ਜਮਾਲ ਖਾਸ਼ੋਜੀ : ਤੇਜ਼ਾਬ ਵਿਚ ਸੁੱਟੇ ਗਏ ਸਨ ਲਾਸ਼ ਦੇ ਟੁਕੜੇ - ਤੁਰਕੀ ਅਧਿਕਾਰੀ

Jamal Khashoggi

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

2 ਅਕਤੂਬਰ ਨੂੰ ਇਸਤੰਬੁਲ ਵਿੱਚ ਸਾਊਦੀ ਦੂਤਾਵਾਸ ਵਿੱਚ ਤਲਾਕ ਸਬੰਧੀ ਦਸਤਾਵੇਜ ਲੈਣ ਗਏ ਸਨ

ਤੁਰਕੀ ਦੇ ਸੀਨੀਅਰ ਅਧਿਕਾਰੀ ਯਾਸਿਨ ਆਕਤਾਏ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਮਾਲ ਖਾਸ਼ੋਜੀ ਦੀ ਲਾਸ਼ ਦੇ ਟੁਕੜੇ ਕਰਕੇ ਤੇਜ਼ਾਬ ਵਿਚ ਪਾ ਦਿੱਤੇ ਗਏ ਸਨ।

ਆਕਤਾਏ ਦਾ ਕਹਿਣਾ ਹੈ ਕਿ ਇਹੀ ਇੱਕੋ ਇੱਕ ਤਰਕਮਈ ਨਤੀਜਾ ਹੈ, ਕਿ ਜਿਨ੍ਹਾਂ ਨੇ ਖਾਸ਼ੋਜੀ ਦਾ ਕਤਲ ਕੀਤਾ ਉਨ੍ਹਾਂ ਨੇ ਲਾਸ਼ ਦੇ ਟੁਕੜੇ ਕਰਕੇ ਤੇਜ਼ਾਬ ਰਾਹੀ ਨਸ਼ਟ ਕਰ ਦਿੱਤੇ ਤਾਂ ਜੋ ਕੋਈ ਸਬੂਤ ਹੀ ਨਾ ਮਿਲ ਸਕੇ।

ਹੁਰੀਅਤ ਨਾਂ ਦੇ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਆਕਤਾਏ ਨੇ ਕਿਹਾ, 'ਉਨ੍ਹਾਂ ਨੇ ਖਾਸ਼ੋਜੀ ਦੀ ਲਾਸ਼ ਦੇ ਟੁਕੜੇ ਕਰਕੇ ਤੇਜ਼ਾਬ ਵਿਚ ਇਸ ਲਈ ਪਾ ਦਿੱਤੇ ਹੋਣਗੇ ਤਾਂ ਕਿ ਸਬੂਤਾਂ ਨੂੰ ਪੂਰੀ ਤਰ੍ਹਾਂ ਨਸ਼ਟ ਕੀਤਾ ਜਾ ਸਕੇ।'

ਅਰਦੋਆਨ ਦਾ ਸਾਊਦੀ 'ਤੇ ਸਿੱਧਾ ਦੋਸ਼

ਤੁਰਕੀ ਦੇ ਰਾਸ਼ਟਰਪਤੀ ਰਜ਼ਪ ਤਾਇਪ ਅਰਦੋਆਨ ਨੇ ਪਹਿਲੀ ਵਾਰ ਸਿੱਧੇ ਤੌਰ ਉੱਤੇ ਸਾਊਦੀ ਅਰਬ ਨੂੰ ਪੱਤਰਕਾਰ ਜਮਾਲ ਖਾਸ਼ੋਜੀ ਦੇ ਕਤਲ ਦਾ ਜ਼ਿੰਮੇਵਾਰ ਦੱਸਿਆ ਹੈ।

ਵਾਸ਼ਿੰਗਟਨ ਪੋਸਟ ਨੂੰ ਵਿਚ ਲਿਖੇ ਇੱਕ ਲੇਖ ਵਿਚ ਤੁਰਕੀ ਆਗੂ ਨੇ ਲਿਖਿਆ ਹੈ, ' ਅਸੀਂ ਸਾਰੇ ਜਾਣਦੇ ਹਾਂ ਕਿ ਖਾਸ਼ੋਜੀ ਨੂੰ ਕਤਲ ਕਰਨ ਦੇ ਹੁਕਮ ਸਾਊਦੀ ਸਰਕਾਰ ਦੇ ਸਭ ਤੋਂ ਉੱਚ ਪੱਧਰ ਤੋਂ ਆਏ ਸਨ'।

ਪਰ ਨਾਲ ਹੀ ਉਨ੍ਹਾਂ ਨੇ ਸਾਫ਼ ਕੀਤਾ ਕਿ ਇਸ ਮਾਮਲੇ ਵਿਚ ਕਿੰਗ ਸਲਮਾਨ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਦੋਵਾਂ ਮੁਲਕਾਂ ਦੇ ਦੋਸਤਾਨਾਂ ਸਬੰਧਾਂ ਉੱਤੇ ਵੀ ਜ਼ੋਰ ਦਿੱਤਾ ਹੈ।

ਮਸ਼ਹੂਰ ਪੱਤਰਕਾਰ ਅਤੇ ਸਾਊਦੀ ਸਰਕਾਰ ਦੇ ਆਲੋਚਕ ਜਮਾਲ ਖਸ਼ੋਜੀ 2 ਅਕਤੂਬਰ ਨੂੰ ਦੇਸ ਦੇ ਇਸਤੰਬੁਲ ਦੂਤਾਵਾਸ ਵਿੱਚ ਦਾਖਲ ਹੋਏ। ਉਸ ਤੋਂ ਬਾਅਦ ਤੋਂ ਉਹ ਨਜ਼ਰ ਨਹੀਂ ਆਏ।

ਤੁਰਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਸਾਊਦੀ ਏਜੰਟਾਂ ਦੀ ਇੱਕ ਟੀਮ ਨੇ ਬਿਲਡਿੰਗ ਦੇ ਅੰਦਰ ਹੀ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਸ ਦੇ ਸਬੂਤ ਵੀ ਹਨ , ਜਿਸ ਵਿੱਚ ਆਡੀਓ ਰਿਕਾਰਡਿੰਗ ਵੀ ਸ਼ਾਮਿਲ ਹੈ।

ਇਹ ਵੀ ਪੜ੍ਹੋ:

ਪਹਿਲਾਂ ਸਾਊਦੀ ਅਰਬ ਨੇ ਦਾਅਵਾ ਕੀਤਾ ਸੀ ਕਿ ਖਾਸ਼ੋਜੀ ਕੁਝ ਹੀ ਸਮੇਂ ਬਾਅਦ ਦੂਤਾਵਾਸ ਨੂੰ ਛੱਡ ਗਏ ਸਨ ਪਰ ਹੁਣ ਉਹ ਮੰਨ ਗਏ ਹਨ ਕਿ ਪੱਤਰਕਾਰ ਦੀ ਮੌਤ ਹੋ ਚੁੱਕੀ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਖਾਸ਼ੋਜੀ ਦਾ ਕਤਲ ਇੱਕ ਆਪਰੇਸ਼ਨ ਦੌਰਾਨ ਹੋਇਆ ਹੈ ਜਿਸ ਬਾਰੇ ਲੀਡਰਸ਼ਿਪ ਨੂੰ ਜਾਣਕਾਰੀ ਨਹੀਂ ਹੈ।

ਜਮਾਲ ਖਾਸ਼ੋਜੀ ਕੌਣ ਸੀ?

ਖਾਸ਼ੋਜੀ ਇੱਕ ਮੰਨੇ-ਪ੍ਰਮੰਨੇ ਪੱਤਰਕਾਰ ਸਨ। ਉਨ੍ਹਾਂ ਨੇ ਅਫਗਾਨਿਸਤਾਨ 'ਤੇ ਸੋਵੀਅਤ ਹਮਲੇ ਅਤੇ ਓਸਾਮਾ ਬਿਨ ਲਾਦੇਨ ਸਣੇ ਕਈ ਅਹਿਮ ਖਬਰਾਂ ਕਵਰ ਕੀਤੀਆਂ ਸਨ।

ਤਸਵੀਰ ਕੈਪਸ਼ਨ,

ਸੀਸੀਟੀਵੀ ਫੁਟੇਜ ਵਿੱਚ ਖਾਸ਼ੋਜੀ ਦੂਤਾਵਾਸ ਵਿੱਚ ਦਾਖਿਲ ਹੁੰਦੇ ਦੇਖੇ ਗਏ

ਕਈ ਦਹਾਕਿਆਂ ਤੱਕ ਉਹ ਸਾਊਦੀ ਸ਼ਾਹੀ ਪਰਿਵਾਰ ਦੇ ਕਰੀਬੀ ਰਹੇ ਅਤੇ ਸਰਕਾਰ ਦੇ ਸਲਾਹਕਾਰ ਵੀ ਰਹੇ। ਪਰ ਫਿਰ ਉਨ੍ਹਾਂ ਉੱਤੇ ਭਰੋਸਾ ਨਾ ਰਿਹਾ ਅਤੇ ਖੁਦ ਹੀ ਦੇਸ ਨਿਕਾਲਾ ਲੈ ਕੇ ਪਿਛਲੇ ਸਾਲ ਅਮਰੀਕਾ ਵਿੱਚ ਚਲੇ ਗਏ।

ਉੱਥੋਂ ਉਨ੍ਹਾਂ ਨੇ ਵਾਸ਼ਿੰਗਟਨ ਪੋਸਟ ਲਈ ਕਾਲਮ ਲਿਖਣਾ ਸ਼ੁਰੂ ਕੀਤਾ ਅਤੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ।

ਇੰਸਤਾਂਬੁਲ ਦਾ ਦੌਰਾ

ਖਾਸ਼ੋਜੀ ਪਹਿਲੀ ਵਾਰੀ 28 ਸਤੰਬਰ ਨੂੰ ਪਹਿਲੀ ਪਤਨੀ ਨਾਲ ਤਲਾਕ ਨਾਲ ਜੁੜਿਆ ਦਸਤਾਵੇਜ ਲੈਣ ਲਈ ਇਸਤੰਬੁਲ ਗਏ ਤਾਂ ਕਿ ਉਹ ਆਪਣੀ ਤੁਰਕੀ ਵਿੱਚ ਮੰਗੇਤਰ ਨਾਲ ਵਿਆਹ ਕਰਵਾ ਸਕਣ। ਪਰ ਉਨ੍ਹਾਂ ਕਿਹਾ ਗਿਆ ਸੀ ਕਿ ਉਹ 2 ਅਕਤੂਬਰ ਤੱਕ ਵਾਪਸ ਆ ਜਾਣ।

ਵਾਸ਼ਿੰਗਟਨ ਪੋਸਟ ਵਿੱਚ ਛਪੀ ਖਬਰ ਮੁਤਾਬਕ ਉਨ੍ਹਾਂ ਦੀ ਮੰਗੇਤਰ ਨੇ ਕਿਹਾ, "ਜਮਾਲ ਆਪਣੇ ਦੂਜੇ ਦੌਰੇ ਲਈ ਘੱਟ ਹੀ ਫਿਕਰਮੰਦ ਸਨ।"

ਤਸਵੀਰ ਸਰੋਤ, AFP/Getty Images

ਤਸਵੀਰ ਕੈਪਸ਼ਨ,

ਖਾਸ਼ੋਜੀ ਦੀ ਮੰਗੇਤਰ ਸੈਂਗਿਜ਼ ਕਈ ਘੰਟੇ ਦੂਤਾਵਾਸ ਦੇ ਬਾਹਰ ਉਡੀਕ ਕਰਦੀ ਰਹੀ

ਸੀਸੀਟੀਵੀ ਵਿੱਚ ਉਹ 1 ਵਜੇ14 ਮਿੰਟ 'ਤੇ ਪਹੁੰਚੇ ਅਤੇ ਉਨ੍ਹਾਂ ਦੀ ਬੈਠਕ ਡੇਢ ਵਜੇ ਸੀ। ਕਿਹਾ ਜਾ ਰਿਹਾ ਕਿ ਉਨ੍ਹਾਂ ਆਪਣੇ ਦੋਸਤਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨਾਲ ਪਹਿਲੇ ਦੌਰੇ ਦੌਰਾਨ ਬੜੀ ਗਰਮਜੋਸ਼ੀ ਵਾਲਾ ਵਤੀਰਾ ਸੀ ਅਤੇ ਇਹ ਵੀ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਹੋਵੇਗੀ।

ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਮੰਗੇਤਰ ਨੂੰ ਦੋ ਮੋਬਾਈਲ ਫੋਨ ਦਿੱਤੇ ਅਤੇ ਕਿਹਾ ਕਿ ਜੇ ਉਹ ਵਾਪਸ ਨਹੀਂ ਆਇਆ ਤਾਂ ਤੁਰਕੀ ਦੇ ਰਾਸ਼ਟਰਪਤੀ ਰਜ਼ਪ ਤਾਇਪ ਅਰਦੋਆਨ ਦੇ ਸਲਾਹਕਾਰ ਨੂੰ ਫੋਨ ਕਰੇ।

ਇਹ ਵੀ ਪੜ੍ਹੋ:

ਉਸ ਨੇ 10 ਘੰਟਿਆਂ ਦੂਤਾਵਾਸ ਦੇ ਬਾਹਰ ਖਾਸ਼ੋਜੀ ਦੀ ਉਡੀਕ ਕੀਤੀ ਅਤੇ ਜਦੋਂ ਖਾਸ਼ੋਜੀ ਵਾਪਸ ਨਾ ਮੁੜੇ ਤਾਂ ਅਖੀਰ ਅਗਲੀ ਸਵੇਰ ਵਾਪਸ ਆ ਗਈ।

ਸਾਊਦੀ ਅਰਬ ਦਾ ਕੀ ਕਹਿਣਾ ਹੈ?

ਦੋ ਹਫ਼ਤਿਆਂ ਤੋਂ ਵੀ ਵੱਧ ਸਮੇਂ ਤੱਕ ਸਾਊਦੀ ਅਰਬ ਖਾਸ਼ੋਜੀ ਬਾਰੇ ਕਿਸੇ ਵੀ ਜਾਣਕਾਰੀ ਤੋਂ ਇਨਕਾਰ ਕਰਦਾ ਰਿਹਾ।

ਪ੍ਰਿੰਸ ਮੁਹੰਮਦ ਨੇ ਬਲੂਮਬਰਗ ਨਿਊਜ਼ ਨੂੰ ਦੱਸਿਆ ਕਿ 'ਖਾਸ਼ੋਜੀ ਕੁਝ ਹੀ ਸਮੇਂ ਬਾਅਦ ਦੂਤਾਵਾਸ ਛੱਡ ਗਏ ਸਨ।'

ਪਰ 20 ਅਕਤੂਬਰ ਨੂੰ ਦੇਸ ਦੇ ਟੀਵੀ ਚੈਨਲ ਨੇ ਦਾਅਵਾ ਕੀਤਾ ਕਿ ਖਾਸ਼ੋਜੀ ਦੀ ਦੂਤਾਵਾਸ ਵਿੱਚ ਇੱਕ ਲੜਾਈ ਤੋਂ ਬਾਅਦ ਮੌਤ ਹੋ ਗਈ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਤੁਰਕੀ ਪੁਲਿਸ ਨੇ ਇਸਤੰਬੁਲ ਵਿੱਚ ਸਾਊਦੀ ਅਰਬ ਰਾਜਦੂਤ ਦੀ ਰਿਹਾਇਸ਼ ਦੀ ਵੀ ਤਲਾਸ਼ੀ ਲਈ

ਫਿਰ ਉਨ੍ਹਾਂ ਕਿਹਾ ਕਿ ਖਾਸ਼ੋਜੀ ਦਾ ਇੱਕ 'ਅਪਰੇਸ਼ਨ' ਦੌਰਾਨ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਦਾ ਦਾਅਵਾ ਕੀਤਾ।

ਸਾਊਦੀ ਅਧਿਕਾਰੀਆਂ ਨੇ ਰਾਇਟਰਜ਼ ਖ਼ਬਰ ਏਜੰਸੀ ਨੂੰ ਦੱਸਿਆ ਕਿ ਸਾਊਦੀ ਅਰਬ ਵਾਪਸ ਜਾਣ ਦੇ ਯਤਨ ਦੇ ਵਿਰੋਧ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦਾ ਸਰੀਰ ਫਿਰ ਇੱਕ ਕੱਪੜੇ ਵਿੱਚ ਲਪੇਟ ਕੇ ਇੱਕ ਸਥਾਨਕ 'ਕੋ-ਓਪਰੇਟਰ' ਨੂੰ ਦੇ ਦਿੱਤਾ।

ਫਿਰ ਇੱਕ ਸਾਊਦੀ ਅਫ਼ਸਰ ਨੇ ਕਥਿਤ ਤੌਰ 'ਤੇ ਉਸ ਦੇ ਕੱਪੜੇ ਪਾ ਲਏ ਅਤੇ ਇਮਾਰਤ ਨੂੰ ਛੱਡ ਦਿੱਤੀ। ਫਿਰ 18 ਸਾਊਦੀ ਨਾਗਰਿਕਾਂ ਦੀ ਗ੍ਰਿਫਤਾਰੀ ਹੋਈ ਅਤੇ ਦੋ ਸੀਨੀਅਰ ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:

ਸਾਊਦੀ ਕਿੰਗ ਸਲਮਾਨ ਨੇ ਵੀ ਮੰਤਰੀ ਪੱਧਰ ਦੀ ਕਮੇਟੀ ਦਾ ਗਠਨ ਕੀਤਾ।

ਦੋ ਦਿਨ ਬਾਅਦ ਵਿਦੇਸ਼ ਮੰਤਰੀ ਐਡਲ-ਅਲ-ਜੁਬੈਰ ਨੇ ਇਸ ਨੂੰ 'ਕਤਲ' ਕਰਾਰ ਗਿੱਤਾ। ਉਨ੍ਹਾਂ ਫੌਕਸ ਨਿਊਜ਼ ਨੂੰ ਦੱਸਿਆ, 'ਇੱਕ ਵੱਡੀ ਗਲਤੀ ਹੋਈ ਹੈ।' ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕਰਾਊਨ ਪ੍ਰਿੰਸ ਨੇ ਕਤਲ ਦਾ ਹੁਕਮ ਦਿੱਤਾ ਸੀ।

ਤੁਰਕੀ ਦਾ ਕੀ ਦਾਅਵਾ ਹੈ?

ਤੁਰਕੀ ਦੇ ਰਾਸ਼ਟਰਪਤੀ ਰਜ਼ਪ ਤਾਇਪ ਅਰਦੋਆਨ ਦਾ ਕਹਿਣਾ ਹੈ ਕਿ ਇਸ 'ਖੂੰਖਾਰ ਕਤਲ' ਦੀ ਯੋਜਨਾ ਕਈ ਦਿਨ ਪਹਿਲਾਂ ਹੀ ਬਣ ਗਈ ਸੀ।

ਉਨ੍ਹਾਂ ਨੇ ਕਿਹਾ ਕਿ ਸਾਊਦੀ ਅਰਬ ਦੇ 15 ਲੋਕਾਂ ਦੀਆਂ ਤਿੰਨ ਟੀਮਾਂ ਇਸਤੰਬੁਲ ਪਹੁੰਚੀਆਂ। ਉਨ੍ਹਾਂ ਨੇ ਖਾਸ਼ੋਜੀ ਦੇ ਆਉਣ ਤੋਂ ਪਹਿਲਾਂ ਸੁਰੱਖਿਆ ਕੈਮਰੇ ਅਤੇ ਨਿਗਰਾਨ ਫੁਟੇਜ ਦੂਤਾਵਾਸ ਤੋਂ ਹਟਾ ਦਿੱਤੀ।

ਤਸਵੀਰ ਸਰੋਤ, AFP

31 ਅਕਤੂਬਰ ਨੂੰ ਤੁਰਕੀ ਨੇ ਪਹਿਲਾ ਅਧਿਕਾਰਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਖਾਸ਼ੋਜੀ ਦਾ ਤੁਰੰਤ ਗਲਾ ਘੁੱਟ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਸਰੀਰ ਦੇ ਟੁੱਕੜੇ ਕਰ ਦਿੱਤੇ ਗਏ ਸਨ।

ਰਿਪੋਰਟਾਂ ਮੁਤਾਬਕ ਤੁਰਕੀ ਕੋਲ ਕਤਲ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਵੀ ਹੈ, ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਹਾਸਿਲ ਕਿਵੇਂ ਹੋਈ।

2 ਅਕਤੂਬਰ ਨੂੰ ਕੀ ਹੋਇਆ?

ਤੁਰਕੀ ਮੀਡੀਆ ਮੁਤਾਬਕ ਜੋ ਕੁਝ ਦੋ ਅਕਤੂਬਰ ਨੂੰ ਹੋਇਆ:

03:28: ਸ਼ੱਕੀ ਸਾਊਦੀ ਏਜੰਟਾਂ ਦਾ ਇੱਕ ਨਿੱਜੀ ਜੈੱਟ ਇਸਤੰਬੁਲ ਹਵਾਈ ਅੱਡੇ ਤੇ ਪਹੁੰਚਿਆ।

05:05: ਦੋਵੇਂ ਗਰੁੱਪ ਸਾਊਦੀ ਦੂਤਾਵਾਸ ਨੇੜੇ ਦੋ ਹੋਟਲਾਂ ਵਿੱਚ ਦਾਖਿਲ ਹੁੰਦੇ ਦੇਖੇ ਗਏ ਹਨ।

12:13: ਦੂਤਾਵਾਸ ਨੇੜੇ ਕਈ ਰਾਜਦੂਤਾਂ ਦੀਆਂ ਗੱਡੀਆਂ ਦੇਖੀਆਂ ਗਈਆਂ। ਕਥਿਤ ਤੌਰ ਤੇ ਇਨ੍ਹਾਂ ਵਿੱਚ ਸਾਊਦੀ ਏਜੰਟ ਸਵਾਰ ਸਨ।

13:14: ਖਾਸ਼ੋਜੀ ਬਿਲਡਿੰਗ ਵਿੱਚ ਦਾਖਿਲ ਹੁੰਦੇ ਹਨ

15:08: ਗੱਡੀਆਂ ਦੂਤਾਵਾਸ ਤੋਂ ਨਿਕਲਦੀਆਂ ਹਨ ਅਤੇ ਸਾਊਦੀ ਰਾਜਦੂਤ ਦੀ ਰਿਹਾਇਸ਼ ਕੋਲ ਪਹੁੰਚਦੀਆਂ ਹਨ।

17:15: ਸ਼ੱਕੀ ਸਾਊਦੀ ਏਜੰਟਾਂ ਨਾਲ ਦੂਜਾ ਨਿੱਜੀ ਜੈੱਟ ਇਸਤੰਬੁਲ ਪਹੁੰਚਦਾ ਹੈ

17:33: ਖਾਸ਼ੋਜੀ ਦੀ ਮੰਗੇਤਰ ਸੀਸੀਟੀਵੀ ਫੁਟੇਜ ਵਿੱਚ ਦੂਤਾਵਾਸ ਦੇ ਬਾਹਰ ਉਡੀਕ ਕਰਦੀ ਦੇਖੀ ਜਾ ਸਕਦੀ ਹੈ ।

18:20: ਇਸਤੰਬੁਲ ਹਵਾਈ ਅੱਡੇ ਤੋਂ ਇੱਕ ਨਿੱਜੀ ਜੈੱਟ ਰਵਾਨਾ ਹੁੰਦਾ ਹੈ। ਦੂਜਾ ਜਹਾਜ ਰਾਤ ਨੂੰ 9 ਵਜੇ ਨਿਕਲਦਾ ਹੈ।

ਤੁਰਕੀ ਅਧਿਕਾਰੀਆਂ ਦੀ ਜਾਂਚ ਕਿੱਥੇ ਤੱਕ ਪਹੁੰਚੀ?

ਤੁਰਕੀ ਪੁਲਿਸ ਨੂੰ 15 ਅਕਤੂਬਰ ਨੂੰ ਦੂਤਾਵਾਸ ਵਿੱਚ ਦਾਖਲ ਹੋਣ ਦੀ ਇਜਾਜ਼ਤ ਮਿਲੀ। ਸਾਊਦੀ ਅਫਸਰਾਂ ਤੋਂ ਥੋੜ੍ਹੀ ਦੇਰ ਬਾਅਦ ਕੁਝ ਸਫ਼ਾਈ ਮੁਲਾਜ਼ਮ ਇਮਾਰਤ ਅੰਦਰ ਗਏ।

ਤੁਰਕੀ ਪੁਲਿਸ ਨੇ ਦੂਤਾਵਾਸ ਅਤੇ ਰਾਜਦੂਤ ਦੀ ਰਿਹਾਇਸ਼ ਤੇ ਛਾਣਬੀਣ ਕੀਤੀ ਹੈ ਅਤੇ ਡੀਐਨਏ ਟੈਸਟ ਲਈ ਸੈਂਪਲ ਲਏ ਹਨ।

ਪੁਲਿਸ ਨੇ ਨੇੜਲੇ ਜੰਗਲਾਂ ਵਿੱਚ ਵੀ ਭਾਲ ਕੀਤੀ ਹੈ ਕਿਉਂਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋ ਗੱਡੀਆਂ ਉਸ ਦਿਨ ਸਾਊਦੀ ਦੂਤਾਵਾਸ ਤੋਂ ਜੰਗਲ ਵੱਲ ਗਈਆਂ ਸਨ।

ਕਿੰਗ ਸਲਮਾਨ ਅਤੇ ਰਾਸਟਰਪਤੀ ਰਜ਼ਪ ਤਾਇਪ ਅਰਦੋਆਨ ਨੇ ਜਾਂਚ ਵਿੱਚ ਸਹਿਯੋਗ ਦਾ ਭਰੋਸਾ ਦਿੱਤਾ ਹੈ ਪਰ ਹਾਲੇ ਤੱਕ ਖਾਸ਼ੋਜੀ ਦੀ ਲਾਸ਼ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਇਨ੍ਹਾਂ ਵੀਡੀਓਜ਼ ਵਿਚ ਵੀ ਤੁਹਾਡੀ ਰੁਚੀ ਹੋ ਸਕਦੀ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)