ਪਾਕਿਸਤਾਨ 'ਚ 15 ਸਾਲ ਦੀ ਸਿੱਖ ਬੱਚੀ ਨਾਲ ਕਥਿਤ ਤੌਰ ’ਤੇ ਬਲਾਤਕਾਰ, ਦੋ ਗ੍ਰਿਫ਼ਤਾਰ

  • ਉਮਰ ਦਰਾਜ਼ ਨੰਗਿਆਨਾ
  • ਬੀਬੀਸੀ ਪੱਤਰਕਾਰ, ਲਾਹੌਰ
ਪਾਕਿਸਤਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਪਾਕਿਸਤਾਨ 'ਚ 15 ਸਾਲ ਦੀ ਸਿੱਖ ਬੱਚੀ ਨਾਲ ਕਥਿਤ ਤੌਰ 'ਤੇ ਬਲਾਤਕਾਰ, ਦੋ ਗ੍ਰਿਫ਼ਤਾਰ (ਸੰਕੇਤਕ ਤਸਵੀਰ)

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਨਕਾਣਾ ਸਾਹਿਬ ਸ਼ਹਿਰ ਵਿੱਚ ਰਹਿਣ ਵਾਲੇ ਇੱਕ ਸਿੱਖ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ 15 ਸਾਲ ਦੀ ਨਾਬਾਲਗ਼ ਬੇਟੀ ਨਾਲ ਦੋ ਲੋਕਾਂ ਨੇ ਬਲਾਤਕਾਰ ਕੀਤਾ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਮਾਨਸਿਕ ਤੌਰ 'ਤੇ ਅਸੰਤੁਲਿਤ ਹੈ ਅਤੇ ਬਲਾਤਕਾਰ ਕਰਨ ਵਾਲੇ ਦੋਵੇਂ ਲੋਕ ਰਾਹਤ ਟੀਮ ਦੇ ਮੈਂਬਰ ਸਨ।

ਨਨਕਾਣਾ ਸਾਹਿਬ ਸਿਟੀ ਪੁਲਿਸ ਮੁਤਾਬਕ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਰੈਸਕਿਊ ਟੀਮ ਨੰਬਰ 1122 ਦੇ ਦੋ ਮੈਂਬਰਾਂ ਖ਼ਿਲਾਫ਼ ਬਲਾਤਕਾਰ ਦਾ ਕੇਸ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਬੀਬੀਸੀ ਨਾਲ ਗੱਲ ਕਰਦਿਆਂ ਨਨਕਾਣਾ ਸਾਹਿਬ ਪੁਲਿਸ ਡੀਐਸਪੀ ਮੁਜਾਹਿਦ ਰਜ਼ਾ ਦਾ ਕਹਿਣਾ ਹੈ ਕਿ ਇਸ ਗੱਲ ਦਾ ਫ਼ੈਸਲਾ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਕੀਤਾ ਜਾਵੇਗਾ ਕਿ ਬੱਚੀ ਨਾਲ ਬਲਾਤਕਾਰ ਹੋਇਆ ਹੈ ਜਾਂ ਨਹੀਂ।

ਉਨ੍ਹਾਂ ਮੁਤਾਬਕ ਹਸਪਤਾਲ ਵਿੱਚ ਸ਼ੁਰੂਆਤੀ ਜਾਂਚ ਤੋਂ ਬਾਅਦ ਫੌਰੈਂਸਿਕ ਟੈਸਟ ਲਈ ਬੱਚੀ ਨੂੰ ਲਾਹੌਰ ਦੀ ਫੌਰੈਂਸਿਕ ਸਾਇੰਸ ਏਜੰਸੀ ਭੇਜਿਆ ਗਿਆ ਹੈ। ਰਜ਼ਾ ਦਾ ਕਹਿਣਾ ਸੀ ਕਿ ਇਸ ਕੰਮ ਵਿੱਚ 15-20 ਦਿਨ ਲੱਗ ਜਾਣਗੇ ਅਤੇ ਉਦੋਂ ਤੱਕ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿੱਚ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ:

ਨਨਕਾਣਾ ਸਾਹਿਬ ਸ਼ਹਿਰ ਤੋਂ ਥੋੜ੍ਹੀ ਦੂਰ

ਪੁਲਿਸ ਦਾ ਕਹਿਣਾ ਹੈ ਕਿ ਬੱਚੀ ਦੀ ਉਮਰ ਤਾਂ ਤਕਰੀਬਨ 15 ਸਾਲ ਹੈ ਪਰ ਉਸ ਦੀ ਮਾਨਸਿਕ ਹਾਲਤ ਦੋ ਮਹੀਨੇ ਦੇ ਬੱਚੇ ਵਾਂਗ ਹੈ।

ਬੱਚੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬੱਚੀ ਐਤਵਾਰ ਰਾਤ ਆਪਣੇ ਘਰੋਂ ਨਿਕਲ ਗਈ ਸੀ।

ਘਰ ਵਾਲਿਆਂ ਨੇ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਨਨਕਾਣਾ ਸਾਹਿਬ ਸ਼ਹਿਰ ਤੋਂ ਥੋੜ੍ਹੀ ਦੂਰ ਸੜਕ ਕਿਨਾਰੇ ਖੜ੍ਹੀ ਰੈਸਕਿਊ ਟੀਮ ਨੰਬਰ 1122 ਦੀ ਇੱਕ ਐਂਬੂਲੈਂਸ ਵਿੱਚ ਬੱਚੀ ਮਿਲੀ।

ਨਨਕਾਣਾ ਸਾਹਿਬ ਵਿੱਚ ਸਥਿਤ ਸਿੱਖ ਸਮਾਜ ਦੇ ਲੋਕਾਂ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਪੁਲਿਸ ਦਾ ਕਹਿਣਾ ਹੈ ਕਿ ਬੱਚੀ ਦੀ ਉਮਰ ਤਾਂ ਤਕਰੀਬਨ 15 ਸਾਲ ਹੈ ਪਰ ਉਸ ਦੀ ਮਾਨਸਿਕ ਹਾਲਤ ਦੋ ਮਹੀਨੇ ਦੇ ਬੱਚੇ ਵਾਂਗ ਹੈ। (ਸੰਕੇਤਕ ਤਸਵੀਰ)

ਕਮੇਟੀ ਦੇ ਇੱਕ ਮੈਂਬਰ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਬੱਚੀ ਦੀ ਭਾਲ ਕਰਨ ਵਾਲਿਆਂ ਨੇ ਰੈਸਕਿਊ ਟੀਮ ਨੰਬਰ 1122 ਦੇ ਲੋਕਾਂ ਨੂੰ ਐਂਬੂਲੈਂਸ ਦਾ ਦਰਵਾਜ਼ਾ ਖੋਲ੍ਹਣ ਨੂੰ ਕਿਹਾ ਤਾਂ ਉਨ੍ਹਾਂ ਗੱਡੀ ਭਜਾ ਲਈ।"

ਨਨਕਾਣਾ ਸਾਹਿਬ ਸ਼ਹਿਰ ਤੋਂ ਤਕਰੀਬਨ ਤਿੰਨ ਕਿਲੋਮੀਟਰ ਦੂਰ ਉਨ੍ਹਾਂ ਨੇ ਬੱਚੀ ਨੂੰ ਗੱਡੀ ਤੋਂ ਹੇਠਾਂ ਸੁੱਟ ਦਿੱਤਾ ਅਤੇ ਫਰਾਰ ਹੋ ਗਏ।"

ਉਨ੍ਹਾਂ ਕਹਿਣਾ ਸੀ ਕਿ ਬੱਚੀ ਜਿਸ ਹਾਲਤ ਵਿੱਚ ਪਾਈ ਗਈ ਉਸ ਦੇ ਜਿਸਮ 'ਤੇ ਸਿਰਫ਼ ਇੱਕ ਕਮੀਜ਼ ਸੀ। ਬੱਚੀ ਬੋਲ ਵੀ ਨਹੀਂ ਸਕਦੀ ਹੈ, ਇਸ ਲਈ ਉਸ ਦਾ ਬਿਆਨ ਵੀ ਦਰਜ ਨਹੀਂ ਕੀਤਾ ਜਾ ਸਕਿਆ।

ਮੈਡੀਕਲ ਰਿਪੋਰਟ ਤੋਂ ਬਾਅਦ

ਡੀਐਸਪੀ ਮੁਜਾਹਿਦ ਰਜ਼ਾ ਦਾ ਕਹਿਣਾ ਹੈ ਕਿ ਬਾਅਦ ਵਿੱਚ ਸਿੱਖ ਸਮਾਜ ਦੀ ਸ਼ਿਕਾਇਤ 'ਤੇ ਬੱਚੀ ਦੇ ਭਰਾ ਦਾ ਬਿਆਨ ਲੈ ਕੇ ਬਲਾਤਕਾਰ ਦਾ ਕੇਸ ਦਰਜ ਕਰ ਲਿਆ ਗਿਆ ਅਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਬੱਚੀ ਗੱਡੀ ਨਾਲ ਟਕਰਾ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮੈਡੀਕਲ ਮਦਦ ਲਈ ਬੱਚੀ ਨੂੰ ਐਂਬੂਲੈਂਸ ਵਿੱਚ ਪਾਇਆ ਸੀ।

ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਬੱਚੀ ਗੱਡੀ ਨਾਲ ਟਕਰਾਈ ਕਿਵੇਂ ਅਤੇ ਕਦੋਂ ਟਕਰਾਈ, ਉਸ ਨੂੰ ਕਿੱਥੇ ਸੱਟਾਂ ਲੱਗੀਆਂ ਅਤੇ ਜੇਕਰ ਉਸ ਨੂੰ ਐਂਬੂਲੈਂਸ ਵਿੱਚ ਪਾਇਆ ਗਿਆ ਤਾਂ ਫੇਰ ਹਸਪਤਾਲ ਕਿਉਂ ਨਹੀਂ ਲਿਆਂਦਾ ਗਿਆ।

ਪੁਲਿਸ ਮੁਤਾਬਤ, ਇਸ ਬਾਰੇ ਹੋਰ ਜਾਣਕਾਰੀ ਮੈਡੀਕਲ ਰਿਪੋਰਟ ਤੋਂ ਬਾਅਦ ਮਿਲ ਸਕੇਗੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਫ਼ਾਰੁਕ ਅਹਿਮਦ ਮੁਤਾਬਕ ਮਾਮਲੇ ਦੀ ਨਿਰਪੱਖ ਜਾਂਚ ਲਈ ਦੋਵਾਂ ਮੁਲਜ਼ਮਾਂ ਨੂੰ ਸਰਵਿਸ ਨੇ ਖ਼ੁਦ ਪੁਲਿਸ ਦੇ ਹਵਾਲੇ ਕੀਤਾ। (ਸੰਕੇਤਕ ਤਸਵੀਰ)

ਦੂਜੇ ਪਾਸੇ ਰੈਸਕਿਊ ਟੀਮ ਨੰਬਰ 1122 ਦੇ ਬੁਲਾਰੇ ਫ਼ਾਰੁਕ ਅਹਿਮਦ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਸੰਬੰਧੀ ਸ਼ਿਕਾਇਤ ਮਿਲਣ 'ਤੇ ਦੋਵਾਂ ਖ਼ਿਲਾਫ਼ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਤੁਰੰਤ ਸਸਪੈਂਡ ਕਰ ਦਿੱਤਾ।

ਪੁਲਿਸ ਦੇ ਹਵਾਲੇ

ਫ਼ਾਰੁਕ ਅਹਿਮਦ ਮੁਤਾਬਕ ਮਾਮਲੇ ਦੀ ਨਿਰਪੱਖ ਜਾਂਚ ਲਈ ਦੋਵਾਂ ਮੁਲਜ਼ਮਾਂ ਨੂੰ ਰੈਸਕਿਊ ਸਰਵਿਸ ਨੇ ਖ਼ੁਦ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੰਸਥਾ ਇਸ ਮਾਮਲੇ ਵਿੱਚ ਚੱਲ ਰਹੀ ਜਾਂਚ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰਨਾ ਚਾਹੁੰਦੀ।

ਉਨ੍ਹਾਂ ਮੁਤਾਬਕ ਜੇਕਰ ਇਹ ਵੀ ਸਾਬਿਤ ਹੋ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਨੇ ਬੱਚੀ ਨਾਲ ਬਲਾਤਕਾਰ ਕਰਨਾ ਤਾਂ ਦੂਰ ਅਜਿਹਾ ਇਰਾਦਾ ਵੀ ਰੱਖਦੇ ਸੀ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ।

ਫ਼ਾਰੁਕ ਅਹਿਮਦ ਮੁਤਾਬਕ ਰੈਸਕਿਊ ਨੰਬਰ 1122 ਪਿਛਲੇ 14 ਸਾਲ ਤੋਂ ਕੰਮ ਕਰ ਰਹੀ ਹੈ ਅਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਉਸ ਦੇ ਕਿਸੇ ਮੈਂਬਰ 'ਤੇ ਅਜਿਹਾ ਇਲਜ਼ਾਮ ਲੱਗਾ ਹੈ।

ਉਨ੍ਹਾਂ ਮੁਤਾਬਕ ਟੀਮ ਮੈਂਬਰ ਰੋਜ਼ਾਨਾ ਹਜ਼ਾਰਾਂ ਅਜਿਹੇ ਲੋਕਾਂ ਨੂੰ ਮਦਦ ਪਹੁੰਚਾਉਂਦੀ ਹੈ ਅਤੇ ਉਨ੍ਹਾਂ ਵਿੱਚੋਂ ਕਈ ਲੋਕ ਮਾਨਸਿਕ ਤੌਰ 'ਤੇ ਬਿਮਾਰ ਹੁੰਦੇ ਹਨ।

ਸਿੱਖ ਬਿਰਾਦਰੀ ਦਾ ਕਹਿਣਾ ਹੈ ਕਿ ਬੱਚੀ ਦਾ ਪਰਿਵਾਰ ਕੁਝ ਸਾਲ ਪਹਿਲਾਂ ਹੀ ਖ਼ੈਬਰ ਪਖ਼ਤੂਨਵਾਹ ਤੋਂ ਨਨਕਾਣਾ ਸਾਹਿਬ ਆ ਕੇ ਵੱਸਿਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)