ਦਿਲਜੀਤ ਦੋਸਾਂਝ ਨੂੰ ਵਿਆਹ 'ਤੇ ਸੱਦਣ ਦੇ ਮਾਮਲੇ ਵਿੱਚ ਈਡੀ ਦੇ ਅਫ਼ਸਰ ਨਿਰੰਜਨ ਸਿੰਘ ਤੋਂ ਪੁੱਛਗਿਛ - 5 ਅਹਿਮ ਖਬਰਾਂ

ਈਡੀ Image copyright Getty Images

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੂੰ ਮੰਗਲਵਾਰ ਨੂੰ ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਪੁੱਛਗਿਛ ਕੀਤੀ ਗਈ ਹੈ। 2016 ਵਿੱਚ ਆਪਣੀ ਧੀ ਦੇ ਵਿਆਹ 'ਤੇ ਕੀਤੇ ਖਰਚੇ ਸਬੰਧੀ ਪੁੱਛਗਿਛ ਕੀਤੀ ਗਈ ਹੈ ਜਿਸ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਸੱਦਿਆ ਗਿਆ ਸੀ।

ਹਿੰਦੁਸਤਾਨ ਟਾਈਮਜ਼ ਮੁਤਾਬਕ ਇਹ ਸੁਣਵਾਈ ਬਹੁ-ਕਰੋੜੀ ਭੋਲਾ ਡਰੱਗ ਕੇਸ ਦੇ ਸੰਬੰਧ ਵਿੱਚ ਸੀ। ਡਰੱਗ ਕੇਸ ਵਿੱਚ ਮੁਲਜ਼ਮ ਅਨੂਪ ਸਿੰਘ ਕਾਹਲੋਂ ਅਤੇ ਮਨਪ੍ਰੀਤ ਸਿੰਘ ਗਿੱਲ ਦੇ ਵਕੀਲਾਂ ਵੱਲੋਂ ਸਵਾਲ ਕੀਤੇ ਜਾ ਰਹੇ ਹਨ। ਨਿਰੰਜਨ ਸਿੰਘ ਇਸ ਕੇਸ ਵਿੱਚ ਜਾਂਚ ਅਧਿਕਾਰੀ ਸਨ।

ਨਿਰੰਜਨ ਸਿੰਘ ਨੇ ਬਚਾਅ ਪੱਖ ਦੇ ਵਕੀਲਾਂ ਨੂੰ ਦੱਸਿਆ, "ਮੈਂ ਗਾਇਕਾਂ ਦਿਲਜੀਤ ਦੋਸਾਂਝ, ਮਿਸ ਪੂਜਾ, ਗਿੱਪੀ ਗਰੇਵਾਲ ਅਤੇ ਜੈਜ਼ੀ ਬੀ ਦੇ ਖਿਲਾਫ ਸ਼ਿਕਾਇਤਾਂ ਦੀ ਜਾਂਚ ਕੀਤੀ ਸੀ। ਇਸ ਦੌਰਾਨ ਸਾਹਮਣੇ ਆਇਆ ਸੀ ਕਿ ਦਿਲਜੀਤ ਨੇ ਵਿਦੇਸ਼ੀ ਮੁਦਰਾ ਪ੍ਰਬੰਧ ਐਕਟ (ਫੇਮਾ) ਦੀ ਉਲੰਘਣਾ ਕੀਤੀ ਸੀ ਅਤੇ ਉਸ 'ਤੇ ਕੁਝ ਜੁਰਮਾਨਾ ਵੀ ਲਾਇਆ ਗਿਆ ਸੀ। ਮੈਂ ਆਪਣੇ ਪਰਿਵਾਰ ਦਾ ਇੱਕੋ-ਇਕ ਕਮਾਉਣ ਵਾਲਾ ਮੈਂਬਰ ਹਾਂ। ਅਤੇ 2018 ਵਿੱਚ ਮੇਰੀ ਮਹੀਨੇ ਦੀ ਤਨਖਾਹ 1.5 ਲੱਖ ਰੁਪਏ ਸੀ।"

ਦਿਲਜੀਤ ਦੁਸਾਂਝ ਨੇ 5 ਨਵੰਬਰ, 2016 ਨੂੰ ਨਿਰੰਜਨ ਸਿੰਘ ਦੀ ਧੀ ਦੇ ਵਿਆਹ ਵਿੱਚ ਸ਼ਮੂਲੀਅਤ ਕੀਤੀ ਸੀ। ਉਨ੍ਹਾਂ ਕਿਹਾ "ਇਸ ਦੌਰਾਨ ਦਿਲਜੀਤ ਨੇ ਕੁਝ ਗਾਣੇ ਗਾਏ ਸਨ। ਪਰ ਮੈਂ ਉਸ ਨੂੰ ਕਿੰਨੇ ਪੈਸੇ ਦਿੱਤੇ ਇਹ ਯਾਦ ਨਹੀਂ। ਪਰ ਕੁਝ ਪੈਸੇ ਦਿੱਤੇ ਜ਼ਰੂਰ ਸਨ।"

ਇਹ ਵੀ ਪੜ੍ਹੋ:

ਨੋਟਬੰਦੀ ਉੱਤੇ ਆਪਣੀ ਰਿਪੋਰ ਨੂੰ ਸਰਕਾਰ ਨੇ ਬਦਲਿਆ

ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਨੋਟਬੰਦੀ ਨਾਲ ਜੁੜੀ ਆਪਣੀ ਰਿਪੋਰਟ ਨੂੰ ਬਦਲ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਲੱਖਾਂ ਕਿਸਾਨਾਂ 'ਤੇ ਇਸ ਦਾ ਮਾੜਾ ਅਸਰ ਪਿਆ ਹੈ।

ਇਸ ਦੀ ਥਾਂ ਮੰਤਰਾਲੇ ਨੇ ਵਿੱਤ ਮੰਤਰਾਲੇ ਦੇ ਸੰਸਦੀ ਪੈਨਲ ਨੂੰ ਇੱਕ ਨਵੀਂ ਰਿਪੋਰਟ ਸੌਂਪ ਦਿੱਤੀ ਹੈ, ਜਿਸ ਅਨੁਸਾਰ ਨੋਟਬੰਦੀ ਦਾ ਕਿਸਾਨਾਂ 'ਤੇ 'ਬੁਰਾ ਪ੍ਰਭਾਵ ਨਹੀਂ ਪਿਆ' ਹੈ।

Image copyright AFP/Getty Images

ਦਿ ਹਿੰਦੂ ਵਿੱਚ ਛਪੀ ਖਬਰ ਅਨੁਸਾਰ ਖੇਤੀਬਾੜੀ ਸਕੱਤਰ ਸੰਜੈ ਅਗਰਵਾਲ ਨੇ ਸੰਸਦੀ ਕਮੇਟੀ ਨੂੰ ਦੱਸਿਆ ਕਿ 20 ਨਵੰਬਰ ਨੂੰ ਦੋ ਡਾਇਰੈਕਟਰਾਂ ਅਤੇ ਸੰਯੁਕਤ ਸਕੱਤਰਾਂ ਨੂੰ ਨੋਟਿਸ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ 20 ਨਵੰਬਰ ਨੂੰ ਪੇਸ਼ ਕੀਤੀ ਗਈ ਰਿਪੋਰਟ ਉਨ੍ਹਾਂ ਦੀਆਂ ਨਜ਼ਰਾਂ ਤੋਂ ਨਹੀਂ ਲੰਘੀ ਸੀ ਕਿਉਂਕਿ ਉਹ ਵਿਦੇਸ਼ ਦੌਰੇ 'ਤੇ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਰਿਪੋਰਟ ਦੇਖਣ ਦਾ ਸਮਾਂ ਨਹੀਂ ਮਿਲਿਆ।

ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਥਾਲੀ ਰਾਜ ਨੇ ਕੋਚ ਉੱਤੇ ਲਾਏ ਇਲਜ਼ਾਮ

ਟਾਈਮਜ਼ ਆਫ਼ ਇੰਡੀਆ ਅਨੁਸਾਰ ਕ੍ਰਿਕਟ ਖਿਡਾਰਨ ਮਿਥਾਲੀ ਰਾਜ ਦੇ ਦੁਆਲੇ ਚੱਲ ਰਿਹਾ ਵਿਵਾਦ ਮੰਗਲਵਾਰ ਨੂੰ ਹੋਰ ਵੱਧ ਗਿਆ ਜਦੋਂ ਬੀਸੀਸੀਆਈ ਸੀਈਓ ਰਾਹੁਲ ਜੌਹਰੀ ਅਤੇ ਬੋਰਡ ਦੇ ਜਨਰਲ ਮੈਨੇਜਰ ਸਬਾ ਕਰੀਮ ਨੂੰ ਪੱਤਰ ਲਿਖ ਕੇ ਨਾਰਾਜ਼ਗੀ ਜ਼ਾਹਿਰ ਕੀਤੀ।

Image copyright Getty Images

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਥਾਲੀ ਰਾਜ ਦੀ ਚੋਣ ਟੀ-20 ਵਿੱਚ ਨਾ ਹੋਣ ਉੱਤੇ ਉਨ੍ਹਾਂ ਨੇ ਇਸ ਦਾ ਇਲਜ਼ਾਮ ਕੋਚ ਰਮੇਸ਼ ਪੋਵਾਰ, ਕਮੇਟੀ ਦੇ ਮੈਂਬਰ ਡਾਇਨਾ ਐਡੁਲਜੀ ਉੱਤੇ ਲਾਇਆ।

ਹਾਲਾਂਕਿ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਮੈਨੇਜਮੈਂਟ ਦੇ ਫੈਸਲੇ ਉੱਤੇ ਕੋਈ ਇਤਰਾਜ਼ ਨਹੀਂ ਹੈ।

ਪ੍ਰਧਾਨ ਮੰਤਰੀ ਮੋਦੀ ਨੂੰ ਸਾਰਕ ਸੰਮੇਲਨ ਦਾ ਸੱਦਾ ਭੇਜੇਗਾ ਪਾਕਿਸਤਾਨ

ਪਾਕਿਸਤਾਨ ਦੇ ਅਖਬਾਰ ਡੌਨ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋ-ਓਪਰੇਸ਼ਨ (ਸਾਰਕ) ਸਿਖਰ ਸੰਮੇਲਨ ਲਈ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਜਾਵੇਗਾ।

ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਮੰਗਲਵਾਰ ਨੂੰ ਕਸ਼ਮੀਰ ਸੰਮੇਲਨ ਦੌਰਾਨ ਇਹ ਕਿਹਾ।

Image copyright Getty Images

ਸਾਲ 2016 ਵਿੱਚ ਪਾਕਿਸਤਾਨ ਵਿਚ ਹੋਣ ਵਾਲੇ 19 ਵੇਂ ਸੰਮੇਲਨ ਤੋਂ ਬਾਅਦ ਸਾਰਕ ਦੇ ਮੈਂਬਰ ਦੇਸਾਂ ਵਿਚਾਲੇ ਸਬੰਧ ਥੋੜ੍ਹੇ ਕਮਜ਼ੋਰ ਹੀ ਸਨ। ਭਾਰਤ ਨੇ 2016 ਵਿੱਚ ਹੋਣ ਵਾਲੇ ਸੰਮੇਲਨ ਦਾ ਬਾਈਕਾਟ ਕੀਤਾ ਸੀ ਜਿਸ ਤੋਂ ਬਾਅਦ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਭੂਟਾਨ ਵੀ ਪਿੱਛੇ ਹੱਟ ਗਏ ਸਨ ਅਤੇ ਇਹ ਸੰਮੇਲਨ ਹੀ ਰੱਦ ਕਰ ਦਿੱਤਾ ਗਿਆ ਸੀ।

ਇਸਲਾਮਾਬਾਦ ਵਿੱਚ ਕਸ਼ਮੀਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਡਾ. ਫੈਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਪਹਿਲੇ ਭਾਸ਼ਣ ਵਿਚ ਕਿਹਾ ਸੀ ਕਿ ਜੇਕਰ ਭਾਰਤ ਨੇ ਇਕ ਕਦਮ ਅੱਗੇ ਵਧਾਇਆ ਹੈ ਤਾਂ ਪਾਕਿਸਤਾਨ ਦੋ ਕਦਮ ਅੱਗੇ ਵਧਾਏਗਾ।

ਉਨ੍ਹਾਂ ਨੇ ਕਿਹਾ, "ਅਸੀਂ ਭਾਰਤ ਨਾਲ ਇੱਕ ਜੰਗ ਲੜੀ, ਰਿਸ਼ਤੇ ਇੱਕਦਮ ਠੀਕ ਨਹੀਂ ਹੋ ਸਕਦੇ।"

ਨਾਟੋ ਦੇਸ ਦੀ ਪਹਿਲੀ ਮਹਿਲਾ ਫੌਜ ਮੁਖੀ ਨਿਯੁਕਤ

ਸੋਲਵੇਨੀਆ ਫੌਜ ਮੁਖੀ ਦੇ ਤੌਰ 'ਤੇ ਇਕ ਔਰਤ ਦੀ ਨਿਯੁਕਤੀ ਕਰਨ ਵਾਲਾ ਇੱਕੋ-ਇੱਕ ਨਾਟੋ ਦੇਸ ਬਣ ਗਿਆ ਹੈ।

ਮੇਜਰ ਜਨਰਲ ਅਲੈਂਕਾ ਅਰਮੈਂਕ ਅੱਜ ਫੌਜ ਮੁਖੀ ਦੇ ਅਹੁਦੇ ਦੀ ਕਮਾਨ ਸੰਭਾਲਣਗੇ।

Image copyright Reuters

55 ਸਾਲਾ ਸਾਬਕਾ ਫੌਜ ਕਮਾਂਡਰ ਅਲੈਂਕਾ ਨੇ 1991 ਵਿੱਚ ਫੌਜੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਦੋਂ ਦੇਸ ਨੇ ਯੂਗੋਸਲਾਵੀਆ ਤੋਂ ਆਜ਼ਾਦੀ ਹਾਸਲ ਕੀਤੀ ਸੀ।

ਮੇਜਰ ਜਨਰਲ ਐਰਮੈਂਕ ਇਸ ਵੇਲੇ ਫੌਜ ਵਿੱਚ ਡਿਪਟੀ ਚੀਫ਼ ਦੇ ਤੌਰ 'ਤੇ ਸੇਵਾ ਨਿਭਾ ਰਹੀ ਹੈ। ਰਾਸ਼ਟਰਪਤੀ ਬੋਰੁਤ ਪੈਹੋਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਫੌਜ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)