#100women: ਈਸਾ ਮਸੀਹ ਨਾਲ ਹੋਇਆ ਹੈ ਮੇਰਾ ਵਿਆਹ

ਜੈਸਿਕਾ ਹੇਇਸ ਦੀ ਕੌਨਸਕਰੇਸ਼ਨ ਰਸਮ Photo by Today’s Catholic/Joe Romie Image copyright Today’s Catholic/Joe Romie

ਜੈਸਿਕਾ ਹੇਇਸ ਨੇ ਈਸਾਈ ਲਾੜੀਆਂ ਵਾਲੀ ਦੁੱਧ ਚਿੱਟੀ ਪੁਸ਼ਾਕ ਅਤੇ ਨਾਲ ਹੀ ਵਿਆਹ ਵਾਲੀ ਮੁੰਦਰੀ ਵੀ ਪਹਿਨੀ ਹੋਈ ਸੀ। ਪਰ ਜਦੋਂ ਉਹ ਵਿਆਹ ਦੀਆਂ ਸੌਹਾਂ ਲੈਣ ਲਈ ਅੱਗੇ ਵਧੇ ਤਾਂ ਉਨ੍ਹਾਂ ਦੇ ਨਾਲ ਕੋਈ ਲਾੜਾ ਨਹੀਂ ਖੜਾ ਸੀ।

ਜੈਸਿਕਾ ਹੇਇਸ ਦਾ ਉਨ੍ਹਾਂ ਦੀ ਮਰਜ਼ੀ ਨਾਲ ਈਸਾ ਮਸੀਹ ਨਾਲ ਵਿਆਹ ਹੋ ਰਿਹਾ ਸੀ। ਉਹ ਆਪਣੀ ਸਾਰੀ ਜ਼ਿੰਦਗੀ ਈਸਾ ਦੀ ਸੇਵਾ ਵਿੱਚ ਲਾਉਣਗੇ।

41 ਸਾਲਾ ਜੈਸਿਕਾ ਹੇਇਸ ਇੱਕ ਕੌਨਸਕਰੇਟਿਡ ਵਰਜਿਨ ਹਨ। ਕੈਥੋਲਿਕ ਚਰਚ ਵਿੱਚ ਇਹ ਉਹ ਔਰਤਾਂ ਹੁੰਦੀਆਂ ਹਨ ਜੋ ਆਪਣੇ ਆਪ ਨੂੰ ਪ੍ਰਮਾਤਮਾਂ ਨੂੰ ਸਮਰਪਿਤ ਕਰ ਦਿੰਦੀਆਂ ਹਨ ਅਤੇ ਉਸੇ ਨੂੰ ਆਪਣਾ ਪਤੀ ਮੰਨਦੀਆਂ ਹਨ। ਉਹ ਆਪਣੇ-ਆਪ ਨੂੰ ਰੱਬ ਸਾਹਮਣੇ ਵਿਆਹੁਤਾ ਵਜੋਂ ਭੇਟ ਕਰਦੀਆਂ ਹਨ।

ਕੈਥੋਲਿਕ ਰਵਾਇਤਾਂ ਵਿੱਚ ਵੀ ਇਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ। ਇਸ ਦਾ ਇੱਕ ਕਾਰਨ ਹੈ ਕਿ ਅੱਜ ਤੋਂ 50 ਸਾਲ ਪਹਿਲਾਂ ਪਵਿੱਤਰ ਕੁਆਰੀਆਂ ਬਣਨ ਵਾਲੀਆਂ ਇਨ੍ਹਾਂ ਔਰਤਾਂ ਬਾਰੇ ਜਾਣਕਾਰੀ ਜਨਤਕ ਨਹੀਂ ਸੀ ਕੀਤੀ ਜਾਂਦੀ।

ਇਹ ਵੀ ਪੜ੍ਹੋ:

ਪ੍ਰਮਾਤਮਾਂ ਨੂੰ ਜੀਵਨ ਸਮਰਪਿਤ ਕਰਨ ਦੀ ਰਸਮ ਸਮੇਂ ਔਰਤ ਵਿਆਹ ਵਾਲੀ ਪੁਸ਼ਾਕ ਪਹਿਨ ਕੇ ਤਿਆਰ ਹੁੰਦੀ ਹੈ। ਉਹ ਸਹੁੰ ਖਾਂਦੀ ਹੈ ਕਿ ਉਹ ਸਾਰੀ ਉਮਰ ਕਿਸੇ ਰੁਮਾਂਟਿਕ ਰਿਸ਼ਤੇ ਵਿੱਚ ਨਹੀਂ ਬੱਝੇਗੀ ਅਤੇ ਨਾ ਹੀ ਸਰੀਰਕ ਸੰਬੰਧ ਬਣਾਏਗੀ। ਦੂਸਰੇ ਸ਼ਬਦਾਂ ਵਿੱਚ ਉਹ ਸਾਰੀ ਉਮਰ ਬ੍ਰਹਮਚਾਰੀ ਰਹਿਣ ਦੀ ਸਹੁੰ ਲੈਂਦੀ ਹੈ।

ਈਸਾ ਮਸੀਹ ਨਾਲ ਆਪਣੇ ਵਿਆਹ ਦੀ ਨਿਸ਼ਾਨੀ ਵਜੋਂ ਉਹ ਮੁੰਦਰੀ ਵੀ ਪਹਿਨਦੀਆਂ ਹਨ।

Image copyright Joe Romie
ਫੋਟੋ ਕੈਪਸ਼ਨ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਇਸ ਰਸਮ ਦੌਰਾਨ ਮੁੰਦਰੀ ਪ੍ਰਮਾਤਮਾ ਨਾਲ ਹੋਏ ਵਿਆਹ ਦਾ ਸੰਕੇਤ ਦਿੰਦੀ ਹੈ।

ਹੇਇਸ ਨੇ ਆਪਣੇ ਤਜ਼ਰਬੇ ਬਾਰੇ ਦੱਸਿਆ, "ਮੈਨੂੰ ਕਈ ਵਾਰ ਪੁੱਛਿਆ ਜਾਂਦਾ ਹੈ: ਤਾਂ ਤੂੰ ਵਿਆਹੀ ਹੋਈ ਹੈਂ? ਮੈਂ ਆਮ ਤੌਰ 'ਤੇ ਸੰਖੇਪ ਜਵਾਬ ਦਿੰਦੀ ਹਾਂ ਕਿ ਮੈਂ ਨੰਨ ਵਾਂਗ ਹੀ ਹਾਂ ਮੈਂ ਪੂਰੀ ਤਰ੍ਹਾਂ ਈਸਾ ਨੂੰ ਸਮਰਪਿਤ ਹਾਂ।"

ਅਮਰੀਕਾ ਦੀਆਂ ਕੌਨਸਕਰੇਟਿਡ ਵਰਜਿਨਜ਼ ਦੀ ਐਸੋਸੀਏਸ਼ਨ ਮੁਤਾਬਕ ਹੇਇਸ ਅਮਰੀਕਾ ਵਿੱਚ ਈਸਾ ਨਾਲ ਵਿਆਹੀਆਂ 254 ਔਰਤਾਂ ਵਿੱਚੋਂ ਇੱਕ ਹੈ। ਇਹ ਔਰਤਾਂ ਨਰਸਾਂ, ਮਨੋਵਿਗਿਆਨੀਆਂ, ਅਕਾਊਂਟੈਂਟਾਂ ਅਤੇ ਦਮਕਲ ਕਰਮੀ, ਆਦਿ ਵਜੋਂ ਕੰਮ ਕਰਦੀਆਂ ਹਨ।

ਸਾਲ 2015 ਦੇ ਇੱਕ ਸਰਵੇ ਮੁਤਾਬਕ ਪੂਰੀ ਦੁਨੀਆਂ ਵਿੱਚ ਘੱਟੋ-ਘੱਟ 4,000 ਔਰਤਾਂ ਹਨ ਜਿਨ੍ਹਾਂ ਨੇ ਆਪਣਾ ਜੀਵਨ ਈਸਾ ਦੇ ਲੇਖੇ ਲਾ ਦਿੱਤਾ ਹੋਇਆ ਹੈ।

ਵੈਟੀਕਨ ਮੁਤਾਬਕ ਪਿਛਲੇ ਸਾਲਾਂ ਦੌਰਾਨ ਈਸਾ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਧੀ ਹੈ। ਇਹ ਵਾਧਾ ਵੱਖੋ-ਵੱਖ ਸਭਿਆਚਾਰਾਂ ਅਤੇ ਖਿੱਤਿਆਂ ਵਿੱਚ ਦੇਖਿਆ ਜਾ ਰਿਹਾ ਹੈ।

ਨੰਨਜ਼ ਦੇ ਉਲਟ ਇਹ ਔਰਤਾਂ ਨਾਂ ਤਾਂ ਦੁਨੀਆਂ ਤੋਂ ਵੱਖ ਕਿਸੇ ਮੱਠ ਵਿੱਚ ਹੀ ਰਹਿੰਦੀਆਂ ਹਨ ਅਤੇ ਨਾ ਹੀ ਕਿਸੇ ਖ਼ਾਸ ਕਿਸਮ ਦੀ ਧਾਰਮਿਕ ਪੁਸ਼ਾਕ ਪਹਿਨਦੀਆਂ ਹਨ। ਉਹ ਆਮ ਜੀਵਨ ਜਿਊਂਦੀਆਂ ਹਨ, ਨੌਕਰੀ ਕਰਕੇ ਆਪਣਾ ਜੀਵਨ ਨਿਰਵਾਹ ਕਰਦੀਆਂ ਹਨ।

Image copyright Today's Catholic/Joe Romie
ਫੋਟੋ ਕੈਪਸ਼ਨ ਇਸ ਰਸਮ ਦਾ ਖ਼ਾਸ ਪਲ ਉਹ ਹੁੰਦਾ ਹੈ ਜਦੋਂ ਔਰਤ ਈਸਾ ਦੀ ਮੂਰਤ ਸਾਹਮਣੇ ਮੱਥਾ ਟੇਕਦੀ ਹੈ।

ਕੈਥੋਲਿਕ ਚਰਚ ਵਿੱਚ ਮਰਦਾਂ ਵੱਲੋਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਪ੍ਰਮਾਤਮਾਂ ਨੂੰ ਸਮਰਪਿਤ ਕਰਨ ਲਈ ਕੋਈ ਅਜਿਹਾ ਬੰਦੋਬਸਤ ਨਹੀਂ ਹੈ।

ਹੇਇਸ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਫੋਰਟ ਵੇਇਨ ਵਿੱਚ ਰਹਿੰਦੇ ਹਨ ਅਤੇ ਇੱਕ ਹਾਈ ਸਕੂਲ ਅਧਿਆਪਕਾ ਹਨ।

ਉਨ੍ਹਾਂ ਦਾ ਕਹਿਣਾ ਹੈ, "ਮੈਂ 18 ਸਾਲਾਂ ਤੋਂ ਇੱਕ ਅਧਿਆਪਕਾ ਹਾਂ, ਅਸਲ ਵਿੱਚ ਮੈਂ ਉਸੇ ਹਾਈ ਸਕੂਲ ਵਿੱਚ ਪੜ੍ਹਾ ਰਹੀ ਹਾਂ ਜਿੱਥੋਂ ਮੈਂ ਆਪ ਪੜ੍ਹੀ ਸੀ।"

"ਈਸਾ ਨੂੰ ਸਮਰਪਿਤ ਹੋਣ ਤੋਂ ਪਹਿਲਾਂ ਮੈਂ ਮਹਿਸੂਸ ਕੀਤਾ ਕਿ ਮੈਂ ਨੰਨਜ਼ ਵਰਗੀ ਜ਼ਿੰਦਗੀ ਜਿਊਣਾ ਨਹੀਂ ਚਾਹੁੰਦੀI ਅਤੇ ਨਾ ਹੀ ਮੈਂ ਉਨ੍ਹਾਂ ਵਾਂਗ ਧਾਰਮਿਕ ਅਗਵਾਈ ਕਰ ਸਕਦੀ ਹਾਂ, ਜੋ ਮੈਨੂੰ ਨੰਨ ਬਣ ਕੇ ਕਰਨੀ ਪਵੇਗੀ।"

ਹੇਇਸ ਦਾ ਬਹੁਤਾ ਸਮਾਂ ਪ੍ਰਾਰਥਨਾ, ਤਪ-ਸਾਧਨਾ ਵਿੱਚ ਹੀ ਲੰਘਦਾ ਹੈ। ਉਹ ਨਿਰੰਤਰ ਇੱਕ ਪਾਦਰੀ ਦੇ ਸੰਪਰਕ ਵਿੱਚ ਰਹਿੰਦੇ ਹਨ ਅਤੇ ਸਮੇਂ-ਸਮੇਂ 'ਤੇ ਉਸੇ ਨੂੰ ਆਪਣੇ ਜੀਵਨ ਦੀਆਂ ਗਤੀਵਿਧੀਆਂ ਬਾਰੇ ਦੱਸਦੇ।

"ਮੈਂ ਇੱਥੇ ਨਜ਼ਦੀਕ ਹੀ ਰਹਿੰਦੀ ਹਾਂ ਅਤੇ ਪਰਿਵਾਰ ਅਤੇ ਦੋਸਤਾਂ ਦੀ ਸਹਾਇਤਾ ਲਈ ਤਿਆਰ ਰਹਿੰਦੀ ਹਾਂ ਫਿਰ ਮੈਂ ਪੜ੍ਹਾਉਂਦੀ ਹਾਂ, ਜਿਸ ਕਾਰਨ ਮੈਂ ਸਾਰਾ ਦਿਨ ਲੋਕਾਂ ਨਾਲ ਘਿਰੀ ਰਹਿੰਦੀ ਹਾਂ। ਇਸ ਦੇ ਬਾਵਜੂਦ ਮੈਂ ਪ੍ਰਮਾਤਮਾ ਲਈ ਸਮਾਂ ਕੱਢ ਲੈਂਦੀ ਹਾਂ।"

ਹੇਇਸ ਇਸ ਤੋਂ ਪਹਿਲਾਂ ਰੁਮਾਂਟਿਕ ਰਿਸ਼ਤਿਆਂ ਵਿੱਚ ਵੀ ਰਹੇ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਰਿਸ਼ਤੇ ਉਨ੍ਹਾਂ ਨੂੰ ਕਦੇ ਪੂਰਨਤਾ ਦਾ ਅਹਿਸਾਸ ਨਹੀਂ ਕਰਾ ਸਕੇ।

"ਮੈਨੂੰ ਲੱਗਿਆ ਕਿ ਪ੍ਰਮਾਤਮਾ ਦੀ ਮਰਜ਼ੀ ਹੈ ਕਿ ਮੈਂ ਵਿਆਹ ਕਰਵਾ ਲਵਾਂ (ਜੋ) ਕਿ ਹਰ ਇਨਸਾਨ ਦੀ ਕੁਦਰਤੀ ਇੱਛਾ ਹੈ। ਇਸ ਲਈ ਮੈਂ ਡੇਟ ਕੀਤਾ ਪਰ ਕਦੇ ਗੰਭੀਰਤਾ ਨਾਲ ਨਹੀਂ।"

'ਪੱਕਾ ਵਚਨ'

Image copyright Wikicommons
ਫੋਟੋ ਕੈਪਸ਼ਨ ਏਗਨਜ਼ ਆਫ ਰੋਮ- ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਆਪਣਾ ਕੁਆਰਾਪਣ ਬਚਾਉਂਦਿਆਂ ਕਤਲ ਕਰ ਦਿੱਤਾ ਗਿਆ ਸੀ।

ਕੁਆਰੀਆਂ ਔਰਤਾਂ ਮੁੱਢਲੇ ਈਸਾਈ ਇਤਿਹਾਸ ਦਾ ਹਿੱਸਾ ਰਹੀਆਂ ਹਨ ਅਤੇ ਪਹਿਲੀਆਂ ਈਸਾ ਪੂਰਵ ਦੀਆਂ ਤਿੰਨ ਸਦੀਆਂ ਵਿੱਚ ਸ਼ਹੀਦ ਵੀ ਹੋਈਆਂ।

ਇਨ੍ਹਾਂ ਵਿੱਚੋਂ ਪ੍ਰਸਿੱਧ ਹਨ-ਏਗਨਜ਼ ਆਫ ਰੋਮ- ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਧਾਰਮਿਕ ਪਵਿੱਤਰਤਾ ਪ੍ਰਤੀ ਆਪਣੀ ਸਹੁੰ ਕਾਰਨ ਕਤਲ ਕਰ ਦਿੱਤਾ ਗਿਆ ਸੀ।

ਮੱਧ ਕਾਲ ਵਿੱਚ ਲੋਕਾਂ ਦਾ ਰੁਝਾਨ ਨੰਨ ਅਤੇ ਸਾਧੂ ਬਣਨ ਵੱਲ ਵਧਿਆ ਜਿਸ ਕਾਰਨ, ਔਰਤਾਂ ਵੱਲੋਂ ਆਪਣਾ ਜੀਵਨ ਈਸਾ ਨੂੰ ਪਤਨੀ ਦੇ ਰੂਪ ਵਿੱਚ ਸਮਰਪਿਤ ਕਰਨ ਵਿੱਚ ਖੜੋਤ ਆਈ।

ਸਾਲ 1971 ਵਿੱਚ ਜਦੋਂ ਚਰਚ ਨੇ Ordo consecrationis virginum ਰਾਹੀਂ ਔਰਤਾਂ ਵੱਲੋਂ ਪ੍ਰਮਾਤਮਾ ਲਈ ਸਦੀਵੀ ਕੁਆਰੇ ਰਹਿਣ ਨੂੰ ਸਵੈ-ਇੱਛਾ ਨਾਲ ਕੀਤੇ ਜਾਣ ਵਾਲੇ ਧਾਰਮਿਕ ਕਰਮ ਵਜੋਂ ਮਾਨਤਾ ਦਿੱਤੀ, ਉਸ ਤੋਂ ਬਾਅਦ ਇਸ ਵੱਲ ਰੁਝਾਨ ਮੁੜ ਵਧਿਆ।

Image copyright Today’s Catholic/Joe Romie

ਹੇਇਸ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਅਸਲੀ ਧਾਰਮਿਕ ਗੁਰੂ ਮਿਲਿਆ ਉਸ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਜੀਵਨ ਈਸਾ ਨੂੰ ਸਮਰਪਿਤ ਕਰਨ ਬਾਰੇ ਨਹੀਂ ਸੀ ਸੋਚਿਆ। ਨਵੇਂ ਗੁਰੂ ਨੇ ਹੀ ਉਨ੍ਹਾਂ ਨੂੰ ਸਹੀ ਕਿਸਮ ਦੇ ਸਵਾਲ ਪੁੱਛ ਕੇ ਇਸ ਪਾਸੇ ਲਾਇਆ।

ਹੇਇਸ ਨੇ ਸਾਲ 2013 ਵਿੱਚ ਫੈਸਲਾ ਕਰ ਲਿਆ ਸੀ ਪਰ ਰਸਮ ਹੋਣ ਨੂੰ ਦੋ ਸਾਲ ਲੱਗ ਗਏ ਅਤੇ ਉਸ ਸਮੇਂ ਹੇਇਸ ਦੀ ਉਮਰ 36 ਸਾਲ ਸੀ।

"ਹਾਲਾਂਕਿ ਮੈਂ ਹੁਣ ਵੀ ਪਹਿਲਾਂ ਵਰਗੀਆਂ ਹੀ ਜ਼ਿੰਮੇਵਾਰੀਆਂ ਨਿਭਾ ਰਹੀ ਹਾਂ ਪਰ ਪ੍ਰਮਾਤਮਾ ਨੂੰ ਦੋਸਤ ਨਾ ਮੰਨ ਕੇ ਪਤੀ ਮੰਨਣਾ ਬਿਲਕੁਲ ਵੱਖਰੀ ਗੱਲ ਹੈ।"

ਫੋਟੋ ਕੈਪਸ਼ਨ "Ecclesia Sponsae Imago", ਦਸਤਾਵੇਜ਼ ਵਿੱਚ ਵੈਟੀਕਨ ਨੇ ਈਸਾ ਮਸੀਹ ਨੂੰ ਆਪਣਾ ਜੀਵਨ ਸੌਂਪਣ ਵਾਲੀਆਂ ਔਰਤਾਂ ਲਈ ਹਦਾਇਤਾਂ ਦਿੱਤੀਆਂ ਹਨ।

ਸਰੀਰਕ ਸੰਬੰਧਾਂ ਤੋਂ ਹਮੇਸ਼ਾ ਲਈ ਕਿਨਾਰਾ ਕਰ ਲੈਣ ਵਾਲੀਆਂ ਇਨ੍ਹਾਂ ਕੁਆਰੀਆਂ ਲਈ ਸਮਾਜ ਵਿੱਚ ਰਹਿਣਾ ਚੁਣੌਤੀਪੂਰਨ ਹੁੰਦਾ ਹੈ, ਜਿੱਥੇ ਜਿਣਸੀ ਵਿਹਾਰ ਨੂੰ ਬਹੁਤ ਜ਼ਿਆਦਾ ਪ੍ਰਮੁੱਖਤਾ ਦਿੱਤੀ ਜਾਂਦੀ ਹੈ।

"ਮੈਂ ਸਮਝਦੀ ਹਾਂ ਕਿ ਸਭ ਤੋਂ ਵੱਡੀ ਮੁਸ਼ਕਿਲ ਤਾਂ ਗਲਤ ਸਮਝੇ ਜਾਣ ਦੀ ਹੈ ਕਿਉਂਕਿ ਸਾਡੇ ਫੈਸਲੇ ਨੂੰ ਸੱਭਿਆਚਾਰ ਤੋਂ ਉਲਟ ਸਮਝਿਆ ਜਾਂਦਾ ਹੈ।"

"ਮੈਨੂੰ ਕਈ ਲੋਕ ਪੁੱਛਦੇ ਹਨ, ਓਹ ਤਾਂ ਤੁਸੀਂ ਕੁਆਰਿਆਂ ਵਰਗੇ ਹੋ।' ਮੈਨੂੰ ਸਮਝਾਉਣਾ ਪੈਂਦਾ ਹੈ ਕਿ ਮੇਰਾ ਮੁੱਢਲਾ ਰਿਸ਼ਤਾ ਪ੍ਰਮਾਤਮਾ ਨਾਲ ਹੈ, ਮੈਂ ਅਪਣਾ ਤਨ ਉਸ ਨੂੰ ਸੌਂਪ ਦਿੱਤਾ ਹੈ।"

ਕੀ ਇਹ ਔਰਤਾਂ ਸਰੀਰਕ ਸੰਬੰਧ ਨਹੀਂ ਬਣਾਉਂਦੀਆਂ?

ਪਿਛਲੀ ਜੁਲਾਈ ਵਿੱਚ ਵੈਟੀਕਨ ਵਲੋਂ ਜਾਰੀ ਨਵੀਆਂ ਹਦਾਇਤਾਂ ਨੇ ਇਨ੍ਹਾਂ ਔਰਤਾਂ ਵਿੱਚ ਬਵਾਲ ਖੜ੍ਹਾ ਕਰ ਦਿੱਤਾ।


ਬੀਬੀਸੀ '100 ਵੂਮੈੱਨ' ਦੀਆਂ ਹੋਰ ਕਹਾਣੀਆਂ:


ਸਵਾਲ ਇਹ ਸੀ ਕੀ ਆਪਣਾ-ਆਪਾ ਪ੍ਰਮਾਤਮਾ ਨੂੰ ਸਮਰਪਿਤ ਕਰਨ ਦੀਆਂ ਇੱਛੁਕ ਇਨ੍ਹਾਂ ਔਰਤਾਂ ਲਈ ਰਸਮ ਹੋਣ ਤੱਕ 'ਕੁਆਰਾ' ਹੋਣਾ ਜ਼ਰੂਰੀ ਹੈ।

ਕੋਈ ਔਰਤ ਜ਼ਿੰਦਗੀ ਵਿੱਚ ਕਦੇ ਵੀ ਨੰਨ ਬਣ ਸਕਦੀ ਹੈ। ਇਸ ਦੇ ਉਲਟ ਇਨ੍ਹਾਂ ਔਰਤਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣਾ-ਆਪ ਪ੍ਰਮਾਤਮਾ ਨੂੰ ਸਮਰਪਿਤ ਕਰਨ ਤੋਂ ਪਹਿਲਾਂ ਬਾਲ-ਬ੍ਰਹਮਚਾਰੀ ਹੀ ਹੋਣ ਅਤੇ ਰਹਿਣ।

Image copyright Getty Images
ਫੋਟੋ ਕੈਪਸ਼ਨ ਪੋਪ ਫਰਾਂਸਿਸ ਨੇ ਸੰਸਾਰ ਭਰ ਦੇ ਪਾਦਰੀਆਂ ਵੱਲੋਂ ਕੌਨਸਕਰੇਟਿਡ ਵਰਜਿਨ ਬਣਨ ਵਾਲੀਆਂ ਔਰਤਾਂ ਦੀ ਭੂਮਿਕਾ ਸਪਸ਼ਟ ਕਰਨ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦਿੱਤਾ।

ਇਸ ਵਿਵਾਦਿਤ ਦਸਤਾਵੇਜ਼ ਦੇ 88ਵੇਂ ਸੈਕਸ਼ਨ ਵਿੱਚ ਵੈਟੀਕਨ ਨੇ ਕਿਹਾ ਸੀ ਕਿ ਜੇ ਉਸ ਔਰਤ ਨੇ ਆਪਣਾ ਸਰੀਰ ਅਛੋਹ ਰੱਖਿਆ ਹੋਵੇ ਅਤੇ ਪਵਿੱਤਰ ਹੋਵੇ ਤਾਂ ਇਹ ਮਿਸਾਲੀ ਹੋਵੇਗਾ ਪਰ ਇਹ ਜ਼ਰੂਰੀ ਨਹੀਂ ਹੈ।

ਦੂਸਰੇ ਸ਼ਬਦਾਂ ਵਿੱਚ ਆਪਣਾ ਜੀਵਨ ਪ੍ਰਮਾਤਮਾ ਨੂੰ ਸੌਂਪਣ ਵਾਲੀ ਕਿਸੇ ਔਰਤ ਲਈ ਕੁਆਰੀ ਹੋਣਾ ਹੁਣ ਸ਼ਾਇਦ ਜ਼ਰੂਰੀ ਨਾ ਰਹੇ।

ਹੇਇਸ ਮੁਤਾਬਕ ਇਹ ਹਦਾਇਤਾਂ 'ਨਿਰਾਸ਼ ਕਰਨ ਵਾਲੀਆਂ' ਹਨ। ਹੇਇਸ ਕੌਨਸਕਰੇਟਿਡ ਵਰਜਿਨਜ਼ ਦੀ ਐਸੋਸੀਏਸ਼ਨ ਦੇ ਮੈਂਬਰ ਵੀ ਹਨ।

ਐਸੋਸੀਏਸ਼ਨ ਨੇ ਆਪਣੇ ਬਿਆਨ ਵਿੱਚ ਕਿਹਾ, "ਉਨ੍ਹਾਂ ਨੂੰ ਚਰਚ ਤੋਂ ਇਹ ਸੁਣ ਕੇ ਹੈਰਾਨੀ ਹੋਈ ਹੈ ਕਿ ਕੁਆਰਾਪਣ ਹੁਣ ਆਪਣਾ ਜੀਵਨ ਪ੍ਰਮਾਤਮਾ ਨੂੰ ਸੋਂਪਣ ਲਈ ਜ਼ਰੂਰੀ ਸ਼ਰਤ ਨਹੀਂ ਹੋਵੇਗੀ।"

Image copyright Joe Romie
ਫੋਟੋ ਕੈਪਸ਼ਨ ਇਨ੍ਹਾਂ ਔਰਤਾਂ ਨੂੰ ਕੁਆਰੀਆਂ ਦੀ ਜ਼ਿੰਦਗੀ ਵਿੱਚ ਪ੍ਰਵਾਨ ਕਰਨ ਦੀ ਅੰਤਿਮ ਜ਼ਿੰਮੇਵਾਰੀ ਸਥਾਨਕ ਪਾਦਰੀਆਂ ਦੀ ਹੁੰਦੀ ਹੈ।

ਹੇਇਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿਸ਼ਾ ਨਿਰਦੇਸ਼ਾਂ ਤੋਂ ਇਸ ਬਾਰੇ ਹੋਰ ਸਪਸ਼ਟਤਾ ਦੀ ਉਮੀਦ ਸੀ। ਫਿਰ ਵੀ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਚਰਚ ਨੇ ਪ੍ਰਮਾਤਮਾ ਨੂੰ ਆਪਣਾ ਜੀਵਨ ਸੌਂਪਣ ਵਾਲੀਆਂ ਔਰਤਾਂ ਵੱਲ ਧਿਆਨ ਦਿੱਤਾ ਹੈ।

"ਦਸਤਾਵੇਜ਼ ਹਾਲੇ ਵੀ ਇਹ ਕਹਿੰਦਾ ਹੈ ਕਿ ਉਮੀਦਵਾਰ ਨਾ ਤਾਂ ਵਿਆਹੀ ਹੋਵੇ ਅਤੇ ਨਾ ਹੀ ਉਸ ਨੇ ਪਵਿੱਤਰਤਾ ਭੰਗ ਕੀਤੀ ਹੋਵੇ।"

"ਪਰ ਜਵਾਨੀ ਵਿੱਚ ਕਿਸੇ ਤੋਂ ਗਲਤੀ ਹੋਈ ਹੋ ਸਕਦੀ ਹੈ, ਜਾਂ ਹੋ ਸਕਦਾ ਹੈ ਕਿਸੇ ਔਰਤ ਨਾਲ ਬਲਾਤਕਾਰ ਹੋਇਆ ਹੋਵੇ ਜਿਸ ਕਾਰਨ ਕੁਆਰੀ ਨਾ ਹੋਵੇ ਪਰ ਉਸ ਨੇ ਮਰਜ਼ੀ ਨਾਲ ਅਜਿਹਾ ਨਹੀਂ ਕੀਤਾ "

ਅਖ਼ੀਰ ਵਿੱਚ ਤਾਂ ਮਸਲਾ ਈਸਾਈ ਔਰਤਾਂ ਨੂੰ ਆਪਣੀ ਜ਼ਿੰਦਗੀ ਈਸਾ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਕਰਨ ਦਾ ਹੈ।

ਕੀ ਹੈ '100 ਵੂਮੈੱਨ' ?

'ਬੀਬੀਸੀ 100 ਵੂਮੈੱਨ' ਹਰ ਸਾਲ ਵਿਸ਼ਵ ਭਰ 'ਚੋਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਔਰਤਾਂ ਦੇ ਰੂ-ਬ-ਰੂ ਕਰਾਉਂਦੀ ਹੈ।

ਸਾਲ 2018 ਦੁਨੀਆਂ ਭਰ ਵਿੱਚ ਔਰਤਾਂ ਦੇ ਹੱਕਾਂ ਲਈ ਯਾਦਗਾਰੀ ਸਾਲ ਰਿਹਾ ਹੈ। ਇਸ ਲਈ ਬੀਬੀਸੀ 100 ਵੁਮੈਨ ਉਨ੍ਹਾਂ ਰਾਹ ਦਸੇਰੀਆਂ ਔਰਤਾਂ ਦੀ ਕਹਾਣੀ ਪੇਸ਼ ਕਰਦਾ ਹੈ, ਜੋ ਆਪਣੇ ਜਨੂੰਨ, ਰੋਹ ਅਤੇ ਗੁੱਸੇ ਦੀ ਵਰਤੋਂ ਕਰਕੇ ਆਪਣੇ ਆਸਪਾਸ ਦੀ ਦੁਨੀਆਂ ਵਿੱਚ ਇੱਕ ਅਮਲੀ ਬਦਲਾਅ ਲਿਆ ਰਹੀਆਂ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ