ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨਾਲ ਭਾਰਤ ਵਰਗਾ ਸਲੂਕ ਨਹੀਂ ਹੋਵੇਗਾ - ਇਮਰਾਨ ਖ਼ਾਨ

ਇਮਰਾਨ ਖ਼ਾਨ

ਤਸਵੀਰ ਸਰੋਤ, AFP

ਕ੍ਰਿਸਮਸ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਨਵੇਂ ਪਾਕਿਸਤਾਨ ਵਿੱਚ ਇਹ ਧਿਆਨ ਰੱਖਿਆ ਜਾਵੇਗਾ ਕਿ ਘੱਟ-ਗਿਣਤੀਆਂ ਨੂੰ ਬਰਾਬਰੀ ਦੇ ਹੱਕ ਮਿਲਣ।

ਉਨ੍ਹਾਂ ਕਿਹਾ ਕਿ ਨਵੇਂ ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਿਆਂ ਨਾਲ ਭਾਰਤ ਵਰਗਾ ਸਲੂਕ ਨਹੀਂ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਇਮਰਾਨ ਖ਼ਾਨ ਨਸੀਰੂਦੀਨ ਸ਼ਾਹ ਦੇ ਮਾਮਲੇ ਵਿੱਚ ਵੀ ਅਜਿਹਾ ਬਿਆਨ ਦੇ ਚੁੱਕੇ ਹਨ।

ਫਿਲਮ ਅਦਾਕਾਰ ਨਸੀਰੂਦੀਨ ਸ਼ਾਹ ਨੇ ਯੂਪੀ ਦੇ ਬੁਲੰਦ ਸ਼ਹਿਰ ਵਿੱਚ ਮਾਰੇ ਗਏ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਬਾਰੇ ਕਿਹਾ ਸੀ ਕਿ ਇਸ ਦੇਸ ਵਿੱਚ ਪੁਲਿਸ ਇੰਸਪੈਕਟਰ ਨਾਲੋਂ ਗਊ ਦੀ ਕੀਮਤ ਜ਼ਿਆਦਾ ਹੈ।

ਇਸ ਤੋਂ ਬਾਅਦ ਭਾਰਤ ਵਿੱਚ ਸਿਆਸੀ ਬਹਿਸਬਾਜ਼ੀ ਗਰਮ ਹੋ ਗਈ ਸੀ ਅਤੇ ਨਸੀਰ ਨੂੰ ਦੇਸ ਦੇ ਗੱਦਾਰ ਤੱਕ ਕਹਿ ਦਿੱਤਾ ਗਿਆ ਸੀ।

ਬਹਿਸ ਗਰਮ ਹੁੰਦੀ ਦੇਖ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਬਿਆਨ ਦਿੱਤਾ ਸੀ।

ਉਨ੍ਹਾਂ ਨੇ ਆਪਣੀ ਸਰਕਾਰ ਦੇ 100 ਦਿਨ ਪੂਰੇ ਹੋਣ ’ਤੇ ਰੱਖੇ ਸਮਾਗਮ ਵਿੱਚ ਕਿਹਾ ਸੀ ਕਿ ਜੋ ਨਸੀਰ ਭਾਰਤ ਵਿੱਚ ਹੁਣ ਮਹਿਸੂਸ ਕਰ ਰਹੇ ਹਨ ਉਹ ਮੁਹੰਮਦ ਅਲੀ ਜਿਨ੍ਹਾ ਨੇ ਪਹਿਲਾਂ ਹੀ ਮਹਿਸੂਸ ਕਰ ਲਿਆ ਸੀ ਅਤੇ ਇਸੇ ਕਾਰਨ ਉਨ੍ਹਾਂ ਨੇ ਪਾਕਿਸਤਾਨ ਦੀ ਮੰਗ ਕੀਤੀ ਸੀ। ਕ੍ਰਿਸਮਸ ਮੌਕੇ ਵੀ ਉਨ੍ਹਾਂ ਨੇ ਇਹੀ ਗੱਲ ਦੁਹਰਾਈ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਉਨ੍ਹਾਂ ਭਾਰਤ ਬਾਰੇ ਅਜਿਹਾ ਬਿਆਨ ਦਿੱਤਾ ਹੋਵੇ। ਉਹ ਇਸ ਤੋਂ ਪਹਿਲਾਂ ਵੀ ਬਿਆਨਾਂ ਵਿੱਚ ਘਿਰ ਚੁੱਕੇ ਹਨ। ਪੇਸ਼ ਹਨ ਉਨ੍ਹਾਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਬਾਰੇ ਦਿੱਤੇ ਪੰਜ ਬਿਆਨ:

ਇਹ ਵੀ ਪੜ੍ਹੋ:

'ਮੋਦੀ ਨੂੰ ਦੱਸਾਂਗਾ ਘੱਟ ਗਿਣਤੀਆਂ ਨਾਲ ਕਿਵੇਂ ਵਤੀਰਾ ਕਰੀਦਾ'

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਸਰਕਾਰ ਦੇ 100 ਦਿਨਾਂ ਦੀਆਂ ਪ੍ਰਾਪਤੀਆਂ ਬਾਰੇ ਰੱਖੇ ਇੱਕ ਸਮਾਗਮ ਵਿੱਚ ਕਿਹਾ ਕਿ ਉਹ ਮੋਦੀ ਨੂੰ ਘੱਟ ਗਿਣਤੀਆਂ ਨਾਲ ਵਰਤਣਾ ਸਿਖਾਉਣਗੇ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਇਹ ਟਿੱਪਣੀ ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਵੱਲੋਂ ਭੀੜ ਵੱਲੋਂ ਕੀਤੇ ਜਾਂਦੇ ਕਤਲਾਂ ਉੱਪਰ ਕੀਤੀ ਟਿੱਪਣੀ ਤੋਂ ਛਿੜੇ ਵਿਵਾਦ ਬਾਰੇ ਕੀਤੀ ਸੀ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਸ ਦੇ ਜਵਾਬ ਵਿੱਚ ਨਸੀਰੂਦੀਨ ਸ਼ਾਹ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਮਰਾਨ ਆਪਣਾ ਦੇਸ ਸੰਭਾਲਣ। ਉਨ੍ਹਾਂ ਕਿਹਾ ਸੀ, “ਅਸੀਂ 70 ਸਾਲਾਂ ਤੋਂ ਇੱਕ ਲੋਕਤੰਤਰ ਵਜੋਂ ਰਹਿ ਰਹੇ ਹਾਂ ਤੇ ਆਪਣਾ ਖ਼ਿਆਲ ਰੱਖਣਾ ਜਾਣਦੇ ਹਾਂ।”

ਕਸ਼ਮੀਰ ਮਾਮਲਾ ਸੰਯੁਕਤ ਰਾਸ਼ਟਰ ਕੋਲ ਲਿਜਾਣਾ

ਸੰਯੁਕਤ ਰਾਸ਼ਟਰ ਦੇ ਬੁਲਾਰੇ ਮੁਤਾਬਕ ਇਮਰਾਨ ਖਾਨ ਨੇ ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਦੇ ਮੁਖੀ ਐਨਟੋਨੀਓ ਗੁਟਰਸ ਨੂੰ ਫੋਨ ਕਰਕੇ ਉਨ੍ਹਾਂ ਕੋਲ ਕਸ਼ਮੀਰ ਬਾਰੇ ਗੱਲਬਾਤ ਕੀਤੀ ਸੀ।

ਸੰਯੁਕਤ ਰਾਸ਼ਟਰ ਮਿਲਟਰੀ ਓਬਜ਼ਰਵਰ ਗਰੁੱਪ ਭਾਰਤ ਅਤੇ ਪਾਕਿਸਤਾਨ ਦੋਹਾਂ ਮੁਲਕਾਂ ਵਿੱਚ ਹਨ।

ਟਾਈਮਜ਼ ਆਫ ਇੰਡੀਆ ਨੇ ਖ਼ਬਰ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਲਿਖਿਆ ਸੀ ਕਿ ਸੰਯੁਕਤ ਰਾਸ਼ਟਰ ਦੇ ਬੁਲਾਰੇ ਮੁਤਾਬਕ ਇਮਰਾਨ ਖਾਨ ਸਕੱਤਰ ਜਰਨਲ ਨਾਲ ਗੱਲ ਕਰਨਾ ਚਾਹੁੰਦੇ ਸਨ ਅਤੇ ਗੱਲਬਾਤ ਹੋਈ।

ਇਸ ਗੱਲਬਾਤ ਵਿੱਚ ਖਾਨ ਨੇ ਕਸ਼ਮੀਰ ਦਾ ਮੁੱਦਾ ਉਨ੍ਹਾਂ ਕੋਲ ਚੁੱਕਿਆ ਅਤੇ ਸਕੱਤਰ ਜਰਨਲ ਦਾ ਦੇਸ ਪ੍ਰਮੁੱਖਾਂ ਨਾਲ ਗੱਲਬਾਤ ਕਰਨਾ ਰੁਟੀਨ ਗੱਲ ਹੈ।

ਇਸ ਤੋਂ ਪਹਿਲਾਂ ਵੀ ਇਮਰਾਨ ਕਸ਼ਮੀਰ ਦੇ ਲੋਕਾਂ ਵੱਲੋਂ ਆਪਣੇ ਭਵਿੱਖ ਦਾ ਫੈਸਲਾ ਲੈਣ ਦਾ ਹੱਕ ਦੇਣ ਦੀ ਗੱਲ ਚੁੱਕਦੇ ਰਹੇ ਹਨ।

ਪਾਕਿਸਤਾਨੀ ਅਖ਼ਬਾਰ ਡਾਅਨ ਮੁਤਾਬਕ ਇਮਰਾਨ ਨੇ ਗੁਟਰਸ ਨੂੰ ਕਿਹਾ ਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲਾ ਮਾਮਲਾ ਨਹੀਂ ਹੈ।

ਛੋਟੇ ਦਿਲਾਂ ਵਾਲੇ ਵੱਡੇ ਬੰਦੇ

ਇਮਰਾਨ ਖਾਨ ਨੇ 14 ਸਤੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਨਿਊ ਯਾਰਕ ਵਿੱਚ ਹੋਣ ਜਾ ਰਹੀ ਸੰਯੁਕਤ ਰਾਸ਼ਟਰ ਦੀ ਜਰਨਲ ਅਸੈਂਬਲੀ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਰੱਖ ਲੈਣੀ ਚਾਹੀਦੀ ਹੈ।

ਹਾਲਾਂਕਿ ਪਹਿਲਾਂ ਭਾਰਤ ਇਸ ਗੱਲ ਲਈ ਸਹਿਮਤ ਹੋ ਗਿਆ ਪਰ ਚੌਵੀ ਘੰਟਿਆਂ ਦੇ ਅੰਦਰ ਹੀ ਇਸ ਤੋਂ ਪਿੱਛੇ ਹਟ ਗਿਆ। ਭਾਰਤ ਨੇ ਇਸ ਪਿੱਛੇ ਤਰਕ ਦਿੱਤਾ ਸੀ ਕਿ ਪਾਕਿਸਤਾਨ ਕਸ਼ਮੀਰ ਵਿੱਚ ਉਸਦੇ ਫੌਜੀ ਮਾਰ ਰਿਹਾ ਹੈ ਅਤੇ ਦਹਿਸ਼ਤਗਰਦੀ ਦੇ ਸੋਹਲੇ ਗਾ ਰਿਹਾ ਹੈ।

ਇਸ ਉੱਪਰ ਇਮਰਾਨ ਖਾਨ ਨੇ ਨਿਰਾਸ਼ਾ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਭਾਰਤ ਦੀ ਇਸ ਹੰਕਾਰ ਨਾਲ ਭਰੀ ਪ੍ਰਤੀਕਿਰਿਆ ਤੋਂ ਨਿਰਾਸ਼ ਹੋਏ ਹਨ।

ਉਨ੍ਹਾਂ ਕਿਹਾ ਸੀ, “ਹਾਲਾਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹੇ ਛੋਟੇ ਲੋਕਾਂ ਨੂੰ ਮਿਲਿਆ ਹਾਂ ਜੋ ਵੱਡੇ ਅਹੁਦਿਆਂ ’ਤੇ ਹਨ ਪਰ ਉਨ੍ਹਾਂ ਕੋਲ ਸਮੁੱਚੀ ਤਸਵੀਰ ਨੂੰ ਦੇਖਣ ਦੀ ਨਜ਼ਰ ਨਹੀਂ ਹੁੰਦੀ।”

ਕਸ਼ੀਮੀਰੀਆਂ ਨੂੰ ਫੈਸਲੇ ਦਾ ਹੱਕ ਹੋਵੇ

16 ਦਸੰਬਰ ਨੂੰ ਇਮਰਾਨ ਖਾਨ ਨੇ ਟਵੀਟ ਕਰਕੇ ਭਾਰਤੀ ਕਸ਼ਮੀਰ ਦੇ ਪੁਲਵਾਮਾ ਵਿੱਚ ਮਾਰੇ ਗਏ ਕਸ਼ਮੀਰੀਆਂ ਖਿਲਾਫ਼ ਰੋਸ ਪ੍ਰਗਟ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਹਿੰਸਾ ਨਾਲ ਨਹੀਂ ਸਗੋਂ ਗੱਲਬਾਤ ਨਾਲ ਹੀ ਤਣਾਅ ਦੂਰ ਹੋਵੇਗਾ।

ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ ਅਤੇ ਕਸ਼ਮੀਰ ਵਿੱਚ ਰਾਇਸ਼ੁਮਾਰੀ ਦੀ ਹਮਾਇਤ ਕਰਦਿਆਂ ਲਿਖਿਆ ਕਿ ਕਸ਼ਮੀਰੀਆਂ ਨੂੰ ਆਪਣੇ ਭਵਿੱਖ ਦਾ ਫੈਸਲਾ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ 22 ਅਕਤੂਬਰ ਨੂੰ ਉਨ੍ਹਾਂ ਨੇ ਕਸ਼ਮੀਰ ਵਿੱਚ ਲੋਕਾਂ ਦੇ ਮਾਰੇ ਜਾਣ ਦੀ ਨਿੰਦਾ ਕੀਤੀ ਅਤੇ ਨਾਲ ਹੀ ਨਸੀਹਤ ਵੀ ਦਿੱਤੀ ਕਿ ਭਾਰਤ ਨੂੰ ਸਮਝਣਾ ਚਾਹੀਦਾ ਹੈ ਕਿ ਕਸ਼ਮੀਰ ਦਾ ਮਸਲਾ ਸੰਯੁਕਤ ਰਾਸ਼ਟਰ ਸੁਰੱਖਿਆ ਕਾਊਂਸਲ ਦੇ ਮਤਿਆਂ ਅਤੇ ਕਸ਼ਮੀਰੀਆਂ ਦੀਆਂ ਖ਼ਾਹਿਸ਼ਾਂ ਮੁਤਾਬਕ ਹੀ ਹੋ ਸਕਦਾ ਹੈ।

ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਤੇ ਭਾਰਤ ਨੂੰ ਸਲਾਹ

ਨਵਜੋਤ ਸਿੰਘ ਸਿੱਧੂ ਨੂੰ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਜਾਣ ਤੋਂ ਪਹਿਲਾਂ ਅਤੇ ਫੇਰ ਉੱਥੇ ਪਾਈ ਪਾਕਿਸਤਾਨੀ ਫੌਜ ਦੇ ਮੁਖੀ ਜਰਨਲ ਬਾਜਵਾ ਨੂੰ ਪਾਈ ਜੱਫ਼ੀ ਕਾਰਨ ਭਾਰਤ ਵਿੱਚ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਇਮਰਾਨ ਖਾਨ ਨੇ ਆਪਣੇ ਦੋਸਤ ਦਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੂ ਦੀ ਆਲੋਚਨਾ ਕਰਨ ਵਾਲਿਆਂ ਦੇ ਚੂੰਢੀ ਵੀ ਵੱਢੀ।

ਉਨ੍ਹਾਂ ਕਿਹਾ ਸੀ, “ਜੋ ਲੋਕ ਭਾਰਤ ਵਿੱਚ ਉਨ੍ਹਾਂ (ਸਿੱਧੂ) ਦੀ ਆਲੋਚਨਾ ਕਰ ਰਹੇ ਹਨ ਉਹ ਉਪਮਹਾਂਦੀਪ ਵਿੱਚ ਸ਼ਾਂਤੀ ਨੂੰ ਨੁਕਸਾਨ ਪਹੁੰਚਾ ਰਹੇ ਹਨ— ਸ਼ਾਂਤੀ ਤੋਂ ਬਿਨਾਂ ਸਾਡੇ ਲੋਕ ਤਰਕੀ ਨਹੀਂ ਕਰ ਸਕਦੇ।”

ਇਸ ਤੋਂ ਬਾਅਦ ਇਮਰਾਨ ਨੇ ਇੱਕ ਹੋਰ ਟਵੀਟ ਕੀਤਾ:

ਉਨ੍ਹਾਂ ਲਿਖਿਆ, “ਅੱਗੇ ਵਧਣ ਲਈ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਕਸ਼ਮੀਰ ਸਮੇਤ ਸਾਰੇ ਮੁੱਦੇ ਸੁਲਝਾਉਣੇ ਚਾਹੀਦੇ ਹਨ। ਉੱਪ-ਮਹਾਂਦੀਪ ਦੇ ਲੋਕਾਂ ਦੀ ਗਰੀਬੀ ਦੇ ਖਾਤਮੇ ਲਈ ਸਾਨੂੰ ਆਪਣੇ ਮਸਲੇ ਗੱਲਬਾਤ ਨਾਲ ਸੁਲਝਾ ਕੇ ਵਪਾਰ ਸ਼ੁਰੂ ਕਰਨਾ ਪਵੇਗਾ।”

ਇਹ ਵੀ ਪੜ੍ਹੋ:

ਇਮਰਾਨ ਖਾਨ ਬਾਰੇ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ ਦੇ ਵਲੌਗ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)