ਆਸੀਆ ਬੀਬੀ ਦੇ ਪਤੀ ਨੇ ਅਮਰੀਕਾ, ਬ੍ਰਿਟੇਨ ਤੇ ਕੈਨੇਡਾ ਤੋਂ ਮੰਗੀ ਸ਼ਰਨ

ਪ੍ਰਦਰਸ਼ਨਕਾਰੀ ਆਸੀਆ ਬੀਬੀ ਦੀ ਸਜ਼ਾਏ ਮੌਤ ਬਰਕਾਰ ਰੱਖਣ ਦੀ ਮੰਗ ਕਰ ਰਹੇ ਹਨ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਪ੍ਰਦਰਸ਼ਨਕਾਰੀ ਆਸੀਆ ਬੀਬੀ ਦੀ ਸਜ਼ਾਏ ਮੌਤ ਬਰਕਾਰ ਰੱਖਣ ਦੀ ਮੰਗ ਕਰ ਰਹੇ ਹਨ।

ਪਾਕਿਸਤਾਨ ਵਿੱਚ ਈਸ਼ ਨਿੰਦਾ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਬਰੀ ਹੋ ਕੇ ਰਿਹਾਅ ਹੋਈ ਈਸਾਈ ਔਰਤ ਆਸੀਆ ਬੀਬੀ ਦੇ ਪਤੀ ਆਸ਼ਿਕ ਮਸੀਹ ਨੇ ਦੋਵਾਂ ਦੀ ਜਾਨ ਨੂੰ ਗੰਭੀਰ ਖ਼ਤਰਾ ਦੱਸਿਆ ਹੈ ਅਤੇ ਅਮਰੀਕਾ, ਬ੍ਰਿਟੇਨ ਤੇ ਕੈਨੇਡਾ ਤੋਂ ਸ਼ਰਨ ਮੰਗੀ ਹੈ।

ਆਸ਼ਿਕ ਮਸੀਹ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ, "ਮੈਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਤੋਂ ਮਦਦ ਦੀ ਗੁਹਾਰ ਲਗਾਉਂਦਾ ਹਾਂ ਕਿ ਉਹ ਮੇਰੀ ਮਦਦ ਕਰਨ।"

ਮਸੀਹ ਨੇ ਇਸ ਤਰ੍ਹਾਂ ਹੀ ਅਮਰੀਕਾ ਅਤੇ ਕੈਨੇਡਾ ਦੇ ਨੇਤਾਵਾਂ ਕੋਲੋਂ ਵੀ ਮਦਦ ਮੰਗੀ ਹੈ।

ਇਸ ਤੋਂ ਪਹਿਲਾਂ ਜਰਮਨ ਪ੍ਰਸਾਰਕ ਡਾਇਚੇ ਵੇਲੇ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮਸੀਹ ਨੇ ਕਿਹਾ ਸੀ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਬੇਹੱਦ ਡਰਿਆ ਹੋਇਆ ਹੈ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਆਸੀਆ ਬੀਬੀ ਨੂੰ ਈਸ਼ ਨਿੰਦਾ ਕੇਸ ਵਿੱਚੋਂ 8 ਸਾਲਾਂ ਦੇ ਬਵਾਲ ਤੋਂ ਬਾਅਦ ਬਰੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਵਕੀਲ ਆਪਣੀ ਜਾਨ ਖ਼ਤਰੇ ਵਿੱਚ ਦੇਖ ਪਾਕਿਸਤਾਨ ਛੱਡ ਦਿੱਤਾ ਹੈ।

ਸੈਫ ਮੁਲੂਕ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਆਸੀਆ ਬੀਬੀ ਦੀ ਨੁਮਾਂਇੰਦਗੀ ਕਰਦੇ ਰਹਿਣ ਲਈ ਉਨ੍ਹਾਂ ਨੂੰ ਦੇਸ ਛੱਡਣਾ ਹੀ ਪੈਣਾ ਸੀ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਆਸੀਆ ਬੀਬੀ ਦੇ ਵਕੀਲ ਸੈਫ ਮੁਲੂਕ ਨੇ ਮੁਲਕ ਛੱਡ ਦਿੱਤਾ ਹੈ

ਬੁੱਧਵਾਰ ਨੂੰ ਆਸੀਆ ਦੀ ਫਾਂਸੀ ਦੀ ਸਜ਼ਾ ਨੂੰ ਪਲਟਦਿਆਂ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਇਸੇ ਹਫ਼ਤੇ ਸੈਫ ਮਲੂਕ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਆਸੀਆ ਬੀਬੀ ਨੂੰ ਵੀ ਆਪਣੀ ਜਾਨ ਬਚਾਉਣ ਲਈ ਕਿਸੇ ਪੱਛਮੀ ਦੇਸ ਵਿੱਚ ਪਨਾਹ ਲੈਣੀ ਪਵੇਗੀ ਕਿਉਂਕਿ ਉਨ੍ਹਾਂ ਉੱਪਰ ਪਹਿਲਾਂ ਵੀ ਕਾਤਿਲਾਨਾ ਹਮਲੇ ਹੋ ਚੁੱਕੇ ਹਨ।

ਆਸੀਆ ਬੀਬੀ ਨੂੰ ਕਈ ਦੇਸਾਂ ਨੇ ਪਨਾਹ ਦੇਣ ਦੀ ਪੇਸ਼ਕਸ਼ ਕੀਤੀ ਹੈ।

ਆਸੀਆ ਬੀਬੀ ਉੱਪਰ ਸਾਲ 2010 ਦੌਰਾਨ ਆਪਣੇ ਮੁਸਲਿਮ ਗੁਆਂਢੀਆਂ ਨਾਲ ਹੋਏ ਝਗੜੇ ਦੌਰਾਨ ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਇਲਜ਼ਾਮ ਹੈ।

ਪਾਕਿਸਤਾਨ ਵਿੱਚ ਬਹੁਤ ਸਾਰੇ ਲੋਕ ਉਨ੍ਹਾਂ ਦੀ ਸਜ਼ਾਏ ਮੌਤ ਬਰਕਰਾਰ ਰੱਖਣ ਦੀ ਮੰਗ ਕਰ ਰਹੇ ਹਨ।

ਤਸਵੀਰ ਸਰੋਤ, Asia Bibi

ਤਸਵੀਰ ਕੈਪਸ਼ਨ,

ਅੰਗਰੇਜ਼ੀ ਵੈੱਬਸਾਈਟ ਨਿਊਯਾਰਕ ਪੋਸਟ ਵਿੱਚ ਛਪੇ ਇਸ ਕਿਤਾਬ ਦੇ ਹਿੱਸੇ 'ਚ ਆਸੀਆ ਲਿਖਦੀ ਹੈ, "ਮੈਂ ਆਸੀਆ ਬੀਬੀ ਹਾਂ, ਜਿਸ ਨੂੰ ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ। ਮੈਂ ਜੇਲ ਵਿੱਚ ਹਾਂ ਕਿਉਂਕਿ ਮੈਂ ਉਸ ਕੱਪ ਵਿੱਚ ਪਾਣੀ ਪੀ ਲਿਆ ਜਿਸ ਵਿੱਚ ਮੁਸਲਿਮ ਔਰਤਾਂ ਪਾਣੀ ਪੀਂਦੀਆਂ ਸਨ। ਕਿਉਂਕਿ ਇੱਕ ਇਸਾਈ ਮਹਿਲਾ ਦੇ ਹੱਥ ਨਾਲ ਦਿੱਤਾ ਹੋਇਆ ਪਾਣੀ ਪੀਣਾ ਮੇਰੇ ਨਾਲ ਕੰਮ ਕਰਨ ਵਾਲੀਆਂ ਔਰਤਾਂ ਦੇ ਮੁਤਾਬਕ ਗ਼ਲਤ ਹੈ।''

ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਸਰਕਾਰ ਵੱਲੋਂ ਧਾਰਮਿਕ ਪਾਰਟੀ ਨਾਲ ਕੀਤਾ ਗਿਆ ਸਮਝੌਤਾ ਕੱਟੜਪੰਥੀਆਂ ਨੂੰ ਸ਼ਾਂਤ ਕਰਨ ਲਈ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਸਰਕਾਰ ਆਸੀਆ ਦੀ ਹਿਫ਼ਾਜ਼ਤ ਲਈ ਹਰ ਸੰਭਵ ਕਦਮ ਚੁੱਕੇਗੀ। ਹਾਲਾਂਕਿ ਸੈਫ ਮਲੂਕ ਨੇ ਇਸ ਸਮਝੌਤੇ ਨੂੰ 'ਦੁੱਖ ਦੇਣ ਵਾਲਾ' ਦੱਸਿਆ।

ਯੂਰਪ ਦਾ ਜ਼ਹਾਜ਼ ਫੜ੍ਹਨ ਤੋਂ ਪਹਿਲਾਂ ਖ਼ਬਰ ਏਜੰਸੀ ਏਐਫਪੀ ਨੂੰ ਕਿਹਾ, "ਉਹ (ਸਰਕਾਰ) ਦੇਸ ਦੀ ਸਰਬ ਉੱਚ ਅਦਾਲਤ ਦਾ ਫੈਸਲਾ ਵੀ ਲਾਗੂ ਨਹੀਂ ਕਰਾ ਸਕੀ।"

ਉਨ੍ਹਾਂ ਕਿਹਾ ਕਿ ਉਹ ਦੇਸ ਛੱਡਣ ਲਈ ਮਜਬੂਰ ਹਨ ਕਿਉਂਕਿ ਇੱਥੇ ਰਹਿਣਾ ਸੰਭਵ ਨਹੀਂ ਹੈ।

ਆਸੀਆ ਬੀਬੀ ਨਾਲ ਜੁੜੀਆਂ ਇਹ ਖ਼ਬਰਾਂ ਵੀ ਪੜ੍ਹੋ

ਤਸਵੀਰ ਸਰੋਤ, Getty Images

ਉਨ੍ਹਾਂ ਅੱਗੇ ਕਿਹਾ, "ਮੇਰਾ ਜਿਊਂਦੇ ਰਹਿਣਾ ਜਰੂਰੀ ਹੈ ਕਿਉਂਕਿ ਹਾਲੇ ਮੈਂ ਆਸੀਆ ਦੀ ਪੈਰਵਾਈ ਕਰਨੀ ਹੈ।"

ਉਨ੍ਹਾਂ ਨੇ ਪਾਕਿਸਤਾਨ ਦੇ ਐਕਸਪ੍ਰੈਸ ਟ੍ਰਿਬਿਊਨ ਨੂੰ ਦੱਸਿਆ ਕਿ ਜੇ ਸਰਕਾਰ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਏ ਤਾਂ ਉਹ ਆਸੀਆ ਦਾ ਕੇਸ ਲੜਨ ਵਾਪਸ ਆਉਣਗੇ।

ਕੱਟੜਪੰਥੀ ਤਹਿਰੀਕ-ਏ-ਲੱਬੈਕ ਪਾਰਟੀ ਆਸੀਆ ਖਿਲਾਫ਼ ਪ੍ਰਦਰਸ਼ਨ ਕਰ ਰਹੀ ਹੈ।

ਇਸੇ ਪਾਰਟੀ ਨਾਲ ਹੋਏ ਸਮਝੌਤੇ ਵਜੋਂ ਸਰਕਾਰ ਨੇ ਕਿਹਾ ਸੀ ਉਹ ਆਸੀਆ ਸਰਕਾਰ ਖਿਲਾਫ ਦਾਇਰ ਕੀਤੀਆਂ ਜਾਣ ਵਾਲੀਆਂ ਅਰਜੀਆਂ ਦੀ ਵਿਰੋਧਤਾ ਨਹੀਂ ਕਰੇਗੀ।

ਇਸ ਸਮਝੌਤੇ ਵਿੱਚ ਹੋਰ ਕੀ ਹੈ?

  • ਆਸੀਆ ਬੀਬੀ ਦੇ ਬਰੀ ਕੀਤੇ ਜਾਣ ਮਗਰੋਂ ਹਿਰਾਸਤ ਵਿੱਚ ਲਏ ਗਏ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਰਿਹਾ ਕੀਤਾ ਜਾਵੇਗਾ।
  • ਸਰਕਾਰ ਆਸੀਆ ਬੀਬੀ ਨੂੰ ਦੇਸ ਛੱਡਣ ਤੋਂ ਮਨ੍ਹਾਂ ਕੀਤੇ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ।
  • ਬਦਲੇ ਵਿੱਚ ਤਹਿਰੀਕ-ਏ-ਲੱਬੈਕ ਪਾਰਟੀ ਆਪਣੇ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਵਾਪਸ ਲੈ ਲਵੇਗੀ।

ਕੀ ਹੈ ਆਸੀਆ ਮਾਮਲਾ

  • ਆਸੀਆ ਬੀਬੀ ਜਿਨ੍ਹਾਂ ਦਾ ਪੂਰਾ ਨਾਮ ਆਸੀਆ ਨੋਰੀਨ ਹੈ, ਉਨ੍ਹਾਂ ਦਾ ਸਾਲ 2009 ਦੇ ਜੂਨ ਮਹੀਨੇ ਵਿੱਚ ਕੁਝ ਔਰਤਾਂ ਨਾਲ ਝਗੜਾ ਹੋ ਗਿਆ।
  • ਇਹ ਝਗੜਾ ਪਾਣੀ ਦੀ ਇੱਕ ਬਾਲਟੀ ਨੂੰ ਲੈ ਕੇ ਹੋਇਆ ਸੀ। ਔਰਤਾਂ ਦਾ ਕਹਿਣਾ ਸੀ ਕਿ, ਕਿਉਂਕਿ ਆਸੀਆ ਨੇ ਪਾਣੀ ਲੈਣ ਲਈ ਕੱਪ ਦੀ ਵਰਤੋਂ ਕੀਤੀ ਹੈ ਇਸ ਲਈ ਹੁਣ ਉਹ ਇਹ ਪਾਣੀ ਇਸਤੇਮਾਲ ਨਹੀਂ ਕਰ ਸਕਦੀਆਂ ਕਿਉਂਕਿ ਇਹ ਭਿੱਟਿਆ ਗਿਆ ਹੈ।
  • ਸਰਾਕਾਰੀ ਪੱਖ ਦਾ ਇਲਜ਼ਾਮ ਸੀ ਕਿ ਔਰਤਾਂ ਨੇ ਆਸੀਆ ਨੂੰ ਦੀਨ ਕਬੂਲਣ ਲਈ ਕਿਹਾ ਜਿਸ ਦੇ ਜੁਆਬ ਵਿੱਚ ਆਸੀਆ ਨੇ ਪੈਗੰਬਰ ਮੁਹੰਮਦ ਖਿਲ਼ਾਫ ਮਾੜੀ ਟਿੱਪਣੀ ਕਰ ਦਿੱਤੀ।
  • ਇਸ ਤੋਂ ਬਾਅਦ ਇਲਜ਼ਾਮ ਲਾਉਣ ਵਾਲਿਆਂ ਨੇ ਕਿਹਾ ਕਿ ਆਸੀਆ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਕੁੱਟਿਆ ਗਿਆ ਜਿਸ ਮਗਰੋਂ ਆਸੀਆ ਨੇ ਈਸ਼ ਨਿੰਦਾ ਮੰਨ ਲਈ। ਆਸੀਆ ਨੂੰ ਪੁਲਿਸ ਦੀ ਜਾਂਚ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ।

ਤਸਵੀਰ ਸਰੋਤ, ARSHAD ARBAB/BBC

ਤਸਵੀਰ ਕੈਪਸ਼ਨ,

ਈਸ਼ ਨਿੰਦਾ ਦੇ ਇੱਕ ਮਾਮਲੇ ਵਿੱਚ ਆਸੀਆ ਬੀਬੀ ਨੂੰ ਰਿਹਾਈ ਤੋਂ ਬਾਅਦ ਕੱਟੜਪੰਥੀ ਰੋਸ ਮੁਜ਼ਾਹਰੇ ਕਰ ਰਹੇ ਹਨ

ਈਸ਼ ਨਿੰਦਾ ਅਤੇ ਧਰੁਵੀਕਰਨ

ਇਸਲਾਮ ਪਾਕਿਸਤਾਨ ਦਾ ਕੌਮੀ ਧਰਮ ਹੈ ਅਤੇ ਉੱਥੋਂ ਦੇ ਕਾਨੂੰਨੀ ਨਿਜ਼ਾਮ ਦਾ ਧੁਰਾ ਹੈ। ਈਸ਼ ਨਿੰਦਾ ਖਿਲਾਫ਼ ਤਕੜੀ ਲੋਕ ਹਮਾਇਤ ਹੈ।

ਕੱਟੜਪੰਥੀ ਪਾਰਟੀਆਂ ਅਕਸਰ ਆਪਣਾ ਲੋਕ ਅਧਾਰ ਵਧਾਉਣ ਲਈ ਅਜਿਹੇ ਕੇਸਾਂ ਵਿੱਚ ਸਖ਼ਤ ਸਜ਼ਾ ਦੀ ਮੰਗ ਕਰਦੀਆਂ ਹਨ।

ਜਦਕਿ ਆਲੋਚਕਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਕਾਨੂੰਨ ਨੂੰ ਨਿੱਜੀ ਬਦਲਾ ਲੈਣ ਲਈ ਵਰਤਿਆ ਜਾਂਦਾ ਹੈ ਅਤੇ ਬਿਨਾਂ ਠੋਸ ਸਬੂਤਾਂ ਦੇ ਵੀ ਸਜ਼ਾ ਸੁਣਾਈ ਜਾਂਦੀ ਹੈ।

ਜਿਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਗਈ ਹੈ ਉਨ੍ਹਾਂ ਵਿੱਚੋਂ ਬਹੁਤੇ ਲੋਕ ਅਹਿਮਦੀਆ ਭਾਈਚਾਰੇ ਨਾਲ ਸੰਬੰਧਿਤ ਸਨ ਪਰ 1990 ਦੇ ਦਹਾਕੇ ਤੋਂ ਬਾਅਦ ਬਹੁਤ ਸਾਰੇ ਈਸਾਈਆਂ ਨੂੰ ਵੀ ਸਜ਼ਾਵਾਂ ਦਿੱਤੀਆਂ ਗਈਆਂ ਹਨ।

ਪਾਕਿਸਤਾਨ ਵਿੱਚ ਈਸਾਈਆਂ ਦੀ ਵਸੋਂ ਕੁੱਲ ਜਨਸੰਖਿਆ ਦਾ ਮਹਿਜ਼ 1.6 ਫੀਸਦੀ ਹੈ।

ਈਸਾਈ ਭਾਈਚਾਰੇ ਦੇ ਬਹੁਤ ਸਾਰੇ ਲੋਕ ਦੇਸ ਦੇ ਅਸਹਿਣਸ਼ੀਲਤਾ ਵਾਲੇ ਮਾਹੌਲ ਕਰਕੇ ਦੇਸ ਛੱਡਣ ਲਈ ਮਜ਼ਬੂਰ ਹੋਏ ਹਨ।

ਸਾਲ 1990 ਤੋਂ ਬਾਅਦ ਈਸ਼ ਨਿੰਦਾ ਦੇ ਮਾਮਲਿਆਂ ਵਿੱਚ ਘੱਟੋ-ਘੱਟ 65 ਲੋਕਾਂ ਦੀਆਂ ਮੌਤਾਂ ਰਿਪੋਰਟ ਹੋਈਆਂ ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)