ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ, 25 ਸਾਲਾ ਮੁੰਡੇ ਦੀ ਹੱਡਬੀਤੀ

ਮੁੰਡਾ ਅਤੇ ਪਿਤਾ
ਤਸਵੀਰ ਕੈਪਸ਼ਨ,

ਮੈਂ ਜਾਣਦਾ ਸੀ ਕਿ ਇਹ ਮੇਰੇ ਪਾਪਾ ਦਾ ਫ਼ੋਨ ਹੈ ਕਿਉਂਕਿ ਅਜਿਹਾ ਹੀ ਫ਼ੋਨ ਮੈਂ ਕੁਝ ਸਾਲ ਪਹਿਲਾਂ ਉਨ੍ਹਾਂ ਦੀ ਕਾਰ ਵਿੱਚ ਦੇਖਿਆ ਸੀ ਜਦੋਂ ਮੈਂ ਅੱਲ੍ਹੜ ਉਮਰ ਵੱਲ ਵਧ ਰਿਹਾ ਸੀ

ਕਿਵੇਂ ਲਗਦਾ ਹੈ ਜਦੋਂ ਤੁਹਾਨੂੰ ਪਤਾ ਲਗਦਾ ਹੈ ਕਿ ਤੁਹਾਡੇ ਮਾਤਾ-ਪਿਤਾ ਵਿੱਚੋਂ ਇੱਕ ਦੇ ਕਿਸੇ ਹੋਰ ਨਾਲ ਸਬੰਧ ਹਨ?

ਰੇਡੀਓ 1 ਨਿਊਜ਼ਬੀਟ ਨੇ ਇੱਕ 25 ਸਾਲ ਦੇ ਉਸ ਮੁੰਡੇ ਨਾਲ ਗੱਲਬਾਤ ਕੀਤੀ, ਜਿਸ ਨੇ ਆਪਣੇ ਪਿਤਾ ਨਾਲ ਕਈ ਸਾਲ ਬਤੀਤ ਕੀਤੇ ਜਿਹੜੇ ਉਨ੍ਹਾਂ ਦੀ ਮਾਂ ਨੂੰ ਧੋਖਾ ਦੇ ਰਹੇ ਸਨ। ਇਸ ਦੌਰਾਨ ਉਹ ਗੁੱਸੇ, ਉਦਾਸੀ ਅਤੇ ਇਕੱਲੇਪਣ ਦੇ ਆਲਮ ਵਿੱਚੋਂ ਵੀ ਲੰਘੇ।

ਉਨ੍ਹਾਂ ਨੇ ਬਿਨਾਂ ਆਪਣੀ ਪਛਾਣ ਦੱਸੇ ਆਪਣੀ ਕਹਾਣੀ ਸੁਣਾ ਕੇ ਉਨ੍ਹਾਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੇ ਅਜਿਹੇ ਹੀ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ:

ਪਿਤਾ ਦਾ ਫ਼ੋਨ ਕੀਤਾ ਚੈੱਕ

ਮੈਂ 19 ਸਾਲ ਦਾ ਸੀ ਅਤੇ ਕਿਸੇ ਤਿਉਹਾਰ ਤੋਂ ਵਾਪਿਸ ਆਇਆ ਸੀ। ਮੈਂ ਬਾਥਰੂਮ 'ਚ ਗਿਆ ਅਤੇ ਮੈਂ ਨਹਾਉਣ ਵਾਲੀ ਥਾਂ ਦੀ ਇੱਕ ਸਾਈਡ 'ਚ ਇੱਕ ਫੋਨ ਦੇਖਿਆ।

ਮੈਂ ਜਾਣਦਾ ਸੀ ਕਿ ਇਹ ਮੇਰੇ ਪਾਪਾ ਦਾ ਫ਼ੋਨ ਹੈ ਕਿਉਂਕਿ ਅਜਿਹਾ ਹੀ ਫ਼ੋਨ ਮੈਂ ਕੁਝ ਸਾਲ ਪਹਿਲਾਂ ਉਨ੍ਹਾਂ ਦੀ ਕਾਰ ਵਿੱਚ ਦੇਖਿਆ ਸੀ ਜਦੋਂ ਮੈਂ ਅੱਲ੍ਹੜ ਉਮਰ ਵੱਲ ਵਧ ਰਿਹਾ ਸੀ।

ਪਹਿਲਾਂ ਤਾਂ ਮੈਂ ਇਸ ਬਾਰੇ ਕੁਝ ਵੀ ਸੋਚਣ ਲਈ ਛੋਟਾ ਸੀ, ਪਰ ਹੁਣ ਮੈਨੂੰ ਸ਼ੱਕ ਹੋਣ ਲੱਗਾ।

ਮੈਂ ਫੋਨ ਚੁੱਕਿਆ, ਉਸ 'ਚ ਕੋਈ ਪਾਸਵਰਡ ਨਹੀਂ ਲੱਗਾ ਹੋਇਆ ਸੀ। ਮੈਂ ਫ਼ੋਨ ਦੀ ਤਲਾਸ਼ੀ ਲੈਣ ਲੱਗਾ ਤਾਂ ਦੇਖਿਆ ਕਿ ਕਿਸੇ ਔਰਤ ਦੇ ਮੈਸੇਜ ਆਏ ਹੋਏ ਸਨ।

ਮੈਨੂੰ ਕੁਝ ਵੀ ਸਮਝ ਨਹੀਂ ਆ ਰਹੀ ਸੀ, ਕਿਉਂਕਿ ਮੈਂ ਬਹੁਤ ਗੁੱਸੇ ਵਿਚ ਸੀ।

ਜਦੋਂ ਸਭ ਕੁਝ ਸਪੱਸ਼ਟ ਹੋਣ ਲੱਗਾ

ਮੈਨੂੰ ਲੱਗਿਆ ਕਿ ਕਿਸੇ ਨਾਲ ਸਬੰਧ ਹੋਣ ਦੇ ਇਹ ਕੋਈ ਖਾਸ ਸਬੂਤ ਨਹੀਂ ਹਨ, ਕਿਸੇ ਵੀ ਮੈਸਜ ਤੋਂ ਅਜਿਹਾ ਕੁਝ ਵੀ ਸਪੱਸ਼ਟ ਨਹੀਂ ਹੋ ਰਿਹਾ ਸੀ।

ਤਸਵੀਰ ਕੈਪਸ਼ਨ,

ਉਨ੍ਹਾਂ ਨੂੰ ਇੱਕ ਨਵਾਂ ਆਈਫ਼ੋਨ ਮਿਲਿਆ ਸੀ, ਉਨ੍ਹਾਂ ਨੇ ਮੇਰੀ ਇੱਕ ਫ਼ੋਟੋ ਖਿੱਚੀ ਅਤੇ ਕਿਸੇ ਨੂੰ ਭੇਜ ਦਿੱਤੀ

ਆਪਣੇ ਮਨ ਨੂੰ ਸ਼ਾਂਤ ਕਰਨ ਲਈ ਮੈਂ ਨਹਾ ਕੇ ਆਪਣੇ ਕਮਰੇ ਵਿਚ ਚਲਾ ਗਿਆ। ਮੇਰੇ ਪਿਤਾ ਪੌੜੀਆਂ ਚੜ੍ਹ ਕੇ ਉਪਰ ਆ ਰਹੇ ਸਨ ਕਿ ਮੈਂ ਉਨ੍ਹਾਂ ਨੂੰ ਆਵਾਜ਼ ਲਗਾ ਕੇ ਆਪਣੇ ਕਮਰੇ ਵਿੱਚ ਹੀ ਬੁਲਾ ਲਿਆ ਅਤੇ ਉਨ੍ਹਾਂ ਨੂੰ ਫ਼ੋਨ ਦਿਖਾਇਆ।

ਪਹਿਲਾਂ ਤਾਂ ਉਨ੍ਹਾਂ ਨੇ ਇਸ ਤਰ੍ਹਾਂ ਜਵਾਬ ਦਿੱਤਾ ਜਿਵੇਂ ਕਿ ਉਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਕਿ ਮੈਂ ਕਿਸ ਬਾਰੇ ਗੱਲ ਕਰ ਰਿਹਾ ਹਾਂ। ਉਹ ਆਪਣਾ ਫ਼ੋਨ ਲੈ ਕੇ ਹੇਠਾਂ ਚਲੇ ਗਏ।

ਫਿਰ ਉਹ ਵਾਪਿਸ ਆਏ ਅਤੇ ਕਹਿਣ ਲੱਗੇ, "ਠੀਕ ਹੈ, ਚੱਲ ਕੇ ਗੱਲ ਕਰਦੇ ਹਾਂ ਇਸ ਬਾਰੇ।"

ਮੈਂ ਨਾਲ ਚੱਲ ਪਿਆ। ਮੈਂ ਘਬਰਾਇਆ ਵੀ ਹੋਇਆ ਸੀ। ਮੇਰੇ ਲਈ ਉਨ੍ਹਾਂ ਸਾਹਮਣੇ ਜਾਣਾ ਐਨਾ ਮੁਸ਼ਕਿਲ ਕਦੇ ਨਹੀਂ ਹੋਇਆ।

ਉਨ੍ਹਾਂ ਨੇ ਇਹ ਕਹਿ ਕੇ ਗੱਲ ਮੁਕਾ ਦਿੱਤੀ ਕਿ ਉਹ ਔਰਤ ਉਨ੍ਹਾਂ ਦੇ ਨਾਲ ਕੰਮ ਕਰਦੀ ਹੈ ਅਤੇ ਕੰਮ ਵਿਚ ਆ ਰਹੀਆਂ ਕੁਝ ਪ੍ਰੇਸ਼ਾਨੀਆਂ ਦੇ ਦੌਰ ਵਿਚ ਉਨ੍ਹਾਂ ਦੀ ਸਹਾਇਤਾ ਕਰ ਰਹੀ ਹੈ।

ਉਨ੍ਹਾਂ ਕਿਹਾ, "ਮੇਰੇ ਜ਼ਿਆਦਾ ਦੋਸਤ ਨਹੀਂ ਹਨ। ਜੇਕਰ ਕੋਈ ਔਰਤ ਮੇਰੀ ਦੋਸਤ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਤੇਰੀ ਮਾਂ ਇੱਕ ਔਰਤ ਹੋਣ ਦੇ ਨਾਤੇ ਇਹ ਗੱਲ ਸਮਝ ਸਕੇਗੀ।"

ਅੰਦਰ ਹੀ ਅੰਦਰ, ਮੈਂ ਆਪਣੇ ਪਿਤਾ ਦੀਆਂ ਗੱਲਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਮੈਨੂੰ ਉਨ੍ਹਾਂ ਦੀ ਗੱਲ ਮੰਨਣੀ ਹੀ ਪਈ। ਉਨ੍ਹਾਂ ਦੀ ਗੱਲ ਨੂੰ ਸਮਝਣ ਲਈ ਅਤੇ ਸੰਜਮ ਬਣਾਈ ਰੱਖਣ ਲਈ ਉਨ੍ਹਾਂ ਨੇ ਮੇਰਾ ਧੰਨਵਾਦ ਕੀਤਾ।

'ਆਮੋਸ ਇੱਕ ਨਕਲੀ ਨਾਮ ਸੀ'

ਦੋ ਸਾਲ ਲੰਘ ਗਏ, ਪਰ ਮੇਰੇ ਦਿਮਾਗ ਵਿੱਚ ਇਹ ਸਾਰੀਆਂ ਗੱਲਾਂ ਹੀ ਘੁੰਮ ਰਹੀਆਂ ਸਨ।

ਮੇਰੇ ਪਿਤਾ ਨਵੇਂ ਫਲੈਟ ਵਿੱਚ ਸ਼ਿਫ਼ਟ ਹੋਣ 'ਚ ਮੇਰੀ ਮਦਦ ਕਰ ਰਹੇ ਸਨ।

ਉਨ੍ਹਾਂ ਨੂੰ ਇੱਕ ਨਵਾਂ ਆਈਫ਼ੋਨ ਮਿਲਿਆ ਸੀ, ਉਨ੍ਹਾਂ ਨੇ ਮੇਰੀ ਇੱਕ ਫ਼ੋਟੋ ਖਿੱਚੀ ਅਤੇ ਕਿਸੇ ਨੂੰ ਭੇਜ ਦਿੱਤੀ।

ਇਸ ਤੋਂ ਬਾਅਦ ਮੈਂ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਪੁੱਛਿਆ, ਕੀ ਪਾਪਾ ਨੇ ਮੇਰੀ ਫ਼ੋਟੋ ਤੁਹਾਨੂੰ ਭੇਜੀ ਹੈ? ਉਨ੍ਹਾਂ ਕਿਹਾ ''ਕੀ? "ਮੈਨੂੰ ਤਾਂ ਕੋਈ ਮੈਸੇਜ ਨਹੀਂ ਆਇਆ।"

ਮੇਰੇ ਦਿਮਾਗ ਵਿੱਚ ਕਈ ਕੁਝ ਚੱਲਣ ਲੱਗਾ।

ਮੈਂ ਉਨ੍ਹਾਂ ਦੇ ਪਿੱਛੇ ਗਿਆ ਅਤੇ ਦੇਖਿਆ ਕਿ ਉਹ ਕਿਸੇ "ਆਮੋਸ" ਨੂੰ ਮੈਸੇਜ ਕਰ ਰਹੇ ਸਨ।

ਇਹ ਵੀ ਪੜ੍ਹੋ:

ਮੈਨੂੰ ਪਤਾ ਸੀ ਕਿ ਇਹ ਇੱਕ ਨਕਲੀ ਨਾਮ ਹੈ ਕਿਉਂਕਿ ਜੇਕਰ "ਆਮੋਸ" ਨਾਂ ਦਾ ਉਨ੍ਹਾਂ ਦਾ ਕੋਈ ਦੋਸਤ ਹੁੰਦਾ ਤਾਂ ਮੈਨੂੰ ਜ਼ਰੂਰ ਪਤਾ ਹੁੰਦਾ।

ਪਾਪਾ ਅੱਜ ਰਾਤ ਮੇਰੇ ਕੋਲ ਠਹਿਰ ਰਹੇ ਸੀ ਅਤੇ ਮੈਂ ਉਨ੍ਹਾਂ ਦਾ ਫ਼ੋਨ ਦੇਖਣਾ ਸੀ।

ਅੱਧੀ ਰਾਤ ਨੂੰ ਮੈਂ ਉਨ੍ਹਾਂ ਦੇ ਕਮਰੇ ਵਿੱਚ ਦਾਖ਼ਲ ਹੋਇਆ। ਫ਼ੋਨ ਲਿਆ ਅਤੇ ਹੇਠਾਂ ਆ ਗਿਆ।

ਮੈਂ ਪੌੜੀਆਂ ਉਤਰ ਰਿਹਾ ਸੀ ਕਿ ਪਾਪਾ ਕਮਰੇ ਤੋਂ ਬਾਹਰ ਆਏ ਤੇ ਕਿਹਾ, "ਕੀ ਮੈਨੂੰ ਆਪਣਾ ਫ਼ੋਨ ਵਾਪਿਸ ਮਿਲ ਸਕਦਾ ਹੈ?"

ਉਨ੍ਹਾਂ ਨੇ ਮੈਨੂੰ ਰੰਗੇ ਹੱਥੀਂ ਫੜ ਲਿਆ ਸੀ।

ਮੈਂ ਬਹਾਨਾ ਬਣਾਇਆ ਕਿ ਮੈਨੂੰ ਅਲਾਰਮ ਲਗਾਉਣ ਲਈ ਫ਼ੋਨ ਦੀ ਲੋੜ ਸੀ।

ਅਗਲੀ ਸਵੇਰ ਅਸੀਂ ਨਾਸ਼ਤੇ ਲਈ ਗਏ ਅਤੇ ਫਿਰ ਉਹ ਚਲੇ ਗਏ- ਰਾਤ ਬਾਰੇ ਕੋਈ ਗੱਲ ਨਹੀਂ ਹੋਈ। ਇਹ ਸਭ ਬਹੁਤ ਅਜੀਬ ਸੀ।

ਪਿਤਾ ਦਾ ਜਨਮ ਦਿਨ

ਹੋਰ ਛੇ ਮਹੀਨੇ ਲੰਘ ਗਏ। ਇਹ ਸਭ ਗੱਲਾਂ ਮੈਨੂੰ ਅੰਦਰ ਹੀ ਅੰਦਰ ਤੰਗ ਕਰ ਰਹੀਆਂ ਸਨ।

ਅੱਜ ਮੇਰੇ ਪਾਪਾ ਦਾ ਜਨਮ ਦਿਨ ਸੀ।

ਮੈਂ, ਮੰਮੀ ਅਤੇ ਪਾਪਾ ਦੇ ਨਾਲ ਰੈਸਟੋਰੈਂਟ ਵਿੱਚ ਖਾਣਾ ਖਾਣ ਗਿਆ ਸੀ। ਅਸੀਂ ਮੇਰੀ ਛੋਟੀ ਭੈਣ ਨੂੰ ਮਿਲਣ ਜਾ ਰਹੇ ਸੀ ਪਰ ਉਸ ਨੂੰ ਆਉਣ ਵਿੱਚ ਦੇਰ ਹੋ ਗਈ ਅਤੇ ਗੁੱਸੇ ਵਿੱਚ ਆ ਗਏ।

ਤਸਵੀਰ ਕੈਪਸ਼ਨ,

ਮੇਰੀ ਭੈਣ ਨੂੰ ਵੀ ਮੇਰੇ ਵਾਂਗ ਹੀ ਪਾਪਾ ਦੇ ਫ਼ੋਨ ਤੋਂ ਸ਼ੱਕ ਹੋਇਆ ਸੀ ਅਤੇ ਉਸ ਨੇ 'ਆਮੋਸ' ਨੂੰ ਭੇਜੇ ਮੈਸੇਜ ਦੇਖ ਲਏ

ਉਹ ਮੁੜੇ ਅਤੇ ਘਰ ਵੱਲ ਨੂੰ ਵਾਪਿਸ ਜਾਣ ਲਈ ਰੌਲਾ ਪਾਉਣ ਲੱਗੇ।

ਮੈਨੂੰ ਸੱਚਮੁੱਚ ਬਹੁਤ ਗੁੱਸਾ ਆਉਣ ਲੱਗਾ ਅਤੇ ਉਨ੍ਹਾਂ ਦੇ ਪਿੱਛੇ ਗਿਆ, ਚੀਕਿਆ ਅਤੇ ਉਨ੍ਹਾਂ ਨੂੰ ਡਰਪੋਕ ਕਿਹਾ।

ਅਚਾਨਕ ਮੇਰੇ ਮੂੰਹੋਂ ਨਿਕਲਿਆ, "ਆਮੋਸ ਕੌਣ ਹੈ?"

ਉਹ ਪਿੱਛੇ ਮੁੜੇ ਅਤੇ ਉਨ੍ਹਾਂ ਦਾ ਪੂਰਾ ਚਿਹਰਾ ਚਿੱਟਾ ਪੈ ਗਿਆ ਸੀ।

ਉਹ ਉਸ ਸਵਾਲ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਕਹਿਣ ਲੱਗੇ,''ਇਸ ਬਾਰੇ ਗੱਲ ਕਰਨਾ ਬੰਦ ਕਰੋ।''

ਘਰ ਪਹੁੰਚਣ 'ਤੇ ਕਿਸੇ ਕੋਲ ਵੀ ਘਰ ਦੀ ਚਾਬੀ ਨਹੀਂ ਸੀ। ਸਥਿਤੀ ਬਹੁਤ ਅਜੀਬ ਸੀ ਅਤੇ ਮੈਂ ਰੋਣ ਲੱਗ ਪਿਆ। ਮੈਂ ਉਨ੍ਹਾਂ ਨੂੰ ਗਲੇ ਨਾਲ ਲਾ ਲਿਆ।

ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ।

ਉਹ ਜਾਣਦੇ ਸਨ ਕਿ ਮੇਰੇ ਅੰਦਰ ਕੁਝ ਚੱਲ ਰਿਹਾ ਹੈ, ਪਰ ਫਿਰ ਵੀ ਅਸੀਂ ਉਸ 'ਤੇ ਗੱਲ ਨਹੀਂ ਕਰਦੇ।

ਮੇਰੀ ਮਾਂ ਅਤੇ ਭੈਣ ਨੂੰ ਲੱਗਿਆ ਕਿ ਸਾਡੇ ਵਿੱਚ ਬਹਿਸ ਹੋਈ ਹੈ। ਮੈਂ ਆਪਣੀ ਭੈਣ ਨੂੰ ਵੀ ਕੁਝ ਨਹੀਂ ਦੱਸ ਸਕਦਾ ਸੀ ਕਿਉਂਕਿ ਉਹ ਛੋਟੀ ਸੀ ਤੇ ਅਜੇ ਸਕੂਲ ਵਿੱਚ ਪੜ੍ਹਦੀ ਸੀ।

ਹੁਣ ਇਹ ਸਭ ਗੱਲਾਂ ਦਾ ਭਾਰ ਸਿਰਫ਼ ਅਤੇ ਸਿਰਫ਼ ਮੇਰੇ ਉੱਤੇ ਸੀ।

ਏਲੀਸਨ ਕਪੂਰ, ਰਿਲੇਸ਼ਨਸ਼ਿਪ ਕਾਊਂਸਲਰ ਸਰਵਿਸ

ਇਕੱਲਾਪਣ ਮਹਿਸੂਸ ਕਰਨਾ ਅਤੇ ਇੱਕ ਬੋਝ ਦੇ ਨਾਲ ਜਿਉਣਾ ਬਹੁਤ ਹੀ ਡਰਾਵਨਾ ਹੈ।

ਜੇਕਰ ਤੁਸੀਂ ਵੀ ਇਸ ਸਥਿਤੀ ਵਿੱਚ ਹੋ ਤਾਂ ਤੁਸੀਂ ਕਿਸੇ ਰਿਲੇਸ਼ਨਸ਼ਿਪ ਕਾਊਂਸਲਰ ਨਾਲ ਮਿਲ ਸਕਦੇ ਹੋ। ਜੇਕਰ ਕਿਸੇ ਨੂੰ ਘਬਰਾਹਟ ਮਹਿਸੂਸ ਹੋ ਰਹੀ ਹੈ ਜਾਂ ਕੋਈ ਚਿੰਤਤ ਹੈ ਤਾਂ ਡਾਕਟਰ ਨੂੰ ਮਿਲਣਾ ਇੱਕ ਆਪਸ਼ਨ ਹੋ ਸਕਦਾ ਹੈ।

ਜੇਕਰ ਤੁਸੀਂ ਅਜੇ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਹੋ ਅਤੇ ਤੁਹਾਡੇ ਅਧਿਆਪਕ ਭਰੋਸਾ ਕਰਨ ਲਾਇਕ ਹਨ ਤਾਂ ਉਸ ਸਮੇਂ ਉਹ ਸਮਝ ਜਾਣਗੇ ਕਿ ਤੁਹਾਡੇ ਵਿਹਾਰ ਜਾਂ ਪੜ੍ਹਾਈ 'ਚ ਬਦਲਾਅ ਹੋ ਰਿਹਾ ਹੈ।

ਤੁਸੀਂ ਪਰਿਵਾਰ ਦੇ ਹੋਰ ਮੈਂਬਰ, ਕਿਸੇ ਅੰਕਲ ਜਾਂ ਆਂਟੀ ਦੇ ਕੋਲ ਵੀ ਜਾ ਸਕਦੇ ਹੋ ਅਤੇ ਮਾਤਾ-ਪਿਤਾ ਨੂੰ ਗੱਲ ਕਰਨ ਲਈ ਕਹਿ ਸਕਦੇ ਹੋ।

ਆਖ਼ਰ ਵਿੱਚ ਮੈਨੂੰ ਲਗਦਾ ਹੈ ਕਿ ਤੁਸੀਂ ਕਿਸੇ ਅਜਿਹੇ ਸ਼ਖ਼ਸ ਨਾਲ ਗੱਲ ਕਰ ਸਕਦੇ ਹੋ ਜਿਹੜਾ ਤੁਹਾਡੀ ਮੁਸ਼ਕਿਲ ਸਮੇਂ ਵਿੱਚੋਂ ਨਿਕਲਣ 'ਚ ਮਦਦ ਕਰੇਗਾ ਅਤੇ ਇਹ ਮੰਨਣ ਵਿੱਚ ਵੀ ਮਦਦ ਕਰੇਗਾ ਕਿ ਇਹ ਸਭ ਤੁਹਾਡੀ ਜ਼ਿੰਮੇਦਾਰੀ ਨਹੀਂ ਸੀ।

ਆਖ਼ਰਕਾਰ ਮੇਰੀ ਭੈਣ ਨੂੰ ਪਤਾ ਲੱਗ ਗਿਆ

ਤਕਰੀਬਨ ਦੋ ਸਾਲ ਬਾਅਦ, ਇੱਕ ਦਿਨ ਮੇਰੀ ਭਣ ਦਾ ਮੈਸੇਜ ਆਇਆ, ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੀ ਸੀ।

ਉਹ ਬਹੁਤ ਜ਼ਿਆਦਾ ਰੋ ਰਹੀ ਸੀ। ਉਸਨੇ ਕਿਹਾ ਕਿ ਪਾਪਾ ਮੰਮੀ ਨੂੰ ਧੋਖਾ ਦੇ ਰਹੇ ਹਨ।

ਉਸ ਨੂੰ ਵੀ ਮੇਰੇ ਵਾਂਗ ਹੀ ਪਾਪਾ ਦੇ ਫ਼ੋਨ ਤੋਂ ਸ਼ੱਕ ਹੋਇਆ ਸੀ ਅਤੇ ਉਸ ਨੇ 'ਆਮੋਸ' ਨੂੰ ਭੇਜੇ ਮੈਸੇਜ ਦੇਖ ਲਏ।

ਇਹ ਸਭ ਸੁਣ ਕੇ ਮੈਨੂੰ ਥੋੜ੍ਹੀ ਰਾਹਤ ਵੀ ਮਿਲੀ।

ਮੈਂ ਆਪਣੇ ਪਿਤਾ ਦਾ ਸਾਹਮਣਾ ਕਰਨ ਦਾ ਫ਼ੈਸਲਾ ਕੀਤਾ ਅਤੇ ਉਨ੍ਹਾਂ ਨੂੰ ਫ਼ੋਨ ਕੀਤਾ।

ਮੈਂ ਉਨ੍ਹਾਂ ਨੂੰ ਕਿਹਾ, "ਮੈਂ ਤੇ ਮੇਰੀ ਭੈਣ ਦੋਹਾਂ ਨੂੰ ਪਤਾ ਲੱਗ ਚੁੱਕਿਆ ਹੈ। ਜ਼ਰੂਰੀ ਹੈ ਕਿ ਤੁਸੀਂ ਹੁਣ ਮੰਮੀ ਨੂੰ ਵੀ ਸਭ ਦੱਸ ਦਿਓ, ਨਹੀਂ ਤਾਂ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਰੱਖਣਾ ਮੇਰੇ ਲਈ ਬਹੁਤ ਔਖਾ ਹੋ ਜਾਵੇਗਾ।"

ਉਹ ਬਿਲਕੁਲ ਚੁੱਪ ਰਹੇ ਅਤੇ ਆਖ਼ਰ ਵਿੱਚ ਉਨ੍ਹਾਂ ਨੇ ਕਿਹਾ, "ਮੈਨੂੰ ਦੱਸਣ ਲਈ ਧੰਨਵਾਦ"।

ਇੱਕ ਚਿੱਠੀ

ਉਨ੍ਹਾਂ ਨੇ ਮੰਮੀ ਨਾਲ ਉਸ ਸਮੇਂ ਗੱਲ ਨਹੀਂ ਕੀਤੀ।

ਉਨ੍ਹਾਂ ਨੇ ਇਸ ਬਾਰੇ ਮੇਰੀ ਭੈਣ ਨਾਲ ਵੀ ਗੱਲ ਨਹੀਂ ਕੀਤੀ, ਉਹ ਉਸ ਵੇਲੇ ਘਰ ਵਿੱਚ ਹੀ ਰਹਿੰਦੀ ਸੀ।

ਤਸਵੀਰ ਕੈਪਸ਼ਨ,

ਪਿਤਾ ਵੱਲੋਂ ਲਿਖੀ ਗਈ ਚਿੱਠੀ

ਤਿੰਨ ਮਹੀਨੇ ਬੀਤ ਗਏ, ਉਨ੍ਹਾਂ ਨੇ ਫਿਰ ਵੀ ਮਾਂ ਨੂੰ ਨਹੀਂ ਦੱਸਿਆ।

ਮੈਂ ਉਸ ਸਥਿਤੀ ਵਿੱਚ ਪਹੁੰਚ ਗਿਆ ਸੀ ਜਿੱਥੇ ਮੈਂ ਆਪਣੇ ਹੀ ਪਿਤਾ ਨੂੰ ਮਾਰਨਾ ਚਾਹੁੰਦਾ ਸੀ।

ਇੱਕ ਵਾਰ ਅਸੀਂ ਰੇਲਵੇ ਸਟੇਸ਼ਨ ਲਈ ਜਾ ਰਹੇ ਸੀ ਅਤੇ ਮੈਂ ਉਨ੍ਹਾਂ ਨੂੰ ਕਾਰ ਵਿੱਚ ਹੀ ਛੱਡ ਕੇ ਚਲਾ ਗਿਆ।

ਉਸ ਰਾਤ ਉਨ੍ਹਾਂ ਨੇ ਮੈਨੂੰ ਇੱਕ ਮੈਸੇਜ ਕੀਤਾ। ਉਨ੍ਹਾਂ ਲਿਖਿਆ, "ਮੈਂ ਅੱਜ ਰਾਤ ਜਾ ਰਿਹਾ ਹਾਂ। ਮੈਂ ਕੰਧ ਵਾਲੀ ਘੜੀ ਦੇ ਪਿੱਛੇ ਇੱਕ ਚਿੱਠੀ ਰੱਖੀ ਹੈ ਅਤੇ ਤੇਰੀ ਭੈਣ ਨੂੰ ਕਹਿ ਦਿੱਤਾ ਹੈ ਕਿ ਉਹ ਸ਼ੁੱਕਰਵਾਰ ਨੂੰ ਚਿੱਠੀ ਕੱਢ ਕੇ ਦੇਖ ਲਵੇਗੀ।"

ਮੇਰੀ ਭੈਣ ਨੂੰ ਵੀ ਪਤਾ ਲੱਗਣ ਦੇ ਤਿੰਨ ਮਹੀਨੇ ਬਾਅਦ ਉਨ੍ਹਾਂ ਦੋਵਾਂ ਨੂੰ ਤਿੰਨ ਮਹੀਨੇ ਇਕੱਠੇ ਰਹਿਣਾ ਪਿਆ ਹਾਲਾਂਕਿ ਮੈਨੂੰ ਇਸਦੀ ਕੋਈ ਪਰਵਾਹ ਨਹੀਂ ਸੀ ਉਨ੍ਹਾਂ ਨੇ ਅਜਿਹਾ ਕਿਵੇਂ ਕੀਤਾ।

ਜਦੋਂ ਤੱਕ ਮੈਂ ਘਰ ਪਹੁੰਚਿਆ, ਮਾਂ ਨੂੰ ਉਹ ਚਿੱਠੀ ਮਿਲ ਚੁੱਕੀ ਸੀ।

ਵਿਆਹ ਦੇ 25 ਸਾਲ ਬਾਅਦ ਆਪਣੇ ਟੁੱਟਦੇ ਰਿਸ਼ਤੇ ਬਾਰੇ ਇਸ ਤ੍ਹਰਾਂ ਪਤਾ ਲੱਗਣਾ ਬਹੁਤ ਡਰਾਵਨਾ ਸੀ।

ਇਸ ਦਾ ਨਤੀਜਾ

ਇਹ ਸਭ ਕੁਝ ਕਿਵੇਂ ਸਾਹਮਣੇ ਆਇਆ, ਮੈਨੂੰ ਇਸਦਾ ਕੋਈ ਅਫ਼ਸੋਸ ਨਹੀਂ ਹੈ।

ਮੈਂ ਜੋ ਕਰ ਸਕਦਾ ਸੀ, ਉਹ ਸਭ ਕੀਤਾ। ਮੈਂ ਉਹ ਸ਼ਖ਼ਸ ਨਹੀਂ ਬਣਨਾ ਚਾਹੁੰਦਾ ਸੀ ਜਿਸਦੇ ਜ਼ਰੀਏ ਮਾਂ ਨੂੰ ਇਹ ਸਭ ਪਤਾ ਲੱਗੇ।

ਉਹ ਉਸ ਸਮੇਂ ਮੇਰੇ ਨਾਲ ਗੁੱਸੇ ਨਹੀਂ ਸੀ। ਸਗੋਂ ਉਹ ਇਸ ਗੱਲ ਤੋਂ ਸ਼ਰਮਿੰਦਾ ਸੀ ਕਿ ਮੈਨੂੰ ਇਸ ਸਭ ਤੋਂ ਲੰਘਣਾ ਪਿਆ।

ਮੇਰੀ ਸਲਾਹ

ਇਸ ਸਭ ਵਿਚੋਂ ਲੰਘ ਰਹੇ ਲੋਕਾਂ ਲਈ ਮੇਰੇ ਕੋਲ ਦੋ ਸਲਾਹਾਂ ਹਨ।

ਪਹਿਲਾ, ਕੁਝ ਵੀ ਜਲਦਬਾਜ਼ੀ ਵਿੱਚ ਕਰਨ ਤੋਂ ਬਚੋ।

ਅਜਿਹੇ ਸਮੇਂ ਵਿੱਚ ਮੈਨੂੰ ਦੋ ਵਾਰ ਨਹਾਉਣ ਨਾਲ ਬਹੁਤ ਸ਼ਾਂਤੀ ਮਿਲਦੀ ਹੈ।

ਦੂਜਾ, ਕਿਸੇ ਨਾਲ ਨਿੱਜੀ ਤੌਰ 'ਤੇ ਗੱਲ ਕਰਨ ਨਾਲ ਵੀ ਕਾਫ਼ੀ ਮਦਦ ਮਿਲਦੀ ਹੈ।

ਮੈਂ ਅਤੇ ਮੇਰੀ ਭੈਣ ਅਜੇ ਵੀ ਇੱਕ-ਦੂਜੇ ਨਾਲ ਝਗੜਦੇ ਰਹਿੰਦੇ ਹਾਂ ਪਰ ਇਸ ਨਾਲ ਸਾਡਾ ਰਿਸ਼ਤਾ ਮਜ਼ਬੂਤ ਵੀ ਹੁੰਦਾ ਹੈ।

ਮੈਂ ਇਹ ਸਭ ਆਪਣੀ ਗਰਲਫਰੈਂਡ ਨੂੰ ਵੀ ਦੱਸਿਆ। ਉਹ ਵੀ ਅਜਿਹੇ ਹਾਲਾਤਾਂ 'ਚੋਂ ਲੰਘ ਰਹੀ ਸੀ ਜਦੋਂ ਉਸਦੇ ਪਿਤਾ ਨੇ ਉਸਦੀ ਮਾਂ ਨੂੰ ਧੋਖਾ ਦਿੱਤਾ ਸੀ, ਇਸ ਲਈ ਇਸ ਨਾਲ ਮੈਨੂੰ ਬਹੁਤ ਮਦਦ ਮਿਲੀ।

ਪਰ ਮੁਸ਼ਕਿਲ ਗੱਲ ਇਹ ਸੀ ਕਿ ਮਾਂ ਨੂੰ ਪਤਾ ਲੱਗਣ ਤੋਂ ਬਾਅਦ ਪਾਪਾ ਦਾ ਵਿਹਾਰ ਕਿਸ ਤਰ੍ਹਾਂ ਦਾ ਰਿਹਾ।

ਇਹ ਵੀ ਪੜ੍ਹੋ:

ਉਹ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਰੱਖ-ਰਖਾਅ ਅਤੇ ਹੋਰ ਸਮਾਨ ਲਈ ਪੈਸਾ ਨਹੀਂ ਦੇ ਰਹੇ ਸੀ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਹੋਰ ਮੁਸ਼ਕਿਲ ਹੋ ਗਈ।

ਉਨ੍ਹਾਂ ਨੇ ਇੱਕ ਬਹੁਤ ਹੀ ਘਟੀਆ ਗੱਲ ਵੀ ਆਖੀ। ਕ੍ਰਿਸਮਿਸ 'ਤੇ ਇੱਕ ਕੰਪਿਊਟਰ ਮੇਰੀ ਭੈਣ ਨੂੰ ਮੰਮੀ-ਪਾਪਾ ਵੱਲੋਂ ਮਿਲਿਆ ਸੀ ਜਿਸ ਨੂੰ ਵਾਪਿਸ ਲੈਣ ਦੀ ਮੰਗ ਮੇਰੀ ਮਾਂ ਤੋਂ ਕੀਤੀ ਗਈ।

ਮੈਂ ਉਨ੍ਹਾਂ ਨੂੰ ਫ਼ੋਨ ਕਰਕੇ ਕਿਹਾ ਕਿ ਇਸ ਸਭ ਵਿੱਚ ਮੇਰੀ ਭੈਣ ਨੂੰ ਨਾ ਲਿਆਓ।

ਅਗਲੇ ਦਿਨ ਉਨ੍ਹਾਂ ਨੇ ਸਾਨੂੰ ਦੋਹਾਂ ਨੂੰ ਇੱਕ ਨਵਾਂ ਮੈਸੇਜ ਕੀਤਾ ਕਿ ਇਹੀ ਚੰਗਾ ਹੋਵੇਗਾ ਕਿ ਅਸੀਂ ਸੰਪਰਕ ਵਿੱਚ ਨਾ ਰਹੀਏ।

ਮੰਮੀ ਅਤੇ ਪਾਪਾ ਤਲਾਕ ਲੈ ਰਹੇ ਹਨ ਅਤੇ ਮੈਨੂੰ ਲਗਦਾ ਹੈ ਕਿ ਉਹ ਕਿਸੇ ਦੂਜੀ ਔਰਤ ਨਾਲ ਹਨ। ਮੈਂ ਅਜੇ ਇਸ 'ਤੇ ਕੰਮ ਕਰ ਰਿਹਾ ਹਾਂ ਕਿ ਭਵਿੱਖ ਵਿੱਚ ਅਸੀਂ ਕਿਸ ਰਿਸ਼ਤੇ ਨੂੰ ਮਜ਼ਬੂਤ ਬਣਾ ਸਕਦੇ ਹਾਂ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ

Skip YouTube post, 1
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)