ਆਸੀਆ ਬੀਬੀ ਮਾਮਲਾ: ਚਾਰ ਸ਼ਰਤਾਂ ਜਿਨ੍ਹਾਂ ਕਾਰਨ ਖ਼ਤਮ ਹੋਏ ਪਾਕਿਸਤਾਨ ’ਚ ਮੁਜ਼ਾਹਰੇ

ਆਸੀਆ ਬੀਬੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸਰਕਾਰ ਦੀਆਂ ਸ਼ਰਤਾਂ ਮੰਨੇ ਜਾਣ ਦੇ ਬਦਲੇ ਮੁਜ਼ਾਹਰਾਕਾਰੀ ਸੰਗਠਨ ਟੀਐਲਪੀ ਨੇ ਲੋਕਾਂ ਨੂੰ ਹੋਈ ਤਕਲੀਫ਼ ਲਈ ਮਾਫ਼ੀ ਮੰਗੀ

ਈਸ਼ ਨਿੰਦਾ ਮਾਮਲੇ ’ਚ ਆਸੀਆ ਬੀਬੀ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਸ਼ੁਰੂ ਹੋਏ ਕੱਟੜਪੰਥੀਆਂ ਦੇ ਮੁਜ਼ਾਹਰੇ ਖ਼ਤਮ ਹੋ ਗਏ ਹਨ। ਸਰਕਾਰ ਅਤੇ ਤਹਿਰੀਕ-ਏ-ਲਾਬੈਕ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਆਸੀਆ ਬੀਬੀ ਦਾ ਨਾਂ ਐਗਜ਼ਿਟ ਕੰਟਰੋਲ ਲਿਸਟ ਵਿਚ ਸ਼ਾਮਲ ਕੀਤਾ ਜਾਵੇਗਾ।

ਸਰਕਾਰ ਨੇ ਇਹ ਵੀ ਸਹਿਮਤੀ ਦਿੱਤੀ ਹੈ ਕਿ ਉਹ ਆਸੀਆ ਬੀਬੀ ਖ਼ਿਲਾਫ਼ ਸੁਪਰੀਮ ਕੋਰਟ ਵਿਚ ਰਿਵੀਊ ਪਟੀਸ਼ਨ ਪਾਏ ਜਾਣ ਦਾ ਵਿਰੋਧ ਨਹੀਂ ਕਰੇਗੀ।

ਈਸਾਈ ਮਹਿਲਾ ਆਸੀਆ ਬੀਬੀ ਦੀ ਰਿਹਾਈ ਖ਼ਿਲਾਫ਼ ਹੋਏ ਮੁਜ਼ਾਹਰਿਆਂ ਦੌਰਾਨ ਹੋਈਆਂ ਮੌਤਾਂ ਦੇ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨ ਅਤੇ ਹਿਰਾਸਤ ’ਚ ਲਏ ਗਏ ਲੋਕਾਂ ਨੂੰ ਰਿਹਾਅ ਕਰਨ ’ਤੇ ਵੀ ਸਹਿਮਤੀ ਬਣੀ ਹੈ।

ਸਰਕਾਰ ਦੀਆਂ ਸ਼ਰਤਾਂ ਮੰਨੇ ਜਾਣ ਦੇ ਬਦਲੇ ਮੁਜ਼ਾਹਰਾਕਾਰੀ ਸੰਗਠਨ ਟੀਐਲਪੀ ਨੇ ਮੁਜ਼ਾਹਰਿਆ ਕਾਰਨ ਲੋਕਾਂ ਨੂੰ ਹੋਈ ਤਕਲੀਫ਼ ਲਈ ਮਾਫ਼ੀ ਮੰਗੀ ਹੈ।

ਇਹ ਵੀ ਪੜ੍ਹੋ:

ਇਸ ਲਿਖਤੀ ਸਮਝੌਤੇ ਉੱਤੇ ਸਰਕਾਰ ਵੱਲੋਂ ਧਾਰਮਿਕ ਮਾਮਲਿਆਂ ਦੇ ਮੰਤਰੀ ਨਾਰੂਲ ਕਾਦਰੀ, ਪੰਜਾਬ ਦੇ ਕਾਨੂੰਨ ਮੰਤਰੀ ਰਾਜਾ ਬਸ਼ਰਤ ਨੇ ਅਤੇ ਸੰਗਠਨ ਦੀ ਤਰਫ਼ੋ ਪੀਰ ਮੁਹੰਮਦ ਅਫ਼ਜਲ ਕਾਦਰੀ ਤੇ ਮੁਹੰਮਦ ਵਾਹਦ ਨੂਰ ਨੇ ਹਸਤਾਖ਼ਰ ਕੀਤੇ ਹਨ।

ਤਸਵੀਰ ਸਰੋਤ, ARSHAD ARBAB/BBC

ਤਸਵੀਰ ਕੈਪਸ਼ਨ,

ਈਸ਼ ਨਿੰਦਾ ਦੇ ਇੱਕ ਮਾਮਲੇ ਵਿੱਚ ਆਸੀਆ ਬੀਬੀ ਨੂੰ ਰਿਹਾਈ ਤੋਂ ਬਾਅਦ ਕੱਟੜਪੰਥੀ ਰੋਸ ਮੁਜ਼ਾਹਰੇ ਕਰ ਰਹੇ ਹਨ

ਸਮਝੌਤੇ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਆਪਣੇ ਸਮਰਥਕਾਂ ਨੂੰ ਲਾਹੌਰ ਵਿਚ ਸੰਬੋਧਨ ਕਰਨ ਤੋਂ ਬਾਅਦ ਧਰਨੇ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ।

ਕੀ ਹੈ ਐਗਜ਼ਿਟ ਕੰਟਰੋਲ ਲਿਸਟ

ਐਗਜ਼ਿਟ ਕੰਟਰੋਲ ਲਿਸਟ ਪਾਕਿਸਤਾਨ ਵਿਚ ਸਰਹੱਦੀ ਪ੍ਰਬੰਧਨ ਪ੍ਰਣਾਲੀ ਹੈ। ਜਿਸ ਤਹਿਤ ਆਰਡੀਨੈਂਸ ਤਹਿਤ ਕਿਸੇ ਨੂੰ ਵੀ ਮੁਲਕ ਛੱਡ ਕੇ ਜਾਣ ਤੋਂ ਰੋਕਿਆ ਜਾ ਸਕਦਾ ਹੈ। ਇਹ ਆਰਡੀਨੈਂਸ 1981 ਵਿਚ ਪਾਸ ਕੀਤਾ ਗਿਆ ਸੀ।

ਜਿਸ ਵੀ ਵਿਅਕਤੀ ਦਾ ਨਾਂ ਇਸ ਵਿਚ ਸ਼ਾਮਲ ਹੋ ਜਾਵੇ ਉਹ ਪਾਕਿਸਤਾਨ ਛੱਡ ਕੇ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ:

ਆਸੀਆ ਬੀਬੀ ਦਾ ਨਾਂ ਇਸ ਵਿਚ ਸ਼ਾਮਲ ਕਰਨ ਦਾ ਅਰਥ ਹੈ ਕਿ ਉਨ੍ਹਾਂ ਨੂੰ ਵਿਦੇਸ਼ ਵਿਚ ਸੈਟਲ ਨਹੀਂ ਕੀਤਾ ਜਾ ਸਕੇਗਾ ਬਲਕਿ ਪਾਕਿਸਤਾਨ ਵਿਚ ਹੀ ਰਹਿ ਕੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਪਾਕਿਸਤਾਨ ਚ ਈਸ਼ ਨਿੰਦਾ ਦਾ ਮਤਲਬ?

ਬ੍ਰਿਟਿਸ਼ ਰਾਜ ਵੱਲੋਂ 1860 ਵਿੱਚ ਬਣਾਏ ਗਏ ਕਾਨੂੰਨ ਅਨੁਸਾਰ ਕਿਸੇ ਧਾਰਮਿਕ ਅਸੈਂਬਲੀ ਵਿੱਚ ਦਖਲ ਦੇਣਾ, ਸ਼ਮਸ਼ਾਨ ਘਾਟ ਵਿੱਚੋਂ ਲੰਘਣਾ, ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਕਰਨਾ ਜਾਂ ਕਿਸੇ ਜਗ੍ਹਾ ਜਾਂ ਇਬਾਦਤ ਦੀ ਥਾਂ ਨੂੰ ਨਸ਼ਟ ਕਰਨਾ ਅਪਰਾਧ ਹੈ।

ਇਸ ਦੀ ਉਲੰਘਣਾ ਕਰਨ ਉੱਤੇ 10 ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

1980 ਵਿੱਚ ਪਾਕਿਸਤਾਨ ਦੀ ਫੌਜ ਦੇ ਜਨਰਲ ਜ਼ੀਆ-ਉਲ-ਹਕ ਨੇ ਕੁਝ ਹੋਰ ਧਾਰਾਵਾਂ ਜੋੜ ਦਿੱਤੀਆਂ।

ਤਸਵੀਰ ਸਰੋਤ, Asia Bibi

ਕੀ ਹੈ ਆਸੀਆ ਮਾਮਲਾ

ਆਸੀਆ ਬੀਬੀ ਉੱਪਰ ਇੱਕ ਮੁਸਲਿਮ ਮਹਿਲਾ ਨਾਲ ਗੱਲਬਾਤ ਦੌਰਾਨ ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਇਲਜ਼ਾਮ ਹੈ।

ਹਾਲਾਂਕਿ ਇਲਜ਼ਾਮਾਂ ਨੂੰ ਆਸੀਆ ਰੱਦ ਕਰਦੀ ਰਹੀ ਹੈ, ਪਾਕਿਸਤਾਨ ਵਿੱਚ ਈਸ਼ ਨਿੰਦਾ ਇੱਕ ਬਹੁਤ ਸੰਵੇਦਨਸ਼ੀਲ ਵਿਸ਼ਾ ਰਿਹਾ ਹੈ।

ਆਲੋਚਕਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੀ ਗ਼ਲਤ ਵਰਤੋਂ ਕਰਕੇ ਅਕਸਰ ਘੱਟ ਗਿਣਤੀਆਂ ਨੂੰ ਫਸਾਇਆ ਜਾਂਦਾ ਹੈ।

ਇਹ ਵੀ ਪੜ੍ਹੋ:

ਇਹ ਪੂਰਾ ਮਾਮਲਾ 14 ਜੂਨ, 2009, ਦਾ ਹੈ, ਜਦੋਂ ਇੱਕ ਦਿਨ ਆਸੀਆ ਨੂਰੀਨ ਆਪਣੇ ਘਰ ਦੇ ਨੇੜੇ ਫਾਲਸੇ ਦੇ ਬਗੀਚੇ ਵਿੱਚ ਦੂਜੀਆਂ ਔਰਤਾਂ ਨਾਲ ਕੰਮ ਕਰਨ ਪਹੁੰਚੀ ਤਾਂ ਉੱਥੇ ਉਨ੍ਹਾਂ ਦੀ ਲੜਾਈ ਨਾਲ ਕੰਮ ਕਰਨ ਵਾਲੀਆਂ ਔਰਤਾਂ ਨਾਲ ਹੋਈ।

ਆਸੀਆ ਨੇ ਆਪਣੀ ਕਿਤਾਬ ਵਿੱਚ ਇਸ ਘਟਨਾ ਬਾਰੇ ਸਿਲਸਿਲੇਵਾਰ ਢੰਗ ਨਾਲ ਦੱਸਿਆ ਹੈ।

‘ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ’

ਅੰਗਰੇਜ਼ੀ ਵੈੱਬਸਾਈਟ ਨਿਊਯਾਰਕ ਪੋਸਟ ਵਿੱਚ ਛਪੇ ਇਸ ਕਿਤਾਬ ਦੇ ਹਿੱਸੇ 'ਚ ਆਸੀਆ ਲਿਖਦੀ ਹੈ, "ਮੈਂ ਆਸੀਆ ਬੀਬੀ ਹਾਂ, ਜਿਸ ਨੂੰ ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ। ਮੈਂ ਜੇਲ ਵਿੱਚ ਹਾਂ ਕਿਉਂਕਿ ਮੈਂ ਉਸ ਕੱਪ ਵਿੱਚ ਪਾਣੀ ਪੀ ਲਿਆ ਜਿਸ ਵਿੱਚ ਮੁਸਲਿਮ ਔਰਤਾਂ ਪਾਣੀ ਪੀਂਦੀਆਂ ਸਨ। ਕਿਉਂਕਿ ਇੱਕ ਇਸਾਈ ਮਹਿਲਾ ਦੇ ਹੱਥ ਨਾਲ ਦਿੱਤਾ ਹੋਇਆ ਪਾਣੀ ਪੀਣਾ ਮੇਰੇ ਨਾਲ ਕੰਮ ਕਰਨ ਵਾਲੀਆਂ ਔਰਤਾਂ ਦੇ ਮੁਤਾਬਕ ਗ਼ਲਤ ਹੈ।''

14 ਜੂਨ ਦੀ ਘਟਨਾ ਬਾਰੇ ਦੱਸਦੇ ਹੋਏ ਆਸੀਆ ਲਿਖਦੀ ਹੈ, "ਮੈਨੂੰ ਅੱਜ ਵੀ 14 ਜੂਨ 2009 ਦੀ ਤਾਰੀਖ਼ ਯਾਦ ਹੈ। ਮੈਂ ਉਸ ਦਿਨ ਫਾਲਸਾ ਇਕੱਠਾ ਕਰਨ ਲਈ ਗਈ ਸੀ। ਮੈਂ ਝਾੜੀਆਂ ਵਿੱਚੋਂ ਨਿਕਲ ਕੇ ਨੇੜੇ ਦੇ ਬਣੇ ਹੋਏ ਇੱਕ ਖੂਹ ਕੋਲ ਪਹੁੰਚੀ ਅਤੇ ਬਾਲਟੀ ਪਾ ਕੇ ਪਾਣੀ ਕੱਢ ਲਿਆ।”

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

2016 ’ਚ ਆਸੀਆ ਵੱਲੋਂ ਪਾਕਿਸਤਾਨ ਸੁਪਰੀਮ 'ਚ ਦਾਇਰ ਅਪੀਲ ਤੋਂ ਬਾਅਦ ਇੱਕ ਮੁਜ਼ਾਹਰੇ ਦੌਰਾਨ ਉਸ ਲਈ ਫਾਂਸੀ ਦੀ ਸਜ਼ਾ ਮੰਗਦੇ ਕੁਝ ਕੱਟੜਪੰਥੀ

“ਪਰ ਜਦੋਂ ਮੈਂ ਇੱਕ ਮਹਿਲਾ ਨੂੰ ਦੇਖਿਆ ਜਿਸ ਦੀ ਹਾਲਤ ਮੇਰੇ ਵਰਗੀ ਸੀ ਤਾਂ ਮੈਂ ਉਸ ਨੂੰ ਵੀ ਪਾਣੀ ਕੱਢ ਕੇ ਦਿੱਤਾ। ਉਦੋਂ ਹੀ ਇੱਕ ਔਰਤ ਨੇ ਚੀਕ ਕੇ ਕਿਹਾ ਇਹ ਪਾਣੀ ਨਾ ਪੀਓ ਕਿਉਂਕਿ 'ਇਹ ਹਰਾਮ ਹੈ' ਕਿਉਂਕਿ ਇੱਕ ਇਸਾਈ ਮਹਿਲਾ ਨੂੰ ਇਸ ਨੇ ਅਸ਼ੁੱਧ ਕਰ ਦਿੱਤਾ ਹੈ।”

ਆਸੀਆ ਲਿਖਦੀ ਹੈ, "ਮੈਂ ਇਸ ਦੇ ਜਵਾਬ ਵਿੱਚ ਕਿਹਾ ਮੈਨੂੰ ਲੱਗਦਾ ਹੈ ਕਿ ਈਸਾ ਮਸੀਹ ਇਸ ਕੰਮ ਨੂੰ ਪੈਗੰਬਰ ਮੁਹੰਮਦ ਤੋਂ ਵੱਖਰੀ ਨਿਗਾਹ ਨਾਲ ਦੇਖਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ, ਪੈਗੰਬਰ ਮੁਹੰਮਦ ਬਾਰੇ ਕੁਝ ਬੋਲਣ ਦੀ। ਮੈਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਤੂੰ ਇਸ ਪਾਪ ਤੋਂ ਮੁਕਤੀ ਚਾਹੁੰਦੀ ਹੈ ਤਾਂ ਇਸਲਾਮ ਸਵੀਕਾਰ ਕਰਨਾ ਪਵੇਗਾ।"

ਇਹ ਵੀ ਪੜ੍ਹੋ:

“ਮੈਨੂੰ ਇਹ ਸੁਣ ਕੇ ਬਹੁਤ ਬੁਰਾ ਲੱਗਾ ਕਿਉਂਕਿ ਮੈਨੂੰ ਧਰਮ 'ਤੇ ਵਿਸ਼ਵਾਸ ਹੈ। ਇਸ ਤੋਂ ਬਾਅਦ ਮੈਂ ਕਿਹਾ - ਮੈਂ ਧਰਮ ਨਹੀਂ ਬਦਲਾਂਗੀ ਕਿਉਂਕਿ ਮੈਨੂੰ ਈਸਾਈ ਧਰਮ 'ਤੇ ਭਰੋਸਾ ਹੈ। ਈਸਾ ਮਸੀਹ ਨੇ ਮਨੁੱਖਤਾ ਲਈ ਸਲੀਬ 'ਤੇ ਆਪਣੀ ਜਾਨ ਦੇ ਦਿੱਤੀ। ਤੁਹਾਡੇ ਪੈਗੰਬਰ ਮੁਹੰਮਦ ਨੇ ਮਨੁੱਖਤਾ ਲਈ ਕੀ ਕੀਤਾ?”

ਸਜ਼ਾ ਸੁਣਾਉਂਦੇ ਸਮੇਂ ਇਸਲਾਮਾਬਾਦ ਵਿੱਚ ਅਦਲਾਤ ਦੇ ਬਾਹਰ ਅਤੇ ਸ਼ਹਿਰ ਭੜ ਵਿੱਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)