ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ: ਇਮਰਾਨ ਨੇ ਕਿਹਾ, ਸਿਆਸੀ ਦਲ ਤੇ ਫੌਜ ਇੱਕ ਪੇਜ਼ 'ਤੇ , ਭਾਰਤ ਨੇ ਕਿਹਾ ਪਹਿਲਾਂ ਅੱਤਵਾਦ ਰੋਕੋ

Imran Khan Image copyright FB/ Imran Khan
ਫੋਟੋ ਕੈਪਸ਼ਨ ਇਮਰਾਨ ਖਾਨ ਨੇ ਕਿਹਾ, 'ਸਾਡਾ ਇੱਕ ਕਸ਼ਮੀਰ ਮੁੱਦਾ ਹੈ , ਜਿਸ ਨੂੰ ਦੋਵਾਂ ਮੁਲਕਾਂ ਦੇ ਆਗੂ ਮਜ਼ਬੂਤ ਇਰਾਦੇ ਨਾਲ ਹੱਲ ਕਰ ਸਕਦੇ ਹਨ'

ਪਾਕਿਸਤਾਨ ਵਿਚ ਗੁਰੂ ਨਾਨਕ ਦੇਵ ਨਾਲ ਸਬੰਧਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਤੋਂ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ, ' ਸਾਡਾ ਇੱਕ ਮੁੱਦਾ ਹੈ ਕਸ਼ਮੀਰ ਕੀ ਅਸੀਂ ਚੰਦ ਉੱਤੇ ਜਾ ਸਕਦੇ ਹਾਂ ਤਾਂ ਇੱਕ ਮੁੱਦਾ ਕਿਉਂ ਹੱਲ ਨਹੀਂ ਕਰ ਸਕਦੇ, ਹੁਣ ਪਾਕਿਸਤਾਨ ਦੇ ਸਿਆਸੀ ਦਲ ਤੇ ਫੌਜ ਇੱਕ ਪੇਜ਼ ਉੱਤੇ ਹਨ ਅਤੇ ਦੋਵਾਂ ਮੁਲਕਾਂ ਦੇ ਆਗੂਆਂ ਨੂੰ ਮਜ਼ਬੂਤੀ ਨਾਲ ਅੱਗੇ ਵਧਣਾ ਚਾਹੀਦਾ ਹੈ'।

ਇਮਰਾਨ ਖਾਨ ਦੇ ਇਸ ਬਿਆਨ ਦਾ ਭਾਰਤ ਸਰਕਾਰ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਨ੍ਹਾਂ ਪਵਿੱਤਰ ਧਾਰਮਿਕ ਸਮਾਗਮ ਨੂੰ ਸਿਆਸਤ ਲਈ ਵਰਤਿਆ ਹੈ।ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਸਮਾਗਮ ਵਿਚ ਕਸ਼ਮੀਰ ਦੇ ਮੁੱਦੇ ਦਾ ਜ਼ਿਕਰ ਗੈਰਵਾਜਬ ਸੀ।

ਉਨ੍ਹਾ ਕਿਹਾ, 'ਕਸ਼ਮੀਰ ਭਾਰਤ ਦਾ ਅਟੁੱਟ ਅਤੇ ਅਭਿੰਨ ਅੰਗ ਹੈ, ਪਾਕਿਸਤਾਨ ਨੂੰ ਅੱਤਵਾਦ ਨੂੰ ਸ਼ਰਨ ਦੇਣਾ ਬੰਦ ਕਰਨ ਅਤੇ ਸਰਹੱਦ ਪਾਰਲੇ ਅੱਤਵਾਦ ਨੂੰ ਰੋਕਣ ਦੀ ਆਪਣੀ ਕੌਮਾਂਤਰੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ'।

ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ

ਇਸ ਤੋ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਰਹੱਦ 'ਤੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ , ਭਾਰਤ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਪੁਰੀ ਮੌਜੂਦ ਰਹੇ।

Image copyright Reuters
ਫੋਟੋ ਕੈਪਸ਼ਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਰਹੱਦ 'ਤੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ

ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਂਵਾਲ ਵੀ ਮੌਜੂਦ ਸਨ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਐਸਐਮ ਕੁਰੈਸ਼ੀ ਸਮੇਤ ਕਈ ਮੰਤਰੀ ਅਤੇ ਪਾਕ ਪੰਜਾਬ ਦੇ ਰਾਜਪਾਲ ਵੀ ਸਮਾਗਮ ਵਿੱਚ ਹਾਜ਼ਰ ਹਨ।

ਇਮਰਾਨ ਖਾਨ ਨੇ ਕਿਹਾ ਭਾਰਤ ਤੇ ਪਾਕਿਸਤਾਨ ਦੁਨੀਆਂ ਤੋਂ ਸਿੱਖਣ ਅਤੇ ਦੋਵੇਂ ਪਾਸੇ ਮਜ਼ਬੂਤ ਇਰਾਦਾ ਰੱਖ ਕੇ ਅੱਗੇ ਵਧਣ ਅਤੇ ਲੋਕਾਂ ਦੀ ਗੁਰਬਤ ਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਨ।

ਅਮਨ ਸ਼ਾਂਤੀ ਤੋਂ ਬਿਨਾਂ ਹੋਰ ਰਾਹ ਕਿਹੜਾ : ਇਮਰਾਨ ਖ਼ਾਨ

 • ਪੁਰਾਣੀਆਂ ਗਲਤੀਆਂ ਨੂੰ ਭੁੱਲੇ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ, ਲੋਕ ਅਮਨ ਸ਼ਾਂਤੀ ਚਾਹੁੰਦੇ ਹਨ ਸਿਰਫ਼ ਦੋਵਾਂ ਪਾਸਿਆਂ ਦੀ ਲੀਡਰਸ਼ਿਪ ਨੂੰ ਮਜ਼ਬੂਤੀ ਨਾਲ ਅੱਗੇ ਵਧਣਾ ਚਾਹੀਦਾ ਹੈ।
 • ਇਹ ਖੁਸ਼ੀ ਇੰਝ ਹੈ ਜਿਵੇਂ ਮੁਸਲਮਾਨ ਮਦੀਨਾ ਤੋਂ 4 ਕਿੱਲੋਮੀਟਰ ਦੂਰ ਖੜ੍ਹੇ ਹਨ
 • ਅਗਲੇ ਸਾਲ ਜਦੋਂ ਸ਼ਰਧਾਲੂ ਆਉਣਗੇ ਤਾਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਖਣ ਨੂੰ ਮਿਲੇਗੀ
Image copyright FB/IMRAN KHAN
 • ਜੇਕਰ ਫਰਾਂਸ ਤੇ ਜਰਮਨੀ ਜੰਗਾਂ ਲੜਨ ਤੋਂ ਬਾਅਦ ਇਕੱਠੇ ਹੋ ਸਕਦੇ ਹਨ ਤਾਂ ਭਾਰਤ ਪਾਕਿਸਤਾਨ ਅੱਗੇ ਕਿਉਂ ਨਹੀਂ ਵਧ ਸਕਦੇ
 • ਮੈਂ ਜਦੋਂ ਵੀ ਭਾਰਤ ਜਾਂਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਫੌਜ ਦੋਸਤੀ ਨਹੀਂ ਹੋਣ ਦੋਵੇਗੀ
 • ਮੈਂ, ਸਾਡੀ ਪਾਰਟੀ, ਪੂਰੀ ਸਿਆਸਤ ਅਤੇ ਫੌਜ ਇਕੋ ਪੱਧਰ 'ਤੇ ਖੜ੍ਹੇ ਹਨ
 • ਮੈਂ ਭਾਰਤ ਨਾਲ ਚੰਗੇ ਸਬੰਧ ਚਾਹੁੰਦਾ ਹਾਂ, ਗਰੀਬੀ ਦੂਰ ਹੋ ਜਾਵੇਗੀ ਜੇਕਰ ਸਰਹੱਦ ਖੁੱਲ੍ਹ ਜਾਵੇ
 • ਦੋਸਤੀ ਲਈ ਜੇਕਰ ਹਿੰਦੁਸਤਾਨ ਇੱਕ ਕਦਮ ਵਧਾਏਗਾ ਤਾਂ ਅਸੀਂ ਦੋ ਵਧਾਵਾਗੇ
 • ਜਿਹੜੇ ਲੋਕ ਪਹਿਲਾਂ ਦੂਰਬੀਨ ਤੋਂ ਕਰਤਾਰਪੁਰ ਦੇਖਦੇ ਸੀ, ਉਹ ਹੁਣ ਇੱਥੇ ਆ ਕੇ ਰਹਿ ਵੀ ਸਕਣਗੇ
 • ਜਦੋਂ ਪਿਛਲ਼ੀ ਵਾਰ ਸਿੱਧੂ ਪਾਕਿਸਤਾਨ ਤੋਂ ਵਾਪਿਸ ਗਏ ਤਾਂ ਭਾਰਤ 'ਚ ਬੜੇ ਸਵਾਲ ਚੁੱਕੇ ਗਏ, ਉਹ ਕਿਹੜਾ ਕੋਈ ਜੁਰਮ ਕਰ ਰਹੇ ਸਨ
 • ਜੇਕਰ ਜੰਗ ਨਹੀਂ ਕਰਨੀ ਤਾਂ ਦੋਸਤੀ ਤੋਂ ਇਲਾਵਾ ਹੋਰ ਕਿਹੜਾ ਰਾਹ ਹੈ
 • ਭਾਰਤ-ਪਾਕ ਦੇ ਰਿਸ਼ਤਿਆਂ ਨੂੰ ਸੁਧਾਰਨ ਲਈ ਕਿਤੇ ਸਿੱਧੂ ਦੇ ਵਜ਼ੀਰ-ਏ-ਆਜ਼ਮ ਬਣਨ ਤੱਕ ਦਾ ਇੰਤਜ਼ਾਰ ਨਾ ਕਰਨਾ ਪਵੇ
 • ਮੈਂ ਜਦੋਂ ਭਾਰਤ ਗਿਆ ਮੈਨੂੰ ਬਹੁਤ ਪਿਆਰ ਮਿਲਿਆ ਤਾਂ ਮੈਨੂੰ ਲੱਗਿਆ ਕਿ ਦੋਵਾਂ ਮੁਲਕਾਂ ਵਿਚਾਲੇ ਦੋਸਤੀ ਹੋਣੀ ਚਾਹੀਦੀ ਹੈ

ਹਿੰਦੁਸਤਾਨ ਜੀਵੇ, ਪਾਕਿਸਤਾਨ ਜੀਵੇ : ਸਿੱਧੂ

ਨਵਜੋਤ ਸਿੰਘ ਸਿੱਧੂ ਨੇ ਆਪਣਾ ਭਾਸ਼ਣ ਹਿੰਦੁਸਤਾਨ ਜੀਵੇ, ਪਾਕ ਜੀਵੇ, ਹੱਸਦਾ ਵਸਦਾ ਇਹ ਸਾਰਾ ਜਹਾਨ ਜੀਵੇ, ਸੂਰਜ ਚੰਨ ਸਿਤਾਰੇ ਪਿਆਰ ਅਮਨ ਖੁਸ਼ਹਾਲੀ ਦੇ ਨਾਲ ਮੇਰਾ ਯਾਰ ਇਮਰਾਨ ਖਾਨ ਜੀਵੇ, ਦੇ ਸ਼ੇਅਰ ਨਾਲ ਕੀਤੀ

ਇਮਰਾਨ ਖਾਨ ਦਾ ਧੰਨਵਾਦ ਕਰਦਾ ਹਾਂ। ਬਾਬਾ ਨਾਨਕ ਦੀ ਫਿਲਾਸਫੀ ਜੋੜਦੀ ਹੈ, ਤੋੜਦੀ ਨਹੀਂ ਹੈ।

Image copyright Getty Images
ਫੋਟੋ ਕੈਪਸ਼ਨ ਸਿੱਧੂ ਨੇ ਇਮਰਾਨ ਖ਼ਾਨ ਦਾ ਧੰਨਵਾਦ ਕਰਦਿਆਂ ਕਿਹਾ, ਬਾਬਾ ਨਾਨਕ ਦੀ ਫਿਲਾਸਫੀ ਜੋੜਦੀ ਹੈ, ਤੋੜਦੀ ਨਹੀਂ ਹੈ।
 • ਇਹ ਖੂਨ ਖ਼ਰਾਬਾ ਬੰਦ ਹੋਣਾ ਚਾਹੀਦਾ ਹੈ, ਅਮਨ ਵਾਪਸ ਆਉਣਾ ਚਾਹੀਦਾ ਹੈ। ਮਾਵਾਂ ਦੇ ਪੁੱਤ ਨਹੀਂ ਮਰਨੇ ਚਾਹੀਦੇ।
 • ਮੈਂ ਇਸ ਲਾਂਘੇ ਨੂੰ ਬਹੁਤ ਵੱਡੀ ਸੰਭਾਵਨਾ ਦੇਖਦਾ ਹਾਂ, ਲੋਕਾਂ ਦੇ ਦਿਲਾਂ ਨੂੰ ਜੋੜਨ ਵਾਲੀ।
 • ਬੜੀ ਦੇਰ ਦਾ ਇਹ ਸੰਪਰਕ ਟੁੱਟਿਆ ਹੋਇਆ ਸੀ। ਜਿਸ ਨੂੰ ਜੋੜਨ ਲਈ ਭਾਰਤ ਸਰਕਾਰ ਤੇ ਇਮਰਾਨ ਖਾਨ ਦਾ ਧੰਨਵਾਦ ਕਰਦਾ ਹਾਂ
 • ਜਦੋਂ ਵੀ ਲਾਂਘੇ ਦਾ ਇਤਿਹਾਸ ਲਿਖਿਆ ਜਾਵੇਗਾ, ਪਹਿਲੇ ਪੰਨੇ 'ਤੇ ਖਾਨ ਸਾਹਿਬ ਨਾਮ ਲਿਖਿਆ ਜਾਵੇਗਾ
 • ਚਮਤਕਾਰ ਹੈ, ਜੋ 71 ਸਾਲਾਂ ਵਿੱਚ ਨਹੀਂ ਹੋਇਆ ਉਹ ਤਿੰਨ ਮਹੀਨੇ ਵਿੱਚ ਹੋ ਗਿਆ
 • ਦੋਵੇਂ ਹੀ ਇਤਿਹਾਸ ਦੇ ਲਿਖਾਰੀ ਹੋ। ਇਹ ਜਿਉਂਦਾ ਜਾਗਦਾ ਇਤਿਹਾਸ ਹੈ।
 • ਕੋਈ ਅਜਿਹੀ ਚਾਬੀ ਆਵੇ ਇਮਰਾਨ ਖਾਨ ਦੀ ਤਰ੍ਹਾਂ ਉਹ ਤਾਲਾ ਸਿਮ-ਸਿਮ ਕਰਦਾ ਖੁੱਲ੍ਹ ਜਾਵੇ
Image copyright FB/IMRAN KHAN
 • ਦੋਵਾਂ ਸਰਕਾਰਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਸਾਨੂੰ ਅੱਗੇ ਵਧਣਾ ਚਾਹੀਦਾ ਹੈ
 • ਪੰਜਾਬ ਮੇਲ ਲਾਹੌਰ ਜਾ ਕੇ ਰੁਕ ਜਾਂਦੀ ਸੀ, ਉਹ ਅੱਗੇ ਵੀ ਜਾਣੀ ਚਾਹੀਦੀ ਹੈ
 • ਜਦੋਂ ਤੱਕ ਮੇਰੇ ਅੰਦਰ ਲਹੂ ਵਗਦਾ ਰਹੇਗਾ, ਦੋਵਾਂ ਸਰਕਾਰਾਂ ਦਾ ਧੰਨਵਾਦ ਕਰਦਾ ਰਹਾਂਗਾ।

ਜਿਸ ਹੱਥ ਸੇਵਾ ਲਿਖੀ ਉਸ ਨੇ ਕੀਤੀ : ਹਰਸਿਮਰਤ ਬਾਦਲ

 • ਜੋ 70 ਸਾਲਾਂ ਵਿੱਚ ਨਹੀਂ ਹੋਇਆ ਉਹ ਹੁਣ ਹੋਇਆ। ਜਿਸਦੇ ਹੱਥ ਵਿੱਚ ਸੇਵਾ ਲਿਖੀ ਸੀ ਉਸ ਨੇ ਪੂਰੀ ਕੀਤੀ
 • ਬਾਰਡਰ ਤੋਂ 4 ਕਿੱਲੋਮੀਟਰ ਦੀ ਦੂਰੀ ਤੋਂ ਅਸੀਂ ਨਮਨ ਵੀ ਕਰਦੇ ਹਾਂ, ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਵੀ ਪੈਂਦੀ ਹੈ
 • ਮੇਰੇ ਵਰਗੇ ਸਿੱਖਾਂ ਨੂੰ ਇੱਥੇ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ
Image copyright FB/IMRAN KHAN
 • ਮੇਰਾ ਇੱਥੇ ਕੋਈ ਦੋਸਤ ਨਹੀਂ ਹੈ, ਕੋਈ ਰਿਸ਼ਤੇਦਾਰ ਨਹੀਂ ਹੈ, ਮੈਨੂੰ ਗੁਰੂ ਨਾਨਕ ਦੇਵ ਦਾ ਬੁਲਾਵਾ ਮਿਲਿਆ ਹੈ
 • ਇੱਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ, ਮੈਂ ਕਦੇ ਨਹੀਂ ਸੋਚਿਆ ਸੀ ਕਿ ਇੱਥੋਂ ਤੱਕ ਪਹੁੰਚ ਜਾਵਾਂਗੇ
 • ਮੋਦੀ ਜਦੋਂ ਚਾਹ ਵੇਚਦੇ ਸੀ ਉਨ੍ਹਾਂ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਉਹ ਸਵਾ ਸੌ ਕਰੋੜ ਲੋਕਾਂ ਦੀ ਅਗਵਾਈ ਕਰਨਗੇ
 • ਜਦੋਂ ਲਾਂਘੇ ਬਾਰੇ ਕੈਬਨਿਟ ਦਾ ਫੈਸਲਾ ਆਇਆ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ
 • ਅੱਜ ਦੋਵਾਂ ਦੇਸ ਦੀ ਕੜਵਾਹਟ ਮਿਟਾਉਣ ਲਈ ਸ਼ਾਂਤੀ ਲਾਂਘਾ ਖੋਲ੍ਹਿਆ ਜਾ ਰਿਹਾ ਹੈ
 • ਕਰਤਾਰਪੁਰ ਲਾਂਘੇ ਨਾਲ ਹਿੰਦੂ-ਪਾਕਿਸਤਾਨ ਦੀ ਨਫ਼ਰਤ ਖ਼ਤਮ ਕੀਤੀ ਜਾ ਸਕਦੀ ਹੈ
 • ਹਰਮਿੰਦਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਜਲ ਮੈਂ ਇੱਥੇ ਰੱਖਿਆ ਹੈ
 • ਬੇਨਤੀ ਕਰਦੀ ਹਾਂ ਕਿ ਗੁਰੂ ਨਾਨਕ ਦੇਵ ਦੇ ਨਾਮ 'ਤੇ ਕੋਈ ਸਿੱਕਾ ਚਲਾਏ ਜਾਵੇ
 • ਕਰਤਾਪੁਰ ਸ਼ਹਿਰ ਨੂੰ ਵਸਾਇਆ ਜਾਵੇ
 • ਪ੍ਰਧਾਨ ਮੰਤਰੀ ਮੋਦੀ ਵੱਲੋਂ ਭਰੋਸਾ ਦਵਾਉਂਦੀ ਹਾਂ ਕਿ ਇਸ ਕਦਮ ਨਾਲ ਜਗਤ ਵਿੱਚ ਖੁਸ਼ੀਆ ਆਉਣਗੀਆਂ

ਪਾਕ ਮਨਾਏਗਾ ਗੂਰੂ ਦਾ 550ਵਾਂ ਦਾ ਦਿਹਾੜਾ

ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਦੇ ਨੂਰ ਲੱਕ ਕਾਦਰੀ ਨੇ ਕਿਹਾ ਕਿ ਪਾਕਿਸਤਾਨ ਸਭ ਲਈ ਸੁਰੱਖਿਅਤ ਮੁਲਕ ਹੈ ਅਤੇ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ ਗੁਰੂ ਨਾਨਕ ਦਾ 550 ਵਾਂ ਜਨਮ ਦਿਹਾੜਾ ਮਨਾਏਗਾ।

ਜੇਕਰ ਮਹਿਮਾਨਾਂ ਨੂੰ ਇੱਥੇ ਆਉਣ ਲਈ ਕੋਈ ਤਕਲੀਫ਼ ਹੋਈ ਹੈ ਤੇ ਉਸਦੇ ਲਈ ਮਾਫ਼ੀ। ਕਰਤਾਰ ਪੁਰ ਸਾਹਿਬ ਆਰਟ ਨਮੂਨਾ ਬਣੇਗਾ

ਫ਼ਾਸਲੇ ਘੱਟ ਕਰੇਗਾ ਲਾਂਘਾ : ਕੁਰੈਸ਼ੀ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਐਸ ਐਮ ਕੂਰੈਸ਼ੀ ਨੇ ਆਪਣੇ ਸੰਬੋਧਨ ਵਿਚ ਕਿਹਾ ਦੋਵਾਂ ਦੇਸਾਂ ਵਿਚਾਲੇ ਫ਼ਾਸਲੇ ਖਤਮ ਕਰਨ ਲਈ ਕਰਤਾਰਪੁਰ ਲਾਂਘੇ ਦੀ ਨੀਂਹ ਰੱਖੀ ਜਾ ਰਹੀ ਹੈ।

ਗੁਰੂ ਨਾਨਕ ਦੇਵ ਦੇ 500ਵੇਂ ਜਨਮ ਦਿਨ 'ਤੇ ਲਾਂਘਾ ਖੋਲ੍ਹਣ ਦੀ ਪੂਰੀ ਦੁਨੀਆਂ ਨੇ ਸਿਫ਼ਤ ਕੀਤੀ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਂਝੇ ਵਿਰਸੇ ਨੂੰ ਉਤਸ਼ਾਹਿਤ ਕਰਨ ਦਾ ਹਾਮੀ ਹਾਂ।

26 ਨਵੰਬਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਅਤੇ ਇਸ ਮਗਰੋਂ 28 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸਿਓਂ ਵੀ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ।

ਇਹ ਨੀਂਹ ਪੱਥਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਰੱਖਿਆ। ਲਾਂਘੇ ਦੀ ਉਸਾਰੀ ਦਾ ਐਲਾਨ ਇਮਰਾਨ ਖ਼ਾਨ ਦੇ ਸੱਤਾ ਸੰਭਾਲਣ ਮਗਰੋਂ ਕੀਤਾ ਗਿਆ ਸੀ।

ਫੋਟੋ ਕੈਪਸ਼ਨ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਸਾਹਿਬ ਗੁਰਦੁਆਰੇ ਕੋਲ ਲਾਂਘੇ ਲਈ ਲਗਾਇਆ ਗਿਆ ਨੀਂਹ ਪੱਥਰ

ਇਹ ਵੀ ਪੜ੍ਹੋ

ਇਸ ਵਿਚਾਲੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਵੱਲੋਂ ਸਾਰਕ ਸੰਮੇਲਨ ਵਿੱਚ ਭਾਰਤ ਨੂੰ ਸੱਦਾ ਦੇਣ ਦੀਆਂ ਗੱਲਾਂ ਨੂੰ ਠੁਕਰਾ ਦਿੱਤਾ ਹੈ।

ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਰਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਵੱਲੋਂ ਸੱਦਾ ਦੇਣ ਦੀ ਗੱਲ ਹੋ ਰਹੀ ਹੈ।

ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਭਰੋਸਾ ਦਿਵਾਇਆ ਸੀ।

ਉਸ ਤੋਂ ਬਾਅਦ ਹੁਣ ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਬੀਬੀਸੀ ਨੂੰ ਦੱਸਿਆ ਸੀ ਕਿਹਾ ਕਿ ਪਾਕਿਸਤਾਨ ਸਰਕਾਰ ਛੇਤੀ ਹੀ ਭਾਰਤ ਤੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਲਾਂਘਾ ਖੋਲ੍ਹਣ ਜਾ ਰਹੀ ਹੈ।

ਕਰਤਾਰਪੁਰ ਲਾਂਘੇ ਨੂੰ ਲੈ ਕੇ ਆਈ ਪਾਕਿਸਤਾਨ ਤੋਂ ਚਿੱਠੀ

ਲਾਹੌਰ ਦੀ ਰਹਿਣ ਵਾਲੀ ਵਿਦਿਆਰਥਣ ਅਕੀਦਤ ਨਾਵੀਦ ਨਾਮੀ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਵਾਲੀ ਚਿੱਠੀ ਲਿਖੀ ਹੈ।

ਅਕੀਦਤ ਨੇ ਚਿੱਠੀ ਵਿੱਚ ਇਸ ਮੌਕੇ ਦੋਹਾਂ ਮੁਲਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ, ''ਸਾਨੂੰ ਸਾਰਿਆਂ ਨੂੰ ਸ਼ਾਂਤੀ, ਭਾਈਚਾਰਕ ਸਾਂਝ, ਸਹਿਣਸ਼ੀਲਤਾ ਅਤੇ ਦੋਸਤਾਨਾ ਰਿਸ਼ਤੇ ਕਾਇਮ ਕਰਨੇ ਚਾਹੀਦੇ ਹਨ।''

Image copyright Akeedat Naveed

ਗੁਰਦੁਆਰੇ ਤੋਂ ਬੀਬੀਸੀ ਨਾਲ ਗੱਲਬਾਤ ਕਰਦੇ ਸ਼ਰਧਾਲੂ

ਇਹ ਵੀ ਪੜ੍ਹੋ:

ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜੋ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ।

ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਖ਼ਬਰਾਂ ਦਾ ਕੇਂਦਰ ਬਣ ਗਿਆ ਹੈ।

Image copyright GURPREET CHAWLA/BBC
ਫੋਟੋ ਕੈਪਸ਼ਨ ਭਾਰਤ ਵਾਲੇ ਪਾਸੇ ਕਰਤਾਰਪੁਰ ਸਾਹਿਬ ਜਾਣ ਵਾਲਾ ਸਾਈਨ ਬੋਰਡ

ਕਰਤਾਰਪੁਰ ਉਹ ਥਾਂ ਹੈ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 17-18 ਸਾਲ ਗੁਜ਼ਾਰੇ ਸੀ।

ਸਿੱਖਾਂ ਅਤੇ ਮੁਸਲਮਾਨ ਦੋਵਾਂ ਧਰਮਾਂ ਦੀ ਇਸ ਸਥਾਨ ਵਿੱਚ ਮਾਨਤਾ ਹੈ।

ਇਹ ਗੁਰਦੁਆਰਾ ਸ਼ਕਰਗੜ੍ਹ ਤਹਿਸੀਲ ਦੇ ਕੋਟੀ ਪੰਡ ਪਿੰਡ ਵਿੱਚ ਰਾਵੀ ਨਦੀ ਦੇ ਪੱਛਮੀ ਪਾਸੇ ਸਥਿਤ ਹੈ।

ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਸਿੱਖਾਂ ਦੇ ਹੋਰ ਧਾਰਮਿਕ ਸਥਾਨ ਡੇਰਾ ਸਾਹਿਬ ਲਾਹੌਰ, ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਹਨ।

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਕੁਦਰਤ ਦੀ ਇੱਕ ਅਦਭੁੱਤ ਥਾਂ ਹੈ। ਪਾਕਿਸਤਾਨ ਵਿੱਚ ਸਿੱਖਾਂ ਦੇ ਹੋਰ ਧਾਰਮਿਕ ਸਥਾਨ ਡੇਰਾ ਸਾਹਿਬ ਲਾਹੌਰ, ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਉਨ੍ਹਾਂ ਪਿੰਡਾਂ ਵਿੱਚ ਹਨ, ਜਿਹੜੇ ਸਰਹੱਦ ਨੇ ਨੇੜੇ ਹਨ।

ਸ਼ਿਖਰ ਗੋਥ ਰੋਡ 'ਤੇ ਆਉਂਦੇ ਹੀ ਤੁਹਾਨੰ ਇੱਕ ਸੋਹਣਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ।

ਹਰੇ-ਭਰੇ ਖੇਤ ਤੁਹਾਡਾ ਸਵਾਗਤ ਕਰਦੇ ਹਨ, ਬੱਚੇ ਖੇਤਾਂ ਵਿੱਚ ਖੇਡਦੇ, ਟਿਊਬਵੈਲਾਂ ਤੋਂ ਪਾਣੀ ਪੀਂਦੇ ਨਜ਼ਰ ਆਉਣਗੇ ਅਤੇ ਉਨ੍ਹਾਂ ਖੇਤਾਂ ਵਿੱਚ ਹੀ ਇੱਕ ਚਿੱਟੇ ਰੰਗ ਦੀ ਸ਼ਾਨਦਾਰ ਇਮਾਰਤ ਨਜ਼ਰ ਆਵੇਗੀ।

ਫੋਟੋ ਕੈਪਸ਼ਨ ਲਾਹੌਰ ਤੋਂ ਕਰਤਾਰ ਪੁਰ ਸਾਹਿਬ ਦੇ ਰਾਹ ਉੱਤੇ ਵਾਹਨ ਦੀ ਉਡੀਕ ਵਿਚ ਯਾਤਰੀ

ਗੁਰਦੁਆਰੇ ਦੇ ਅੰਦਰ ਇੱਕ ਖੂਹ ਵੀ ਹੈ। ਮੰਨਿਆ ਜਾਂਦਾ ਹੈ ਕਿ ਇਹ ਖੂਹ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੈ। ਇਸ ਖੂਹ ਨੂੰ ਲੈ ਕੇ ਸ਼ਰਧਾਲੂਆਂ ਦੀ ਕਾਫ਼ੀ ਮਾਨਤਾ ਹੈ।

ਫੋਟੋ ਕੈਪਸ਼ਨ ਗੁਰਦੁਆਰੇ ਦੇ ਅੰਦਰ ਇੱਕ ਇਤਿਹਾਸਕ ਖੂਹ ਵੀ ਹੈ।
ਫੋਟੋ ਕੈਪਸ਼ਨ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੀ ਨਿਸ਼ਾਨੀ ਬੰਬ ਦੇ ਟੁਕੜੇ।

ਖੂਹ ਦੇ ਨੇੜੇ ਇੱਕ ਬੰਬ ਦੇ ਟੁੱਕੜੇ ਨੂੰ ਸ਼ੀਸ਼ੇ ਵਿੱਚ ਰੱਖਿਆ ਗਿਆ ਹੈ। ਕਿਹਾ ਜਾਂਦਾ ਹੈ ਕਿ 1971 ਦੀ ਜੰਗ ਵਿੱਚ ਇਹ ਬੰਬ ਇੱਥੇ ਸੁੱਟਿਆ ਗਿਆ ਸੀ।

ਫੋਟੋ ਕੈਪਸ਼ਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼

ਸੇਵਾ ਕਰਨ ਵਾਲਿਆਂ ਵਿੱਚ ਸਿੱਖ ਵੀ ਸਨ ਅਤੇ ਮੁਸਲਮਾਨ ਵੀ। ਇੱਥੇ ਹਰ ਆਉਣ ਵਾਲੇ ਲਈ ਪ੍ਰਬੰਧ ਕੀਤੇ ਗਏ ਸਨ।

ਫੋਟੋ ਕੈਪਸ਼ਨ 1995 ਵਿੱਚ ਪਾਕਿਸਤਾਨ ਸਰਕਾਰ ਨੇ ਵੀ ਇਸਦੀ ਉਸਾਰੀ ਦਾ ਕੰਮ ਕਰਵਾਇਆ ਸੀ।
ਫੋਟੋ ਕੈਪਸ਼ਨ 1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਵੱਲੋਂ ਇਸ ਨੂੰ ਮੁੜ ਬਣਵਾਇਆ ਗਿਆ

ਪੁਰਾਤਨ ਇਮਾਰਤ ਨੂੰ ਰਾਵੀ ਦਰਿਆ ਵਿੱਚ ਆਏ ਹੜ੍ਹ ਦੌਰਾਨ ਨੁਕਸਾਨ ਪਹੁੰਚਿਆ ਸੀ। 1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਵੱਲੋਂ ਇਸ ਨੂੰ ਮੁੜ ਬਣਵਾਇਆ ਗਿਆ ਜਿਸ 'ਤੇ 1,35,600 ਦਾ ਖਰਚਾ ਆਇਆ ਸੀ। 1995 ਵਿੱਚ ਪਾਕਿਸਤਾਨ ਸਰਕਾਰ ਨੇ ਵੀ ਇਸਦੀ ਉਸਾਰੀ ਦਾ ਕੰਮ ਕਰਵਾਇਆ ਸੀ।

ਭਾਰਤ ਦੀ ਵੰਡ ਸਮੇਂ ਇਹ ਇਮਾਰਤ ਪਾਕਿਸਤਾਨ ਵਿੱਚ ਚਲੀ ਗਈ। ਦੋਵਾਂ ਦੇਸਾਂ ਵਿਚਾਲੇ ਦਹਾਕਿਆਂ ਨੇ ਇਸ ਤਣਾਅ ਨੇ ਯਾਤਰੀਆਂ ਨੂੰ ਇੱਥੋਂ ਦੇ ਦਰਸ਼ਨਾਂ ਲਈ ਵਾਂਝਾ ਰੱਖਿਆ।

ਫੋਟੋ ਕੈਪਸ਼ਨ ਗੁਰਦੁਆਰਾ ਸਾਹਿਬ ਦੇ ਅੰਦਰ ਦੀ ਇੱਕ ਹੋਰ ਤਸਵੀਰ

ਇਹ ਵੀ ਪੜ੍ਹੋ:

ਫੋਟੋ ਕੈਪਸ਼ਨ ਕਰਤਾਰਪੁਰ ਸਾਹਿਬ ਵਿਚ ਗੁਰੂਘਰ ਦਾ ਪ੍ਰਸ਼ਾਦਾ-ਪਾਣੀ

ਭਾਰਤ ਨੇ ਕਰਤਾਰਪੁਰ ਲਾਂਘੇ ਬਾਰੇ 1998 ਵਿੱਚ ਪਹਿਲੀ ਵਾਰ ਗੱਲ ਕੀਤੀ ਸੀ ਅਤੇ ਉਸ ਤੋਂ 20 ਸਾਲ ਬਾਅਦ ਇਹ ਮੁੱਦਾ ਸੁਰਖ਼ੀਆਂ ਵਿੱਚ ਆਇਆ ਹੈ।

ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਨੂੰ ਲੈ ਕੇ ਭਾਰਤ ਵਿੱਚ ਹੋਏ ਨੀਂਹ ਪੱਥਰ ਸਮਾਗਮ ਦੇ ਵੀਡੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)