#100WOMEN : ਮੇਰੇ ਮਾਤਾ-ਪਿਤਾ ਨੂੰ ਕਿਹਾ ਗਿਆ, ਮੈਨੂੰ ਬਦਲ ਕੇ ਮੁੰਡਾ ਲੈ ਆਓ

ਨਰਗਿਸ ਤਰਾਕੀ Image copyright Nargis Taraki

ਜਦੋਂ ਨਰਗਿਸ ਤਰਾਕੀ ਅਫ਼ਗਾਨਿਸਤਾਨ ਵਿੱਚ ਆਪਣੇ ਮਾਤਾ-ਪਿਤਾ ਦੀ ਪੰਜਵੀਂ ਧੀ ਦੇ ਰੂਪ ਵਿੱਚ ਪੈਦਾ ਹੋਈ, ਤਾਂ ਉਨ੍ਹਾਂ ਦੇ ਮਾਤਾ-ਪਿਤਾ ਨੂੰ ਕਿਹਾ ਗਿਆ ਕਿ ਉਹ ਪਿੰਡ ਦੇ ਕਿਸੇ ਦੂਜੇ ਮੁੰਡੇ ਨਾਲ ਆਪਣੀ ਧੀ ਨੂੰ ਬਦਲ ਲੈਣ।

ਹੁਣ 21 ਸਾਲਾ ਨਰਗਿਸ ਨੇ ਇਹ ਸਾਬਿਤ ਕਰਨਾ ਆਪਣੀ ਜ਼ਿੰਦਗੀ ਦਾ ਉਦੇਸ਼ ਬਣਾ ਲਿਆ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਅਜਿਹਾ ਨਾ ਕਰਕੇ ਬਿਲਕੁਲ ਸਹੀ ਕਦਮ ਚੁੱਕਿਆ ਸੀ।

ਨਰਗਿਸ ਹੁਣ ਆਪਣੇ ਦੇਸ ਵਿੱਚ ਔਰਤਾਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਲਈ ਮੁਹਿੰਮ ਚਲਾ ਰਹੀ ਹੈ ਅਤੇ 2018 ਲਈ ਬੀਬੀਸੀ 100 ਵੂਮਨ ਦੀ ਸੂਚੀ ਵਿੱਚ ਸ਼ੁਮਾਰ ਹੈ। ਨਰਗਿਸ ਨੇ ਬੀਬੀਸੀ ਨੂੰ ਸੁਣਾਈ ਆਪਣੀ ਕਹਾਣੀ:-

ਮੇਰਾ ਜਨਮ 1997 ਵਿੱਚ ਆਪਣੇ ਮਾਤਾ-ਪਿਤਾ ਦੀ ਪੰਜਵੀ ਔਲਾਦ ਅਤੇ ਉਨ੍ਹਾਂ ਦੀ ਪੰਜਵੀ ਧੀ ਦੇ ਰੂਪ ਵਿੱਚ ਹੋਇਆ।

ਮੇਰੀ ਭੂਆ ਅਤੇ ਦੂਜੇ ਰਿਸ਼ਤੇਦਾਰਾਂ ਨੇ ਤੁਰੰਤ ਮੇਰੀ ਮਾਂ 'ਤੇ ਦਬਾਅ ਪਾਇਆ ਕਿ ਉਹ ਮੇਰੇ ਪਿਤਾ ਦੇ ਦੂਜੇ ਵਿਆਹ ਲਈ ਰਾਜ਼ੀ ਹੋ ਜਾਣ।

ਇਹ ਵੀ ਪੜ੍ਹੋ:

ਅਫ਼ਗਾਨਿਸਤਾਨ ਵਿੱਚ ਦੂਜਾ ਜਾਂ ਤੀਜਾ ਵਿਆਹ ਇੱਕ ਆਮ ਜਿਹੀ ਗੱਲ ਹੈ ਅਤੇ ਅਜਿਹਾ ਇਹ ਸੋਚ ਕੇ ਕੀਤਾ ਜਾਂਦਾ ਹੈ ਕਿ ਨਵੀਂ ਪਤਨੀ ਮੁੰਡੇ ਨੂੰ ਜਨਮ ਦੇ ਸਕਦੀ ਹੈ।

ਜਦੋਂ ਮੇਰੀ ਮਾਂ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਸਲਾਹ ਦਿੱਤੀ ਕਿ ਮੇਰੇ ਪਿਤਾ ਮੈਨੂੰ ਇੱਕ ਮੁੰਡੇ ਨਾਲ ਬਦਲ ਲੈਣ। ਉਨ੍ਹਾਂ ਨੇ ਪਿੰਡ ਵਿੱਚ ਇੱਕ ਪਰਿਵਾਰ ਵੀ ਲੱਭ ਲਿਆ, ਜਿਹੜਾ ਮੈਨੂੰ ਆਪਣੇ ਮੁੰਡੇ ਨਾਲ ਬਦਲਣ ਲਈ ਤਿਆਰ ਸੀ।

ਪਿਤਾ ਦੀ ਸੋਚ ਦੂਜਿਆਂ ਤੋਂ ਵੱਖ

ਬੱਚੇ ਬਦਲਣਾ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ ਅਤੇ ਮੈਂ ਅਜਿਹਾ ਹੁੰਦੇ ਹੋਏ ਕਦੇ ਨਹੀਂ ਸੁਣਿਆ। ਪਰ ਰਵਾਇਤੀ ਰੂਪ ਤੋਂ ਨੌਕਰੀਪੇਸ਼ਾ ਹੋਣ ਕਾਰਨ ਅਫ਼ਗਾਨ ਸਮਾਜ ਵਿੱਚ ਮੁੰਡਿਆ ਦਾ ਕਾਫ਼ੀ ਮਹੱਤਵ ਹੈ।

Image copyright Nargis Taraki
ਫੋਟੋ ਕੈਪਸ਼ਨ ਆਪਣੇ ਪਿਤਾ ਦੇ ਨਾਲ ਨਰਗਿਸ

ਲੋਕ ਜਾਣਬੁਝ ਕੇ ਮੇਰੀ ਮਾਂ ਨੂੰ ਨਿਰਾਸ਼ ਕਰਨ ਲਈ ਮਿਹਣੇ ਮਾਰਦੇ ਸਨ ਅਤੇ ਮੁੰਡਾ ਨਾ ਹੋਣ ਕਰਕੇ ਉਨ੍ਹਾਂ ਨੂੰ ਨੀਵਾਂ ਮਹਿਸੂਸ ਕਰਵਾਉਂਦੇ ਸਨ।

ਮੈਨੂੰ ਛੱਡਣ ਤੋਂ ਇਨਕਾਰ ਕਰਨ ਦੇ ਬਾਵਜੂਦ ਕਈ ਬਜ਼ੁਰਗ ਲੋਕ ਮੇਰੇ ਪਿਤਾ 'ਤੇ ਦਬਾਅ ਪਾਉਂਦੇ ਰਹੇ ਪਰ ਮੇਰੇ ਪਿਤਾ ਦੀ ਸੋਚ ਬਿਲਕੁਲ ਵੱਖਰੀ ਸੀ।

ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਕਿਹਾ ਕਿ ਉਹ ਮੈਨੂੰ ਪਿਆਰ ਕਰਦੇ ਹਨ ਅਤੇ ਇੱਕ ਦਿਨ ਸਾਬਿਤ ਕਰ ਦੇਣਗੇ ਕਿ ਇੱਕ ਧੀ ਵੀ ਉਹ ਕੰਮ ਕਰ ਸਕਦੀ ਹੈ, ਜਿਸਦੀ ਉਮੀਦ ਇੱਕ ਪੁੱਤ ਤੋਂ ਕੀਤੀ ਜਾਂਦੀ ਹੈ।

ਮੇਰੇ ਪਿਤਾ ਲਈ ਇਹ ਕੰਮ ਸੌਖਾ ਨਹੀਂ ਸੀ। ਉਹ ਫੌਜ ਵਿੱਚ ਸਨ ਅਤੇ ਉਨ੍ਹਾਂ ਨੇ ਸੋਵੀਅਤ ਸਮਰਥਿਤ ਸਰਕਾਰ ਨੂੰ ਉਸ ਵੇਲੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਉਸ ਵੇਲੇ ਮੇਰੇ ਮੂਲ ਜ਼ਿਲ੍ਹੇ 'ਤੇ ਧਾਰਮਿਕ ਜਾਂ ਕੱਟੜਵਾਦੀ ਸੋਚ ਵਾਲੇ ਲੋਕਾਂ ਦਾ ਬੋਲਬਾਲਾ ਸੀ।

ਲਿਹਾਜ਼ਾ ਪਿੰਡ ਦੇ ਕੁਝ ਲੋਕ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ ਅਤੇ ਸਾਡਾ ਸਮਾਜਿਕ ਬਾਈਕਾਰਟ ਕਰਦੇ ਸਨ।

ਪਰ ਮੇਰੇ ਪਿਤਾ ਨੂੰ ਉਸ ਗੱਲ 'ਤੇ ਭਰੋਸਾ ਸੀ, ਜੋ ਉਨ੍ਹਾਂ ਨੇ ਕਿਹਾ ਸੀ। ਉਹ ਆਪਣੀਆਂ ਗੱਲਾਂ 'ਤੇ ਅਟਲ ਸਨ। ਹਾਲਾਂਕਿ ਮੇਰੇ ਪਰਿਵਾਰ 'ਤੇ ਮੈਨੂੰ ਬਦਲਣ ਲਈ ਦਬਾਅ ਪੈਂਦਾ ਰਿਹਾ ਕਿਉਂਕਿ ਮੈਂ ਕੁੜੀ ਸੀ, ਪਰ ਮੇਰੇ ਚਰਿੱਤਰ 'ਤੇ ਮੇਰੇ ਪਿਤਾ ਨੇ ਛਾਪ ਪਾਈ ਹੈ।

ਘਰ ਤੋਂ ਭੱਜਣਾ

ਜਦੋਂ ਤਾਲਿਬਾਨ ਲੜਾਕਿਆਂ ਨੇ ਸਾਡੇ ਜ਼ਿਲ੍ਹੇ 'ਤੇ ਕਬਜ਼ਾ ਕਰ ਲਿਆ ਤਾਂ ਸਾਡੀ ਹਾਲਤ ਮਾੜੀ ਹੋ ਗਈ। ਸਾਲ 1998 'ਚ ਮੇਰੇ ਪਿਤਾ ਨੂੰ ਪਾਕਿਸਤਾਨ ਭੱਜਣਾ ਪਿਆ ਅਤੇ ਛੇਤੀ ਹੀ ਅਸੀਂ ਵੀ ਉੱਥੇ ਪਹੁੰਚ ਗਏ।

ਉੱਥੇ ਜ਼ਿੰਦਗੀ ਸੌਖੀ ਨਹੀਂ ਸੀ। ਪਰ ਉੱਥੇ ਜੁੱਤੀਆਂ ਦੇ ਇੱਕ ਕਾਰਖਾਨੇ 'ਚ ਉਨ੍ਹਾਂ ਨੂੰ ਪ੍ਰਬੰਧਕ ਦਾ ਕੰਮ ਮਿਲ ਗਿਆ। ਪਾਕਿਸਤਾਨ 'ਚ ਮੇਰੇ ਮਾਤਾ-ਪਿਤਾ ਲਈ ਸਭ ਤੋਂ ਚੰਗੀ ਗੱਲ ਇਹ ਹੋਈ ਕਿ ਉੱਥੇ ਉਨ੍ਹਾਂ ਨੂੰ ਇੱਕ ਮੁੰਡਾ ਹੋਇਆ।

Image copyright Nargis Taraki
ਫੋਟੋ ਕੈਪਸ਼ਨ ਨਰਗਿਸ ਤਰਾਕੀ ਆਪਣੀ ਭੈਣ ਅਤੇ ਛੋਟੇ ਭਰਾ ਨਾਲ

ਤਾਲਿਬਾਨ ਸ਼ਾਸਨ ਡਿੱਗਣ ਤੋਂ ਬਾਅਦ ਸਾਲ 2001 ਵਿੱਚ ਅਸੀਂ ਸਾਰੇ ਵਾਪਿਸ ਕਾਬੁਲ ਆ ਗਏ। ਸਾਡੇ ਕੋਲ ਆਪਣਾ ਘਰ ਨਹੀਂ ਸੀ ਅਤੇ ਸਾਨੂੰ ਆਪਣੇ ਅੰਕਲ ਦੇ ਘਰ ਰਹਿਣਾ ਪੈਂਦਾ ਸੀ। ਸਮਾਜ ਦੀ ਛੋਟੀ ਸੋਚ ਦੇ ਬਾਵਜੂਦ ਮੈਂ ਤੇ ਮੇਰੀਆਂ ਭੈਣਾਂ ਸਕੂਲ ਜਾਂਦੇ ਰਹੇ।

ਮੈਂ ਕਾਬੁਲ ਯੂਨੀਵਰਸਿਟੀ ਵਿੱਚ ਲੋਕ ਨੀਤੀ ਅਤੇ ਪ੍ਰਸ਼ਾਸਨ ਦੀ ਪੜ੍ਹਾਈ ਕੀਤੀ ਅਤੇ ਦੋ ਸਾਲ ਪਹਿਲਾਂ ਉਸ ਵਿੱਚ ਚੰਗੇ ਅੰਕਾਂ ਨਾਲ ਗ੍ਰੈਜੁਏਸ਼ਨ ਕੀਤੀ। ਪੂਰਾ ਸਮਾਂ ਮੈਨੂੰ ਮੇਰੇ ਪਿਤਾ ਦਾ ਸਹਿਯੋਗ ਮਿਲਦਾ ਰਿਹਾ।

ਕੁਝ ਸਾਲ ਪਹਿਲਾਂ ਮੈਂ ਕਾਬੁਲ ਵਿੱਚ ਆਪਣੀ ਭੈਣ ਦੇ ਨਾਲ ਇੱਕ ਕ੍ਰਿਕਟ ਮੈਚ ਦੇਖਣ ਗਈ। ਸਟੇਡੀਅਮ ਵਿੱਚ ਜ਼ਿਆਦਾ ਔਰਤਾਂ ਨਹੀਂ ਸਨ ਅਤੇ ਸਾਡੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ ਗਈਆਂ।

ਲੋਕ ਸਾਡੀ ਆਲੋਚਨਾ ਕਰਨ ਲੱਗੇ ਅਤੇ ਇਹ ਕਹਿੰਦੇ ਹੋਏ ਸਾਡੀ ਨਿੰਦਾ ਕਰਨ ਲੱਗੇ ਕਿ ਅਸੀਂ ਬੇਸ਼ਰਮੀ ਨਾਲ ਮਰਦਾਂ ਕੋਲ ਬੈਠੀਆਂ ਹੋਈਆਂ ਸੀ। ਕੁਝ ਲੋਕਾਂ ਨੇ ਕਿਹਾ ਕਿ ਅਸੀਂ ਜਿਸਮਫਿਰੋਸ਼ੀ ਕਰ ਰਹੀਆਂ ਸਨ ਅਤੇ ਸਾਨੂੰ ਅਮਰੀਕੀਆਂ ਨੇ ਕੀਮਤ ਅਦਾ ਕੀਤੀ ਸੀ।

ਇਹ ਵੀ ਪੜ੍ਹੋ:

ਜਦੋਂ ਮੇਰੇ ਪਿਤਾ ਨੇ ਫੇਸਬੁੱਕ 'ਤੇ ਕੁਝ ਟਿੱਪਣੀਆਂ ਦੇਖੀਆਂ ਤਾਂ ਮੈਨੂੰ ਦੇਖਦੇ ਹੋਏ ਕਿਹਾ, "ਪਿਆਰੀ ਬੇਟੀ। ਤੂੰ ਸਹੀ ਕੀਤਾ। ਮੈਨੂੰ ਖੁਸ਼ੀ ਹੈ ਕਿ ਤੂੰ ਕੁਝ ਅਜਿਹੇ ਬੇਹੂਦਾ ਲੋਕਾਂ ਨੂੰ ਤਕਲੀਫ਼ ਪਹੁੰਚਾਈ ਹੈ। ਜ਼ਿੰਦਗੀ ਛੋਟੀ ਹੈ ਜਿੰਨਾ ਚਾਹੋ ਇਸਦਾ ਆਨੰਦ ਮਾਣ ਲਵੋ।"

ਮੇਰੇ ਪਿਤਾ ਦੀ ਇਸ ਸਾਲ ਦੀ ਸ਼ੁਰੂਆਤ 'ਚ ਕੈਂਸਰ ਨਾਲ ਮੌਤ ਹੋ ਗਈ। ਮੈਂ ਇੱਕ ਅਜਿਹਾ ਸ਼ਖ਼ਸ ਨੂੰ ਗੁਆ ਦਿੱਤਾ, ਜਿਸ ਨੇ ਮੈਨੂੰ ਉਸ ਮੁਕਾਮ ਤੱਕ ਪਹੁੰਚਾਉਣ ਲਈ ਹਰ ਸਹਾਰਾ ਦਿੱਤਾ, ਜਿਸ ਮੁਕਾਮ 'ਤੇ ਅੱਜ ਮੈਂ ਹਾਂ। ਫਿਰ ਵੀ ਮੈਂ ਜਾਣਦੀ ਹਾਂ ਕਿ ਉਹ ਹਮੇਸ਼ਾ ਮੇਰੇ ਨਾਲ ਬਣੇ ਰਹਿਣਗੇ।

ਔਕਸਫੋਰਡ ਯੂਨੀਵਰਸਿਟੀ 'ਚ ਪੜ੍ਹਨ ਦਾ ਸੁਪਨਾ

ਤਿੰਨ ਸਾਲ ਪਹਿਲਾਂ ਮੈਂ ਗਜ਼ਨੀ ਸਥਿਤ ਆਪਣੇ ਮੂਲ ਪਿੰਡ 'ਚ ਕੁੜੀਆਂ ਲਈ ਇੱਕ ਸਕੂਲ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਸਦੇ ਲਈ ਮੈਂ ਆਪਣੇ ਪਿਤਾ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਸੀਮਾਵਾਂ ਕਾਰਨ ਇਹ ਲਗਪਗ ਨਾਮੁਮਕਿਨ ਹੋਵੇਗਾ।

ਇੱਥੋਂ ਤੱਕ ਕਿ ਮੁੰਡਿਆ ਲਈ ਵੀ ਸੁਰੱਖਿਆ ਕਾਰਨਾਂ ਕਰਕੇ ਸਕੂਲ ਖੋਲ੍ਹਣਾ ਮੁਸ਼ਕਿਲ ਹੋਵੇਗਾ। ਮੇਰੇ ਪਿਤਾ ਨੇ ਸੋਚਿਆ ਕਿ ਸਕੂਲ ਨੂੰ ਧਾਰਮਿਕ ਮਦਰੱਸਾ ਦਾ ਨਾਂ ਦੇਣ ਨਾਲ ਸ਼ਾਇਦ ਸਾਡੀ ਮੰਸ਼ਾ ਪੂਰੀ ਹੋ ਸਕੇ।

Image copyright Promote-WIE

ਪਰ ਮੈਂ ਆਪਣੇ ਜੱਦੀ ਪਿੰਡ ਤੱਕ ਨਹੀਂ ਪਹੁੰਚ ਸਕੀ। ਕਿਉਂਕਿ ਇਹ ਬੇਹੱਦ ਖ਼ਤਰਨਾਕ ਸੀ। ਮੈਨੂੰ ਅਤੇ ਮੇਰੀ ਇੱਕ ਭੈਣ ਨੂੰ ਭਰੋਸਾ ਹੈ ਕਿ ਅਸੀਂ ਇੱਕ ਨਾ ਇੱਕ ਦਿਨ ਇਹ ਮੁਕਾਮ ਜ਼ਰੂਰ ਹਾਸਲ ਕਰਾਂਗੇ।

ਇਸ ਵਿਚਾਲੇ ਮੈਂ ਇੱਕ ਗ਼ੈਰ-ਸਰਕਾਰੀ ਸੰਗਠਨ ਦੇ ਨਾਲ ਔਰਤਾਂ ਦੀ ਸਿੱਖਿਆ, ਸਿਹਤ ਅਤੇ ਸਸ਼ਕਤੀਕਰਨ ਲਈ ਕੰਮ ਕਰਦੀ ਰਹੀ।

ਮੈਂ ਸਕੂਲ ਅਤੇ ਕਾਲਜਾਂ ਵਿੱਚ ਪੜ੍ਹਨ ਅਤੇ ਨੌਕਰੀ ਕਰਨ ਲਈ ਕੁੜੀਆਂ ਦੇ ਅਧਿਕਾਰਾਂ 'ਤੇ ਇੱਕ ਭਾਸ਼ਣ ਵੀ ਦਿੱਤਾ।

ਮੈਂ ਇੱਕ ਦਿਨ ਯੂਨੀਵਰਸਿਟੀ ਆਫ਼ ਔਕਸਫੋਰਡ ਵਿੱਚ ਪੜ੍ਹਨ ਦਾ ਸੁਪਨਾ ਦੇਖਿਆ ਹੈ।

ਜਦੋਂ ਵੀ ਮੈਂ ਕੌਮਾਂਤਰੀ ਯੂਨੀਵਰਸਿਟੀ ਦੀ ਰੈਕਿੰਗ ਦੇਖਦੀ ਹਾਂ ਤਾਂ ਔਕਸਫੋਰਡ ਨੂੰ ਪਹਿਲੇ ਜਾਂ ਦੂਜੇ ਨੰਬਰ 'ਤੇ ਦੇਖਦੀ ਹਾਂ। ਅਤੇ ਜਦੋਂ ਮੈਂ ਕਾਬੁਲ ਯੂਨੀਵਰਸਿਟੀ ਨਾਲ ਉਸਦੀ ਤੁਲਨਾ ਕਰਦੀ ਹਾਂ ਤਾਂ ਉਦਾਸ ਹੋ ਜਾਂਦੀ ਹੈ।

ਹਾਲਾਂਕਿ ਅਜਿਹਾ ਨਹੀਂ ਹੈ ਕਿ ਜਿੱਥੇ ਮੈਂ ਪੜ੍ਹਾਈ ਕੀਤੀ, ਮੈਂ ਉਸਦੀ ਧੰਨਵਾਦੀ ਨਹੀਂ ਹਾਂ।

ਮੈਨੂੰ ਖਾਲੀ ਸਮੇਂ ਵਿੱਚ ਪੜ੍ਹਨਾ ਪਸੰਦ ਹੈ। ਮੈਂ ਔਸਤਨ ਹਰ ਹਫ਼ਤੇ ਦੋ ਤੋਂ ਤਿੰਨ ਕਿਤਾਬਾਂ ਪੜ੍ਹ ਲੈਂਦੀ ਹਾਂ। ਪਾਓਲੋ ਕੋਏਲਹੋ ਮੇਰੇ ਪਸੰਦੀਦਾ ਲੇਖਕ ਹਨ।

'ਕੋਈ ਸਮਝੌਤਾ ਨਹੀਂ'

ਜਿੱਥੇ ਤੱਕ ਮੇਰੇ ਵਿਆਹ ਦਾ ਸਵਾਲ ਹੈ ਤਾਂ ਮੈਂ ਆਪਣਾ ਜੀਵਨ ਸਾਥੀ ਖ਼ੁਦ ਪਸੰਦ ਕਰਾਂਗੀ ਅਤੇ ਮੇਰੇ ਪਰਿਵਾਰ ਨੇ ਮੈਨੂੰ ਮੇਰੀ ਮਰਜ਼ੀ ਮੁਤਾਬਕ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

Image copyright Promote-WIE

ਚੰਗਾ ਹੋਵੇਗਾ ਕਿ ਮੈਨੂੰ ਅਜਿਹਾ ਸ਼ਖ਼ਸ ਮਿਲੇ ਜਿਸ 'ਚ ਮੇਰੇ ਪਿਤਾ ਵਰਗੇ ਗੁਣ ਮੌਜੂਦ ਹੋਣ। ਮੈਂ ਆਪਣੀ ਜ਼ਿੰਦਗੀ ਦਾ ਬਾਕੀ ਹਿੱਸਾ ਅਜਿਹੇ ਵਿਅਕਤੀ ਨਾਲ ਗੁਜ਼ਾਰਨਾ ਪਸੰਦ ਕਰਾਂਗੀ, ਜਿਸਦਾ ਰਵੱਈਆ ਮੇਰੇ ਵਾਂਗ ਹੋਵੇ। ਜੋ ਮੈਨੂੰ ਸਹਾਰਾ ਦੇਵੇ ਅਤੇ ਮੇਰੀ ਪਸੰਦ ਨੂੰ ਅਪਣਾ ਸਕੇ।

ਇਹ ਵੀ ਪੜ੍ਹੋ:

ਪਰਿਵਾਰ ਵੀ ਜ਼ਰੂਰੀ ਹੈ। ਕਦੇ-ਕਦੇ ਆਪਣੀ ਪਸੰਦ ਦੇ ਚੰਗੇ ਸ਼ਖ਼ਸ ਨਾਲ ਵਿਆਹ ਹੋ ਜਾਂਦਾ ਹੈ, ਪਰ ਉਸਦਾ ਪਰਿਵਾਰ ਮਨ ਮੁਤਾਬਕ ਨਹੀਂ ਹੁੰਦਾ।

ਮੈਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਕਰਨਾ ਚਾਹੁੰਦੀ ਹਾਂ, ਉਸ ਵਿੱਚ ਉਹ ਮੈਨੂੰ ਸਹਾਰਾ ਦੇਣ। ਜੇਕਰ ਉਹ ਵਿਰੋਧ ਕਰਨਗੇ ਤਾਂ ਮੈਂ ਉਨ੍ਹਾਂ ਦੀ ਸੋਚ ਬਦਲਣ ਦੀ ਕੋਸ਼ਿਸ਼ ਕਰਾਂਗੀ। ਮੈਂ ਜ਼ਿੰਦਗੀ ਵਿੱਚ ਜੋ ਹਾਸਲ ਕਰਨਾ ਚਾਹੁੰਦੀ ਹਾਂ, ਮੈਨੂੰ ਉਸ 'ਤੇ ਭਰੋਸਾ ਹੈ ਅਤੇ ਉਸ ਨਾਲ ਮੈਂ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੀ।

ਕੀ ਹੈ 100 ਵੂਮਨ?

ਬੀਬੀਸੀ 100 ਵੂਮਨ ਦੁਨੀਆਂ ਦੀਆਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਕ ਔਰਤਾਂ ਬਾਰੇ ਹੈ। ਬੀਬੀਸੀ ਹਰ ਸਾਲ ਇਸ ਸੀਰੀਜ਼ ਉਨ੍ਹਾਂ ਔਰਤਾਂ ਦੀ ਕਹਾਣੀ ਬਿਆਨ ਕਰਦਾ ਹੈ।

2018 ਮਹਿਲਾਵਾਂ ਲਈ ਇੱਕ ਅਹਿਮ ਸਾਲ ਰਿਹਾ ਹੈ। ਇਸ ਵਾਰ ਬੀਬੀਸੀ 100 ਵੂਮਨ ਵਿੱਚ ਤੁਸੀਂ ਪੜ੍ਹੋਗੇ ਉਨ੍ਹਾਂ ਔਰਤਾਂ ਦੀਆਂ ਕਹਾਣੀਆਂ ਜਿਹੜੀਆਂ ਆਪਣੇ ਹੌਸਲੇ ਅਤੇ ਜਨੂਨ ਨਾਲ ਆਪਣੇ ਆਲੇ-ਦੁਆਲੇ 'ਚ ਸਕਾਰਾਤਮਕ ਬਦਲਾਅ ਲਿਆ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)