਈ ਇੱਕ ਸੁਧਰ ਘਰ ਹੈ ਨਾ ਕਿ ਕੈਦਖਾਨਾ।

"ਕੈਦ ਉਨ੍ਹਾਂ ਨੂੰ ਸਮਝਾਉਂਦੀ ਹੈ ਕਿ ਬਾਹਰ ਜਾ ਕੇ ਮੁੜ ਕੋਈ ਗੁਨਾਹ ਨਹੀਂ ਕਰਨਾ। ਅਸੀਂ ਉਨ੍ਹਾਂ ਨੂੰ ਸਿਖਾਉਂਦੇ ਹਾਂ ਕਿ ਜੋ ਕੁਝ ਵੀ ਉਨ੍ਹਾਂ ਨੇ ਅਤੀਤ ਵਿੱਚ ਕੀਤਾ ਉਹ ਠੀਕ ਨਹੀਂ ਸੀ ਅਤੇ ਉਨ੍ਹਾਂ ਦੀ ਮਦਦ ਕਰਦੇ ਹਾਂ ਕਿ ਉਹ ਬਿਹਤਰ ਇਨਸਾਨ ਬਣ ਕੇ ਸਮਾਜ ਵਿੱਚ ਵਾਪਸ ਪਰਤਣ।"

49 ਸਾਲਾ ਸੈਲੀ ਅਤੇ 24 ਸਾਲਾਂ ਦੀ ਕਲੈਪਸੋ ਵੀ ਕੈਰਾਮਾਇਨ ਦੇ ਨਾਲ ਹੀ ਆਪਣੀ ਸਿਖਲਾਈ ਪੂਰੀ ਕਰ ਰਹੀਆਂ ਹਨ।

ਸੈਲੀ ਪਹਿਲਾਂ ਬੈਂਕਿੰਗ ਖੇਤਰ ਵਿੱਚ ਕੰਮ ਕਰਦੀ ਸੀ ਜਦਕਿ ਕਲੈਪਸੋ ਓਪਨ ਯੂਨੀਵਰਸਿਟੀ ਤੋਂ ਫੌਰੈਂਸਿਕ ਵਿਗਿਆਨ ਵਿੱਚ ਮਨੋਵਿਗਿਆਨ ਦੀ ਡਿਗਰੀ ਲਈ ਪੜ੍ਹਾਈ ਦੇ ਨਾਲ-ਨਾਲ ਇੱਕ ਬਾਰ ਵਿੱਚ ਵੀ ਕੰਮ ਕਰਦੀ ਸੀ।

ਉਨ੍ਹਾਂ ਨੂੰ 12 ਹਫ਼ਤਿਆਂ ਦੀ ਟਰੇਨਿੰਗ ਦਿੱਤੀ ਜਾਵੇਗੀ ਜਿਸ ਵਿੱਚੋਂ 10 ਹਫਤੇ ਉਹ ਨਿਊਬੋਲਡ ਰੇਵੇਲ ਵਿੱਚ ਬਿਤਾਉਣਗੀਆਂ।

ਨਿਊਬੋਲਡ ਰੇਵੇਲ 18ਵੀਂ ਸਦੀ ਦੀ ਇੱਕ ਇਮਾਰਤ ਹੈ ਜਿਸ ਨੂੰ ਜੇਲ੍ਹ ਅਧਿਕਾਰੀਆਂ ਨੂੰ ਸਿਖਲਾਈ ਦੇਣ ਵਾਲੇ ਕੇਂਦਰ ਵਜੋਂ ਵਰਤਿਆ ਜਾਂਦਾ ਹੈ।

ਇਸ ਟਰੇਨਿੰਗ ਵਿੱਚ ਉਨ੍ਹਾਂ ਨੂੰ ਕਲਾਸ ਰੂਮ ਵਿੱਚ ਪੜ੍ਹਾਈ ਦੇ ਨਾਲ-ਨਾਲ, ਹੱਥਕੜੀਆਂ ਲਾਉਣਾ, ਸੈਲਾਂ ਦੀ ਤਲਾਸ਼ੀ ਲੈਣਾ, ਸੈਲਾਂ ਦੇ ਦਰਵਾਜ਼ੇ ਖੋਲ੍ਹਣੇ ਅਤੇ ਬੰਦ ਕਰਨੇ ਸਿਖਾਏ ਜਾਣਗੇ। ਇਸਦੇ ਇਲਾਵਾ ਉਨ੍ਹਾਂ ਨੂੰ ਟਕਰਾਅ ਨਾਲ ਨਜਿੱਠਣਾ ਅਤੇ ਆਪਣੀ ਗੱਲ ਸਪਸ਼ਟਤਾ ਨਾਲ ਦੱਸਣਾ ਵੀ ਸਿਖਾਇਆ ਜਾਵੇਗਾ।

ਇਹ ਤਿੰਨੇ ਜਣੀਆਂ ਉਸ ਸਮੇਂ ਜੇਲ੍ਹਾਂ ਵਿੱਚ ਕੰਮ ਸੰਭਾਲਣਗੀਆਂ ਜਦੋਂ ਕੈਦੀ ਬੇਹੱਦ ਮਾਨਸਿਕ ਤਣਾਅ ਵਿੱਚੋਂ ਲੰਘ ਰਹੇ ਹਨ।

ਇਹ ਵੀ ਪੜ੍ਹੋ꞉

ਜੇਲ੍ਹਾਂ ਵਿੱਚ ਕੈਦੀਆਂ ਵਿੱਚ ਵਧ ਰਹੀ ਹਿੰਸਾ, ਜਿਣਸੀ ਹਿੰਸਾ ਅਤੇ ਨਸ਼ਿਆਂ ਦੀ ਵਰਤੋਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਬਾਰੇ ਚੇਤਾਵਨੀਆਂ ਵੀ ਜਾਰੀ ਕੀਤੀਆਂ ਗਈਆਂ ਹਨ।

ਲਗਾਤਾਰ ਰਿਟਾਇਰ ਹੁੰਦੇ ਜੇਲ੍ਹ ਸਟਾਫ ਕਰਕੇ ਜੇਲ੍ਹਾਂ ਵਿੱਚ ਕਰਮਚਾਰੀਆਂ ਦੀ ਕਮੀ ਹੈ ਅਤੇ ਸਰਕਾਰ 52,000 ਹੋਰ ਜੇਲ੍ਹਰਾਂ ਨੂੰ ਟਰੇਨਿੰਗ ਦੇਣ ਦੀ ਯੋਜਨਾ ਬਣਾ ਰਹੀ ਹੈ।

ਇਸ ਮੌਕੇ ਇਸ ਖਿੱਤੇ ਵਿੱਚ ਮਰਦਾਂ ਦਾ ਦਬਦਬਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਇਸ ਸਮੇਂ ਇੰਗਲੈਂਡ ਅਤੇ ਵੇਲਜ਼ ਵਿੱਚ 48000 ਜੇਲ੍ਹਰ ਹਨ ਜਿਨ੍ਹਾਂ ਵਿੱਚੋਂ ਮਹਿਜ਼ ਇੱਕ ਚੌਥਾਈ ਤੋਂ ਕੁਝ ਵੱਧ ਹੀ ਔਰਤਾਂ ਹਨ।

ਇਹ ਮੈਨੂੰ ਰੋਮਾਂਚਿਤ ਕਰਦਾ ਹੈ

ਨਵੀਂ ਨੌਕਰੀ ਦੀਆਂ ਚੁਣੌਤੀਆਂ ਦੇ ਬਾਵਜ਼ੂਦ ਇਨ੍ਹਾਂ ਤਿੰਨਾਂ ਦਾ ਕਹਿਣਾ ਹੈ ਕਿ ਉਹ ਇਸ ਕੰਮ ਲਈ ਉਤਸ਼ਾਹਿਤ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਕੋਈ ਨਵੀਆਂ ਨਹੀਂ ਹਨ।

ਸੈਲੀ ਨੇ ਕਿਹਾ, "ਮੈਨੂੰ ਪਤਾ ਹੈ ਕਿ ਮੈਂ ਕੀ ਕਰ ਰਹੀ ਹਾਂ।"

ਫੋਟੋ ਕੈਪਸ਼ਨ ਸੈਲੀ ਨੇ ਕਿਹਾ, "ਮੈਨੂੰ ਪਤਾ ਹੈ ਕਿ ਮੈਂ ਕੀ ਕਰ ਰਹੀ ਹਾਂ।"

"ਇਹ ਮੇਰੇ ਲਈ ਕੋਈ ਬਹੁਤੀ ਉਮੀਦ ਵਾਲੀ ਹਾਲਤ ਤਾਂ ਨਹੀਂ ਹੈ। ਮੈਂ ਉਤਸ਼ਾਹਿਤ ਹਾਂ ਕਿਉਂਕਿ ਮੈਂ ਜਾਣਦੀ ਹਾਂ ਕਿ ਜੇਲ੍ਹਾਂ ਵਿੱਚ ਰੀਹੈਬਲੀਟੇਸ਼ਨ ਦਾ ਕਲਚਰ ਹੈ। ਇਸ ਕਰਕੇ ਮੁਲਜ਼ਮਾਂ ਵਿੱਚ ਤਬਦੀਲੀ ਆਉਂਦੀ ਹੈ ਅਤੇ ਮੈਨੂੰ ਇਹੀ ਉਤਸ਼ਾਹਿਤ ਕਰਦਾ ਹੈ। ਬੇਸ਼ੱਕ ਚੁਣੌਤੀਆਂ ਹੋਣਗੀਆਂ ਪਰ ਇਹ ਚੁਣੌਤੀਆਂ ਹੀ ਮੌਕੇ ਹਨ।"

ਕਲੈਪਸੋ ਮੰਨਦੀ ਹੈ ਕਿ "ਇਹ ਖ਼ਤਰਨਾਕ ਹੈ" ਪਰ ਇਸ ਨਾਲ ਮੈਂ ਨਿਰਾਸ਼ ਨਹੀਂ ਹਾਂ ਕਿਉਂਕਿ ਇਹ ਤਾਂ ਤੁਹਾਡੇ ਦੂਸਰਿਆਂ ਨਾਲ ਰਾਬਤਾ ਕਰ ਸਕਣ ਦੇ ਕੌਸ਼ਲ ਨਾਲ ਜੁੜਿਆ ਹੋਇਆ ਹੈ।

"ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੇ ਵੱਡੇ ਜਾਂ ਸਖ਼ਤ ਹੋ। ਜੇ ਮੈਂ ਇੱਕ ਵੀ ਇਨਸਾਨ ਦੀ ਮਦਦ ਕਰ ਸਕੀ ਤਾਂ ਮੈਂ ਸਮਝਾਂਗੀ ਕਿ ਮੈਂ ਆਪਣਾ ਕੰਮ ਕਰ ਲਿਆ।"

ਰੇਡੀਓ-4 ਦੇ ਔਰਤਾਂ ਲਈ ਪ੍ਰੋਗਰਾਮ (ਵਿਮਿਨ ਆਵਰ) ਉੱਪਰ ਇਹ ਸਾਰੇ ਇੰਟਰਵਿਊ ਸੁਣੋ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ