'ਕੋ ਕੋ ਕੋਰੀਨਾ' : ਕੋਕ ਸਟੂਡੀਓ ਦੇ ਇਸ ਗੀਤ ਨੇ ਪਾਈ ਪਾਕਿਸਤਾਨ 'ਚ ਭਸੂੜੀ

Momina Mustehsan Image copyright Momina Mustehsan/Facebook
ਫੋਟੋ ਕੈਪਸ਼ਨ ਮੋਮੀਨਾ ਅਤੇ ਅਹਿਦ ਰਜ਼ਾ ਮੀਰ ਨੇ ਕੋਕ ਸਟੂਡੀਓ ਵਿੱਚ 'ਕੋ ਕੋ ਕੋਰੀਨਾ' ਗੀਤ ਗਾਇਆ ਹੈ

ਕਈ ਪੁਰਾਣੇ ਗੀਤ ਹਨ, ਜਿਨ੍ਹਾਂ ਦੇ ਰੀਮਿਕਸ ਬਣਦੇ ਹਨ। ਕਈ ਗੀਤਾਂ ਨੂੰ ਪਸੰਦ ਕੀਤਾ ਜਾਂਦਾ ਹੈ ਤਾਂ ਕਈ ਗੀਤ ਦਰਸ਼ਕਾਂ ਨੂੰ ਪੁਰਾਣੇ ਰੂਪ ਵਿੱਚ ਹੀ ਪਸੰਦ ਆਉਂਦੇ ਹਨ।

ਅਜਿਹਾ ਕੁਝ ਹੋਇਆ ਪਾਕਿਸਤਾਨ ਦੇ ਮਸ਼ਹੂਰ ਗੀਤ 'ਕੋ ਕੋ ਕੋਰੀਨਾ' ਦੇ ਨਾਲ ਵੀ, ਜਿਸ ਉੱਤੇ ਵਿਵਾਦ ਇੰਨਾ ਵੱਧ ਗਿਆ ਹੈ ਕਿ ਇਸ ਵਿੱਚ ਪਾਕਿਸਤਾਨ ਸਰਕਾਰ ਦੀ ਮੰਤਰੀ ਵੀ ਸ਼ਾਮਿਲ ਹੋ ਗਈ।

ਇਸ ਨੂੰ ਗੀਤ ਨੂੰ ਗਾਇਆ ਹੈ ਮੋਮੀਨਾ ਮੁਸਤੇਹਸਨ ਅਤੇ ਅਹਿਦ ਮੀਰ ਨੇ। ਇਹ ਅਹਿਦ ਮੀਰ ਦਾ ਪਹਿਲਾ ਗੀਤ ਹੈ। ਇਸ ਗੀਤ ਦੀ ਨਾਪਸੰਦਗੀ ਕਰਨ ਵਾਲਿਆਂ ਦੀ ਸੂਚੀ ਵਿੱਚ ਮੋਹਰੀ ਹਨ ਪਾਕਿਸਤਾਨ ਦੀ ਮਨੁੱਖੀ ਅਧਿਕਾਰਾਂ ਦੀ ਮੰਤਰੀ ਸ਼ੀਰੀਨ ਮਾਜਰੀ।

ਇਹ ਵੀ ਪੜ੍ਹੋ:

ਮਸ਼ਹੂਰ ਟੀਵੀ ਸ਼ੋਅ ਕੋਕ ਸਟੂਡੀਓ ਨੇ ਇਹ ਗੀਤ ਯੂ-ਟਿਊਬ ਉੱਤੇ ਅਪਲੋਡ ਕੀਤਾ ਤਾਂ ਸ਼ੀਰੀਨ ਮਾਜਰੀ ਨੇ ਟਵੀਟ ਕਰਕੇ ਨਾਰਾਜ਼ਗੀ ਪ੍ਰਗਟਾਈ । ਉਨ੍ਹਾਂ ਲਿਖਿਆ, "ਭਿਆਨਕ! ਇੱਕ ਸ਼ਾਨਦਾਰ ਕਲਾਸਿਕ ਗੀਤ ਨੂੰ ਤਬਾਹ ਕਰ ਦਿੱਤਾ ਗਿਆ - ਕੋਕ ਸਟੂਡਿਓ ਨੇ ਕਿਉਂ ਇਸ ਕਲਾਸਿਕ ਗੀਤ ਦੇ ਅਜਿਹੇ ਕਤਲੇਆਮ ਦੀ ਇਜਾਜ਼ਤ ਦਿੱਤੀ?"

ਵਿਵਾਦ ਤੋਂ ਬਾਅਦ ਮੋਮੀਨਾ ਮੁਸਤੇਹਸਨ ਨੇ ਟਵੀਟ ਕਰਕੇ ਮਾਫੀ ਮੰਗੀ। ਉਨ੍ਹਾਂ ਨੇ ਕਿਹਾ, "ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮਾਫੀ ਚਾਹੁੰਦੀ ਹਾਂ।

ਤੁਹਾਡਾ ਹੱਕ ਹੈ ਕਿ ਤੁਸੀਂ ਸਾਡੇ ਬਾਰੇ ਵਿਚਾਰ ਰੱਖੋ ਅਤੇ ਆਪਣੀ ਨਾਰਾਜ਼ਗੀ ਜ਼ਾਹਿਰ ਕਰੋ, ਉਸੇ ਤਰ੍ਹਾਂ ਹੀ ਜਿਵੇਂ ਸਾਡਾ ਅਧਿਕਾਰ ਹੈ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨ ਦਾ।

ਸਾਡੇ ਮਨੁੱਖੀ ਅਧਿਕਾਰਾਂ ਦੇ ਮੰਤਰੀ ਹੋਣ ਕਾਰਨ ਤੁਹਾਨੂੰ ਕੋਕ ਸਟੂਡੀਓ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੇ ਸਾਨੂੰ ਅਜਿਹੀ ਇਜਾਜ਼ਤ ਦਿੱਤੀ। ਖਾਸ ਕਰਕੇ ਉਦੋਂ ਜਦੋਂ ਉਹ ਭਿਆਨਕ ਸੀ।"

ਹਾਲਾਂਕਿ ਬਾਅਦ ਵਿੱਚ ਮਨੁੱਖੀ ਅਧਿਕਾਰਾਂ ਦੀ ਮੰਤਰੀ ਸ਼ੀਰੀਨ ਮਾਜਰੀ ਸਪੱਸ਼ਟ ਨੇ ਕੀਤਾ ਕਿ ਉਹ ਸਿਰਫ਼ ਗੀਤ ਬਾਰੇ ਆਪਣਾ ਪੱਖ ਰੱਖ ਰਹੇ ਸਨ। ਫਿਰ ਮੰਤਰਾਲੇ ਨੂੰ ਇਸ ਵਿੱਚ ਲਿਆਉਣ ਦੀ ਕੀ ਲੋੜ ਹੈ।

ਫਿਰ ਮੋਮੀਨਾ ਨੇ ਜੋ ਟਵੀਟ ਕੀਤਾ ਉਹ ਉਸ ਨੇ ਸਭ ਤੋਂ ਉੱਤੇ ਪਿੰਨ ਵੀ ਕਰ ਦਿੱਤਾ ਹੈ। ਇਸ ਵਿੱਚ ਉਨ੍ਹਾਂ ਲਿਖਿਆ, "ਮੈਂ ਇਸ ਦੀ ਇੱਜ਼ਤ ਕਰਦੀ ਹਾਂ।

ਮੈਂ ਮਾਫੀ ਵੀ ਮੰਗੀ ਅਤੇ ਇਹ ਵੀ ਕਬੂਲ ਕੀਤਾ ਕਿ ਤੁਹਾਡਾ ਪੂਰਾ ਹੱਕ ਹੈ ਕਿ ਤੁਸੀਂ ਗੀਤ ਬਾਰੇ ਆਪਣੇ ਵਿਚਾਰ ਰੱਖੋ ਅਤੇ ਆਪਣੀ ਨਾਰਾਜ਼ਗੀ ਜਤਾਓ।

ਮੈਂ ਤਾਂ ਸਿਰਫ਼ ਤੁਹਾਡੇ ਸਵਾਲ ਦਾ ਜਵਾਬ ਹੀ ਦੇ ਰਹੀ ਸੀ ਕਿ ਕੋਕ ਸਟੂਡੀਓ ਨੇ ਇਸ ਦੀ ਇਜਾਜ਼ਤ ਕਿਉਂ ਦਿੱਤੀ।"

"ਇਸ ਦੇਸ ਦੇ ਨਾਗਰਿਕ ਹੋਣ ਦੇ ਕਾਰਨ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ। ਸਪਾਈਡਰ ਮੈਨ ਫਿਲਮ ਦੇ ਪਾਤਰ ਤੇ ਉਸ ਦੇ ਅੰਕਲ ਬੈੱਨ ਨੇ ਵੀ ਕਿਹਾ ਹੈ 'ਵੱਡੀ ਤਾਕਤ ਦੇ ਨਾਲ ਵੱਡੀ ਜ਼ਿੰਮੇਵਾਰੀ ਆਉਂਦੀ ਹੈ'।"

ਇਸ ਸਾਰੇ ਵਿਵਾਦ ਦੌਰਾਨ ਕਈ ਲੋਕ ਮੋਮੀਨਾ ਦੇ ਪੱਖ ਵਿੱਚ ਆਏ ਅਤੇ ਕਈ ਸ਼ੀਰੀਨ ਦੇ ਪੱਖ ਵਿੱਚ ਨਿਤਰ ਆਏ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਗੀਤ ਇੰਨਾ ਮਾੜਾ ਹੈ ਕਿ ਅਧਿਕਾਰਾਂ ਦੀ ਉਲੰਘਣਾ ਹੀ ਹੈ ਜਦੋਂਕਿ ਕੁਝ ਲੋਕਾਂ ਨੇ ਇਹ ਵੀ ਸਵਾਲ ਖੜ੍ਹਾ ਕੀਤਾ ਕਿ ਜਦੋਂ ਦੇਸ ਵਿੱਚ ਇੰਨੇ ਮੁੱਦੇ ਹਨ ਤਾਂ ਫਿਰ ਮੰਤਰੀ ਨੂੰ ਇੱਕ ਗੀਤ ਉੱਤੇ ਹੀ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ।

Image copyright Momina Mustehsan/facebook

ਪਰ ਮੋਮੀਨਾ ਵੱਲੋਂ ਸਪਾਈਡਰਮੈਨ ਅਤੇ ਅੰਕਲ ਬੈੱਨ ਦਾ ਜ਼ਿਕਰ ਕਰਦਿਆਂ ਹੀ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੇ ਮਜ਼ਾਕੀਆ ਪੋਸਟ ਵੀ ਆਉਣ ਲੱਗੇ।

ਸਰ ਜੌਹਨ ਨਾਮ ਦੇ ਟਵਿੱਟਰ ਅਕਾਊਂਟ ਤੋਂ ਲਿਖਿਆ ਗਿਆ, "ਕੋਕ ਸਟੂਡੀਓ ਦਾ ਗੀਤ ਸੁਣਨ ਤੋਂ ਬਾਅਦ ਅੰਕਲ ਬੈੱਨ ਦੀ ਹਾਲਤ ਦੇਖੋ।"

ਅਲੀ ਕਾਸਿਮ ਨੇ ਟਵੀਟ ਕੀਤਾ, "ਬਾਕੀ ਸਭ ਦਾ ਤਾਂ ਪਤਾ ਨਹੀਂ ਪਰ ਅੰਕਲ ਬੈੱਨ ਨੂੰ ਵਿੱਚ ਨਹੀਂ ਲਿਆਉਣਾ ਚਾਹੀਦਾ ਸੀ। ਮਰੇ ਹੋਏ ਇਨਸਾਨ ਨੂੰ ਵਿੱਚ ਨਹੀਂ ਲਿਆਉਣਾ ਚਾਹੀਦਾ।"

ਇਸ ਚਰਚਾ ਵਿੱਚ ਕੁੱਦ ਗਏ ਪਾਕਿਸਤਾਨ ਦੇ ਮਰਹੂਮ ਆਗੂ ਸਲਮਾਨ ਤਾਸੀਰ ਦੇ ਪੁੱਤਰ ਸ਼ਾਹਬਾਜ਼ ਤਾਸੀਰ।

ਉਨ੍ਹਾਂ ਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਪਾਕਿਸਤਾਨ ਦੇ ਸਖ਼ਤ ਕੁਫ਼ਰ ਨਿਯਮਾਂ ਦਾ ਵਿਰੋਧ ਕੀਤਾ ਸੀ।

ਸ਼ਾਹਬਾਜ਼ ਤਾਸੀਰ ਨੂੰ ਅੱਤਵਾਦੀਆਂ ਨੇ ਪੰਜ ਸਾਲ ਬੰਦੀ ਬਣਾ ਕੇ ਰੱਖਿਆ ਹੋਇਆ ਸੀ।

ਕਿੰਨਾ ਮਸ਼ਹੂਰ ਹੈ 'ਕੋ ਕੋ ਕੋਰੀਨਾ' ਗੀਤ

  • ਤੁਹਾਨੂੰ ਦੱਸ ਦੇਈਏ ਕਿ ਕੋ ਕੋ ਕੋਰੀਨਾ ਪਾਕਿਸਤਾਨ ਦਾ ਮਸ਼ਹੂਰ ਗੀਤ ਹੈ ਜੋ ਕਿ ਵਿਆਹਾਂ ਉੱਤੇ ਆਮ ਹੀ ਗਾਇਆ ਜਾਂਦਾ ਹੈ।
  • ਪਾਕਿਸਤਾਨੀ ਸਿਨੇਮਾ ਦੇ ਸੁਨਹਿਰੇ ਦਿਨਾਂ 1966 ਵਿੱਚ ਇਹ ਗੀਤ ਰਿਲੀਜ਼ ਹੋਇਆ ਸੀ। ਇਹ ਗੀਤ ਫਿਲਮ ਅਰਮਾਨ ਦਾ ਹਿੱਸਾ ਸੀ ਅਤੇ ਰੋਮਾਂਟਿਕ ਹੀਰੋ ਵਾਹੀਦ ਮੁਰਾਦ ਉੱਤੇ ਫਿਲਮਾਇਆ ਗਿਆ ਸੀ।
  • 'ਕੋ ਕੋ ਕੋਰੀਨਾ' ਦਾ ਕੋਈ ਮਤਲਬ ਨਹੀਂ ਹੈ ਪਰ ਜ਼ਿਆਦਾਤਰ ਪੌਪ ਗੀਤਾਂ ਦੀ ਤਰ੍ਹਾਂ ਹੀ ਇਸ ਗੀਤ ਦੇ ਬੋਲ ਸਾਦੇ, ਖਿੱਚਣ ਵਾਲੇ ਅਤੇ ਗਾਉਣ ਵਿੱਚ ਸੌਖੇ ਹਨ।
Image copyright Instagram/Mohmina Mustehsan

ਐਕਸਪ੍ਰੈਸ ਟ੍ਰਿਬਿਊਨ ਅਖਬਾਰ ਦੇ ਸੱਭਿਆਚਾਰਕ ਪੱਤਰਕਾਰ ਰਾਫੇ ਮਹਿਮੂਦ ਦਾ ਕਹਿਣਾ ਹੈ, "ਜਿਸ ਤਰ੍ਹਾਂ ਦੇ ਕੱਪੜੇ ਉਨ੍ਹਾਂ ਨੇ ਪਾਏ ਹਨ ਅਤੇ ਜਿਵੇਂ ਦੀ ਐਕਟਿੰਗ ਉਹ ਕਰ ਰਹੇ ਹਨ ਉਹ ਕਾਫੀ ਸ਼ੇਖੀਬਾਜ਼ੀ ਵਾਲੀ ਹੈ। ਇਸ ਤਰ੍ਹਾਂ ਲਗ ਰਿਹਾ ਹੈ ਜਿਵੇਂ ਕਿ ਉਹ ਰੈਟਰੋ ਵਾਲੀ ਦਿਖ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।"

ਮੋਮੀਨਾ ਇੱਕ ਗਾਇਕਾ ਅਤੇ ਗੀਤਕਾਰ ਹੈ ਅਤੇ ਕਾਫੀ ਮਸ਼ਹੂਰ ਹੈ। ਪਿਛਲੇ ਸਾਲ ਉਹ ਦੇਸ ਦੀ ਸਭ ਤੋਂ ਹਰਮਨ ਪਿਆਰੀ ਗਾਇਕਾ ਸੀ ਪਰ ਸੋਸ਼ਲ ਮੀਡੀਆ ਉੱਤੇ ਕੁਝ ਵਿਵਾਦਤ ਬਿਆਨਾਂ ਕਰਕੇ ਉਹ ਕਈ ਲੋਕਾਂ ਦੇ ਨਿਸ਼ਾਨੇ ਉੱਤੇ ਹੈ। ਅਹਿਦ ਰਜ਼ਾ ਮੀਰ ਵੀ ਆਪਣੀ ਚੰਗੀ ਦਿੱਖ ਕਾਰਨ ਮਸ਼ਹੂਰ ਹੈ ਨਾ ਕਿ ਗਾਇਕੀ ਕਾਰਨ।

ਇਹ ਵੀ ਪੜ੍ਹੋ:

ਹੁਣ ਜਿਸ ਤਰ੍ਹਾਂ ਕੋ ਕੋ ਕੋਰੀਨਾ ਗੀਤ ਉੱਤੇ ਵਿਵਾਦ ਹੋ ਰਿਹਾ ਹੈ, ਉਹ ਨਿੱਜੀ ਹਮਲਿਆਂ ਤੱਕ ਪਹੁੰਚ ਗਿਆ ਹੈ।

ਕਾਲਮ ਨਵੀਸ ਮਹਿਮੂਦ ਦਾ ਕਹਿਣਾ ਹੈ, "ਇਹ ਸਿਰਫ਼ ਸੰਗੀਤ ਬਾਰੇ ਨਹੀਂ ਹੈ। ਸਗੋਂ ਇਹ ਤਾਂ ਹੁਣ ਇਸ ਬਾਰੇ ਹੈ ਕਿ ਮੋਮੀਨਾ ਅਤੇ ਰਜ਼ਾ ਮੀਰ ਨੂੰ ਕਿੰਨੀ ਨਫ਼ਰਤ ਕੀਤੀ ਜਾ ਸਕਦੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)