#BBCSHE: ਇੱਥੇ ਕੁੜੀਆਂ ਨੂੰ ਚਾਹ ਵਿੱਚ ਦੁੱਧ ਪਾਉਣ ਦੀ ਵੀ ਇਜਾਜ਼ਤ ਨਹੀਂ

BBC SHE
ਫੋਟੋ ਕੈਪਸ਼ਨ ਕੌਮਾਂਤਰੀ ਮੀਡੀਆ ਨੂੰ ਬਲੋਚਿਸਤਾਨ ਤੋਂ ਰਿਪੋਰਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ

ਜਦੋਂ ਪਾਕਿਸਤਾਨ ਵਿੱਚ ਬੀਬੀਸੀ ਸ਼ੀ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ ਤਾਂ ਸਾਡਾ ਮਕਸਦ ਸੀ ਵੱਖ-ਵੱਖ ਖੇਤਰਾਂ ਅਤੇ ਸਮਾਜਿਕ ਵਰਗਾਂ ਦੀਆਂ ਔਰਤਾਂ ਤੱਕ ਪਹੁੰਚਿਆ ਜਾਵੇ।

ਅਸੀਂ ਉਨ੍ਹਾਂ ਖੇਤਰਾਂ ਦੀਆਂ ਔਰਤਾਂ ਦੀਆਂ ਆਵਾਜ਼ਾਂ ਸੁਣਨਾ ਚਾਹੁੰਦੇ ਸੀ ਜਿੱਥੇ-ਜਿੱਥੇ ਮੀਡੀਆ ਦਾ ਪਹੁੰਚਣਾ ਸੌਖਾ ਨਹੀਂ ਸੀ। ਬਲੋਚਿਸਤਾਨ ਕੁਦਰਤੀ ਤੌਰ 'ਤੇ ਸਾਡੀ ਪਹਿਲੀ ਮੰਜ਼ਿਲ ਸੀ।

ਭੂਗੋਲਕ ਤੌਰ 'ਤੇ ਇਹ ਦੇਸ ਦਾ ਸਭ ਤੋਂ ਵੱਡਾ ਹਿੱਸਾ ਹੈ, ਜੋ ਕੁਦਰਤੀ ਸਰੋਤਾਂ ਨਾਲ ਭਰਪੂਰ ਹੈ ਪਰ ਆਬਾਦੀ ਬਹੁਤ ਹੀ ਘੱਟ ਹੈ, ਖਾਲੀ ਜ਼ਮੀਨ ਵਧੇਰੇ ਹੈ। ਮੁੱਖ ਧਾਰਾ ਮੀਡੀਆ ਵਿੱਚ ਬਲੋਚਿਸਤਾਨ ਦੀ ਪੇਸ਼ਕਾਰੀ ਘੱਟ ਹੀ ਹੈ।

ਇਹ ਵੀ ਪੜ੍ਹੋ:

ਕਿਉਂਕਿ ਕੌਮਾਂਤਰੀ ਮੀਡੀਆ ਨੂੰ ਬਲੋਚਿਸਤਾਨ ਤੋਂ ਰਿਪੋਰਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਇਸ ਲਈ ਸਾਨੂੰ ਪਤਾ ਸੀ ਕਿ ਅਸੀਂ ਪ੍ਰਸ਼ਾਸਨਿਕ ਔਕੜਾਂ ਤੋਂ ਬਿਨਾਂ ਇਨ੍ਹਾਂ ਇਲਾਕਿਆਂ ਤੱਕ ਨਹੀਂ ਜਾ ਸਕਾਂਗੇ।

ਫਿਰ ਅਸੀਂ ਬਲੋਚਿਸਤਾਨ ਦੀ ਰਾਜਧਾਨੀ ਕੁਵੇਟਾ ਵਿੱਚ ਸਰਦਾਰ ਬਹਾਦੁਰ ਖ਼ਾਨ ਵੂਮੈਨ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨਾਲ ਗੱਲਬਾਤ ਕਰਨ ਬਾਰੇ ਸੋਚਿਆ।

ਯੂਨੀਵਰਸਿਟੀ ਔਰਤਾਂ ਦੀ ਵੱਡੀ ਉਮੀਦ

ਇਹ ਯੂਨੀਵਰਸਿਟੀ ਬਲੋਚਿਸਤਾਨ ਦੀਆਂ ਔਰਤਾਂ ਲਈ ਇੱਕ ਉਮੀਦ ਦੀ ਕਿਰਨ ਹੈ। ਸੂਬੇ ਭਰ ਤੋਂ ਤਕਰੀਬਨ ਦਸ ਹਜ਼ਾਰ ਕੁੜੀਆਂ ਉਚੇਰੀ ਸਿੱਖਿਆ ਦਾ ਸੁਪਨਾ ਪੂਰਾ ਕਰਨ ਇਸ ਯੂਨੀਵਰਸਿਟੀ ਵਿੱਚ ਆਉਂਦੀਆਂ ਹਨ।

ਫੋਟੋ ਕੈਪਸ਼ਨ ਇਹ ਯੂਨੀਵਰਸਿਟੀ ਬਲੋਚਿਸਤਾਨ ਦੀਆਂ ਔਰਤਾਂ ਲਈ ਇੱਕ ਉਮੀਦ ਦੀ ਕਿਰਨ ਹੈ

ਕੁੜੀਆਂ-ਮੁੰਡਿਆਂ ਦੀ ਸਾਂਝੀ ਪੜ੍ਹਾਈ ਹਾਲੇ ਵੀ ਮਨਜ਼ੂਰ ਨਹੀਂ ਕੀਤੀ ਜਾਂਦੀ। ਹਾਲੇ ਵੀ ਹਜ਼ਾਰਾਂ ਬਲੋਚ ਔਰਤਾਂ ਨੂੰ ਹਰ ਸਾਲ ਆਪਣੀ ਪੜ੍ਹਾਈ ਛੱਡਣੀ ਪੈਂਦੀ ਹੈ।

ਉਨ੍ਹਾਂ ਨੂੰ ਉਨ੍ਹਾਂ ਸੰਸਥਾਵਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜਿੱਥੇ ਉਨ੍ਹਾਂ ਨੂੰ ਮੁੰਡਿਆਂ ਨਾਲ ਪੜ੍ਹਾਈ ਕਰਨੀ ਪੈਂਦੀ ਹੈ।

ਉਮੀਦ ਮੁਤਾਬਕ ਹੀ ਯੂਨੀਵਰਸਿਟੀ ਨੇ ਸਾਨੂੰ ਪਲੇਟਫਾਰਮ ਦਿੱਤਾ ਹੈ ਜਿੱਥੇ ਅਸੀਂ ਕੁਵੇਟਾ ਦੀਆਂ ਔਰਤਾਂ ਨਾਲ ਹੀ ਨਹੀਂ ਸਗੋਂ ਦੂਰ-ਦੁਰਾਡੇ ਦੇ ਇਲਾਕੇ ਜਿਵੇਂ ਝੋਬ, ਕਿਲ੍ਹਾ ਸੈਫੁੱਲਾ, ਜ਼ੈਰਤ, ਤੁਰਬਤ, ਮੁਸਾ ਖੇਲ, ਖੂਜ਼ਦਾਰ ਅਤੇ ਕਈ ਹੋਰ ਖੇਤਰਾਂ ਦੀਆਂ ਔਰਤਾਂ ਨਾਲ ਗੱਲਬਾਤ ਕਰ ਸਕਦੇ ਸੀ।

ਉਹ ਵੱਖ-ਵੱਖ ਸੱਭਿਆਚਾਰ ਨਾਲ ਸਬੰਧਤ ਹਨ। ਹਜ਼ਾਰਾਂ, ਬਲੋਚ, ਪਸ਼ਤੂਨ, ਅਫਗਾਨ ਵਿਰਾਸਤ ਅਤੇ ਸ਼ਰਨਾਰਥੀ ਕੁੜੀਆਂ ਨਾਲ ਮੇਲਜੋਲ ਹੋਇਆ।

ਪ੍ਰਸ਼ਾਸਨ ਥੋੜ੍ਹਾ ਵਿਰੋਧੀ ਸੀ ਪਰ ਝਿਜਕਦੇ ਹੋਏ ਹੀ ਸਾਨੂੰ ਬੀਬੀਸੀ ਸ਼ੀ ਦਾ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇ ਦਿੱਤੀ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਕੁੜੀਆਂ ਸ਼ਾਇਦ ਕੈਮਰੇ ਦੇ ਸਾਹਮਣੇ ਨਾ ਬੋਲਣ ਅਤੇ ਹੋ ਸਕਦਾ ਹੈ ਕਿ ਉਹ ਉੰਨਾ ਵਧੀਆ ਬੋਲਣ ਵਾਲੀਆਂ ਅਤੇ ਵਿਸ਼ਵਾਸ ਨਾਲ ਭਰੀਆਂ ਨਾ ਹੋਣ।

ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੇ ਆਪਣੇ ਦਿਲ ਦੀ ਗੱਲ ਰੱਖੀ। ਉਹ ਵਿਸ਼ਾਵਸ਼ ਭਰਪੂਰ, ਵਧੀਆ ਬੋਲਣ ਵਾਲੀਆਂ ਅਤੇ ਹਿੰਮਤੀ ਕੁੜੀਆਂ ਸਨ।

ਉਹ ਇੰਨਾ ਵਦੀਆ ਬੋਲ ਰਹੀਆਂ ਸਨ ਕਿ ਸਾਨੂੰ ਆਪਣੇ ਪ੍ਰੋਗਰਾਮ ਦਾ ਸਮਾਂ ਵਧਾਉਣਾ ਪਿਆ ਪਰ ਅਸੀਂ ਸਾਰੀਆਂ ਕੁੜੀਆਂ ਨਾਲ ਗੱਲ ਨਹੀਂ ਕਰ ਪਾ ਰਹੇ ਸੀ।

ਬਲੋਚਿਸਤਾਨ ਵਿੱਚ ਔਰਤਾਂ ਦੇ ਮੁੱਦੇ

ਉਨ੍ਹਾਂ ਨੇ ਭੇਦਭਾਵ, ਸਿੱਖਿਆ ਦੀ ਕਮੀ, ਹੱਕਾ ਨਾ ਮਿਲਣ, ਪਿਤਾ-ਪੁਰਖੀ ਹੋਣਾ, ਅਤੇ ਬੋਲਣ ਦੀ ਆਜ਼ਾਦੀ ਬਾਰੇ ਗੱਲਬਾਤ ਕੀਤੀ।

ਖਾਸ ਤੌਰ 'ਤੇ ਇਹ ਕਾਫੀ ਨਿਰਾਸ਼ਾਜਨਕ ਸੀ ਕਿ ਕਿਸ ਤਰ੍ਹਾਂ ਮੂਸਾ ਖੇਲ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਖਾਣਾ ਲੈਣ ਦਾ ਹੱਕ ਵੀ ਨਹੀਂ ਹੈ।

ਆਦਮੀ ਮਾਂਸ ਖਾਂਦੇ ਹਨ ਪਰ ਔਰਤਾਂ ਨੂੰ ਬਚਿਆ ਹੋਇਆ ਖਾਣਾ ਦਿੱਤਾ ਜਾਂਦਾ ਹੈ। ਮਰਦਾਂ ਨੂੰ ਚਾਹ ਵਿੱਚ ਦੁੱਧ ਪਾਉਣ ਦੀ "ਲਗਜ਼ਰੀ" ਹੈ ਪਰ ਔਰਤਾਂ ਨੂੰ ਨਹੀਂ।

ਫੋਟੋ ਕੈਪਸ਼ਨ ਬਲੋਚਿਸਤਾਨ ਵਿੱਚ ਝੋਬ, ਕਿਲ੍ਹਾ ਸੈਫੁੱਲਾ, ਜ਼ੈਰਤ, ਤੁਰਬਤ, ਮੁਸਾ ਖੇਲ, ਖੂਜ਼ਦਾਰ ਅਤੇ ਕਈ ਹੋਰ ਖੇਤਰਾਂ ਦੀਆਂ ਔਰਤਾਂ

ਕੁਝ ਕੁੜੀਆਂ ਨੇ ਇਹ ਵੀ ਦੱਸਿਆ ਕਿ ਕਿਵੇਂ ਕੁਝ ਪੁੱਤਰ ਆਪਣੀਆਂ ਮਾਵਾਂ ਨੂੰ ਕੁੱਟਦੇ ਹਨ। ਕਿਉਂਕਿ ਉਹ ਦੇਖਦੇ ਹਨ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦੇ ਹਨ। ਇਸ ਤਰ੍ਹਾਂ ਮਰਦ ਪ੍ਰਧਾਨਗੀ ਵਾਲੇ ਵਿਚਾਰ ਉਨ੍ਹਾਂ ਮਨ ਵਿੱਚ ਬਚਪਨ ਵਿੱਚ ਹੀ ਭਰ ਦਿੱਤੇ ਜਾਂਦੇ ਹਨ।

ਇੱਕ ਵਿਦਿਆਰਥਣ ਨੇ ਦੱਸਿਆ ਕਿ ਕਿਸ ਤਰ੍ਹਾਂ ਬਲੋਚਿਸਤਾਨ ਦੀਆਂ ਬਹੁਤ ਸਾਰੀਆਂ ਔਰਤਾਂ ਆਪਣੇ ਪਰਿਵਾਰ ਦੇ ਮਰਦਾਂ ਦੇ ਲਾਪਤਾ ਹੋਣ ਕਾਰਨ ਪ੍ਰੇਸ਼ਾਨ ਹਨ।

ਇਹ ਧਾਰਨਾ ਹੈ ਕਿ ਜ਼ਿਆਦਾਤਰ ਮਰਦਾਂ ਨੂੰ ਦੇਸ ਦੇ ਸੁਰੱਖਿਆ ਬਲਾਂ ਵੱਲੋਂ ਅਗਵਾ ਕਰਕੇ ਹਿਰਾਸਤ ਵਿੱਚ ਰੱਖਿਆ ਜਾਂਦਾ ਹੈ ਅਤੇ ਕਾਰਨ ਹੁੰਦਾ ਹੈ ਉਨ੍ਹਾਂ ਦੀ ਦੇਸਧ੍ਰੋਹ ਵਿੱਚ ਕਥਿਤ ਸ਼ਮੂਲੀਅਤ। ਹਾਲਾਂਕਿ ਦੇਸ ਦੇ ਸੁਰੱਖਿਆ ਬਲ ਇਸ ਤੋਂ ਇਨਕਾਰ ਕਰਦੇ ਹਨ।

ਉਨ੍ਹਾਂ ਸ਼ਿਕਾਇਤ ਕੀਤੀ ਕਿ ਮੀਡੀਆ ਨੇ ਇਨ੍ਹਾਂ ਮੁੱਦੇ 'ਤੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਇਹ ਬਲੈਂਕੇਟ ਸੈਂਸਰਸ਼ਿਪ ਕਾਰਨ ਹੋ ਰਿਹਾ ਹੈ। ਉਸ ਕੁੜੀ ਨੇ ਜ਼ੋਰ ਦਿੱਤਾ ਕਿ ਲਾਪਤਾ ਬਲੂਚ ਮਰਦਾਂ ਦੀਆਂ ਮਾਵਾਂ, ਪਤਨੀਆਂ ਅਤੇ ਧੀਆਂ ਦੀਆਂ ਕਹਾਣੀਆਂ ਨੂੰ ਦੱਸਣਾ ਚਾਹੀਦਾ ਹੈ।

ਔਰਤਾਂ ਦੇ ਚਰਿੱਤਰ ਬਾਰੇ ਧਾਰਨਾ

ਵਿਦਿਆਰਥੀਆਂ ਨੇ ਸਮਾਜ ਵਿੱਚ ਔਰਤਾਂ ਦੇ ਬਾਰੇ "ਚੰਗੇ" ਅਤੇ "ਬੁਰੇ" ਹੋਣ ਦੀਆਂ ਧਾਰਨਾਵਾਂ ਦਾ ਵੀ ਜ਼ਿਕਰ ਕੀਤਾ। ਇਸ ਕਾਰਨ ਉਨ੍ਹਾਂ ਦੇ ਫੈਸਲਿਆਂ ਅਤੇ ਜੀਵਨ ਉੱਤੇ ਅਸਰ ਪੈ ਰਿਹਾ ਹੈ।

ਜ਼ੈਰਤ ਦੀ ਇੱਕ ਕੁੜੀ ਨੇ ਦੱਸਿਆ ਕਿ ਉਸ ਨੂੰ ਉਚੇਰੀ ਸਿੱਖਿਆ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਉਸ ਕੋਲ ਆਪਣੇ ਭਵਿੱਖ ਬਾਰੇ ਫੈਸਲੇ ਕਰਨ ਦੇ ਹੱਕ ਨਹੀਂ ਹਨ। ਚਾਹੇ ਉਹ ਕਰੀਅਰ ਦੀ ਗੱਲ ਹੋਵੇ, ਵਿਆਹ ਦੀ ਜਾਂ ਫਿਰ ਕੱਪੜਿਆਂ ਦੀ ਚੋਣ ਦੀ।

ਫੋਟੋ ਕੈਪਸ਼ਨ ਬਲੋਚਿਸਤਾਨ ਦੀਆਂ ਬਹੁਤ ਸਾਰੀਆਂ ਔਰਤਾਂ ਆਪਣੇ ਪਰਿਵਾਰ ਦੇ ਮਰਦਾਂ ਦੇ ਲਾਪਤਾ ਹੋਣ ਕਾਰਨ ਪਰੇਸ਼ਾਨ ਹਨ

ਬਲੋਚਿਸਤਾਨ ਇੱਕ ਰੂੜੀਵਾਦੀ ਸਮਾਜ ਹੈ। ਇਸ ਪ੍ਰਾਂਤ ਦੇ ਕਬਾਇਲੀ ਇਲਾਕੇ ਦੀਆਂ ਕੁੜੀਆਂ ਨੇ ਕਿਹਾ ਕਿ ਉਨ੍ਹਾਂ ਦੇ ਕਬੀਲੇ ਦੇ ਮੁਖੀ ਜਾਂ ਸਰਦਾਰ ਉਨ੍ਹਾਂ ਨੂੰ ਆਪਣੇ ਖੇਤਰਾਂ ਵਿੱਚ ਸਿੱਖਿਆ ਦੇਣ ਦੀ ਇਜਾਜ਼ਤ ਨਹੀਂ ਦਿੰਦੇ।

ਕੁਜ਼ਦਾਰ ਦੀ ਇੱਕ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਕਬੀਲੇ ਦੇ ਮੁਖੀ ਨੇ ਕੁੜੀਆਂ ਦੇ ਸਰਕਾਰੀ ਪ੍ਰਾਈਮਰੀ ਸਕੂਲ ਤੋਂ ਕੁੜੀਆਂ ਨੂੰ ਦੂਰ ਰੱਖਣ ਲਈ ਨਜ਼ਰਸਾਨੀ ਕੀਤੀ ਹੋਈ ਹੈ।

ਕੁਝ ਵਿਦਿਆਰਥਣਾਂ ਕਈ ਸਮਾਜਿਕ ਪਾਬੰਦੀਆਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਵੀ ਮੋਬਾਈਲ ਫੋਨ ਰੱਖਣ ਦੀ ਇਜਾਜ਼ਤ ਵੀ ਨਹੀਂ ਹੈ, ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਮੋਬਾਈਲ ਫੋਨ ਰੱਖਣ ਵਾਲੀਆਂ ਔਰਤਾਂ ਚੰਗੀਆਂ ਨਹੀਂ ਹੁੰਦੀਆਂ।

ਕੁਝ ਕੁੜੀਆਂ ਨੇ ਆਪਣੇ ਹੱਕਾਂ ਬਾਰੇ ਜਾਗਰੂਕਤਾ ਦੀ ਘਾਟ ਦਾ ਜ਼ਿਕਰ ਵੀ ਕੀਤਾ।

ਉਨ੍ਹਾਂ ਨੇ ਕਿਹਾ ਕਿ ਬਲੋਚਿਸਤਾਨ ਵਿੱਚ ਔਰਤਾਂ ਆਪਣੇ ਅਧਿਕਾਰਾਂ ਬਾਰੇ ਜਾਣੂ ਨਹੀਂ ਹਨ ਅਤੇ ਦਬਾਅ ਇੰਨਾ ਜ਼ਿਆਦਾ ਹੈ ਕਿ ਉਹ ਆਪਣੇ ਹੱਕਾਂ ਬਾਰੇ ਖੜ੍ਹੇ ਹੋਣ ਦੀ ਹਿੰਮਤ ਵੀ ਨਹੀਂ ਕਰ ਸਕਦੀਆਂ, ਭਾਵੇਂ ਕੋਈ ਜ਼ਿੰਨਾ ਮਰਜ਼ੀ ਮਾੜਾ ਵਤੀਰਾ ਕਰਦੇ ਰਹਿਣ।

ਭਰਾ ਦੇ ਰਹੇ ਹਨ ਸਮਰਥਨ

ਕੁਝ ਵਿਦਿਆਰਥਣਾਂ ਨੇ ਹੱਲ ਦੀ ਗੱਲ ਵੀ ਕੀਤੀ ਪਰ ਸਭ ਤੋਂ ਵੱਧ ਚਰਚਾ ਸੀ ਸਿੱਖਿਆ ਅਤੇ ਮੌਕਿਆਂ ਦੀ ਕਮੀ ਹੈ।

ਤਕਰੀਬਨ ਸਭ ਦਾ ਹੀ ਇਹ ਮੰਨਣਾ ਸੀ ਕਿ ਸਿੱਖਿਆ ਹੀ ਇੱਕੋ- ਇੱਕ ਮਾਧਿਅਮ ਹੈ ਜਿਸ ਨਾਲ ਸਮਾਜ ਦੀ ਸੋਚ ਬਦਲ ਸਕਦੀ ਹੈ ਅਤੇ ਬਲੋਚ ਦੀਆਂ ਔਰਤਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਸਕਦੀ ਹੈ।

ਫੋਟੋ ਕੈਪਸ਼ਨ ਵਿਦਿਆਰਥਣਾਂ ਨੇ ਦੱਸਿਆ ਬਲੋਚਿਸਤਾਨ ਵਿੱਚ ਕਈ ਔਰਤਾਂ ਨੂੰ ਮੋਬਾਈਲ ਫੋਨ ਰੱਖਣ ਦੀ ਇਜਾਜ਼ਤ ਨਹੀਂ ਹੈ

ਹਾਲਾਂਕਿ ਸਭ ਕੁਝ ਹੀ ਦਰਦ ਭਰਿਆ ਨਹੀਂ ਸੀ। ਕੁਝ ਕੁੜੀਆਂ ਨੇ ਦੱਸਿਆ ਕਿ ਸੱਖਿਆ ਕਾਰਨ ਹੀ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਉਹ ਯੂਨੀਵਰਸਿਟੀ ਤੱਕ ਨਹੀਂ ਪਹੁੰਚ ਸਕਦੀਆਂ ਸਨ ਜੇ ਉਨ੍ਹਾਂ ਦੇ ਭਰਾ ਉਨ੍ਹਾਂ ਦਾ ਸਾਥ ਨਾ ਦਿੰਦੇ।

ਇਹ ਵੀ ਪੜ੍ਹੋ:

ਬੀਬੀਸੀ ਭਵਿੱਖ ਵਿੱਚ ਅਜਿਹੇ ਮੁੱਦਿਆਂ ਬਾਰੇ ਗੱਲਬਾਤ ਕਰੇਗਾ। ਵਾਪਸ ਆਉਂਦਿਆਂ ਮੇਰੀ ਸੋਚ ਪੂਰੀ ਤਰ੍ਹਾਂ ਬਦਲ ਚੁੱਕੀ ਸੀ।

ਅਜਿਹਾ ਨਹੀਂ ਹੈ ਕਿ ਬਲੋਚਿਸਤਾਨ ਦੀਆਂ ਔਰਤਾਂ ਨੂੰ ਕੁਝ ਪਤਾ ਹੀ ਨਹੀਂ ਹੈ। ਉਹ ਪੂਰੀ ਤਰ੍ਹਾਂ ਜਾਣੂ ਹਨ ਅਤੇ ਉਨ੍ਹਾਂ ਮਰਦਾਂ ਦੇ ਨਾਲ ਆਪਣਾ ਭਵਿੱਖ ਬਦਲ ਸਕਦੀਆਂ ਹਨ ਜੋ ਉਨ੍ਹਾਂ ਦਾ ਸਾਥ ਦੇ ਰਹੇ ਹਨ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)