ਬ੍ਰਾਜ਼ੀਲ ਦਾ ਨਵਾਂ ਰਾਸ਼ਟਰਪਤੀ ਜ਼ਾਇਰ ਬੋਲਸੋਨਾਰੂ ਜਿਸਦਾ ਟਰੇਡਮਾਰਕ 'ਬੰਦੂਕ ਦਾ ਨਿਸ਼ਾਨ' ਹੈ

ਬੋਲਸੋਨਾਰੂ

ਤਸਵੀਰ ਸਰੋਤ, Getty Images

ਬ੍ਰਾਜ਼ੀਲ ਵਿੱਚ ਸੱਜੇਪੱਖੀ ਨੇਤਾ ਜ਼ਾਇਰ ਬੋਲਸੋਨਾਰੂ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ।

ਐਤਵਾਰ ਨੂੰ ਬ੍ਰਾਜ਼ੀਲ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਦੂਜੀ ਅਤੇ ਆਖਰੀ ਗੇੜ ਲਈ ਵੋਟਿੰਗ ਹੋਈ। ਬੋਲਸੋਨਾਰੂ ਨੇ ਖੱਬੇਪੱਖੀ ਆਗੂ ਫਰਨਾਂਡੋ ਹਰਦਾਦ ਨੂੰ 10 ਫੀਸਦ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ।

ਮਤਦਾਨ ਤੋਂ ਪਹਿਲਾਂ ਆਏ ਓਪੀਨੀਅਨ ਪੋਲ ਵਿੱਚ ਹੀ ਬੋਲਸੋਨਾਰੂ ਦੀ ਜਿੱਤ ਦੇ ਆਸਾਰ ਨਜ਼ਰ ਆ ਰਹੇ ਸਨ।

ਇਨ੍ਹਾਂ ਚੋਣਾਂ ਵਿੱਚ ਭ੍ਰਿਸ਼ਟਾਚਰਾਰ ਅਤੇ ਅਪਰਾਧ ਮੁੱਖ ਮੁੱਦੇ ਰਹੇ। ਚੋਣ ਪ੍ਰਚਾਰ ਦੌਰਾਨ ਬੋਲਸੋਨਾਰੂ 'ਤੇ ਚਾਕੂ ਨਾਲ ਹਮਲਾ ਵੀ ਹੋਇਆ ਸੀ।

ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬੋਲਸੋਨਾਰੂ ਫੌਜ ਮੁਖੀ ਰਹਿ ਚੁੱਕੇ ਹਨ ਅਤੇ ਆਪਣੇ ਅਕਸ ਨੂੰ ਬ੍ਰਾਜ਼ੀਲ ਦੇ ਹਿੱਤਾਂ ਦੇ ਰੱਖਿਅਕ ਵਜੋਂ ਪੇਸ਼ ਕਰਦੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜਿੱਤ ਮਗਰੋਂ ਬੋਲਸੋਨਾਰੂ ਦੇ ਸਮਰਥਕ

ਬੋਲਸੋਨਾਰੂ ਅਤੇ ਵਿਵਾਦ

63 ਸਾਲਾ ਜ਼ਾਇਰ ਬੋਲਸੋਨਾਰੂ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਵਿੱਚ ਰਹਿੰਦੇ ਹਨ। ਉਹ ਔਰਤ ਵਿਰੋਧੀ, ਨਸਲ ਵਿਰੋਧੀ, ਸ਼ਰਨਾਰਥੀ ਅਤੇ ਸਮਲਿੰਗੀਆਂ ਨੂੰ ਲੈ ਕੇ ਭੜਕਾਊ ਬਿਆਨ ਦੇ ਚੁੱਕੇ ਹਨ।

ਉਹ ਬ੍ਰਾਜ਼ੀਲ ਵਿੱਚ ਫੌਜ ਦੇ ਸ਼ਾਸਨ ਨੂੰ ਸਹੀ ਠਹਿਰਾਉਂਦੇ ਰਹੇ ਹਨ। ਉਹ ਮੰਨਦੇ ਹਨ ਕਿ ਦੇਸ ਦੀ ਮਜ਼ਬੂਤੀ ਲਈ ਬ੍ਰਾਜ਼ੀਲ ਨੂੰ 1964-85 ਵਾਲੇ ਫੌਜ ਦੇ ਤਾਨਾਸ਼ਾਹੀ ਦੌਰ ਵਿੱਚ ਮੁੜ ਜਾਣਾ ਚਾਹੀਦਾ ਹੈ।

ਮਹਿਲਾ ਵਿਰੋਧੀ ਬਿਆਨ ਦੇਣ ਵਾਲੇ ਬੋਲਸੋਨਾਰੂ ਨੇ ਜਦੋਂ ਚੋਣਾਂ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਤਾਂ ਉਸਦੇ ਵਿਰੋਧ ਵਿੱਚ ਕਈ ਰੈਲੀਆਂ ਕੀਤੀਆਂ ਗਈਆਂ। ਬ੍ਰਾਜ਼ੀਲ ਦੇ ਕਈ ਲੋਕ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹਨ।

'ਹਿਟਲਰ ਵਰਗਾ ਤਾਨਾਸ਼ਾਹ'

ਕੁਝ ਮੀਡੀਆ ਦੇ ਜਾਣਕਾਰ ਉਨ੍ਹਾਂ ਨੂੰ 'ਟਰੰਪ ਆਫ਼ ਟਰੌਪਿਕਸ' ਯਾਨਿ ਬ੍ਰਾਜ਼ੀਲ ਦਾ ਟਰੰਪ ਕਹਿ ਰਹੇ ਹਨ। ਉਨ੍ਹਾਂ ਦੀਆਂ ਚੋਣਾਂ ਅਤੇ ਸੋਸ਼ਲ ਮੀਡੀਆ ਪ੍ਰਚਾਰ ਦੀ ਤੁਲਨਾ ਟਰੰਪ ਦੇ ਚੋਣ ਪ੍ਰਚਾਰ ਨਾਲ ਕੀਤੀ ਜਾ ਰਹੀ ਹੈ।

ਜਾਇਰ ਬੋਲਸੋਨਾਰੂ ਦੇ ਵਿਰੋਧੀ ਸਿਰਾਓ ਗੋਮੇਜ਼ ਉਨ੍ਹਾਂ ਨੂੰ 'ਬ੍ਰਾਜ਼ੀਲ ਦਾ ਹਿਟਲਰ' ਵੀ ਕਹਿ ਚੁੱਕੇ ਹਨ।

ਸਾਲ 2014 ਵਿੱਚ ਰਿਓ ਡੀ ਜਨੇਰੋ ਤੋਂ ਬਤੌਰ ਕਾਂਗਰਸ ਉਮੀਦਵਾਰ ਉਨ੍ਹਾਂ ਨੂੰ ਸਭ ਤੋਂ ਵੱਧ ਵੋਟ ਮਿਲੇ ਸਨ। ਇਸ ਦੌਰਾਨ ਵੀ ਉਹ ਕਈ ਭੜਕਾਊ ਬਿਆਨਾਂ ਕਰਕੇ ਸੁਰਖ਼ੀਆਂ ਵਿੱਚ ਰਹੇ ਸਨ।

ਫੌਜ ਦੇ ਹਮਾਇਤੀ ਅਤੇ ਸਮਲਿੰਗਤਾ ਦੇ ਵਿਰੋਧੀ

ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਨੇ ਆਪਣੇ ਸਰਹੱਦ ਨਾਲ ਜੁੜੇ ਪ੍ਰਸਤਾਵਾਂ ਨੂੰ ਹੋਰ ਵਧਾਇਆ ਹੈ। ਇਸਦੇ ਨਾਲ ਹੀ ਉਹ ਆਮ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਪ੍ਰਬੰਧ ਦੀ ਗੱਲ ਕਰਦੇ ਹਨ।

ਬ੍ਰਾਜ਼ੀਲ ਵਿੱਚ ਵਧਦੇ ਜੁਰਮ ਵਿਚਾਲੇ ਉਨ੍ਹਾਂ ਦੀਆਂ ਇਹ ਗੱਲਾਂ ਨੂੰ ਆਮ ਵੋਟਰਾਂ ਵਿੱਚ ਉਨ੍ਹਾਂ ਦੇ ਪਸੰਦੀਦਾ ਬਣਨ ਦਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜ਼ਾਇਰ ਬੋਲਸੋਨਾਰੂ ਦੇ ਵਿਰੋਧੀ ਸਿਰਾਓ ਗੋਮੇਜ਼ ਉਨ੍ਹਾਂ ਨੂੰ 'ਬ੍ਰਾਜ਼ੀਲ ਦਾ ਹਿਟਲਰ' ਵੀ ਕਹਿ ਚੁੱਕੇ ਹਨ

11 ਸਤੰਬਰ ਨੂੰ ਉਨ੍ਹਾਂ ਨੇ ਟਵੀਟ ਕੀਤਾ, ''ਸੁਰੱਖਿਆ ਸਾਡੀ ਪਹਿਲ ਹੈ। ਲੋਕ ਰੁਜ਼ਗਾਰ ਚਾਹੁੰਦੇ ਹਨ, ਸਿੱਖਿਆ ਚਾਹੁੰਦੇ ਹਨ ਪਰ ਨੌਕਰੀਆਂ ਦਾ ਕੋਈ ਮਤਲਬ ਨਹੀਂ ਹੋਵੇਗਾ ਜੇਕਰ ਉਹ ਘਰਾਂ ਨੂੰ ਜਾਣ ਅਤੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਲੁੱਟ ਲਿਆ ਜਾਵੇ। ਜੇਕਰ ਨਸ਼ੇ ਦੀ ਤਸਕਰੀ ਸਕੂਲਾਂ ਵਿੱਚ ਹੋਵੇਗੀ ਤਾਂ ਸਿੱਖਿਆ ਦਾ ਕੋਈ ਮਤਲਬ ਨਹੀਂ ਹੋਵੇਗਾ।''

ਸਾਲ 2011 ਵਿੱਚ ਪਲੇਬੁਆਏ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ, ''ਮੈਂ ਆਪਣੇ ਮੁੰਡੇ ਨੂੰ ਸਮਲਿੰਗੀ ਹੋਣ ਤੋਂ ਬਿਹਤਰ ਇੱਕ ਸੜਕ ਹਾਦਸੇ ਵਿੱਚ ਮਰਦਾ ਦੇਖਣਾ ਚਾਹਾਂਗਾ।''

ਦੋ ਵਰਗਾਂ ਦੀ ਲੜਾਈ

ਸਾਊ ਪਾਓਲੋ ਵਿੱਚ ਪੱਤਰਕਾਰਿਤਾ ਕਰ ਰਹੇ ਸ਼ੋਭਨ ਸਕਸੈਨਾ ਕਹਿੰਦੇ ਹਨ- ''ਜੇਕਰ ਬ੍ਰਾਜ਼ੀਲ ਦਾ ਇਤਿਹਾਸ ਦੇਖੀਏ ਤਾਂ ਇੱਥੇ ਅਫ਼ਰੀਕਾ ਤੋਂ ਵੱਡੀ ਤਦਾਦ ਵਿੱਚ ਲੋਕ ਬੰਦੀ ਬਣਾ ਕੇ ਲਿਆਂਦੇ ਗਏ ਸਨ।''

''ਬ੍ਰਾਜ਼ੀਲ ਵਿੱਚ ਲਗਭਗ 54-60 ਫ਼ੀਸਦ ਲੋਕ ਜਾਂ ਤਾਂ ਅਫ਼ਰੀਕੀ ਮੂਲ ਦੇ ਹਨ ਜਾਂ ਮਿਕਸ ਰੇਸ ਦੇ ਹਨ। ਬ੍ਰਾਜ਼ੀਲ ਵਿੱਚ ਸੱਤਾ ਵਰਗ ਦੇ ਜ਼ਿਆਦਾਤਰ ਗੋਰੇ ਲੋਕ ਹਨ।''

''ਇੱਥੋਂ ਦਾ ਸਮਾਜ ਕਾਲੇ ਅਤੇ ਗੋਰੇ ਲੋਕਾਂ ਵਿੱਚ ਵੰਡਿਆ ਹੋਇਆ ਹੈ। ਕਾਲੇ ਲੋਕਾਂ ਦੇ ਵੱਧ ਹੋਣ ਦੇ ਬਾਵਜੂਦ ਇੱਥੇ ਗੋਰੇ ਲੋਕਾਂ ਦਾ ਹਰ ਖੇਤਰ ਉੱਤੇ ਦਬਦਬਾ ਬਣਿਆ ਹੋਇਆ ਸੀ।"

"ਪਰ ਸਾਲ 2002 ਵਿੱਚ ਬ੍ਰਾਜ਼ੀਲ ਵਿੱਚ ਖੱਬੇ-ਪੱਖੀ ਪਾਰਟੀ ਸੱਤਾ ਵਿੱਚ ਆਈ ਤਾਂ ਇੱਥੇ ਬਦਲਾਅ ਆਇਆ। ਉਨ੍ਹਾਂ ਨੇ ਰਾਖਵਾਂਕਰਨ ਲਿਆਉਣ ਦਾ ਕੰਮ ਕੀਤਾ, ਗ਼ਰੀਬਾਂ ਦਾ ਭੱਤਾ ਵਧਾਇਆ। ਇਸ ਨਾਲ ਜ਼ਿਆਦਾਤਰ ਲੋਕ ਗ਼ਰੀਬੀ ਰੇਖਾ ਤੋਂ ਉੱਪਰ ਆਏ।''

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਜ਼ਾਇਰ ਬੋਲਸੋਨਾਰੂ ਦਾ ਜਨਮ 21 ਮਾਰਚ 1955 ਨੂੰ ਸਾਓ ਪਾਊਲੋ ਦੇ ਕੈਂਪੀਨਾਸ ਸ਼ਹਿਰ ਵਿੱਚ ਹੋਇਆ ਸੀ

''ਅੱਜ ਬ੍ਰਾਜ਼ੀਲ ਦੇ ਜਿਹੜੇ ਹਾਲਾਤ ਹਨ ਉਹ ਇਸੇ ਦਾ ਨਤੀਜਾ ਹੈ। ਉੱਥੇ ਦੋ ਵਰਗਾਂ ਵਿੱਚ ਇੱਕ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ। ਦੇਸ ਵਿੱਚ ਇੱਕ ਸਮਾਜਿਕ ਲੋਕਤੰਤਰ ਦਾ ਮਾਡਲ ਹੈ ਅਤੇ ਇੱਕ ਖੱਬੇ-ਪੱਥੀ ਦਾ ਮਾਡਲ ਹੈ।''

''ਬੋਲਸੋਨਾਰੂ ਸਾਬਕਾ ਆਰਮੀ ਮੁਖੀ ਸਨ। ਉਨ੍ਹਾਂ ਦਾ ਸਿਆਸੀ ਜੀਵਨ ਇੱਕ ਆਰਮੀ ਯੂਨੀਅਨ ਦੇ ਲੀਡਰ ਦੇ ਤੌਰ 'ਤੇ ਰਿਹਾ। ਹੌਲੀ-ਹੌਲੀ ਇਹ ਮੁੱਖ ਧਾਰਾ ਦੀ ਸਿਆਸਤ ਵਿੱਚ ਆਏ ਅਤੇ ਰੀਓ ਡੀ ਜਨੇਰੀਓ ਤੋਂ ਕਾਂਗਰਸ ਮੈਂਬਰ ਬਣ ਕੇ ਕਾਂਗਰਸ ਗਏ।''

''ਇਨ੍ਹਾਂ ਦੀ ਸਿਆਸਤ ਦਾ ਆਧਾਰ ਪੁਲਿਸ ਅਤੇ ਆਰਮੀ ਹੀ ਰਿਹਾ ਹੈ। ਜਾਇਰ ਬੋਲਸਾਨਰੋ ਦਾ ਪੂਰਾ ਸਿਆਸੀ ਕਰੀਅਰ ਫੌਜ ਦੀ ਤਾਨਾਸ਼ਾਹੀ ਨੂੰ ਮਹਾਨ ਬਣਾਉਣ ਤੋਂ ਸ਼ੁਰੂ ਹੋਇਆ ਹੈ ਅਤੇ ਹੁਣ ਤੱਕ ਆਧਾਰ ਉਹੀ ਚੱਲ ਰਿਹਾ ਹੈ।

"ਸਭ ਤੋਂ ਅਹਿਮ ਗੱਲ ਇਹ ਹੈ ਕਿ ਜਦੋਂ ਇਹ ਸੱਤਾ ਵਿੱਚ ਆਉਣਗੇ ਤਾਂ ਪੂਰਾ ਕੈਬਨਿਟ ਫੌਜ ਦੇ ਲੋਕਾਂ ਦਾ ਭਰਿਆ ਹੋਵੇਗਾ। ਉਹ ਅਜਿਹਾ ਪਹਿਲਾਂ ਹੀ ਸਾਫ਼ ਕਰ ਚੁੱਕੇ ਹਨ।''

ਇਹ ਵੀ ਪੜ੍ਹੋ:

ਇਹ ਵੀ ਪੜ੍ਹੋ:

ਕੌਣ ਹੈ ਬੋਲਸੋਨਾਰੂ

  • ਜ਼ਾਇਰ ਬੋਲਸੋਨਾਰੂ ਦਾ ਜਨਮ 21 ਮਾਰਚ 1955 ਨੂੰ ਸਾਓ ਪਾਊਲੋ ਦੇ ਕੈਂਪੀਨਾਸ ਸ਼ਹਿਰ ਵਿੱਚ ਹੋਇਆ ਸੀ। ਸਾਲ 1977 ਵਿੱਚ ਉਨ੍ਹਾਂ ਨੇ ਅਲਗਸ ਨੇਗ੍ਰਾਸ ਮਿਲਟਰੀ ਅਕੈਡਮੀ ਤੋਂ ਗ੍ਰੈਜੁਏਸ਼ਨ ਕੀਤੀ।
  • ਸਾਲ 1986 ਵਿੱਚ ਉਨ੍ਹਾਂ ਨੇ ਇੱਕ ਮੈਗਜ਼ੀਨ ਵਿੱਚ ਲਿਖੇ ਲੇਖ ਲਈ ਜੇਲ੍ਹ ਜਾਣਾ ਪਿਆ ਸੀ। ਇਸ ਲੇਖ ਵਿੱਚ ਉਨ੍ਹਾਂ ਨੇ ਫੌਜ ਦੀ ਘੱਟ ਤਨਖ਼ਾਹ ਦੀ ਸ਼ਿਕਾਇਤ ਕੀਤੀ ਸੀ।
  • ਸਾਲ 1990 ਵਿੱਚ ਉਹ ਪਹਿਲੀ ਵਾਰ ਕਾਂਗਰਸ ਗਏ। ਬੋਲਸਾਨਰੋ ਦੀ ਵਿਆਹੁਤਾ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਤਿੰਨ ਵਿਆਹ ਕਰਵਾਏ ਹਨ।
  • ਬੋਲਸਾਨਰੋ ਦੇ ਆਲੋਚਕ ਮੰਨਦੇ ਹਨ ਕਿ ਉਨ੍ਹਾਂ ਦੇ ਚੋਣ ਮੈਨੀਫੈਸਟੋ ਵਿੱਚ ਕੁਝ ਖ਼ਾਸ ਨਹੀਂ ਹੈ ਪਰ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੀ ਵਧਦੀ ਲੋਕਪ੍ਰਿਅਤਾ ਤੋਂ ਖੁਸ਼ ਹਨ।
  • ਉਂਗਲਾ ਨਾਲ ਬੰਦੂਕ ਦਾ ਨਿਸਾਨ ਬਣਾਉਣਾ ਉਨ੍ਹਾਂ ਦਾ ਟਰੇਡਮਾਰਕ ਹੈ

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)