ਕੋਰੀਆ ਦੀ ਮਹਾਰਾਣੀ ਬਣਨ ਵਾਲੀ ਭਾਰਤ ਦੀ ਰਾਜਕੁਮਾਰੀ

South Korean First Lady Kim Jung-sook with Humayun's tomb in the background Image copyright Getty Images
ਫੋਟੋ ਕੈਪਸ਼ਨ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਦੀ ਪਤਨੀ ਕਿਮ ਜੋਂਗ-ਸੂਕ ਭਾਰਤ ਦੌਰੇ 'ਤੇ

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਦੀ ਪਤਨੀ ਕਿਮ ਜੋਂਗ-ਸੂਕ ਇਕੱਲਿਆਂ ਭਾਰਤ ਦੌਰੇ 'ਤੇ ਆ ਰਹੀ ਹੈ।

ਦੱਖਣੀ ਕੋਰੀਆ ਦੀ ਖਬਰ ਏਜੰਸੀ ਯੌਨਹਾਪ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।

ਏਜੰਸੀ ਅਨੁਸਾਰ ਕਿਮ ਜੋਂਗ-ਸੂਕ 6 ਨਵੰਬਰ ਨੂੰ ਅਯੁੱਧਿਆ ਵਿੱਚ ਦਿਵਾਲੀ ਤੋਂ ਪਹਿਲਾਂ ਹਰ ਸਾਲ ਹੋਣ ਵਾਲੇ ਸਮਾਗਮ ਵਿੱਚ ਸ਼ਾਮਿਲ ਹੋਵੇਗੀ।

16 ਸਾਲਾਂ ਵਿੱਚ ਅਜਿਹਾ ਪਹਿਲੀ ਵਾਰੀ ਹੋਵੇਗਾ ਜਦੋਂ ਕਿਮ ਜੋਂਗ-ਸੂਕ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੇ ਬਿਨਾਂ ਕੋਈ ਵਿਦੇਸ਼ ਯਾਤਰਾ ਕਰੇਗੀ।

ਚਾਰ ਦਿਨਾਂ ਦੇ ਭਾਰਤ ਦੌਰੇ 'ਤੇ ਕਿਸ ਜੋਂਗ-ਸੂਕ 4 ਨਵੰਬਰ ਨੂੰ ਦਿੱਲੀ ਪਹੁੰਚੇਗੀ ਅਤੇ ਸੋਮਵਾਰ ਨੂੰ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ।

ਇਹ ਵੀ ਪੜ੍ਹੋ:

ਅਯੁੱਧਿਆ ਨਾਲ ਦੱਖਣੀ ਕੋਰੀਆ ਦੇ ਕਈ ਲੋਕਾਂ ਦਾ ਸਬੰਧ ਵੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਉਨ੍ਹਾਂ ਦੇ ਪੁਰਖਿਆਂ ਦਾ ਸ਼ਹਿਰ ਹੈ।

ਦੱਖਣੀ ਕੋਰੀਆ ਦੇ ਕਈ ਲੋਕਾਂ ਦਾ ਮੰਨਣਾ ਹੈ ਕਿ ਭਾਰਤੀ ਰਾਜਕੁਮਾਰੀ ਸੁਰੀਰਤਨਾ ਜਿਸ ਨੇ ਦੱਖਣੀ ਕੋਰੀਆ ਦੇ ਰਾਜਾ ਨਾਲ ਵਿਆਹ ਕਰਵਾ ਲਿਆ ਸੀ ਅਤੇ ਰਾਜਵੰਸ਼ ਸ਼ੁਰੂ ਕੀਤਾ।

ਕਿਮ ਜੋਂਗ-ਸੂਕ ਕੋਰੀਆਈ ਰਾਜ ਕਾਰਕ ਵੰਸ਼ ਦੇ ਸੰਸਥਾਪਕ ਰਾਜਾ ਕਿਮ ਸੂ-ਰੋ ਦੀ ਭਾਰਤੀ ਪਤਨੀ, ਮਹਾਰਾਣੀ ਹੌ ਦੇ ਸਮਾਰਕ ਉੱਤੇ ਵੀ ਜਾਵੇਗੀ। ਮਹਾਰਾਣੀ ਹੌ ਦੀ ਯਾਦਗਾਰ ਅਯੁੱਧਿਆ ਵਿੱਚ ਸਰਯੂ ਨਦੀ ਦੇ ਕੰਢੇ 'ਤੇ ਸਥਿਤ ਹੈ।

ਕੌਣ ਹੈ ਮਹਾਰਾਣੀ ਹੌ?

ਕੋਰੀਆ ਦੇ ਇਤਿਹਾਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਅਯੁੱਧਿਆ (ਉਸ ਵੇਲੇ ਸਾਕੇਤ) ਤੋਂ 2000 ਸਾਲ ਪਹਿਲਾਂ 'ਅਯੁੱਧਿਆ ਦੀ ਰਾਜਕੁਮਾਰੀ' ਸੁਰੀਰਤਨਾ ਨੀ ਹੂ ਹਵਾਂਗ ਓਕ-ਅਯੁਤਾ ਭਾਰਤ ਤੋਂ ਦੱਖਣੀ ਕੋਰੀਆ ਦੇ ਗਿਓਂਗਸਾਂਗ ਸੂਬੇ ਦੇ ਕਿਮਹਏ ਸ਼ਹਿਰ ਗਈ ਸੀ।

Image copyright Twitter
ਫੋਟੋ ਕੈਪਸ਼ਨ 'ਅਯੁੱਧਿਆ ਦੀ ਰਾਜਕੁਮਾਰੀ ਸੁਰੀਰਤਨਾ ਭਾਰਤ ਤੋਂ ਦੱਖਣੀ ਕੋਰੀਆ ਦੇ ਗਿਓਂਗਸਾਂਗ ਸੂਬੇ ਦੇ ਕਿਮਹਏ ਸ਼ਹਿਰ ਗਈ ਸੀ'

ਕਿਮ ਰਾਜਕੁਮਾਰ ਰਾਮ ਦੀ ਤਰ੍ਹਾਂ ਇਹ ਰਾਜਕੁਮਾਰੀ ਕਦੇ ਅਯੁੱਧਿਆ ਵਾਪਸ ਨਹੀਂ ਆਈ।

ਚੀਨੀ ਭਾਸ਼ਾ ਵਿੱਚ ਦਰਜ ਦਸਤਾਵੇਜ ਸਾਮਗੁਕ ਯੁਸਾ ਵਿੱਚ ਕਿਹਾ ਗਿਆ ਹੈ ਕਿ ਰੱਬ ਨੇ ਅਯੁੱਧਿਆ ਦੀ ਰਾਜਕੁਮਾਰੀ ਦੇ ਪਿਤਾ ਨੂੰ ਸੁਪਨੇ ਵਿੱਚ ਆ ਕੇ ਇਹ ਨਿਰਦੇਸ਼ ਦਿੱਤੇ ਸਨ ਕਿ ਉਹ ਆਪਣੀ ਧੀ ਨੂੰ ਉਨ੍ਹਾਂ ਦੇ ਭਰਾ ਦੇ ਨਾਲ ਰਾਜਾ ਕਿਮ ਸੂ-ਰੋ ਨਾਲ ਵਿਆਹ ਕਰਨ ਲਈ ਕਿਮਹਏ ਸ਼ਹਿਰ ਭੇਜਣ।

ਇਸ ਸ਼ਾਹੀ ਜੋੜੇ ਦੇ 20 ਪੁੱਤਰ ਸਨ ਅਤੇ ਦੋਵੇਂ 150 ਸਾਲ ਤੱਕ ਜ਼ਿੰਦਾ ਰਹੇ। ਪਰ ਕਿਤੇ ਵੀ ਸਪਸ਼ਟ ਸਬੂਤ ਨਹੀਂ ਹੈ ਕਿ ਰਾਜਕੁਮਾਰੀ ਦਾ ਕਦੇ ਵਜੂਦ ਸੀ।

ਬੀਬੀਸੀ ਕੋਰੀਆ ਦੇ ਡੇਵਿਡ ਕੈਨ ਦਾ ਕਹਿਣਾ ਹੈ, "ਉਸ ਦੀ ਮੂਲ ਕਹਾਣੀ ਨੂੰ ਮਿੱਥ ਸਮਝਿਆ ਜਾਂਦਾ ਹੈ ਅਤੇ ਵਿਦਵਾਨਾਂ ਦੁਆਰਾ ਇਸ ਨੂੰ ਇਤਿਹਾਸ ਨਹੀਂ ਮੰਨਿਆ ਜਾਂਦਾ ਹੈ।"

Image copyright Getty Images
ਫੋਟੋ ਕੈਪਸ਼ਨ ਕੋਰੀਆ ਵਿੱਚ ਕਾਰਕ ਗੋਤ ਦੇ ਤਕਰੀਬਨ 60 ਲੱਖ ਲੋਕ ਖੁਦ ਨੂੰ ਰਾਜਾ ਕਿਮ ਸੂ-ਰੋ ਅਤੇ ਅਯੋਧਿਆ ਦੀ ਰਾਜਕੁਮਾਰੀ ਦੇ ਵੰਸ਼ ਦਾ ਦੱਸਦੇ ਹਨ

ਕਾਰਕ ਵੰਸ਼

ਅੱਜ ਕੋਰੀਆ ਵਿੱਚ ਕਾਰਕ ਗੋਤ ਦੇ ਤਕਰੀਬਨ 60 ਲੱਖ ਲੋਕ ਖੁਦ ਨੂੰ ਰਾਜਾ ਕਿਮ ਸੂ-ਰੋ ਅਤੇ ਅਯੋਧਿਆ ਦੀ ਰਾਜਕੁਮਾਰੀ ਦੇ ਵੰਸ਼ ਦਾ ਦੱਸਦੇ ਹਨ।

ਇਸ ਉੱਤੇ ਯਕੀਨ ਰੱਖਣ ਵਾਲੇ ਲੋਕਾਂ ਦੀ ਗਿਣਤੀ ਦੱਖਣੀ ਕੋਰੀਆ ਦੀ ਆਬਾਦੀ ਦੇ ਦਸਵੇਂ ਹਿੱਸੇ ਤੋਂ ਵੀ ਵੱਧ ਹੈ।

ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਕਿਮ ਡੇਈ ਜੰਗ ਅਤੇ ਸਾਬਕਾ ਪ੍ਰਧਾਨਮੰਤਰੀ ਹਿਓ ਜਿਯੋਂਗ ਅਤੇ ਜੋਂਗ ਪਿਲ-ਕਿਮ ਇਸੇ ਵੰਸ਼ ਨਾਲ ਸਬੰਧਤ ਸਨ।

ਇਸ ਵੰਸ਼ ਦੇ ਲੋਕਾਂ ਨੇ ਉਨ੍ਹਾਂ ਪੱਥਰਾਂ ਨੂੰ ਸੰਭਾਲ ਕੇ ਰੱਖਿਆ ਹੈ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਅਯੁੱਧਿਆ ਦੀ ਰਾਜਕੁਮਾਰੀ ਆਪਣੀ ਸਮੁੰਦਰੀ ਯਾਤਰਾ ਦੇ ਦੌਰਾਨ ਕਿਸ਼ਤੀ ਦਾ ਸੰਤੁਲਨ ਬਣਾਈ ਰੱਖਣ ਲਈ ਨਾਲ ਲਿਆਈ ਸੀ।

ਕਿਮਹਏ ਸ਼ਹਿਰ ਵਿੱਚ ਇਸ ਰਾਜਕੁਮਾਰੀ ਦੀ ਇੱਕ ਵੱਡੀ ਮੂਰਤੀ ਹੈ।

Image copyright Naresh Kaushik/BBC
ਫੋਟੋ ਕੈਪਸ਼ਨ ਕਈਆਂ ਦਾ ਇਹ ਵੀ ਮੰਨਣਾ ਹੈ ਕਿ ਰਾਜਕੁਮਾਰੀ ਥਾਈਲੈਂਡ ਦੀ ਰਹਿਣ ਵਾਲੀ ਸੀ

ਕੀ ਮਹਾਰਾਣੀ ਦੱਖਣੀ ਕੋਰੀਆ ਵਿੱਚ ਵੀ ਮਸ਼ਹੂਰ ਹੈ?

ਬੀਬੀਸੀ ਕੋਰੀਆ ਦੇ ਕੁਝ ਸਹਿਯੋਗੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਬਾਰੇ ਸੁਣਿਆ ਤਾਂ ਹੈ ਪਰ ਇਸ ਦੀ ਚਰਚਾ ਵਧੇਰੇ ਨਹੀਂ ਹੈ ਕਿਉਂਕਿ ਇਹ ਕਾਫੀ ਪੁਰਾਤਨ ਹੈ।

ਕਈਆਂ ਦਾ ਇਹ ਵੀ ਮੰਨਣਾ ਹੈ ਕਿ ਰਾਜਕੁਮਾਰੀ ਥਾਈਲੈਂਡ ਦੀ ਰਹਿਣ ਵਾਲੀ ਸੀ।

ਮੌਜੂਦਾ ਸਮੇਂ ਵਿੱਚ ਰਾਣੀ ਦੀ ਅਹਿਮੀਅਤ ਕਿੰਨੀ?

ਅਯੁੱਧਿਆ ਅਤੇ ਕਿਮਹਏ ਸ਼ਹਿਰ ਦੇ ਪੁਰਾਣੇ ਸਬੰਧ ਨੂੰ ਦੇਖਦਿਆਂ ਸਾਲ 2000 ਵਿੱਚ ਇੱਕ ਸਮਝੌਤੇ ਉੱਤੇ ਦਸਤਖਤ ਹੋਏ।

ਇਸ ਤੋਂ ਬਾਅਦ 2001 ਵਿੱਚ 100 ਤੋਂ ਵੱਧ ਇਤਿਹਾਸਕਾਰ ਅਤੇ ਸਰਕਾਰੀ ਨੁਮਾਇੰਦੇ ਉੱਤਰੀ ਕੋਰੀਆ ਦੇ ਭਾਰਤ ਵਿੱਚ ਐਂਬੈਸਡਰ ਨਾਲ ਸਰਿਊ ਨਦੀ ਨੇੜੇ ਰਾਣੀ ਹੌ ਦੀ ਯਾਦਗਾਰ ਦਾ ਉਦਘਾਟਨ ਕੀਤਾ।

Image copyright Getty Images
ਫੋਟੋ ਕੈਪਸ਼ਨ ਕਿਮ ਜੋਂਗ-ਸੂਕ ਪਤੀ ਮੂਨ ਜੇ-ਇਨ ਦੇ ਨਾਲ ਜੁਲਾਈ 2018 ਵਿੱਚ ਭਾਰਤ ਦਾ ਦੌਰਾ ਕਰ ਚੁੱਕੀ ਹੈ

ਹਰ ਸਾਲ ਕਾਰਕ ਵੰਸ਼ ਦੇ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਫਰਵਰੀ - ਮਾਰਚ ਦੌਰਾਨ ਰਾਜਕੁਮਾਰੀ ਦੀ ਮਾਤਭੂਮੀ 'ਤੇ ਸ਼ਰਧਾਂਜਲੀ ਲਈ ਆਉਂਦੇ ਹਨ।

ਸਾਲ 2016 ਵਿੱਚ ਕੋਰੀਆ ਦੇ ਇੱਕ ਵਫ਼ਦ ਨੇ ਯਾਦਗਾਰ ਦੇ ਹੋਰ ਵਿਕਾਸ ਲਈ ਉੱਤਰ ਪ੍ਰਦੇਸ਼ ਸਰਕਾਰ ਨੂੰ ਇੱਕ ਪੇਸ਼ਕਸ਼ ਭੇਜੀ।

ਦਿੱਲੀ ਵਿੱਚ ਰਹਿੰਦੇ ਦੱਖਣੀ ਕੋਰੀਆ ਦੇ ਮਾਹਿਰ ਪ੍ਰੋ. ਕਿਮ-ਡੂ ਯੰਗ ਦਾ ਕਹਿਣਾ ਹੈ, "ਇਹ ਇਤਿਹਾਸ ਹੈ ਜਾਂ ਕਿੱਸਾ ਪਰ ਇਸ ਕਾਰਨ ਦੋਹਾਂ ਦੇਸਾਂ ਵਿਚਾਲੇ ਮਾਨਸਿਕ 'ਤੇ ਆਤਮਿਕ ਦੂਰੀ ਘਟੀ ਹੈ ਅਤੇ ਇੱਕ ਸਾਂਝੇ ਸੱਭਿਆਚਾਰ ਦੀ ਨੀਂਹ ਰੱਖੀ ਗਈ ਹੈ। ਰਾਣੀ ਦੀ ਇਹ ਕਹਾਣੀ ਭਾਰਤ ਅਤੇ ਦੱਖਣੀ ਕੋਰੀਆ ਵਿਚਾਲੇ ਚੰਗੇ ਸਬੰਧਾਂ ਦਾ ਨੀਂਹ ਪੱਥਰ ਸਾਬਿਤ ਹੋ ਸਕਦੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)