ਆਸੀਆ ਬੀਬੀ: ਮੈਨੂੰ ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ ਸੀ

ਆਸੀਆ ਬੀਬੀ

ਤਸਵੀਰ ਸਰੋਤ, Getty Images

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਸਾਈ ਮਹਿਲਾ ਆਸੀਆ ਬੀਬੀ ਨੂੰ ਈਸ਼ ਨਿੰਦਾ ਦੇ ਇੱਕ ਮਾਮਲੇ ਵਿੱਚ ਰਿਹਾਅ ਕਰ ਦਿੱਤਾ ਹੈ।

ਹੇਠਲੀ ਅਦਾਲਤ ਅਤੇ ਫਿਰ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਆਸੀਆ ਬੀਬੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਸੇ ਸਜ਼ਾ ਖ਼ਿਲਾਫ਼ ਕੀਤੀ ਗਏ ਅਪੀਲ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਆਸੀਆ ਬੀਬੀ ਨੂੰ ਰਿਹਾਅ ਕਰ ਦਿੱਤਾ ਹੈ।

ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਬੈਂਚ ਨੇ 8 ਅਕਤੂਬਰ ਨੂੰ ਇਸ ਮਾਮਲੇ ਵਿੱਚ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

ਇਹ ਵੀ ਪੜ੍ਹੋ:

ਫ਼ੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਮੀਆਂ ਸਾਕਿਬ ਨਿਸਾਰ ਨੇ ਕਿਹਾ ਕਿ ਉਹ ਹਾਈ ਕੋਰਟ ਅਤੇ ਟਰਾਇਲ ਕੋਰਟ ਦੇ ਫ਼ੈਸਲਿਆ ਨੂੰ ਰੱਦ ਕਰਦੇ ਹਨ।

ਉਨ੍ਹਾਂ ਨੇ ਕਿਹਾ, "ਉਨ੍ਹਾਂ ਦੀ ਸਜ਼ਾ ਵਾਲੇ ਫ਼ੈਸਲੇ ਨੂੰ ਰੱਦ ਕੀਤਾ ਜਾਂਦਾ ਹੈ। ਜੇਕਰ ਹੋਰ ਕਿਸੇ ਮਾਮਲੇ ਵਿੱਚ ਉਨ੍ਹਾਂ 'ਤੇ ਕੋਈ ਮੁਕੱਦਮਾ ਦਰਜ ਨਹੀਂ ਹੈ ਤਾਂ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।"

ਆਸੀਆ ਬੀਬੀ ਦੀ ਰਿਹਾਈ ਦਾ ਫ਼ੈਸਲਾ ਸੁਰੀਮ ਕੋਰਟ ਦੇ ਜਸਟਿਸ ਆਸਿਫ਼ ਸਈਦ ਖੋਸਾ ਨੇ ਲਿਖਿਆ ਹੈ।

ਉਨ੍ਹਾਂ ਨੇ ਸ਼ੁਰੂਆਤ ਵਿੱਚ ਤਾਂ ਇਹ ਗੱਲ ਕਹੀ ਕਿ ਪੈਗੰਬਰ ਮੁਹੰਮਦ ਜਾਂ ਕੁਰਾਨ ਦੀ ਬੇਇੱਜ਼ਤੀ ਕਰਨ ਦੀ ਸਜ਼ਾ ਮੌਤ ਜਾਂ ਉਮਰ ਕੈਦ ਹੈ। ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਜੁਰਮ ਦਾ ਗ਼ਲਤ ਅਤੇ ਝੂਠਾ ਇਲਜ਼ਾਮ ਅਕਸਰ ਲਗਾਇਆ ਜਾਂਦਾ ਹੈ।

ਅਦਾਲਤ ਨੇ ਮਸ਼ਾਲ ਖ਼ਾਨ ਅਤੇ ਅਯੂਬ ਮਸੀਹ ਕੇਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਛਲੇ 28 ਸਾਲਾਂ ਵਿੱਚ 62 ਮੁਲਜ਼ਮਾਂ ਨੂੰ ਅਦਾਲਤ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ।

ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ

ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।

ਤਸਵੀਰ ਸਰੋਤ, Reuters

ਬੀਬੀਸੀ ਪੱਤਰਕਾਰ ਸ਼ਹਿਜ਼ਾਦ ਮਲਿਕ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਫ਼ੈਜ਼ਾਬਾਦ ਅਤੇ ਇਸਲਾਮਾਬਾਦ ਨੂੰ ਜੋੜਨ ਵਾਲੇ ਹਾਈਵੇ ਨੂੰ ਬੰਦ ਕਰ ਦਿੱਤਾ ਹੈ।

ਵੱਖ-ਵੱਖ ਮਸਜਿਦਾਂ ਤੋਂ ਐਲਾਨ ਕੀਤਾ ਜਾ ਰਿਹਾ ਹੈ ਕਿ ਲੋਕ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਖ਼ਿਲਾਫ਼ ਆਪਣੇ ਘਰਾਂ ਤੋਂ ਨਿਕਲੇ ਅਤੇ ਇਸ ਫ਼ੈਸਲੇ ਦਾ ਖੁੱਲ੍ਹ ਕੇ ਵਿਰੋਧ ਕੀਤਾ।

ਉੱਧਰ ਤਹਿਰੀਕ ਲੱਬੈਕ ਪਾਕਿਸਤਾਨ ਦਾ ਕਹਿਣਾ ਹੈ ਕਿ ਕਰਾਚੀ ਵਿੱਚ ਅੱਧਾ ਦਰਜਨ ਇਲਾਕਿਆਂ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਸ਼ਹਿਰ ਦੇ ਕਈ ਵੱਡੇ ਬਾਜ਼ਾਰ ਬੰਦ ਕਰ ਦਿੱਤੇ ਗਏ ਹਨ।

ਤਹਿਰੀਕ ਲੱਬੈਕ ਪਾਕਿਸਤਾਨ ਨੇ ਪੂਰੇ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਦਾ ਆਯੋਜਨ ਕੀਤਾ ਹੈ। ਲਾਹੌਰ ਦੀ ਮਾਲ ਰੋਡ 'ਤੇ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ਵਿੱਚ ਇਕੱਠਾ ਹੋ ਗਏ ਹਨ।

ਆਸੀਆ ਬੀਬੀ ਖ਼ਿਲਾਫ਼ ਸ਼ਿਕਾਇਤ ਕਰਤਾਵਾਂ ਦੀ ਕਾਨੂੰਨੀ ਟੀਮ ਦੀ ਇੱਕ ਮੈਂਬਰ ਤਾਹੀਰਾ ਸ਼ਾਹੀਨ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਅਜਿਹੇ ਫ਼ੈਸਲੇ ਦੀ ਉਮਦ ਸੀ ਕਿਉਂਕਿ ਉਨ੍ਹਾਂ ਮੁਤਾਬਕ ਸੁਪਰੀਮ ਕੋਰਟ ਦੇ ਜੱਜ ਖ਼ੁਦ ਕੈਦੀ ਹਨ।

ਕੀ ਹੈ ਮਾਮਲਾ

ਆਸੀਆ ਬੀਬੀ ਉੱਪਰ ਇੱਕ ਮੁਸਲਿਮ ਮਹਿਲਾ ਨਾਲ ਗੱਲਬਾਤ ਦੌਰਾਨ ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਇਲਜ਼ਾਮ ਹੈ।

ਹਾਲਾਂਕਿ ਪੈਗੰਬਰ ਮੁਹੰਮਦ ਦੀ ਬੇਇੱਜ਼ਤੀ ਕਰਨ ਦੇ ਇਲਜ਼ਾਮਾਂ ਨੂੰ ਆਸੀਆ ਬੀਬੀ ਰੱਦ ਕਰਦੀ ਰਹੀ ਹੈ, ਪਰ ਪਾਕਿਸਤਾਨ ਵਿੱਚ ਈਸ਼ ਨਿੰਦਾ ਇੱਕ ਬਹੁਤ ਸੰਵੇਦਨਸ਼ੀਲ ਵਿਸ਼ਾ ਰਿਹਾ ਹੈ।

ਤਸਵੀਰ ਸਰੋਤ, Getty Images

ਆਲੋਚਕਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੀ ਗ਼ਲਤ ਵਰਤੋਂ ਕਰਕੇ ਅਕਸਰ ਘੱਟ ਗਿਣਤੀਆਂ ਨੂੰ ਫਸਾਇਆ ਜਾਂਦਾ ਹੈ।

ਇਹ ਪੂਰਾ ਮਾਮਲਾ 14 ਜੂਨ, 2009 ਦਾ ਹੈ, ਜਦੋਂ ਇੱਕ ਦਿਨ ਆਸੀਆ ਨੂਰੀਨ ਆਪਣੇ ਘਰ ਦੇ ਨੇੜੇ ਫਾਲਸੇ ਦੇ ਬਗੀਚੇ ਵਿੱਚ ਦੂਜੀਆਂ ਔਰਤਾਂ ਨਾਲ ਕੰਮ ਕਰਨ ਪਹੁੰਚੀ ਤਾਂ ਉੱਥੇ ਉਨ੍ਹਾਂ ਦੀ ਲੜਾਈ ਨਾਲ ਕੰਮ ਕਰਨ ਵਾਲੀਆਂ ਔਰਤਾਂ ਨਾਲ ਹੋਈ।

ਆਸੀਆ ਨੇ ਆਪਣੀ ਕਿਤਾਬ ਵਿੱਚ ਇਸ ਘਟਨਾ ਬਾਰੇ ਸਿਲਸਿਲੇਵਾਰ ਢੰਗ ਨਾਲ ਦੱਸਿਆ ਹੈ।

ਅੰਗਰੇਜ਼ੀ ਵੈੱਬਸਾਈਟ ਨਿਊਯਾਰਕ ਪੋਸਟ ਵਿੱਚ ਛਪੇ ਇਸ ਕਿਤਾਬ ਦੇ ਹਿੱਸੇ 'ਚ ਆਸੀਆ ਲਿਖਦੀ ਹੈ, "ਮੈਂ ਆਸੀਆ ਬੀਬੀ ਹਾਂ, ਜਿਸ ਨੂੰ ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ। ਮੈਂ ਜੇਲ ਵਿੱਚ ਹਾਂ ਕਿਉਂਕਿ ਮੈਂ ਉਸ ਕੱਪ ਵਿੱਚ ਪਾਣੀ ਪੀ ਲਿਆ ਜਿਸ ਵਿੱਚ ਮੁਸਲਿਮ ਔਰਤਾਂ ਪਾਣੀ ਪੀਂਦੀਆਂ ਸਨ। ਕਿਉਂਕਿ ਇੱਕ ਇਸਾਈ ਮਹਿਲਾ ਦੇ ਹੱਥ ਨਾਲ ਦਿੱਤਾ ਹੋਇਆ ਪਾਣੀ ਪੀਣਾ ਮੇਰੇ ਨਾਲ ਕੰਮ ਕਰਨ ਵਾਲੀਆਂ ਔਰਤਾਂ ਦੇ ਮੁਤਾਬਕ ਗ਼ਲਤ ਹੈ।''

ਤਸਵੀਰ ਸਰੋਤ, Asia bibi

14 ਜੂਨ ਦੀ ਘਟਨਾ ਬਾਰੇ ਦੱਸਦੇ ਹੋਏ ਆਸੀਆ ਲਿਖਦੀ ਹੈ, "ਮੈਨੂੰ ਅੱਜ ਵੀ 14 ਜੂਨ 2009 ਦੀ ਤਾਰੀਖ਼ ਯਾਦ ਹੈ। ਮੈਂ ਉਸ ਦਿਨ ਫਾਲਸਾ ਇਕੱਠਾ ਕਰਨ ਲਈ ਗਈ ਸੀ। ਮੈਂ ਝਾੜੀਆਂ ਵਿੱਚੋਂ ਨਿਕਲ ਕੇ ਨੇੜੇ ਦੇ ਬਣੇ ਹੋਏ ਇੱਕ ਖੂਹ ਕੋਲ ਪਹੁੰਚੀ ਅਤੇ ਬਾਲਟੀ ਪਾ ਕੇ ਪਾਣੀ ਕੱਢ ਲਿਆ।

ਪਰ ਜਦੋਂ ਮੈਂ ਇੱਕ ਮਹਿਲਾ ਨੂੰ ਦੇਖਿਆ ਜਿਸਦੀ ਹਾਲਤ ਮੇਰੇ ਵਰਗੀ ਸੀ ਤਾਂ ਮੈਂ ਉਸ ਨੂੰ ਵੀ ਪਾਣੀ ਕੱਢ ਕੇ ਦਿੱਤਾ। ਉਦੋਂ ਹੀ ਇੱਕ ਔਰਤ ਨੇ ਚੀਕ ਕੇ ਕਿਹਾ ਇਹ ਪਾਣੀ ਨਾ ਪੀਓ ਕਿਉਂਕਿ 'ਇਹ ਹਰਾਮ ਹੈ' ਕਿਉਂਕਿ ਇੱਕ ਇਸਾਈ ਮਹਿਲਾ ਨੂੰ ਇਸ ਨੇ ਅਸ਼ੁੱਧ ਕਰ ਦਿੱਤਾ ਹੈ।''

ਇਹ ਵੀ ਪੜ੍ਹੋ:

ਆਸੀਆ ਲਿਖਦੀ ਹੈ, " ਮੈਂ ਇਸ ਦੇ ਜਵਾਬ ਵਿੱਚ ਕਿਹਾ ਮੈਨੂੰ ਲੱਗਦਾ ਹੈ ਕਿ ਈਸਾ ਮਸੀਹ ਇਸ ਕੰਮ ਨੂੰ ਪੈਗੰਬਰ ਮੁਹੰਮਦ ਤੋਂ ਵੱਖਰੀ ਨਿਗਾਹ ਨਾਲ ਦੇਖਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ, ਪੈਗੰਬਰ ਮੁਹੰਮਦ ਬਾਰੇ ਕੁਝ ਬੋਲਣ ਦੀ। ਮੈਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਤੂੰ ਇਸ ਪਾਪ ਤੋਂ ਮੁਕਤੀ ਚਾਹੁੰਦੀ ਹੈ ਤਾਂ ਇਸਲਾਮ ਸਵੀਕਾਰ ਕਰਨਾ ਪਵੇਗਾ।"

"ਮੈਨੂੰ ਇਹ ਸੁਣ ਕੇ ਬਹੁਤ ਬੁਰਾ ਲੱਗਾ ਕਿਉਂਕਿ ਮੈਨੂੰ ਧਰਮ 'ਤੇ ਵਿਸ਼ਵਾਸ ਹੈ। ਇਸ ਤੋਂ ਬਾਅਦ ਮੈਂ ਕਿਹਾ- ਮੈਂ ਧਰਮ ਨਹੀਂ ਬਦਲਾਂਗੀ ਕਿਉਂਕਿ ਮੈਨੂੰ ਈਸਾਈ ਧਰਮ 'ਤੇ ਭਰੋਸਾ ਹੈ। ਈਸਾ ਮਸੀਹ ਨੇ ਮਨੁੱਖਤਾ ਲਈ ਸਲੀਬ 'ਤੇ ਆਪਣੀ ਜਾਨ ਦੇ ਦਿੱਤੀ। ਤੁਹਾਡੇ ਪੈਗੰਬਰ ਮੁਹੰਮਦ ਨੇ ਮਨੁੱਖਤਾ ਲਈ ਕੀ ਕੀਤਾ?"

ਸਜ਼ਾ ਸੁਣਾਉਂਦੇ ਸਮੇਂ ਇਸਲਾਮਾਬਾਦ ਵਿੱਚ ਅਦਲਾਤ ਦੇ ਬਾਹਰ ਅਤੇ ਸ਼ਹਿਰ ਭੜ ਵਿੱਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਸਨ।

ਮੰਗਲਾਵਰ ਰਾਤ ਤੋਂ ਸ਼ਹਿਰ ਵਿੱਚ ਹਾਈ ਅਲਰਟ ਜਾਰੀ ਹੈ ਅਤੇ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)