ਜਨਸੰਖਿਆ ਸੰਕਟ ਨਾਲ ਜੂਝ ਰਹੀ ਦੁਨੀਆਂ ਚ 'ਕਈ ਮੁਲਕ ਘਟਦੀ ਆਬਾਦੀ ਦਾ ਸ਼ਿਕਾਰ

ਦੁਨੀਆਂ ਦੇ ਅੱਧੇ ਦੇਸਾਂ ਵਿੱਚ ਬੱਚਿਆਂ ਦੀ ਜਨਮ ਦਰ ਕਾਫੀ ਘਟੀ ਹੈ Image copyright Getty Images
ਫੋਟੋ ਕੈਪਸ਼ਨ ਦੁਨੀਆਂ ਦੇ ਅੱਧੇ ਦੇਸਾਂ ਵਿੱਚ ਬੱਚਿਆਂ ਦੀ ਜਨਮ ਦਰ ਕਾਫੀ ਘਟੀ ਹੈ

ਜੇ ਮਾਹਿਰਾਂ ਦੀ ਮੰਨੀਏ ਤਾਂ ਪੂਰੀ ਦੁਨੀਆਂ ਵਿੱਚ ਬੱਚੇ ਜੰਮਣ ਦੀ ਦਰ ਕਾਫੀ ਘੱਟ ਚੁੱਕੀ ਹੈ। ਉਨ੍ਹਾਂ ਦੀ ਰਿਪੋਰਟ ਅਨੁਸਾਰ ਦੁਨੀਆਂ ਦੇ ਕਰੀਬ ਅੱਧੇ ਦੇਸਾਂ ਵਿੱਚ ਬੱਚੇ ਪੈਦਾ ਕਰਨ ਦੀ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇਸਾਂ ਕੋਲ ਆਪਣੀ ਆਬਾਦੀ ਬਰਕਰਾਰ ਰੱਖਣ ਲਈ ਬੱਚਿਆਂ ਦੀ ਕਮੀ ਹੈ। ਮਾਹਿਰਾਂ ਅਨੁਸਾਰ ਨਤੀਜਿਆਂ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ ਹੈ। ਸਮਾਜ ਨੂੰ ਅੱਗੇ ਇਨ੍ਹਾਂ ਨਤੀਜਿਆਂ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅਜਿਹਾ ਵੀ ਹੋ ਸਕਦਾ ਹੈ ਕਿ ਸਮਾਜ ਵਿੱਚ ਦਾਦਾ-ਦਾਦੀ ਤੇ ਨਾਨਾ-ਨਾਨੀ ਹੀ ਨਜ਼ਰ ਆਉਣ ਅਤੇ ਪੋਤੇ-ਪੋਤੀਆਂ ਦਾ ਕਾਲ ਪੈ ਜਾਵੈ।

ਕਿੰਨੇ ਪੱਧਰ ਦੀ ਗਿਰਾਵਰਟ ਹੈ?

ਲੈਸਿਟ ਵੱਲੋਂ ਇੱਕ ਸਟੱਡੀ ਛਾਪੀ ਗਈ ਹੈ। ਇਸ ਸਟੱਡੀ ਵਿੱਚ 1950 ਤੋਂ 2017 ਵਿਚਾਲੇ ਦੇਸਾਂ ਦੀ ਆਬਾਦੀ ਬਾਰੇ ਰਿਸਰਚ ਕੀਤੀ ਗਈ ਹੈ।

1950 ਵਿੱਚ ਔਰਤਾਂ ਦੀ ਪੂਰੀ ਜ਼ਿੰਦਗੀ ਵਿੱਚ ਔਸਤ ਬੱਚੇ ਪੈਦਾ ਕਰਨ ਦੀ ਦਰ 4.7 ਸੀ। ਪਰ ਪਿਛਲੇ ਸਾਲ ਬੱਚੇ ਪੈਦਾ ਕਰਨ ਦੀ ਦਰ 2.4 ਬੱਚੇ ਪ੍ਰਤੀ ਮਹਿਲਾ 'ਤੇ ਪਹੁੰਚ ਗਈ ਹੈ।

ਦੇਸਾਂ ਵਿਚਾਲੇ ਵੀ ਬੱਚੇ ਪੈਦਾ ਕਰਨ ਦੀ ਦਰ ਵਿੱਚ ਕਾਫੀ ਫਰਕ ਹੈ।

ਇਹ ਵੀ ਪੜ੍ਹੋ:

ਪੱਛਮ ਅਫਰੀਕਾ ਦੇ ਨਾਈਜਰ ਵਿੱਚ ਬੱਚੇ ਪੈਦਾ ਕਰਨ ਦੀ ਦਰ 7.1 ਬੱਚੇ ਹੈ ਪਰ ਸਾਈਪਰਸ ਵਿੱਚ ਔਰਤਾਂ ਦੀ ਬੱਚੇ ਪੈਦਾ ਕਰਨ ਦੀ ਦਰ ਇੱਕ ਬੱਚੇ ਦੀ ਹੈ।

ਬੱਚੇ ਪੈਦਾ ਕਰਨ ਦੀ ਦਰ ਕਿੰਨੀ ਹੋਣੀ ਚਾਹੀਦੀ ਹੈ?

ਜੇ ਕਿਸੇ ਦੇਸ ਵਿੱਚ ਬੱਚੇ ਪੈਦਾ ਕਰਨ ਦੀ ਦਰ 2.1 ਤੋਂ ਘੱਟ ਜਾਂਦੀ ਹੈ ਤਾਂ ਉਸ ਦੇਸ ਦੀ ਆਬਾਦੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ।1950 ਵਿੱਚ ਇੰਨੀ ਦਰ ਵਾਲਾ ਇੱਕ ਵੀ ਦੇਸ ਨਹੀਂ ਸੀ।

ਪ੍ਰੋਫੈਸਰ ਕ੍ਰਿਸਟੋਫਰ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਮੂਰੇ ਇੰਸਟਿਟਿਊਟ ਫਾਰ ਹੈਲਥ ਮੈਟਰਿਕਸ ਐਂਡ ਇਵੈਲਿਊਏਸ਼ਨ ਦੇ ਡਾਇਰੈਕਟਰ ਹਨ।

Image copyright Wales News Service
ਫੋਟੋ ਕੈਪਸ਼ਨ ਔਰਤਾਂ ਦਾ ਸਿੱਖਿਆ ਤੇ ਨੌਕਰੀ ਵੱਲ ਰੁਝਾਨ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਹੈ

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਹਾਲਾਤ ਦੇ ਉਸ ਪੱਧਰ ਤੱਕ ਪਹੁੰਚ ਚੁੱਕੇ ਹਾਂ ਜਿੱਥੇ ਅੱਧੇ ਦੇਸਾਂ ਦੀ ਬੱਚੇ ਪੈਦਾ ਕਰਨ ਦੀ ਦਰ ਕਾਫੀ ਘੱਟ ਚੁੱਕੀ ਹੈ। ਜੇ ਜਲਦ ਹੀ ਕੁਝ ਨਹੀਂ ਹੋਇਆ ਤਾਂ ਉਨ੍ਹਾਂ ਦੇਸਾਂ ਦੀ ਆਬਾਦੀ ਘੱਟ ਹੋਣੀ ਸ਼ੁਰੂ ਹੋ ਜਾਵੇਗੀ।''

"ਇਹ ਹੈਰਾਨ ਕਰਨ ਵਾਲੇ ਹਾਲਾਤ ਹਨ। ਇਨ੍ਹਾਂ ਨੇ ਮੇਰੇ ਵਰਗੇ ਲੋਕਾਂ ਨੂੰ ਵੀ ਹੈਰਾਨੀ ਵਿੱਚ ਪਾ ਦਿੱਤਾ। ਜਦੋਂ ਲੋਕਾਂ ਨੂੰ ਇਹ ਪਤਾ ਲੱਗੇਗਾ ਕਿ ਭਵਿੱਖ ਵਿੱਚ ਦੁਨੀਆਂ ਦੇ ਅੱਧੇ ਦੇਸਾਂ ਵਿੱਚ ਬੱਚਿਆਂ ਦੀ ਕਮੀ ਹੋਣ ਵਾਲੀ ਹੈ ਤਾਂ ਉਹ ਕਾਫੀ ਹੈਰਾਨ ਹੋਣਗੇ।''

ਕਿਹੜੇ ਦੇਸ ਹਨ ਪ੍ਰਭਾਵਿਤ?

ਜ਼ਿਆਦਾਤਰ ਆਰਥਿਕ ਪੱਖੋਂ ਵਿਕਸਿਤ ਦੇਸ ਬੱਚੇ ਜੰਮਣ ਦੀ ਦਰ ਘਟਣ ਦੇ ਸ਼ਿਕਾਰ ਹਨ। ਇਨ੍ਹਾਂ ਵਿੱਚ ਅਮਰੀਕਾ, ਦੱਖਣੀ ਕੋਰੀਆ ਅਤੇ ਆਸਟ੍ਰੇਲੀਆ ਸ਼ਾਮਿਲ ਹਨ।

ਇਸਦਾ ਇਹ ਮਤਲਬ ਨਹੀਂ ਹੈ ਕਿ ਇਨ੍ਹਾਂ ਦੇਸਾਂ ਵਿੱਚ ਰਹਿ ਰਹੇ ਲੋਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਫਿਲਹਾਲ ਅਜੇ ਅਜਿਹੇ ਹਾਲਾਤ ਨਹੀਂ ਬਣੇ ਹਨ ਕਿਉਂਕਿ ਆਬਾਦੀ ਬੱਚੇ ਜੰਮਣ ਦੀ ਦਰ, ਮੌਤ ਦੀ ਦਰ ਅਤੇ ਪਰਵਾਸੀਆਂ 'ਤੇ ਨਿਰਭਰ ਕਰਦੀ ਹੈ।

ਬੱਚੇ ਜੰਮਣ ਦੀ ਦਰ ਵਿੱਚ ਬਦਲਾਅ ਕਰਨ ਲਈ ਇੱਕ ਪੀੜ੍ਹੀ ਦਾ ਵਕਤ ਲੱਗ ਸਕਦਾ ਹੈ।

Image copyright Getty Images
ਫੋਟੋ ਕੈਪਸ਼ਨ ਜ਼ਿਆਦਾਤਰ ਵਿਕਸਿਤ ਦੇਸਾਂ ਵਿੱਚ ਇਹ ਦਰ ਘਟੀ ਹੈ

ਪ੍ਰੋਫੈਸਰ ਮੂਰੇ ਅਨੁਸਾਰ, "ਅਸੀਂ ਜਲਦ ਹੀ ਉਨ੍ਹਾਂ ਹਾਲਾਤ ਦਾ ਸਾਹਮਣਾ ਕਰਾਂਗੇ ਜਿੱਥੇ ਸਮਾਜ ਘਟ ਹੋ ਰਹੀ ਆਬਾਦੀ ਦੀ ਸਮੱਸਿਆ ਦਾ ਸਾਹਮਣਾ ਕਰੇਗਾ।''

ਦੁਨੀਆਂ ਦੇ ਅੱਧੇ ਦੇਸ ਅਜੇ ਵੀ ਕਾਫੀ ਬੱਚੇ ਪੈਦਾ ਕਰ ਰਹੇ ਹਨ ਪਰ ਜਿਵੇਂ ਉਹ ਦੇਸ ਆਰਥਿਕ ਵਿਕਾਸ ਕਰਨਗੇ ਉਨ੍ਹਾਂ ਵਿੱਚ ਬੱਚੇ ਜੰਮਣ ਦੀ ਦਰ ਵਿੱਚ ਗਿਰਾਵਟ ਨਜ਼ਰ ਆਵੇਗੀ।

ਬੱਚੇ ਜੰਮਣ ਦੀ ਦਰ ਕਿਉਂ ਘੱਟ ਰਹੀ ਹੈ?

  • ਬੱਚੇ ਜੰਮਣ ਦੀ ਦਰ ਵਿੱਚ ਗਿਰਾਵਟ ਮੁੱਖ ਤੌਰ 'ਤੇ ਤਿੰਨ ਕਾਰਨਾਂ ਕਰਕੇ ਆ ਰਹੀ ਹੈ।
  • ਬੱਚਿਆਂ ਦੀ ਮੌਤ ਦਰ ਵਿੱਚ ਗਿਰਾਵਟ, ਜਿਸ ਦਾ ਮਤਲਬ ਹੈ ਕਿ ਔਰਤਾਂ ਘੱਟ ਬੱਚੇ ਪੈਦਾ ਕਰਨਗੀਆਂ
  • ਗਰਭ ਨਿਰੋਧ ਦੇ ਕਾਰਗਰ ਤਰੀਕੇ ਵਿਕਸਿਤ ਹੋਣਾ
  • ਜ਼ਿਆਦਾ ਔਰਤਾਂ ਵੱਲੋਂ ਪੜ੍ਹਾਈ ਤੇ ਕੰਮਕਾਜ ਵਿੱਚ ਰੁੱਝਣਾ

ਕਾਫੀ ਤਰੀਕਿਆਂ ਨਾਲ ਬੱਚੇ ਜੰਮਣ ਦੀ ਦਰ ਵਿੱਚ ਗਿਰਾਵਟ ਦਰਜ ਹੋਣਾ ਇੱਕ ਸਫਲਤਾ ਦੀ ਕਹਾਣੀ ਹੈ।

ਕੀ ਹੋਵੇਗਾ ਅਸਰ?

ਜੇ ਲੋਕਾਂ ਦਾ ਪਰਵਾਸ ਵੱਡੇ ਪੱਧਰ 'ਤੇ ਨਹੀਂ ਹੁੰਦਾ ਤਾਂ ਦੇਸਾਂ ਵਿੱਚ ਬਜ਼ੁਰਗਾਂ ਦੀ ਗਿਣਤੀ ਵਧੇਗੀ ਅਤੇ ਆਬਾਦੀ ਘੱਟ ਹੋਣੀ ਸ਼ੁਰੂ ਹੋ ਜਾਵੇਗੀ।

ਡਾ. ਜੌਰਜ ਲੀਸਨ ਆਕਸਫਰਡ ਇੰਸਟੀਟਿਊਟ ਆਫ ਪੋਪੂਲੇਸ਼ਨ ਏਜਿੰਗ ਦੇ ਡਾਇਰੈਕਟਰ ਹਨ। ਉਨ੍ਹਾਂ ਅਨੁਸਾਰ ਜੇ ਪੂਰਾ ਸਮਾਜ ਆਬਾਦੀ ਵਿੱਚ ਇਸ ਵੱਡੇ ਬਦਲਾਅ ਮੁਤਾਬਿਕ ਖੁਦ ਨੂੰ ਢਾਲ ਲੈਂਦਾ ਹੈ ਉਦੋਂ ਤੱਕ ਕੋਈ ਸਮੱਸਿਆ ਨਹੀਂ ਹੈ।

"ਆਬਾਦੀ ਵਿੱਚ ਬਦਲਾਅ ਸਾਡੀ ਜ਼ਿੰਦਗੀ ਦੇ ਹਰ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ। ਤੁਸੀਂ ਆਪਣੇ ਘਰ ਦੀ ਖਿੜਕੀ ਦੇ ਬਾਹਰ ਦੇਖੋ ਤਾਂ ਸੜਕ 'ਤੇ ਚੱਲਦੇ ਲੋਕ, ਘਰ, ਟ੍ਰੈਫਿਕ, ਘਰ ਕੁਝ ਆਬਾਦੀ ਅਨੁਸਾਰ ਚੱਲਦਾ ਹੈ।''

ਇਹ ਵੀ ਪੜ੍ਹੋ:

"ਸਾਡੇ ਵੱਲੋਂ ਯੋਜਨਾ ਬਣਾਉਣਾ ਸਿਰਫ ਆਬਾਦੀ ਦੀ ਗਿਣਤੀ 'ਤੇ ਆਧਾਰਿਤ ਨਹੀਂ ਹੁੰਦਾ ਉਮਰ ਵਰਗ ਦੀ ਵੀ ਕਾਫੀ ਅਹਿਮੀਅਤ ਹੁੰਦੀ ਹੈ ਅਤੇ ਉਮਰ ਵਰਗ ਵਿੱਚ ਬਦਲਾਅ ਆ ਰਿਹਾ ਹੈ।''

ਉਨ੍ਹਾਂ ਅਨੁਸਾਰ ਸਾਡੇ ਕੰਮਕਾਜ ਦੀਆਂ ਥਾਂਵਾਂ ਵਿੱਚ ਵੀ ਸਾਨੂੰ ਬਦਲਾਅ ਨਜ਼ਰ ਆਵੇਗਾ। ਮੌਜੂਦਾ ਵੇਲੇ ਜੋ ਸੇਵਾ ਮੁਕਤ ਹੋਣ ਦੀ ਉਮਰ ਹੈ ਸ਼ਾਇਦ ਭਵਿੱਖ ਵਿੱਚ ਉਸ ਦਾ ਕੋਈ ਮਤਲਬ ਨਾ ਰਹੇ।

ਰਿਪਰੋਟ ਵਿੱਚ ਕਿਹਾ ਗਿਆ ਹੈ ਕਿ ਪ੍ਰਭਾਵਿਤ ਦੇਸਾਂ ਨੂੰ ਦੂਜੇ ਦੇਸਾਂ ਤੋਂ ਆਉਂਦੇ ਪਰਵਾਸੀਆਂ ਦੀ ਗਿਣਤੀ ਵਧਾਉਣੀ ਹੋਵੇਗੀ ਪਰ ਇਸ ਨਾਲ ਹੋਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।

ਫੋਟੋ ਕੈਪਸ਼ਨ ਜੇ ਕਿਸੇ ਦੇਸ ਵਿੱਚ ਬੱਚੇ ਪੈਦਾ ਕਰਨ ਦੀ ਦਰ 2.1 ਤੋਂ ਘੱਟ ਜਾਂਦੀ ਹੈ ਤਾਂ ਉਸ ਦੇਸ ਦੀ ਆਬਾਦੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ

ਇੱਕ ਹੋਰ ਤਰੀਕਾ ਹੈ ਕਿ ਔਰਤਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕਰ ਸਕਦੇ ਹਾਂ ਪਰ ਜ਼ਿਆਦਾਤਰ ਇਹ ਤਰੀਕਾ ਕਾਮਯਾਬ ਨਹੀਂ ਹੁੰਦਾ।

ਰਿਪੋਰਟ ਲਿਖਣ ਵਾਲੇ ਪ੍ਰੋਫੈਸਰ ਮੂਰੇ ਕਹਿੰਦੇ ਹਨ, "ਮੌਜੂਦਾ ਹਾਲਾਤ ਮੁਤਾਬਿਕ ਬੱਚਿਆਂ ਦੀ ਗਿਣਤੀ ਕਾਫੀ ਘੱਟ ਹੋ ਜਾਵੇਗੀ ਅਤੇ 65 ਸਾਲ ਦੀ ਉਮਰ ਤੋਂ ਵੱਧ ਉਮਰ ਦੇ ਲੋਕ ਵਧ ਜਾਣਗੇ। ਇਸ ਨਾਲ ਸਮਾਜ ਵਿੱਚ ਇੱਕ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ।''

"ਬੱਚਿਆਂ ਨਾਲੋਂ ਵੱਧ ਬਜ਼ੁਰਗ ਹੋਣ ਦੇ ਸਮਾਜਿਕ ਢਾਂਚੇ ਦੇ ਮਾੜੇ ਸਮਾਜਿਕ ਤੇ ਆਰਥਿਕ ਨਤੀਜਿਆਂ ਬਾਰੇ ਵਿਚਾਰੋ। ਮੇਰੇ ਮੰਨਣ ਹੈ ਕਿ ਜਪਾਨ ਇਸ ਬਾਰੇ ਜਾਗਰੂਕ ਹੈ। ਉਹ ਇਹ ਜਾਣ ਚੁੱਕੇ ਹਨ ਕਿ ਘਟਦੀ ਆਬਾਦੀ ਉਨ੍ਹਾਂ ਲਈ ਇੱਕ ਵੱਡੀ ਸਮੱਸਿਆ ਹੈ।''

"ਪਰ ਮੈਨੂੰ ਲਗਦਾ ਹੈ ਕਿ ਪੱਛਮ ਦੇਸਾਂ ਵਿੱਚ ਇਸ ਸਮੱਸਿਆ ਦਾ ਅਸਰ ਹੁੰਦੇ ਪਰਵਾਸ ਕਰਕੇ ਨਜ਼ਰ ਨਹੀਂ ਆ ਰਿਹਾ ਹੈ ਪਰ ਵਿਸ਼ਵ ਪੱਧਰ 'ਤੇ ਪਰਵਾਸ ਕੋਈ ਹੱਲ ਨਹੀਂ ਹੈ।''

ਭਾਵੇਂ ਸਮਾਜ ਲਈ ਚੁਣੌਤੀਪੂਰਨ ਹਾਲਾਤ ਪੈਦਾ ਹੋ ਸਕਦੇ ਹਨ ਪਰ ਵਾਤਾਵਰਨ ਨੂੰ ਇਸ ਦੇ ਇਸਦੇ ਫਾਇਦੇ ਵੀ ਹੋ ਸਕਦੇ ਹਨ।

ਚੀਨ ਵਿਚ ਕੀ ਹਨ ਹਾਲਾਤ?

1950 ਤੋਂ ਲਗਾਤਾਰ ਚੀਨ ਵਿੱਚ ਤੇਜ਼ੀ ਨਾਲ ਆਬਾਦੀ ਵਧ ਰਹੀ ਹੈ। ਚੀਨ ਦੀ ਆਬਾਦੀ ਹੁਣ 140 ਕਰੋੜ ਹੋ ਚੁੱਕੀ ਹੈ। ਚੀਨ ਵਿੱਚ ਵੀ ਬੱਚੇ ਜੰਮਣ ਦੀ ਦਰ ਕਾਫੀ ਘੱਟ ਹੈ। 2017 ਵਿੱਚ ਇਹ ਦਰ ਕੇਵਲ 1.5 ਸੀ। ਚੀਨ ਨੇ ਆਪਣੀ ਇੱਕ ਬੱਚੇ ਦੀ ਨੀਤੀ ਨੂੰ ਹਾਲ ਵਿੱਚ ਹੀ ਖ਼ਤਮ ਕੀਤਾ ਹੈ।

ਫੋਟੋ ਕੈਪਸ਼ਨ ਚੀਨ ਨੇ ਵੀ ਆਪਣੀ ਇੱਕ ਬੱਚੇ ਦੀ ਨੀਤੀ ਹਾਲ ਵਿੱਚ ਹੀ ਖ਼ਤਮ ਕੀਤੀ ਹੈ

ਵਿਕਸਿਤ ਦੇਸਾਂ ਨੂੰ ਬੱਚਾ ਜੰਮਣ ਦੀ ਦਰ 2.1 ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਰੇ ਬੱਚੇ ਬਾਲਿਗ ਉਮਰ ਤੱਕ ਨਹੀਂ ਬਚ ਪਾਉਂਦੇ ਹਨ। ਇਨ੍ਹਾਂ ਹਾਲਾਤ ਵਿੱਚ ਮਰਦਾਂ ਦੀ ਗਿਣਤੀ ਔਰਤਾਂ ਤੋਂ ਵੱਧ ਹੋ ਰਹੇਗੀ।

ਚੀਨ ਵਿੱਚ ਰਿਪੋਰਟ ਅਨੁਸਾਰ 100 ਕੁੜੀਆਂ ਦੇ ਮੁਕਾਬਲੇ 117 ਮੁੰਡੇ ਪੈਦਾ ਹੋ ਰਹੇ ਹਨ। ਇਹ ਅੰਕੜੇ ਭਰੂਣ ਹੱਤਿਆ ਦੇ ਮਾਮਲਿਆਂ ਵੱਲ ਵੀ ਇਸ਼ਾਰ ਕਰ ਰਹੇ ਹਨ। ਇਸ ਦਾ ਮਤਲਬ ਹੈ ਕਿ ਆਬਾਦੀ ਦਾ ਸੰਤੁਲਨ ਕਾਇਮ ਰੱਖਣ ਲਈ ਹੋਰ ਬੱਚੇ ਪੈਦਾ ਕਰਨ ਦੀ ਲੋੜ ਹੈ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)