ਸਰਜਰੀ ਰਾਹੀਂ ਲਿੰਗ ਲੁਆ ਕੇ ਦਰਮਿਆਨੇ ਤੋਂ ਮੁੰਡਾ ਬਣ ਗਿਆ ਅਨਿਕ

  • ਸਾਰਾਹ ਮੈਕਡਰਮੌਟ
  • ਬੀਬੀਸੀ ਸਟੋਰੀਜ਼
ਅਨਿਕ

"ਮੇਰੇ ਤਾਂ ਯਾਦ ਹੀ ਨਹੀਂ ਕਿ ਕਿੰਨੇ ਡਾਕਟਰਾਂ ਨੇ ਮੇਰਾ ਨੰਗੇਜ਼ ਦੇਖਿਆ ਹੋਵੇਗਾ। ਪਿਛਲੇ ਕੁਝ ਸਾਲਾਂ ਦੌਰਾਨ ਹੀ ਅਜਿਹਾ 100 ਤੋਂ ਵੱਧ ਵਾਰ ਹੋ ਚੁੱਕਿਆ ਹੋਵੇਗਾ।"

23 ਸਾਲਾ ਅਨਿਕ ਜਣਨ ਅੰਗਾਂ ਦੇ ਹਿਸਾਬ ਨਾਲ ਜਨਮ ਤੋਂ ਹੀ ਨਾ ਪੂਰੇ ਮਰਦ ਸਨ ਤੇ ਨਾ ਔਰਤ। ਹੁਣ ਉਨ੍ਹਾਂ ਨੂੰ ਸਰਜਰੀ ਰਾਹੀਂ ਇੱਕ ਲਿੰਗ ਲਾਇਆ ਗਿਆ।

ਅਨਿਕ ਸਰਜਰੀ ਰਾਹੀਂ ਇੱਕ ਮੁਕੰਮਲ ਪੁਰਸ਼ ਬਣਨ ਦੀ ਤਿਆਰੀ ਕਰ ਰਹੇ ਸਨ, ਬੀਬੀਸੀ ਨੇ ਉਨ੍ਹਾਂ ਦੀਆਂ ਤਿਆਰੀਆਂ ਦੇਖੀਆਂ।

ਇਹ ਵੀ ਪੜ੍ਹੋ:

"ਡਾਕਟਰਾਂ ਨੇ ਮੇਰੇ ਮਾਪਿਆਂ ਨੂੰ ਦੱਸਿਆ ਪੂਰੀ ਸੰਭਾਵਨਾ ਹੈ ਕਿ ਇਹ ਮੁੰਡਾ ਹੀ ਹੈ ਪਰ ਅਸੀਂ ਯਕੀਨ ਨਾਲ ਨਹੀਂ ਦੱਸ ਸਕਦੇ।"

ਅਨਿਕ ਦੇ ਅੰਡਕੋਸ਼ ਤਾਂ ਸਨ ਪਰ ਆਪਣੀ ਥਾਂ 'ਤੇ ਨਹੀਂ ਸਨ। ਉਨ੍ਹਾਂ ਨੂੰ ਥਾਂ ਸਿਰ ਕਰਨ ਲਈ ਅਨਿਕ ਦਾ ਚਾਰ ਮਹੀਨਿਆਂ ਦੀ ਉਮਰ 'ਚ ਅਪ੍ਰੇਸ਼ਨ ਕੀਤਾ ਗਿਆ।

ਕੀ ਹੁੰਦੇ ਹਨ ਦਰਮਿਆਨੇ

ਜਿਨ੍ਹਾਂ ਬੰਦਿਆਂ ਜਾਂ ਔਰਤਾਂ ਵਿਚ ਜਣਨ ਅੰਗ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੇ ਅਤੇ ਜਿਨ੍ਹਾਂ ਦਾ ਲਿੰਗ ਸਪੱਸ਼ਟ ਨਹੀਂ ਹੁੰਦਾ ਉਸਨੂੰ ਮੈਡੀਕਲ ਭਾਸ਼ਾ ਵਿਚ ਇੰਟਰ ਸੈਕਸ ਕਿਹਾ ਜਾਂਦਾ ਹੈ।

ਹਿੰਦੀ ਵਿਚ ਇਸ ਨੂੰ ਮੱਧ ਲਿੰਗੀ ਤੇ ਪੰਜਾਬੀ ਵਿਚ ਦਰਮਿਆਨਾ ਕਿਹਾ ਜਾਂਦਾ ਹੈ। ਇਨ੍ਹਾਂ ਲੋਕਾਂ ਜੇ ਜਣਨ ਅੰਗਾਂ ਦੀ ਬਣਤਰ ਕਿੰਨਰਾਂ ਤੋਂ ਵੀ ਵੱਖਰੀ ਹੁੰਦੀ ਹੈ।

ਬਚਪਨ ਵਿੱਚ ਸਾਰੇ ਅਨਿਕ ਨੂੰ ਕਹਿੰਦੇ ਸਨ ਕਿ ਉਹ ਦੂਸਰੇ ਮੁੰਡਿਆਂ ਵਰਗੇ ਨਹੀਂ ਸਨ।

ਉਨ੍ਹਾਂ ਦੱਸਿਆ, "ਮੈਨੂੰ ਇਹ ਤਾਂ ਪਤਾ ਸੀ ਕਿ ਮੇਰੇ ਬਾਰੇ ਕੁਝ ਵੱਖਰਾ ਹੈ ਪਰ ਸਮਝ ਨਹੀਂ ਸੀ ਪਾ ਰਿਹਾ ਕਿ, ਕੀ ਵੱਖਰਾ ਹੈ?"

"ਮੈਨੂੰ ਪਤਾ ਸੀ ਕਿ ਮੇਰੇ ਮਾਪੇ ਮੈਨੂੰ ਬਹੁਤ ਚਾਹੁੰਦੇ ਹਨ ਪਰ ਦੂਸਰੇ ਪਾਸੇ ਉਹ ਹਰ ਛਿਮਾਹੀਂ ਮੈਨੂੰ ਹਸਪਤਾਲ ਲੈ ਜਾਂਦੇ ਸਨ। ਜਿੱਥੇ ਡਾਕਟਰ ਮੇਰੇ ਲਈ 'ਅਬਨਾਰਮਲ' ਅਤੇ 'ਅਟਿਪੀਕਲ' ਵਰਗੇ ਸ਼ਬਦ ਵਰਤਦੇ ਸਨ।

ਅਨਿਕ ਨੂੰ ਯਾਦ ਹੈ ਕਿ ਕਿਵੇਂ ਆਪਣੀ ਜਾਨ ਲੈਣ ਲਈ ਕਿੰਨੀ ਵਾਰ ਉਨ੍ਹਾਂ ਆਪਣਾ ਸਾਹ ਰੋਕਿਆ ਸੀ ਤੇ ਸਕੂਲ ਵਿੱਚ ਦੋਸਤ ਬਣਾਉਣ ਵਿੱਚ ਵੀ ਉਨ੍ਹਾਂ ਨੂੰ ਕਿੰਨੀ ਪ੍ਰੇਸ਼ਾਨੀ ਹੁੰਦੀ ਸੀ।

14 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਖ਼ੁਦਕੁਸ਼ੀ ਦੀ ਇੱਕ ਗੰਭੀਰ ਕੋਸ਼ਿਸ਼ ਕੀਤੀ। ਜਿਸ ਮਗਰੋਂ ਉਨ੍ਹਾਂ ਦੀ ਕਾਊਂਸਲਿੰਗ ਕੀਤੀ ਗਈ। ਪਰ ਉਹ ਆਪਣੀ ਸਮੱਸਿਆ ਦਾ ਅਸਲੀ ਕਾਰਨ ਕਾਊਂਸਲਰ ਨੂੰ ਨਾ ਦੱਸ ਸਕੇ।

"ਮੈਂ ਨਹੀਂ ਸੀ ਚਾਹੁੰਦਾ ਕਿ ਕੋਈ ਹੋਰ ਜਿਸ ਨੂੰ ਜਾਨਣ ਦੀ ਲੋੜ ਨਹੀਂ ਮੇਰੀ ਹਾਲਤ ਬਾਰੇ ਜਾਣੇ" "ਇਹ ਨਿਹਾਇਤ ਹੀ ਇੱਕਲੇਪਣ ਦਾ ਅਹਿਸਾਸ ਸੀ।"

"ਮੈਨੂੰ ਲਗਦਾ ਸੀ ਕਿ ਕੋਈ ਕਿ ਮੇਰੇ ਬਾਰੇ ਨਹੀਂ ਸਮਝੇਗਾ। ਮੈਂ ਇਸ ਦੁਨੀਆਂ ਵਿੱਚ ਅਜਿਹਾ ਇਕੱਲਾ ਹੀ ਹਾਂ, ਸਿਰਫ ਇੱਕ ਅਨੋਖਾ।"

ਅੱਜ ਤੋਂ ਪੰਜ ਸਾਲ ਪਹਿਲਾਂ ਜਦੋਂ ਅਨਿਕ 18 ਸਾਲਾਂ ਦੇ ਹੋਏ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਹ 'ਦਰਮਿਆਨੇ' ਹਨ। ਇਹੀ ਵਜ੍ਹਾ ਸੀ ਜਿਸ ਕਰਕੇ ਉਨ੍ਹਾਂ ਦੇ ਬਚਪਨ ਤੋਂ ਅਪ੍ਰੇਸ਼ਨ ਹੋ ਰਹੇ ਸਨ ਅਤੇ ਹਾਰਮੋਨ ਥੈਰਪੀਆਂ ਦਿੱਤੀਆਂ ਜਾ ਰਹੀਆਂ ਸਨ।

ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਅਨਿਕ ਨੂੰ ਪਤਾ ਲੱਗਿਆ ਕਿ ਦੁਨੀਆਂ ਵਿੱਚ ਉਨ੍ਹਾਂ ਵਰਗੇ ਹੋਰ ਵੀ ਲੋਕ ਹਨ ਅਤੇ ਉਨ੍ਹਾਂ ਨੂੰ ਆਪਣੇ ਬਾਰੇ ਸ਼ਰਮਸਾਰ ਹੋਣ ਦੀ ਕੋਈ ਲੋੜ ਨਹੀਂ ਹੈ।

ਰੁਮਾਂਟਿਕ ਰਿਸ਼ਤੇ ਦੀ ਉਮੀਦ

18 ਸਾਲ ਦੀ ਉਮਰ ਵਿੱਚ ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਰੀਕੰਸਟਰਕਟਿਵ ਸਰਜਰੀ ਨਾਲ ਉਨ੍ਹਾਂ ਨੂੰ ਲਿੰਗ ਲਾਇਆ ਜਾ ਸਕਦਾ ਹੈ ਪਰ ਕਾਹਲੀ ਵਾਲੀ ਕੋਈ ਗੱਲ ਨਹੀਂ ਤੇ ਜਦੋਂ ਉਨ੍ਹਾਂ ਨੂੰ ਇਸ ਬਾਰੇ ਠੀਕ ਲੱਗੇ ਉਦੋਂ ਹੀ ਇਸ ਬਾਰੇ ਆਪਣੀ ਸਹਿਮਤੀ ਦੇਣ।

ਤਿੰਨ ਸਾਲ ਬਾਅਦ ਅਨਿਕ ਨੇ ਆਖ਼ਰ ਫੈਸਲਾ ਕਰ ਹੀ ਲਿਆ।

ਉਸ ਮਗਰੋਂ ਅਨਿਕ ਨੇ ਲੋਕਾਂ ਨੂੰ ਆਪਣੀ ਅਸਲ ਸਮੱਸਿਆ ਦੱਸਣੀ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਉਹ ਦਸਦੇ ਸਨ ਕਿ ਉਨ੍ਹਾਂ ਦਾ ਹਰਨੀਆਂ ਦਾ ਅਪ੍ਰੇਸ਼ਨ ਹੋਇਆ ਹੈ ਪਰ ਆਖ਼ਰ ਕਿਸੇ ਦੀਆਂ ਹਰਨੀਆਂ ਦਾ ਕਿੰਨੇ ਵਾਰ ਅਪ੍ਰੇਸ਼ਨ ਹੋ ਸਕਦਾ ਹੈ।

ਜਦੋਂ ਉਨ੍ਹਾਂ ਨੇ ਆਪਣੇ ਕਜ਼ਨਾਂ ਅਤੇ ਅੰਕਲਾਂ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਇਸ ਨੂੰ ਬੜੀ ਸਹਿਜਤਾ ਨਾਲ ਲਿਆ।

ਅਨਿਕ ਨੇ ਦੱਸਿਆ, "ਮੈਨੂੰ ਨਹੀਂ ਸੀ ਪਤਾ ਕਿ ਲੋਕ ਉਸ ਗੱਲ ਨੂੰ ਇੰਨੀ ਸਹਿਜਤਾ ਨਾਲ ਅਪਣਾ ਲੈਣਗੇ। ਜੋ ਮੈਂ ਕਾਫੀ ਲੰਬੇ ਸਮੇਂ ਤੋਂ ਛੁਪਾ ਰਿਹਾ ਸੀ।"

ਇਹ ਵੀ ਪੜ੍ਹੋ:

ਉਨ੍ਹਾਂ ਦਾ ਫਾਈਨਲ ਅਪ੍ਰੇਸ਼ਨ ਜੂਨ 2018 ਵਿੱਚ ਹੋਣਾ ਤੈਅ ਹੋਇਆ। ਇਸ ਨਾਲ ਅਨਿਕ ਨੂੰ ਉਮੀਦ ਬੱਝੀ ਕਿ ਆਖਰ ਜਲਦੀ ਹੀ ਹੁਣ ਉਹ ਕਿਸੇ ਰੁਮਾਂਟਿਕ ਰਿਸ਼ਤੇ ਵੱਲ ਕਦਮ ਵਧਾ ਸਕਣਗੇ।

ਫਰਵਰੀ 2018 ਵਿੱਚ ਅਨਿਕ ਕੋਪਨਹੇਗਨ ਵਿਚ ਇੰਟਰ-ਸੈਕਸ ਲੋਕਾਂ ਲਈ ਬਣੇ ਸੰਗਠਨ ( ਔਰਗਨਾਈਜ਼ੇਸ਼ਨ ਇੰਟਰਸੈਕਸ ਇੰਟਰਨੈਸ਼ਨਲ) ਵੱਲੋਂ ਕਰਵਾਈ ਜਾ ਰਹੀ ਕਾਨਫਰੰਸ ਵਿੱਚ ਹਿੱਸਾ ਲੈਣ ਜਾ ਰਹੇ ਸਨ। ਉਹ ਉਤਸ਼ਾਹਿਤ ਵੀ ਬੜੇ ਹਨ ਅਤੇ ਘਬਰਾਏ ਵੀ ਕੋਈ ਘੱਟ ਨਹੀਂ ਸਨ।

ਇਹ ਇੱਕ ਸੁਫਨੇ ਵਾਂਗ ਸੀ... ਜਿੰਦਗੀ ਵਿੱਚ ਪਹਿਲੀ ਵਾਰ ਮੈਂ ਅਨੋਖਾ ਨਹੀਂ ਹੋਵਾਂਗਾ। ਮੈਂ ਆਪਣੇ ਵਰਗੇ ਲੋਕਾਂ ਬਾਰੇ ਜਾਣ ਰਿਹਾ ਹਾਂ- ਇਹ ਸੁਣਨ ਨੂੰ ਅਜੀਬ ਲਗਦਾ ਹੈ ਪਰ ਮੈਨੂੰ ਇੰਝ ਹੀ ਲਗਦਾ ਸੀ।

ਇਸ ਕਾਨਫਰੰਸ ਵਿੱਚ ਦੁਨੀਆ ਭਰ ਤੋਂ ਅਨਿਕ ਵਰਗੇ ਡੈਲੀਗੇਟ ਪਹੁੰਚੇ ਸਨ। ਇੱਥੇ ਉਹ ਆਪਣੇ ਤਜਰਬੇ ਸਾਂਝੇ ਕਰਨਗੇ।

ਇਹ ਭਾਵੇਂ ਕਿੰਨਾ ਹੀ ਅਜੀਬ ਹੋਵੇ ਪਰ ਕੁਝ ਘੰਟਿਆਂ ਦੀ ਗੱਲਬਾਤ ਤੋਂ ਬਾਅਦ ਹੀ ਅਸੀਂ ਆਪਣੇ ਗੁਪਤ ਅੰਗਾਂ ਬਾਰੇ ਚਰਚਾ ਕਰਨ ਲੱਗੇ।

ਦਰਮਿਆਨੇ ਲੋਕੀਂ ਕੌਣ ਹੁੰਦੇ ਹਨ?

ਇਹ ਸ਼ਬਦ ਉਨ੍ਹਾਂ ਲੋਕਾਂ ਲਈ ਵਰਤੇ ਜਾਂਦੇ ਹਨ ਜਿਨ੍ਹਾਂ ਦੇ ਗੁਪਤ ਅੰਗ ਔਰਤਾਂ ਅਤੇ ਮਰਦਾਂ ਤੋਂ ਭਿੰਨਤਾ ਰੱਖਦੇ ਹਨ।

ਇਹ ਭਿੰਨਤਾਵਾਂ ਕਈ ਕਿਸਮ ਦੀਆਂ ਹੋ ਸਕਦੀਆਂ ਹਨ। ਪਹਿਲੇ ਕਿਸਮ ਦੀ ਭਿੰਨਤਾ ਜ਼ਾਹਰਾ ਤੌਰ 'ਤੇ ਜਿਵੇਂ ਗੁਪਤ ਅੰਗਾਂ ਦੀ ਬਣਾਵਟ ਵਿੱਚ, ਓਵਰੀਆਂ ਅਤੇ ਪਤਾਲੂਆਂ ਵਿੱਚ। ਦੂਸਰੀ ਜਿਵੇਂ ਹਾਰਮੋਨ ਅਤੇ ਕਰੋਮੋਜ਼ੋਮ ਵਿੱਚ ਫ਼ਰਕ ਹੋਣਾ।

ਸੰਯੁਕਤ ਰਾਸ਼ਟਰ ਮੁਤਾਬਕ 1.7 ਫੀਸਦੀ ਲੋਕ ਦਰਮਿਆਨੇ ਮੇਲ ਦੇ ਹਨ।

----

ਅਨਿਕ ਨੂੰ ਇਨ੍ਹਾਂ ਲੋਕਾਂ ਵਿੱਚ ਵਿਚਰ ਕੇ ਵਧੀਆ ਲੱਗ ਰਿਹਾ ਸੀ ਕਿਉਂਕਿ ਇੱਥੇ ਉਨ੍ਹਾਂ ਨੂੰ ਆਪਣੇ ਬਾਰੇ ਦੱਸਣਾ ਨਹੀਂ ਸੀ ਪੈ ਰਿਹਾ ਸੀ।

ਅਨਿਕ ਮਹਿਸੂਸ ਕਰ ਰਹੇ ਸਨ, ਕੀ ਹੋਰਾਂ ਵਰਗਾ ਹੋਣਾ ਅਜਿਹਾ ਹੀ ਲਗਦਾ ਹੈ।

ਇੱਥੇ ਅਨਿਕ ਆਪਣੇ-ਆਪ ਨੂੰ ਅੱਲਗ-ਥੱਲਗ ਵੀ ਮਹਿਸੂਸ ਕਰ ਰਹੇ ਸਨ ਕਿਉਂਕਿ ਕਈ ਲੋਕਾਂ ਦੇ ਅਨੁਭਵ ਉਸ ਤੋਂ ਵੱਖਰੇ ਸਨ।

"ਇੱਕ ਪਾਸੇ ਤਾਂ ਮੈਂ ਉਨ੍ਹਾਂ ਲੋਕਾਂ ਵਿੱਚ ਸੀ ਜੋ ਮੈਂ ਸਮਝਦਾ ਸੀ ਕਿ ਮੇਰੀ ਸਥਿਤੀ ਨੂੰ ਸਮਝਦੇ ਹੋਣਗੇ ਪਰ ਦੂਸਰੇ ਪਾਸੇ ਉਨ੍ਹਾਂ ਲੋਕਾਂ ਨੇ ਉਹ ਕੁਝ ਨਹੀਂ ਸੀ ਹੰਢਾਇਆ, ਜੋ ਮੈਂ ਹੰਢਾਇਆ ਸੀ।"

ਅਨਿਕ ਦੇ ਦਿਲ ਵਿੱਚ ਰਲੀਆਂ-ਮਿਲੀਆਂ ਭਾਵਨਾਵਾਂ ਪੈਦਾ ਹੋ ਰਹੀਆਂ ਸਨ। ਇਹ ਇੱਕ ਖੱਟਾ-ਮਿੱਠਾ ਅਨੁਭਵ ਸੀ।

"ਮੈਂ ਪੂਰਾ ਮਰਦ ਨਹੀਂ ਹਾਂ ਨਾ ਹੀ ਮੈਂ ਪੂਰੀ ਔਰਤ ਹਾਂ, ਫੇਰ ਮੈਂ ਕੀ ਹਾਂ"

"ਇਹ ਮੇਰੀ ਕਹਾਣੀ ਹੈ। ਮੈਂ ਪੂਰਾ ਮਰਦ ਨਹੀਂ ਹਾਂ, ਨਾ ਹੀ ਮੈਂ ਪੂਰੀ ਔਰਤ ਹਾਂ। ਤਾਂ ਫੇਰ ਮੈਂ ਕੀ ਹਾਂ।"

ਕੁਝ ਦੇਰ ਬਾਅਦ ਸਕਾਈਪ 'ਤੇ ਅਨਿਕ ਦੀ ਮੁਲਾਕਾਤ ਇੱਕ ਦਰਮਿਆਨੇ ਲੋਕਾਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਸ਼ਿਕਾਗੋ, ਅਮਰੀਕਾ ਦਾ ਕਾਰਕੁਨ ਪਿਜਨ ਪੈਗੋਨਿਸ ਨਾਲ ਹੋਈ।

ਪਿਜਨ ਦਾ ਜਨਮ ਵੀ ਅਨਿਕ ਵਾਂਗ ਹੀ ਬਿਨਾਂ ਕਿਸੇ ਪੂਰਨ-ਵਿਕਸਿਤ ਲਿੰਗ ਜਾਂ ਯੌਨੀ ਦੇ ਹੋਇਆ ਸੀ। ਪਰ ਅਨਿਕ ਦੇ ਉਲਟ ਡਾਕਟਰਾਂ ਨੇ ਪਿਜਨ ਦੇ ਲਿੰਗ ਦੀ ਥਾਂ ਯੌਨੀ ਵਿਕਸਿਤ ਕਰਨ ਦਾ ਫੈਸਲਾ ਕੀਤਾ।

ਪਿਜਨ ਦਾ ਪਾਲਣ ਪੋਸ਼ਣ ਇੱਕ ਕੁੜੀ ਵਜੋਂ ਹੋਇਆ ਸੀ। ਉਹ ਅੰਗਰੇਜ਼ੀ ਦੇ 'ਸ਼ੀਅ' ਦੀ ਥਾਂ 'ਦੇਅ' ਪੜਨਾਂਵ ਦੀ ਵਰਤੋਂ ਕਰਦੀ ਹੈ।

ਪਿਜਨ ਨੂੰ ਯੂਨੀਵਰਸਿਟੀ ਵਿੱਚ ਜਾ ਕੇ ਪਤਾ ਚੱਲਿਆ ਕਿ ਉਹ ਇੱਕ ਦਰਮਿਆਨੀ ਹੈ ਅਤੇ ਬਚਪਨ ਵਿੱਚ ਉਸਦੇ ਕੀ ਅਪ੍ਰੇਸ਼ਨ ਹੁੰਦੇ ਸਨ।

ਪਿਜਨ ਹੁਣ ਇਨ੍ਹਾਂ ਅਪ੍ਰੇਸ਼ਨਾਂ ਨੂੰ ਬੇਲੋੜੇ ਕਾਸਮੈਟਿਕ ਪ੍ਰੋਸੀਜ਼ਰ ਮੰਨਦੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਤੰਦਰੁਸਤ ਦਰਮਿਆਨੇ ਬੱਚੇ ਦੇ ਸਰੀਰ ਵਿੱਚ ਬਿਨਾਂ ਵਜ੍ਹਾ ਤਬਦੀਲੀ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

ਪਿਜਨ ਦਾ ਕਹਿਣਾ ਹੈ, "ਆਪਣੇ ਬੱਚੇ ਨੂੰ ਇੱਕ ਦਰਮਿਆਨੇ ਵਜੋਂ ਵੱਡਾ ਹੋਣ ਦਿਓ ਅਤੇ ਫੇਰ ਉਸ ਨੂੰ ਆਜ਼ਾਦੀ ਦਿਓ ਕਿ ਇਹ ਫੈਸਲਾ ਕਰ ਸਕੇ ਉਹ ਕੂ ਬਣਨਾ ਚਾਹੁੰਦੇ ਹਨ।"

ਅਨਿਕ ਵੀ ਇਸ ਨਾਲ ਸਹਿਮਤ ਹਨ ਉਨ੍ਹਾਂ ਨੂੰ ਲਗਦਾ ਹੈ ਕਿ ਸ਼ਾਇਦ ਉਨ੍ਹਾਂ ਦੇ ਮਾਪਿਆਂ ਨੂੰ ਵੀ ਇਹ ਨਹੀਂ ਸੀ ਦੱਸਿਆ ਗਿਆ ਕਿ ਅਪ੍ਰੇਸ਼ਨ ਲਈ ਉਡੀਕ ਕੀਤੀ ਜਾ ਸਕਦੀ ਹੈ।

ਅਨਿਕ ਨੂੰ ਪਿਜਨ ਨਾਲ ਮਿਲਣ ਤੋਂ ਬਾਅਦ ਲਗਦਾ ਹੈ ਕਿ ਬਚਪਨ ਵਿੱਚ ਉਨ੍ਹਾਂ ਦੇ ਵੀ ਬਹੁਤ ਸਾਰੇ ਅਪ੍ਰੇਸ਼ਨ ਬੇਵਜ੍ਹਾ ਹੀ ਕਰ ਦਿੱਤੇ ਗਏ।

ਹੁਣ ਅਨਿਕ ਨੂੰ ਲੱਗ ਰਿਹਾ ਸੀ ਕਿ, ਵਾਕਈ ਉਨ੍ਹਾਂ ਨੂੰ ਇਸ ਅਪ੍ਰੇਸ਼ਨ ਦੀ ਲੋੜ ਸੀ ਜਾਂ ਉਹ ਮਹਿਜ਼ ਉਹੀ ਮਹਿਸੂਸ ਕਰ ਰਹੇ ਸਨ ਜੋ ਲੋਕ ਚਾਹੁੰਦੇ ਸਨ ਕਿ ਉਹ ਕਰਨ।

ਆਖਰ ਉਨ੍ਹਾਂ ਅਪ੍ਰੇਸ਼ਨ ਕਰਵਾਉਣ ਦਾ ਹੀ ਫੈਸਲਾ ਲਿਆ। ਜੂਨ 2018 ਵਿੱਚ ਅਨਿਕ ਹਸਪਤਾਲ ਜਾਣ ਵਾਲੇ ਹਨ।

ਪ੍ਰੋਸਥੈਟਿਕ ਉਪਕਰਨ ਦੇ ਨਫ਼ੇ-ਨੁਕਸਾਨ

ਇੱਕ ਸਾਲ ਪਹਿਲਾਂ ਡਾਕਟਰਾਂ ਨੇ ਲਿੰਗ ਉਨ੍ਹਾਂ ਦੀ ਬਾਂਹ ਤੋਂ ਮਾਸ ਲੈ ਕੇ ਬਣਾਇਆ ਸੀ। ਇਸ ਰਾਹੀਂ ਸਹੀ ਤਰੀਕੇ ਨਾਲ ਪਿਸ਼ਾਬ ਕਰਨ ਵਿੱਚ ਅਨਿਕ ਨੂੰ ਪੂਰਾ ਇੱਕ ਸਾਲ ਲੱਗ ਗਿਆ।

ਅਨਿਕ ਅਪ੍ਰੇਸ਼ਨ ਦੀ ਤਿਆਰ ਹੋ ਰਹੇ ਹਨ, ਕੱਪੜੇ ਬਦਲ ਰਹੇ ਹਨ। ਇੱਹ ਇੱਕ ਅਜਿਹਾ ਕੰਮ ਹੈ, ਜਿਸ ਦੀ ਉਨ੍ਹਾਂ ਨੂੰ ਬਚਪਨ ਤੋਂ ਹੀ ਆਦਤ ਹੋ ਗਈ ਹੈ।

ਅੱਜ ਇਸ ਲਿੰਗ ਵਿੱਚ ਇੱਕ ਪ੍ਰੋਸਥੈਟਿਕ ਪੰਪ ਲਾਇਆ ਜਾਵੇਗਾ ਜੋ ਕਿ ਉਨ੍ਹਾਂ ਦੀ ਮੈਥੁਨ ਕਰਨ ਵਿੱਚ ਸਹਾਇਤਾ ਕਰੇਗਾ।

ਅਨਿਕ ਨੇ ਹਸਦਿਆਂ ਕਿਹਾ, "ਘੱਟੋ-ਘੱਟ ਮੈਨੂੰ ਪ੍ਰਫਾਰਮੈਂਸ ਦੀ ਫਿਕਰ ਤਾਂ ਨਹੀਂ ਹੋਵੇਗੀ।"

ਫੇਰ ਵੀ ਅਨਿਕ ਇਹ ਨਹੀਂ ਸਮਝ ਪਾ ਰਹੇ ਕਿ ਉਹ ਆਪਣੀ ਹੋਣ ਵਾਲੀ ਕਿਸੇ ਸਾਥੀ ਨੂੰ ਇਸ ਬਾਰੇ ਕਿਵੇਂ ਸਮਝਾਉਣਗੇ। ਅਨਿਕ ਪਹਿਲਾਂ ਕਿਸੇ ਰਿਸ਼ਤੇ ਵਿੱਚ ਨਹੀਂ ਰਹੇ ਪਰ ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਕਿਸੇ ਰਿਸ਼ਤੇ ਵਿੱਚ ਬੱਝ ਸਕਣਗੇ।

"ਹੁਣ ਮੇਰੀ ਜ਼ਿੰਦਗੀ ਬਦਲ ਜਾਵੇਗੀ।" "ਹੁਣ ਸ਼ਾਇਦ ਮੈਂ ਵੀ ਉਹ ਕੁਝ ਮਹਿਸੂਸ ਕਰ ਸਕਾਂ ਜੋ ਮੇਰੀ ਉਮਰ ਦੇ ਹੋਰ ਲੜਕੇ ਮਹਿਸੂਸ ਕਰਦੇ ਹਨ।"

ਅਪ੍ਰੇਸ਼ਨ ਸਫ਼ਲ ਰਿਹਾ ਅਤੇ ਅਨਿਕ ਦਾ ਕਹਿਣਾ ਹੈ ਕਿ ਹੇਠਾਂ ਸਭ ਕੁਝ ਬਦਲ ਗਿਆ ਹੈ ਪਰ ਹਾਲੇ ਉਹ ਨਹੀਂ ਜਾਣਦੇ ਕਿ ਇਸਦੀ ਆਦਤ ਪੈਣ ਵਿੱਚ ਉਨ੍ਹਾਂ ਨੂੰ ਕਿੰਨਾ ਸਮਾਂ ਲੱਗੇਗਾ।

ਅਪ੍ਰੇਸ਼ਨ ਦੇ ਇੱਕ ਮਹੀਨੇ ਬਾਅਦ ਕੁਝ ਦਿੱਕਤਾਂ ਹੋਣ ਲੱਗੀਆਂ। ਅਨਿਕ ਨੂੰ ਅਜਿਹੀ ਪੀੜਾ ਵਿੱਚੋਂ ਲੰਘਣਾ ਪਿਆ ਜਿਹੀ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਸੀ ਝੱਲੀ। ਉਨ੍ਹਾਂ ਦਾ ਹਸਪਤਲ ਆਉਣਾ-ਜਾਣਾ ਲੱਗਿਆ ਰਿਹਾ।

ਇਹ ਵੀ ਪੜ੍ਹੋ:

ਪਰ ਅਨਿਕ ਹੁਣ ਉਸ ਪੀੜ ਨੂੰ ਪਿੱਛੇ ਛੱਡ ਦੇਣਾ ਚਾਹੁੰਦੇ ਹਨ।

ਉਨ੍ਹਾਂ ਨੇ ਲੰਡਨ ਵਿੱਚ ਐਲਜੀਬੀਟ ਲੋਕਾਂ ਦੀ ਪਰੇਡ ਵਿੱਚ ਹਿੱਸਾ ਲਿਆ। ਜਿਸ ਵਿੱਚ ਦਰਮਿਆਨੇ ਲੋਕ ਪਹਿਲੀ ਵਾਰ ਸ਼ਾਮਲ ਹੋਏ ਸਨ।

ਸਾਰੇ ਦਰਮਿਆਨੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਸਾਰੇ ਨਾ ਹੀ ਲੈਸਬੀਅਨ ਹੁੰਦੇ ਹਨ ਅਤੇ ਨਾ ਹੀ ਗੇਅ ਅਤੇ ਨਾ ਹੀ ਦੁਵਲਿੰਗੀ ਪਰ ਇਹ ਪਰੇਡ ਆਮ ਲੋਕਾਂ ਨੂੰ ਦਰਮਿਆਨੇ ਲੋਕਾਂ ਨੂੰ ਦੱਸਣ ਲਈ ਵਧੀਆਂ ਮੰਚ ਹੈ।

ਇਸ ਪਰੇਡ ਵਿੱਚ ਅਨਿਕ ਆਪਣੇ ਤੀਹ ਸਾਥੀਆਂ ਨਾਲ ਸ਼ਾਮਲ ਹੋਏ ਹਨ। ਇਨ੍ਹਾਂ ਵਿੱਚੋਂ ਬਹੁਤੇ ਸਟਰੇਟ (ਦੂਸਰੇ ਲਿੰਗ ਦੇ ਵਿਅਕਤੀ ਨਾਲ ਹੀ ਰਿਸ਼ਤੇ ਬਣਾਉਣ ਵਾਲੇ) ਹਨ। ਇਹ ਸਭ ਰੰਗਾਰੰਗ ਪਰੇਡ ਵਿੱਚ ਖੁਸ਼ੀ-ਖੁਸ਼ੀ ਸ਼ਾਮਲ ਹੋਏ ਹਨ।

ਆਖਰ ਆਪਣੇ ਵਰਗਿਆਂ ਨਾਲ ਮੁਲਾਕਾਤ ਹੋਈ

"ਇਸ ਸਮੇਂ ਪਿਛਲੇ ਸਾਲ ਮੈਂ ਕਿਸੇ ਦਰਮਿਆਨੇ ਇਨਸਾਨ ਨੂੰ ਨਹੀਂ ਸੀ ਜਾਣਦਾ। ਆਪਣੇ ਵਰਗੇ ਲੋਕਾਂ ਨੂੰ ਭਾਲਣ ਲਈ ਮੈਂ ਇਸ ਪਰੇਡ ਵਿੱਚ ਆਪਣੇ-ਆਪ ਸ਼ਾਮਲ ਹੋਇਆ ਸੀ।" ਇਸ ਸਾਲ ਉੱਥੇ ਅਨਿਕ ਵਰਗਿਆਂ ਦਾ ਪੂਰਾ ਟੋਲਾ ਸੀ।

ਉਹ ਆਪਣੀ ਖੁਸ਼ੀ ਛੁਪਾਉਣ ਵਿੱਚ ਨਾਕਾਮ ਰਹਿੰਦੇ ਹਨ।

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਬਦਲ ਗਈ ਹੈ ਇਸ ਗੱਲ ਦਾ ਉਹ ਬਿਆਨ ਨਹੀਂ ਕਰ ਸਕਦੇ।

ਅਪ੍ਰੇਸ਼ਨ ਦੀਆਂ ਦਿੱਕਤਾਂ ਦੂਰ ਕਰਨ ਲਈ ਅਗਸਤ 2018 ਵਿੱਚ ਅਨਿਕ ਦਾ ਇੱਕ ਹੋਰ ਅਪ੍ਰੇਸ਼ਨ ਕੀਤਾ ਗਿਆ। ਲਿੰਗ ਵਿੱਚ ਲਾਇਆ ਗਿਆ ਉਪਕਰਨ ਉਨ੍ਹਾਂ ਦੇ ਅੰਡਕੋਸ਼ਆਂ ਨਾਲ ਉਲਝ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਪੀੜ ਹੋ ਰਹੀ ਸੀ।

ਹਾਲਾਂਕਿ ਉਨ੍ਹਾਂ ਨੂੰ ਹਾਲੇ ਵੀ ਪੀੜ ਹੁੰਦੀ ਹੈ ਪਰ ਉਹ ਇਨਫੈਕਸ਼ਨ ਪ੍ਰਤੀ ਵਧੇਰੇ ਸੁਚੇਤ ਹੋ ਗਏ ਹਨ। ਅਨਿਕ ਨੂੰ ਉਮੀਦ ਹੈ ਕਿ ਆਉਂਦੇ ਚਹੁਆਂ-ਪੰਜਾਂ ਸਾਲਾਂ ਵਿੱਚ ਸ਼ਾਇਦ ਉਨ੍ਹਾਂ ਨੂੰ ਮੁੜ ਅਪ੍ਰੇਸ਼ਨ ਨਾ ਕਰਵਾਉਣਾ ਪਵੇ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਪੰਪ ਦੀ ਸਰਵਿਸ ਲਈ ਜਾਂ ਫੇਰ ਜੇ ਕੋਈ ਹੋਰ ਵਧੀਆ ਮਾਡਲ ਆ ਗਿਆ ਤਾਂ ਬਦਲਣ ਲਈ ਉਨ੍ਹਾਂ ਦਾ ਮੁੜ ਤੋਂ ਅਪ੍ਰੇਸ਼ਨ ਕਰਨਾ ਪਵੇਗਾ।

ਹਸਪਤਾਲ ਤੋਂ ਖਹਿੜਾ ਛੁਡਾ ਕੇ ਹੀ ਅਨਿਕ ਆਪਣੇ ਲਈ ਕੋਈ ਢੁਕਵੀਂ ਨੌਕਰੀ ਤਲਾਸ਼ਣ ਵਿੱਚ ਕਾਮਯਾਬ ਹੋ ਸਕੇ। ਉਹ ਉਸੇ ਯੂਨੀਵਰਸਿਟੀ ਵਿੱਚ ਨੌਕਰੀ ਕਰਦੇ ਹਨ ਜਿੱਥੋਂ ਉਨ੍ਹਾਂ ਪੜ੍ਹਾਈ ਕੀਤੀ ਸੀ। ਅਨਿਕ ਮਹਿਸੂਸ ਕਰਦੇ ਹਨ ਕਿ ਜ਼ਿੰਦਗੀ ਵਿੱਚ ਹੋਰ ਚੀਜ਼ਾਂ ਵੀ ਬਦਲ ਰਹੀਆਂ ਹਨ।

ਅਪ੍ਰੇਸ਼ਨ ਤੋਂ ਬਾਅਦ ਅਨਿਕ ਨੇ ਵਧੇਰੇ ਸਵੈ-ਭਰੋਸਾ ਮਹਿਸੂਸ ਕੀਤਾ। ਉਨ੍ਹਾਂ ਆਪਣੇ ਆਪ ਨੂੰ ਨਵੀਂ ਨਜ਼ਰ ਨਾਲ ਦੇਖਿਆ। ਇਸ ਤਬਦੀਲੀ ਨਾਲ ਅਨਿਕ ਦੇ ਹੋਰ ਲੋਕਾਂ ਨਾਲ ਰਿਸ਼ਤਿਆਂ ਵਿੱਚ ਵੀ ਫਰਕ ਪਿਆ।

ਉਹ ਆਪਣੇ ਮਾਪਿਆਂ ਦੇ ਵੀ ਪਹਿਲਾਂ ਨਾਲੋਂ ਵਧੇਰੇ ਨਜ਼ਦੀਕ ਆ ਗਏ ਹਨ।

"ਪਹਿਲਾਂ ਮੈਂ ਸੋਚਦਾ ਸੀ ਕਿ ਉਹ ਮੇਰੇ ਲਈ ਸਭ ਕੁਝ ਨਹੀਂ ਕਰ ਰਹੇ ਅਤੇ ਉਹ ਨਹੀਂ ਜਾਣਦੇ ਕਿ ਕੀ ਹੋ ਰਿਹਾ ਹੈ।"

"ਮੈਂ ਇਹ ਕਦੇ ਮਹਿਸੂਸ ਨਹੀਂ ਕੀਤਾ ਕਿ ਮੇਰੇ ਮਾਪੇ ਕਿੰਨੇ ਹਨ੍ਹੇਰੇ ਵਿੱਚ ਸਨ ਅਤੇ ਉਨ੍ਹਾਂ ਮੇਰੇ ਲਈ ਉਹੀ ਕੀਤਾ ਜੋ ਉਨ੍ਹਾਂ ਨੂੰ ਦੱਸਿਆ ਗਿਆ ਕਿ ਮੇਰੇ ਲਈ ਸਹੀ ਸੀ।"

ਕੁੱਲ-ਮਿਲਾ ਕੇ ਅਪ੍ਰੇਸ਼ਨ ਨੇ ਉਨ੍ਹਾਂ ਦੀ ਖੁਸ਼ੀ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਨੇ ਇੱਕ ਡੇਟਿੰਗ ਐਪ ਉੱਪਰ ਆਪਣਾ ਅਕਾਊਂਟ ਵੀ ਬਣਾ ਲਿਆ ਹੈ।

"ਮੇਰੀ ਪਹਿਲੀ ਡੇਟ ਕੋਈ ਬਹੁਤੀ ਵਧੀਆ ਨਹੀਂ ਸੀ, ਮੇਰੇ ਨਾਲ ਗਈ ਕੁੜੀ ਨੇ ਕਿਹਾ ਕਿ ਮੈਂ ਪੂਰਾ ਮਰਦ ਨਹੀਂ ਹਾਂ।" "ਉਸ ਮਗਰੋਂ ਮੈਂ ਇੱਕ ਮੁੰਡੇ ਨਾਲ ਡੇਟ ਤੇ ਗਿਆ ਜਿਸ ਨਾਲ ਮੈਨੂੰ ਕੁਝ ਮਹਿਸੂਸ ਨਹੀਂ ਹੋਇਆ। ਸੋ ਮੈਂ ਵੀ ਉਨ੍ਹਾਂ ਹੀ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਹਾਂ ਜਿਨ੍ਹਾਂ ਦਾ ਹੋਰ ਲੋਕ ਕਰਦੇ ਹਨ।"

ਹੁਣ ਅਨਿਕ ਨੂੰ ਲਗਦਾ ਹੈ ਕਿ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਰਾਜ਼ ਬਾਰੇ ਗੱਲ ਕਰਨ ਨਾਲ ਉਨ੍ਹਾਂ ਵਰਗੇ ਹੋਰ ਲੋਕਾਂ ਨੂੰ ਮਦਦ ਮਿਲੇਗੀ।

ਇਨ੍ਹਾਂ ਵੀਡੀਓਜ਼ ਵਿਚ ਵੀ ਤੁਹਾਡੀ ਰੁਚੀ ਹੋ ਸਕਦੀ ਹੈ