ਯਮਨ : ਸਾਊਦੀ ਅਰਬ ਦੇ ਗੁਆਂਢ 'ਚ ਰੋਜ਼ਾਨਾ ਔਸਤਨ 77 ਬੱਚੇ ਕਿਉਂ ਮਰ ਰਹੇ ਹਨ

ਯਮਨ Image copyright Getty Images

ਯਮਨ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਜਾਰੀ ਜੰਗ ਕਾਰਨ ਤਕਰੀਬਨ 85,000 ਬੱਚਿਆਂ ਦੀ ਕੁਪੋਸ਼ਣ ਕਾਰਨ ਮੌਤ ਹੋ ਗਈ ਹੈ। ਇਹ ਦਾਅਵਾ ਕੀਤਾ ਹੈ 'ਸੇਵ ਦਾ ਚਿਲਡਰਨ' ਸੰਸਥਾ ਨੇ। ਸੰਸਥਾ ਮੁਤਾਬਕ ਇਹ ਅੰਕੜਾ ਯੂਕੇ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬਰਮਿੰਘਮ ਦੇ ਪੰਜ ਸਾਲ ਤੋਂ ਘੱਟ ਬੱਚਿਆਂ ਦੇ ਬਰਾਬਰ ਹੈ।

ਪਿਛਲੇ ਤਿੰਨ ਸਾਲਾਂ ਤੋਂ ਜਾਰੀ ਜੰਗ ਨੂੰ ਖ਼ਤਮ ਕਰਨ ਲਈ ਗੱਲਬਾਤ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਦੁਨੀਆ ਦਾ ਸਭ ਤੋਂ ਮਾੜਾ ਮਨੁੱਖੀ ਸੰਕਟ ਪੈਦਾ ਹੋ ਗਿਆ ਹੈ।

ਸੰਯੁਕਤ ਰਾਸ਼ਟਰ ਨੇ ਪਿੱਛਲੇ ਮਹੀਨੇ ਚੇਤਾਵਨੀ ਦਿੱਤੀ ਸੀ ਕਿ ਯਮਨ ਦੇ ਤਕਰੀਬਨ ਇੱਕ ਕਰੋੜ 40 ਲੱਖ ਲੋਕ ਅਕਾਲ ਦਾ ਸ਼ਿਕਾਰ ਹੋ ਸਕਦੇ ਹਨ।

ਦਰਅਸਲ ਇਹ ਜੰਗ ਸਾਲ 2015 ਵਿੱਚ ਸ਼ੁਰੂ ਹੋਈ ਜਦੋਂ ਇੱਕ ਸਾਊਦੀ-ਪੱਖੀ ਗਠਜੋੜ ਨੇ ਹੂਥੀ ਬਾਗ਼ੀ ਲਹਿਰ ਦੇ ਵਿਰੁੱਧ ਇੱਕ ਹਵਾਈ ਮੁਹਿੰਮ ਸ਼ੁਰੂ ਕੀਤੀ ਜਿਸ ਨੇ ਰਾਸ਼ਟਰਪਤੀ ਅਬਦਰਾਬੁੱਹ ਮੰਸੂਰ ਹਾਦੀ ਨੂੰ ਵਿਦੇਸ਼ ਭੱਜਣ ਲਈ ਮਜਬੂਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ:-

ਯੂਐਨ ਮੁਤਾਬਕ ਜੰਗ ਦੌਰਾਨ ਤਕਰੀਬਨ 6800 ਨਾਗਰਿਕਾਂ ਦੀ ਮੌਤ ਹੋ ਗਈ ਹੈ ਜਦੋਂਕਿ 10,700 ਜ਼ਖਮੀ ਹੋ ਗਏ ਹਨ।

ਇਸ ਜੰਗ ਕਾਰਨ 2 ਕਰੋੜ 20 ਲੱਖ ਲੋਕਾਂ ਨੂੰ ਮਨੁੱਖੀ ਮਦਦ ਦੀ ਲੋੜ ਪੈ ਗਈ ਹੈ।

ਇਸ ਕਾਰਨ ਦੁਨੀਆ ਦੀ ਸਭ ਤੋਂ ਵੱਡੀ ਖੁਰਾਕ ਸੁਰੱਖਿਆ ਐਮਰਜੰਸੀ ਖੜ੍ਹੀ ਹੋ ਗਈ ਹੈ ਅਤੇ ਹੈਜ਼ਾ ਫੈਲਣ ਕਾਰਨ 12 ਲੱਖ ਲੋਕ ਪ੍ਰਭਾਵਿਤ ਹੋ ਗਏ ਹਨ।

ਚੈਰਿਟੀ ਨੇ ਮੌਤ ਦੇ ਅੰਕੜੇ ਕਿਵੇਂ ਇਕੱਠੇ ਕੀਤੇ?

ਮੌਤ ਦੇ ਅਸਲ ਅੰਕੜਿਆਂ ਬਾਰੇ ਪਤਾ ਲਾਉਣਾ ਔਖਾ ਹੈ। ਯਮਨ ਵਿੱਚ ਬਚਾਅ ਕਾਰਜ ਚਲਾਉਣ ਵਾਲੇ ਵਰਕਰਾਂ ਦਾ ਕਹਿਣਾ ਹੈ ਕਿ ਕਈ ਮਾਮਲਿਆਂ ਬਾਰੇ ਜਾਣਕਾਰੀ ਨਹੀਂ ਮਿਲਦੀ ਕਿਉਂਕਿ ਦੇਸ ਦੀਆਂ ਅੱਧੀਆਂ ਹੀ ਸਿਹਤ ਸੇਵਾਵਾਂ ਕੰਮ ਕਰ ਰਹੀਆਂ ਹਨ।

ਕਾਫੀ ਲੋਕ ਗਰੀਬ ਹੋਣ ਕਾਰਨ ਸਿਹਤ ਸੇਵਾਵਾਂ ਤੱਕ ਪਹੁੰਚ ਵੀ ਨਹੀਂ ਕਰ ਪਾਉਂਦੇ।

'ਸੇਵ ਦਿ ਚਿਲਡਰਨ' ਸੰਸਥਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅੰਕੜੇ 5 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਸਬੰਧੀ ਸੰਯੁਕਤ ਰਾਸ਼ਟਰ ਵੱਲੋਂ ਤਿਆਰ ਕੀਤੇ ਗਏ ਡਾਟਾ ਉੱਤੇ ਆਧਾਰਿਤ ਹਨ ਜੋ ਕਿ ਗੰਭੀਰ ਕੁਪੋਸ਼ਣ ਦੇ ਸ਼ਿਕਾਰ ਉਨ੍ਹਾਂ ਬੱਚਿਆਂ ਦੀ ਮੌਤ ਦਰ 'ਤੇ ਆਧਾਰਿਤ ਹੈ ਜੋ ਇਲਾਜ ਨਹੀਂ ਕਰਵਾ ਸਕੇ।

Image copyright Mohammed Awadh/Save the Children
ਫੋਟੋ ਕੈਪਸ਼ਨ 13 ਮਹੀਨਿਆਂ ਦੇ ਨੁਸੈਰ ਦਾ ਅਗਸਤ ਵਿੱਚ ਇਲਾਜ ਕੀਤਾ ਗਿਆ ਪਰ ਅਕਤੂਬਰ ਵਿੱਚ ਫਿਰ ਸਿਹਤ ਵਿਗੜ ਗਈ

ਇੱਕ ਅੰਦਾਜ਼ੇ ਮੁਤਾਬਕ ਅਪ੍ਰੈਲ 2015 ਤੋਂ ਅਕਤੂਬਰ 2018 ਵਿੱਚ 84,700 ਬੱਚਿਆਂ ਦੀ ਮੌਤ ਹੋ ਗਈ ਹੈ।

ਮੁਲਕ ਵਿੱਚ ਜਾਰੀ ਜੰਗ ਕਾਰਨ ਭੋਜਨ ਦੀਆਂ ਵਧਦੀਆਂ ਕੀਮਤਾਂ ਤੇ ਦੇਸ ਦੀ ਕਰੰਸੀ ਦੀ ਘੱਟਦੀ ਕੀਮਤ ਕਾਰਨ ਜ਼ਿਆਦਾਤਰ ਪਰਿਵਾਰਾਂ ਲਈ ਭੋਜਨ ਦਾ ਸੰਕਟ ਖੜ੍ਹਾ ਹੋ ਗਿਆ ਹੈ।

ਯੂਕੇ-ਆਧਾਰਿਤ ਚੈਰਿਟੀ ਦਾ ਦਾਅਵਾ ਹੈ ਕਿ ਨਾਕੇਬੰਦੀ ਕਾਰਨ ਜ਼ਿਆਦਾਤਰ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਹੂਡਾਇਡਾਹ ਦੇ ਮੁੱਖ ਬੰਦਰਗਾਹ ਦੇ ਆਲੇ ਦੁਆਲੇ ਲਗਾਤਾਰ ਹੋ ਰਹੀ ਲੜਾਈ ਨਾਲ ਸਥਿਤੀ ਹੋਰ ਖਰਾਬ ਹੋ ਗਈ ਹੈ।

ਇਸ ਬੰਦਰਗਾਹ ਰਾਹੀਂ ਦੇਸ ਦੀ ਤਕਰਬੀਨ 90% ਖੁਰਾਕ ਦਰਾਮਦ ਕੀਤੀ ਜਾਂਦੀ ਰਹੀ ਹੈ। ਚੈਰਿਟੀ ਦਾ ਦਾਅਵਾ ਹੈ ਕਿ ਇੱਕ ਮਹੀਨੇ ਵਿੱਚ ਇਸ ਰਾਹੀਂ ਵਪਾਰਕ ਬਰਾਮਦ ਵਿੱਚ 55,000 ਮੀਟ੍ਰਿਕ ਟਨ ਤੋਂ ਵੀ ਵੱਧ ਗਿਰਾਵਟ ਦਰਜ ਕੀਤੀ ਗਈ ਹੈ। ਇੰਨਾ ਭੋਜਨ 44 ਲੱਖ ਲੋਕਾਂ ਦੀ ਲੋੜ ਦੀ ਪੂਰਤੀ ਕਰ ਸਕਦਾ ਹੈ ਜਿਸ ਵਿੱਚ 22 ਲੱਖ ਬੱਚੇ ਵੀ ਸ਼ਾਮਿਲ ਹਨ।

Image copyright Mohammed Awadh/Save the Children
ਫੋਟੋ ਕੈਪਸ਼ਨ ਪੰਜ ਸਾਲ ਤੋਂ ਘੱਟ ਉਮਰ ਵਰਗ ਦੇ ਬੱਚੇ ਕੁਪੋਸ਼ਣ ਦੇ ਵਧੇਰੇ ਸ਼ਿਕਾਰ ਹਨ

ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਨਾਲ ਕੀ ਹੁੰਦਾ ਹੈ?

ਚੈਰਿਟੀ ਮੁਤਾਬਕ ਜੇ ਗੰਭੀਰ ਕੁਪੋਸ਼ਣ ਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ 20-30 ਫੀਸਦੀ ਬੱਚੇ ਹਰ ਸਾਲ ਮਾਰੇ ਜਾਣਗੇ।

'ਸੇਵ ਦਿ ਚਿਲਡਰਨ' ਦੇ ਯਮਨ ਦੇ ਡਾਇਰੈਕਟਰ ਤਾਮੇਰ ਕਿਰਲੋਸ ਮੁਤਾਬਕ "ਬੰਬਾਂ ਅਤੇ ਗੋਲੀਆਂ ਨਾਲ ਮਾਰੇ ਗਏ ਬੱਚਿਆਂ ਤੋਂ ਇਲਾਵਾ ਦਰਜਨਾਂ ਬੱਚਿਆਂ ਦੀ ਮੌਤ ਭੁੱਖ ਕਾਰਨ ਹੋ ਰਹੀ ਹੈ ਅਤੇ ਇਸ ਦੀ ਪੂਰੀ ਤਰ੍ਹਾਂ ਰੋਕਥਾਮ ਹੈ।"

ਇਹ ਵੀ ਪੜ੍ਹੋ:

"ਜਿਹੜੇ ਬੱਚਿਆਂ ਦੀ ਮੌਤ ਇਸ ਤਰੀਕੇ ਨਾਲ ਹੁੰਦੀ ਹੈ ਉਨ੍ਹਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਕਿਉਂਕਿ ਉਹਨਾਂ ਦੇ ਅਹਿਮ ਅੰਗ ਹੌਲੀ ਕੰਮ ਕਰਨ ਲੱਗਦੇ ਅਤੇ ਅਤੇ ਅਖੀਰ ਵਿੱਚ ਕੰਮ ਕਰਨਾ ਬੰਦ ਕਰ ਜਾਂਦੇ ਹਨ। ਉਨ੍ਹਾਂ ਦੇ ਇਮਿਊਨ ਸਿਸਟਮ ਇੰਨੇ ਕਮਜ਼ੋਰ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਜਲਦੀ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ।"

ਉਨ੍ਹਾਂ ਅੱਗੇ ਚੇਤਾਵਨੀ ਦਿੱਤੀ ਕਿ ਹਵਾਈ ਹਮਲਿਆਂ ਵਿੱਚ ਹੋ ਰਹੇ ਵਾਧੇ ਕਾਰਨ 150,000 ਬੱਚਿਆਂ ਨੂੰ ਹੂਡਾਇਡਾਹ ਵਿੱਚ ਖ਼ਤਰਾ ਹੈ।

ਇੱਕ ਮਾਂ ਦੀ ਕਹਾਣੀ

13 ਮਹੀਨਿਆਂ ਦਾ ਨੁਸੈਰ ਉਨ੍ਹਾਂ ਬੱਚਿਆਂ ਵਿੱਚ ਸ਼ਾਮਿਲ ਹੈ ਜੋ ਕਿ ਗੰਭੀਰ ਕੁਪੋਸ਼ਣ ਤੋਂ ਪੀੜਤ ਹਨ। ਉਸ ਉੱਤੇ 'ਸੇਵ ਦਿ ਚਿਲਡਰਨ' ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਉਸ ਦਾ ਅਗਸਤ ਵਿੱਚ ਇਲਾਜ ਕੀਤਾ ਗਿਆ ਸੀ ਪਰ ਅਕਤੂਬਰ ਵਿੱਚ ਉਸ ਦੀ ਸਿਹਤ ਫਿਰ ਵਿਗੜ ਗਈ।

ਉਦੋਂ ਤੱਕ ਉਹ ਅਤੇ ਉਸ ਦੀ ਮਾਂ ਨੂੰ ਕਿਸੇ ਦੂਰ-ਦੁਰਾਡੇ ਦੇ ਇਲਾਕੇ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਉਨ੍ਹਾਂ ਦੇ ਘਰ ਨੇੜੇ ਲੜਾਈ ਵੱਧ ਗਈ ਸੀ। ਪਰ ਉਨ੍ਹਾਂ ਨੂੰ ਹੁਣ ਹਸਪਤਾਲ ਦੂਰ ਹੋ ਗਿਆ ਅਤੇ ਉਹ ਚੈੱਕਅਪ ਨਹੀਂ ਕਰਵਾ ਸਕਦੇ।

ਉਸ ਦੀ ਮਾਂ ਸੁਐਦ ਦਾ ਕਹਿਣਾ ਹੈ, "ਮੈਂ ਸੌਂ ਨਹੀਂ ਸਕਦੀ, ਇਹ ਪਰੇਸ਼ਾਨ ਕਰਨ ਵਾਲਾ ਹੈ ਅਤੇ ਮੈਨੂੰ ਆਪਣੇ ਬੱਚਿਆਂ ਦੀ ਫਿਕਰ ਹੈ। ਜੇ ਇਨ੍ਹਾਂ ਨੂੰ ਕੁਝ ਹੋ ਗਿਆ ਤਾਂ ਮੈਂ ਜਿਓਂ ਨਹੀਂ ਸਕਦੀ।"

ਕੀ ਯਮਨ ਪਹਿਲਾਂ ਹੀ ਭੁੱਖਮਰੀ ਦਾ ਸ਼ਿਕਾਰ ਨਹੀਂ ਹੈ?

ਹਾਲੇ ਤੱਕ ਤਾਂ ਯਮਨ ਭੁੱਖਮਰੀ ਦਾ ਸ਼ਿਕਾਰ ਨਹੀਂ ਹੈ ਪਰ ਇਹ ਉਸ ਵੱਲ ਵੱਧ ਰਿਹਾ ਹੈ।

ਪਿਛਲੇ ਮਹੀਨੇ ਯੂਐਨ ਨੇ ਚੇਤਾਵਨੀ ਦਿੱਤੀ ਸੀ ਕਿ ਜੰਗ ਤੋਂ ਪੀੜਤ ਦੇਸ ਦੀ ਅੱਧੀ ਆਬਾਦੀ 'ਪੂਰਵ-ਭੁੱਖਮਰੀ ਵਰਗੇ ਹਾਲਾਤਾਂ' ਵਿੱਚੋਂ ਲੰਘ ਰਹੀ ਹੈ।

ਭੁੱਖਮਰੀ ਦੇ ਐਲਾਨ ਤੋਂ ਪਹਿਲਾਂ ਹੇਠ ਲਿਖੇ ਮਾਪਦੰਡ ਜ਼ਰੂਰੀ ਹਨ:

  • ਪੰਜ ਘਰਾਂ ਵਿੱਚ ਘੱਟੋ-ਘੱਟ ਇੱਕ ਵਿੱਚ ਅਨਾਜ ਦੀ ਘਾਟ ਹੋਣੀ ਚਾਹੀਦੀ ਹੈ
  • 5 ਸਾਲ ਤੋਂ ਘੱਟ ਉਮਰ ਦੇ 30 ਫੀਸਦੀ ਤੋਂ ਵੱਧ ਬੱਚੇ ਗੰਭੀਰ ਕੁਪੋਸ਼ਣ ਦੇ ਸ਼ਿਕਾਰ ਹੋਣ
  • ਰੋਜ਼ਾਨਾ 10,000 ਵਿੱਚੋਂ ਦੋ ਲੋਕਾਂ ਦੀ ਮੌਤ ਹੋ ਰਹੀ ਹੋਵੇ

ਯਮਨ ਦੀ ਲੜਾਈ ਦੀ ਵਜ੍ਹਾ

ਯਮਨ ਦੇ ਸੰਘਰਸ਼ ਦੀਆਂ ਜੜ੍ਹਾਂ ਸਾਲ 2011 'ਚ ਹੋਈ ਅਰਬ ਕ੍ਰਾਂਤੀ 'ਚ ਲੱਭੀਆਂ ਜਾ ਸਕਦੀਆਂ ਹਨ।

ਇਸੇ ਅਰਬ ਕ੍ਰਾਂਤੀ ਦੀ ਲਹਿਰ ਦੌਰਾਨ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ਨੂੰ ਸਿਆਸਤ ਛੱਡਣੀ ਪਈ ਅਤੇ ਯਮਨ ਦੀ ਕਮਾਨ ਉਨ੍ਹਾਂ ਦੇ ਉਪ ਰਾਸ਼ਟਰਪਤੀ ਅਬਦਰਾਬੁੱਹ ਮੰਸੂਰ ਹਾਦੀ ਦੇ ਹੱਥ 'ਚ ਆ ਗਈ।

Image copyright AFP
ਫੋਟੋ ਕੈਪਸ਼ਨ ਅਰਬ ਕ੍ਰਾਂਤੀ ਦੀ ਲਹਿਰ ਦੌਰਾਨ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ਨੂੰ ਸਿਆਸਤ ਛੱਡਣੀ ਪਈ ਸੀ

ਸ਼ੁਰੂ ਵਿੱਚ ਇਹ ਮੰਨਿਆ ਗਿਆ ਕਿ ਸੱਤਾ 'ਚ ਬਦਲਾਅ ਨਾਲ ਸਿਆਸੀ ਸਥਿਰਤਾ ਵਧੇਗੀ ਪਰ ਹਕੀਕਤ 'ਚ ਇਹ ਨਕਾਮ ਰਿਹਾ।

ਇਸ ਦੇ ਨਾਲ ਹੀ ਯਮਨ 'ਚ ਸਿਆਸੀ ਸੰਘਰਸ਼ ਸ਼ੁਰੂ ਹੋ ਗਿਆ ਜਿਸ 'ਚ ਇੱਕ ਪਾਸੇ ਸਾਬਕਾ ਰਾਸ਼ਟਰਪਤੀ ਸਾਲੇਹ ਦੀ ਫੌਜ ਸੀ ਤੇ ਦੂਜੇ ਪਾਸੇ ਮੌਜੂਦਾ ਰਾਸ਼ਟਰਪਤੀ ਹਾਦੀ ਦੀ ਫੌਜ।

ਇੱਕ ਮੋਰਚਾ ਹੂਥੀ ਬਾਗ਼ੀਆਂ ਨੇ ਵੀ ਖੋਲ ਰੱਖਿਆ ਸੀ।

ਯਮਨ 'ਤੇ 30 ਸਾਲ ਤੱਕ ਹਕੂਮਤ ਕਰਨ ਵਾਲੇ ਸਾਲੇਹ ਨੇ ਬਾਅਦ ਵਿੱਚ ਰਾਸ਼ਟਪਤੀ ਹਾਦੀ ਨੂੰ ਯਮਨ ਦੀ ਰਾਜਧਾਨੀ ਰਿਆਦ ਤੋਂ ਹਟਾਉਣ ਲਈ ਹੂਥੀ ਬਾਗੀਆਂ ਨਾਲ ਹੱਥ ਮਿਲਾ ਲਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)