ਸਾਲਾਨਾ 1 ਕਰੋੜ ਮੌਤਾਂ ਰੋਕਣ ਲਈ ਬੈਕਟੀਰੀਆ ਖਿਲਾਫ਼ ਨਵਾਂ ਹਥਿਆਰ

ਤਸਵੀਰ ਸਰੋਤ, Getty Images
ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇੱਕ ਅਜਿਹਾ ਐਂਟੀਬਾਇਓਟਿਕ ਤਿਆਰ ਕੀਤਾ ਹੈ ਜਿਸ ਦੇ ਮੁਢਲੇ ਪ੍ਰੀਖਣ ਤਸੱਲੀ ਬਖ਼ਸ਼ ਰਹੇ ਹਨ।
ਦਵਾਈਆਂ ਬਣਾਉਣ ਵਾਲੀ ਕੰਪਨੀ ਸ਼ਿਓਨਗੀ ਵੱਲੋਂ ਤਿਆਰ ਕੀਤਾ ਗਿਆ ਇਹ ਵਾਇਰਸ ਕੰਪਿਊਟਰ ਵਾਇਰਸ 'ਟਰੋਜਨ ਹੌਰਸ' ਵਾਂਗ ਕੰਮ ਕਰਦਾ ਹੈ।
'ਟਰੋਜਨ ਹੌਰਸ' ਵਾਂਗ ਹੀ ਇਹ ਐਂਟੀਬਾਇਓਟਿਕ ਬੈਕਟੀਰੀਆ ਅੰਦਰ ਦਾਖਲ ਹੋਣ ਲਈ ਉਨ੍ਹਾਂ ਦੀ ਖੁਰਾਕ ਦਾ ਰੂਪ ਧਾਰ ਲੈਂਦਾ ਹੈ ਜਿਸ ਮਗਰੋਂ ਹਮਲਾਵਰ ਬੈਕਟੀਰੀਆ 'ਟਰੋਜਨ ਹੌਰਸ' ਨੂੰ ਆਪਣੀ ਫੌਜ ਵਿੱਚ ਦਾਖਲ ਹੋਣ ਦੇ ਦਿੰਦਾ ਹੈ।
ਮੁੱਢਲੇ ਪ੍ਰੀਖਣ 448 ਮਰੀਜ਼ਾਂ ਉੱਪਰ ਤਜ਼ਰਬੇ ਕੀਤੇ ਗਏ। ਇਨ੍ਹਾਂ ਮਰੀਜ਼ਾਂ ਨੂੰ ਪਿਸ਼ਾਬ ਦੀ ਨਲਕੀ ਦੀ ਜਾਂ ਗੁਰਦਿਆਂ ਦੀ ਬਿਮਾਰੀ ਸੀ।
ਪ੍ਰੀਖਣਾਂ ਵਿੱਚ ਦੇਖਿਆ ਗਿਆ ਕਿ ਨਵੀਂ ਦਵਾਈ ਵਰਤਮਾਨ ਵਿੱਚ ਕੀਤੇ ਜਾ ਰਹੇ ਇਲਾਜਾਂ ਜਿੰਨੇ ਹੀ ਕਾਰਗਰ ਰਹੀ।
ਇਹ ਵੀ ਪੜ੍ਹੋ:
ਵਿਗਿਆਨੀਆਂ ਮੁਤਾਬਕ ਇਹ ਨਤੀਜੇ ਉਤਸ਼ਾਹ ਵਧਾਉਣ ਵਾਲੇ ਹਨ।
ਸੁਰੱਖਿਅਤ ਅਤੇ ਸਹਿਣਯੋਗ
ਵਿਗਿਆਨੀਆਂ ਨੂੰ ਇਸ ਦੀ ਪ੍ਰੇਰਣਾ ਲੱਕੜ ਦੇ ਉਸ ਪ੍ਰਾਚੀਨ ਵਿਸ਼ਾਲ ਘੋੜੇ ਤੋਂ ਮਿਲੀ ਹੈ ਜਿਸ ਦੀ ਵਰਤੋਂ ਗ੍ਰੀਕ ਲੜਾਕਿਆਂ ਨੇ ਟ੍ਰੋਇ ਦੇ ਸ਼ਹਿਰ ਵਿੱਚ ਦਾਖਲ ਹੋਣ ਲਈ ਕੀਤੀ ਸੀ।
ਇਸ ਵਾਰ ਬੈਕਟੀਰੀਆ ਤੱਕ ਐਂਟੀਬਾਇਓਟਿਕ ਪਹੁੰਚਾਉਣ ਲਈ ਲੋਹੇ ਦੀ ਵਰਤੋਂ ਕੀਤੀ ਗਈ ਹੈ।

ਤਸਵੀਰ ਸਰੋਤ, Science Photo Library
ਨਵੀਂ ਦਵਾਈ ਬੈਕਟੀਰੀਆ ਦੀ ਖੁਰਾਕ ਲੋਹੇ ਦੇ ਕਣਾਂ ਨਾਲ ਜੁੜ ਜਾਂਦੇ ਹਨ ਜਿਸ ਕਰਕੇ ਬੈਕਟੀਰੀਆ ਧੋਖਾ ਖਾ ਜਾਂਦਾ ਹੈ। (ਸੰਕੇਤਕ ਤਸਵੀਰ)
ਪਰ ਖੋਜ ਟੀਮ ਦੀ ਅਗਵਾਈ ਕਰਨ ਵਾਲੇ ਡਾ਼ ਸਿਮੋਨ ਪੋਰਟਸਮੋਥ ਨੇ ਦੱਸਿਆ, "ਗੰਭੀਰ ਇਨਫੈਕਸ਼ਨ ਦੌਰਾਨ, ਸਾਡੀ ਸਰੀਰ ਦੀ ਰੱਖਿਆ ਪ੍ਰਣਾਲੀ ਦੀ ਪਹਿਲੀ ਪ੍ਰਤੀਕਿਰਿਆ ਸਰੀਰ ਵਿੱਚ ਲੋਹੇ ਦੀ ਕਮੀ ਵਾਲਾ ਵਾਤਾਵਰਨ ਬਣਾਉਣਾ ਹੁੰਦਾ ਹੈ।''
'ਇਸ ਦੇ ਜਵਾਬ ਵਜੋਂ ਬੈਕਟੀਰੀਆ ਆਇਰਨ ਦੀ ਖਪਤ ਵਧਾ ਦਿੰਦਾ ਹੈ।'
ਅਜਿਹੇ ਵਿੱਚ ਨਵੀਂ ਦਵਾਈ 'ਕੈਫਿਡਰੋਕੋਲ', ਲਹੂ ਵਿਚਲੇ ਲੋਹੇ ਨਾਲ ਜੁੜ ਜਾਂਦੀ ਹੈ। ਇਸ ਮਗਰੋਂ ਗੰਭੀਰ ਗਲਤੀ ਕਰਦਾ ਹੋਇਆ ਬੈਕਟੀਰੀਆ ਲੋਹੇ ਦੇ ਨਾਲ-ਨਾਲ ਆਪਣੀਆਂ ਸਫਾਂ ਵਿੱਚ ਦਾਖਲ ਹੋਣ ਦੇ ਦਿੰਦਾ ਹੈ।
ਇਸ ਅਧਿਐਨ ਦੇ ਨਤੀਜੇ ਲੈਨਸਿਟ ਇਨਫੈਕਸ਼ਸ ਡਿਸੀਜ਼ਜ਼ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਹਨ। ਇਸ ਅਧਿਐਨ ਦੀ ਇਸ ਖੇਤਰ ਵਿੱਚ ਆਪਣੀ ਅਹਿਮੀਅਤ ਹੈ।
ਡਾ਼ ਪੋਰਟਸਮੋਥ ਨੇ ਦੱਸਿਆ, 'ਕੈਫਿਡਰੋਕੋਲ' ਸੁਰੱਖਿਅਤ ਅਤੇ ਸਹਿਣਯੋਗ ਹੈ।
ਹੁਣ ਸਮੇਂ ਬੀਤਣ ਨਾਲ ਬੈਕਟੀਰੀਆ ਉੱਪਰ ਦਵਾਈਆਂ ਦਾ ਅਸਰ ਘੱਟ ਰਿਹਾ ਹੈ। ਨਤੀਜੇ ਵਜੋਂ ਕਈ ਬਿਮਾਰੀਆਂ ਦਾ ਇਲਾਜ ਕਾਫੀ ਮੁਸ਼ਿਕਲ ਹੋ ਗਿਆ ਹੈ।
ਦਿ ਰਿਵੀਊ ਆਨ ਐਂਟੀਮਾਕ੍ਰੋਬੀਅਲ ਰਿਜ਼ਿਸਟੈਂਸ ਨੇ ਭੱਵਿਖਬਾਣੀ ਕੀਤੀ ਹੈ ਕਿ ਗੰਭੀਰ ਬਿਮਾਰੀਆਂ ਨਾਲ ਸਾਲ 2050 ਤੱਕ ਹਰ ਸਾਲ ਇੱਕ ਕਰੋੜ ਮੌਤਾਂ ਹੋ ਸਕਦੀਆਂ ਹਨ।
- ਉੱਤਰੀ ਅਮਰੀਕਾ-3,17,000 ਮੌਤਾਂ
- ਲੈਟਿਨ ਅਮਰੀਕਾ- 3,92,000 ਮੌਤਾਂ
- ਯੂਰਪ- 39,000 ਮੌਤਾਂ
- ਅਫਰੀਕਾ-41,50,000 ਮੌਤਾਂ
- ਓਸ਼ੀਆਨਾ- 22,000 ਮੌਤਾਂ
- ਏਸ਼ੀਆ- 47,30,000 ਮੌਤਾਂ
ਇਸ ਦੇ ਬਾਵਜੂਦ ਨਵੀਆਂ ਦਵਾਈਆਂ ਦੀ ਕਮੀ ਹੈ।
ਲੰਡਨ ਸਕੂਲ ਆਫ ਹਾਈਜੀਨ ਐਂਡ ਟਰੌਪੀਕਲ ਮੈਡੀਸਨ ਦੇ ਪ੍ਰੋਫੈਸਰ ਸਰਜ ਮੋਸਟੋਵੀ ਨੇ ਦੱਸਿਆ, "ਇਹ ਨਵਾਂ ਅਧਿਐਨ ਉਨ੍ਹਾਂ ਬਿਮਾਰੀਆਂ ਦਾ ਬਦਲਵਾਂ ਇਲਾਜ ਦੇਣ ਲਈ ਇੱਕ ਉਮੀਦ ਜਗਾਉਂਦਾ ਹੈ ਪਰ ਹਾਲੇ ਅਸੀਂ ਉੱਥੇ ਤੱਕ ਨਹੀਂ ਪਹੁੰਚੇ।"
ਇਸ ਦਵਾਈ ਦੀ ਪ੍ਰਭਾਵਸ਼ੀਲਤਾ ਨੂੰ ਪੱਕਿਆਂ ਕਰਨ ਹਾਲੇ ਹੋਰ ਪ੍ਰੀਖਣਾਂ ਦੀ ਲੋੜ ਹੈ।
ਇਹ ਵੀ ਪੜ੍ਹੋ:
ਹਾਲਾਂਕਿ 'ਕੈਫਿਡਰੋਕੋਲ' ਤਸਕਰੀ ਜ਼ਰੀਏ ਬੈਕਟੀਰੀਆ ਦੀਆਂ ਸਫਾਂ ਵਿੱਚ ਭੇਜਿਆਂ ਜਾਂਦਾ ਹੈ ਪਰ ਇਹ ਉਨ੍ਹਾਂ ਨੂੰ ਰਵਾਇਤੀ ਦਵਾਈਆਂ ਵਾਂਗ ਹੀ ਮਾਰਦਾ ਹੈ।
ਨਿਮੋਨੀਏ ਦੇ ਮਰੀਜ਼ ਅਤੇ ਕੁਝ ਤਾਕਤਵਰ ਦਵਾਈਆਂ ਦੇ ਅਸਰ ਨਾ ਰੱਖਣ ਵਾਲੇ ਲੋਕਾਂ ਉੱਪਰ ਇਸ ਦੇ ਪ੍ਰੀਖਣ ਕੀਤੇ ਜਾ ਰਹੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਹਮਲਾਵਰ ਐਂਟੀਬਾਇਓਟਿਕ ਬਣਾਉਣ ਦੀ ਲੋੜ ਹੈ।