ਇੰਡੋਨੇਸ਼ੀਆ ਸੁਨਾਮੀ : ਸੈਵਨਟੀਨ ਬੈਂਡ ਸਟੇਜ 'ਤੇ ਪੇਸ਼ਕਾਰੀ ਦੌਰਾਨ ਰੁੜ੍ਹ ਗਿਆ, ਮੁੜ ਕੇ ਸੁਨਾਮੀ ਆਉਣ ਦਾ ਅਲਰਟ

ਤਸਵੀਰ ਸਰੋਤ, Social media
ਪੇਸ਼ਕਾਰੀ ਦੌਰਾਨ ਸੈਵਨਟੀਨ ਬੈਂਡ
ਇੰਡੋਨੇਸ਼ੀਆ ਦਾ ਪ੍ਰਸਿੱਧ ਰੌਕ ਬੈਂਡ ਸੈਵਨਟੀਨ ਉਦੋਂ ਸਟੇਜ ਉੱਤੇ ਆਪਣੇ ਫਨ ਦਾ ਮੁਜ਼ਾਹਰਾ ਕਰ ਰਿਹਾ ਸੀ ਜਦੋਂ ਸਮੁੰਦਰ ਵਿੱਚੋਂ ਉੱਠੀਆਂ ਉੱਚੀਆਂ ਤੇ ਭਿਆਨਕ ਲਹਿਰਾਂ ਸਟੇਜ ਨਾਲ ਟਕਰਾ ਗਈਆਂ।
ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ ਦੇ ਤਾਨਜੰਗ ਲੇਸੰਗ ਬੀਚ ਉੱਤੇ ਸ਼ਨੀਵਾਰ ਰਾਤ ਨੂੰ ਸੁਨਾਮੀ ਆਈ। ਤਕਰੀਬਨ 373 ਲੋਕਾਂ ਦੀ ਮੌਤ ਹੋ ਗਈ ਅਤੇ 1400 ਦੇ ਕਰੀਬ ਜ਼ਖ਼ਮੀ ਹੋ ਗਏ। ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਪੈਂਡੇਗਲੈਂਗ ਹੈ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਵੇਂ ਸੁਨਾਮੀ ਭੂਚਾਲ ਕਰਕੇ ਆਉਂਦੀ ਪਰ ਇਹ ਸੁਨਾਮੀ ਅਨਕ ਕ੍ਰੇਕਾਟੋਆ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸੁਮੰਦਰ ਦੇ ਅੰਦਰ ਹੋਈ ਹਲਚਲ ਕਾਰਨ ਆਈ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹੁਣ ਵੀ ਬੀਚ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਵਾਲਾਮੁਖੀ ਹਾਲੇ ਵੀ ਸਰਗਰਮ ਹੈ ਅਤੇ ਮੁੜ ਕੇ ਸਮੁੰਦਰ ਵਿੱਚ ਹਲਚਲ ਹੋ ਸਕਦੀ ਹੈ, ਨਤੀਜਾ ਇਹ ਵੀ ਹੋ ਸਕਦਾ ਕਿ ਮੁੜ ਕੇ ਸੁਨਾਮੀ ਦੇ ਹਾਲਾਤ ਬਣ ਸਕਦੇ ਹਨ।
ਇਹ ਵੀ ਪੜ੍ਹੋ:
ਤਸਵੀਰ ਸਰੋਤ, Getty Images
ਘਟਨਾ ਸਥਾਨ ਦੀਆਂ ਤਸਵੀਰਾਂ ਇਹ ਬਿਆਨ ਕਰਦੀਆਂ ਹਨ ਕਿ ਲਹਿਰਾਂ ਜਿਵੇਂ ਹੀ ਸਟੇਜ ਨਾਲ ਟਕਰਾਈਆਂ ਤਾਂ ਪਰਫੌਰਮ ਕਰ ਰਹੇ ਬੈਂਡ ਦੇ ਮੈਂਬਰ ਅਤੇ ਸਰੋਤੇ ਪਾਣੀ ਵਿੱਚ ਵਹਿ ਗਏ।
ਇਸ ਗਰੁੱਪ ਨਾਲ ਸਬੰਧਤ ਗਾਇਕ ਰੀਫੇਆਨ ਫਾਜਾਰਸ਼ਾਅ ਨੇ ਰੋਂਦਿਆਂ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਪਾਇਆ ਅਤੇ ਦੱਸਿਆ ਕਿ ਬੈਂਡ ਦੇ ਮੈਂਬਰ ਅਤੇ ਮੈਨੇਜਰ ਦੀ ਮੌਤ ਹੋ ਗਈ ਹੈ।
ਇਸ ਬੈਂਡ ਦੇ 3 ਹੋਰ ਮੈਂਬਰ ਅਜੇ ਵੀ ਲਾਪਤਾ ਹਨ ਜਿਨ੍ਹਾਂ ਵਿੱਚ ਰੀਫੇਆਨ ਦੀ ਪਤਨੀ ਵੀ ਸ਼ਾਮਲ ਹੈ।
ਜੈਕ ਨਾਮ ਦੇ ਗਾਇਕ ਨੇ ਇੰਸਟਾਗ੍ਰਾਮ ਉੱਤੇ ਵੀਡੀਓ ਪਾ ਕੇ ਸਹੀ ਸਲਾਮਤ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਬੈਂਡ ਦੇ ਮੈਂਬਰ ਜੈਕ ਇਸ ਲਈ ਬਚ ਗਏ ਕਿਉਂਕਿ ਉਹ ਇਸ ਪਰਫੌਰਮੈਂਸ ਵੇਲੇ ਸਟੇਜ ਉੱਤੇ ਨਹੀਂ ਸਨ।
ਖਬਰ ਏਜੰਸੀ ਰਾਇਟਰਸ ਮੁਤਾਬਕ ਉਸ ਨੇ ਕਿਹਾ,''ਆਖ਼ਰੀ ਪਲਾਂ ਵਿੱਚ ਮੈਨੂੰ ਇੱਕ ਵਾਰ ਤਾਂ ਲੱਗਿਆ ਕਿ ਮੇਰਾ ਸਾਹ ਟੁੱਟ ਜਾਵੇਗਾ ਪਰ ਮੈਂ ਬਚ ਗਿਆ।''
ਕਦੋਂ ਆਈ ਸੁਨਾਮੀ
ਜਿਸ ਥਾਂ ਸੁਨਾਮੀ ਆਈ ਹੈ, ਇਹ ਤੱਟੀ ਖੇਤਰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉੱਤਰ-ਪੂਰਬ ਵਿੱਚ ਪੈਂਦਾ ਹੈ ਜਿੱਥੇ ਸ਼ਨੀਵਾਰ ਰਾਤ ਨੂੰ ਸਥਾਨਕ ਸਮੇਂ ਮੁਤਾਬਕ ਸਾਢੇ 9 ਵਜੇ ਸੁਮੰਦਰੀ ਲਹਿਰਾਂ ਟਕਰਾਈਆਂ।
ਸੁੰਡਾ ਸਟ੍ਰੇਟ ਜਾਵਾ ਅਤੇ ਸਮਾਤਰਾ ਟਾਪੂਆਂ ਵਿਚਾਲੇ ਪੈਂਦਾ ਹੈ। ਇਹ ਇੰਡੀਅਨ ਓਸ਼ਨਜ਼ ਨੂੰ ਜਾਵਾ ਸਮੁੰਦਰ ਨਾਲ ਵੀ ਜੋੜਦਾ ਹੈ।
ਇਹ ਵੀ ਪੜ੍ਹੋ:
ਤਸਵੀਰ ਸਰੋਤ, Getty Images
ਚਸ਼ਮਦੀਦ ਦਾ ਬਿਆਨ
ਓਏਸਟੀਨ ਲੈਂਡ ਐਂਡਰਸੇਨ ਨੋਰਵੇ ਮੂਲ ਦੇ ਫੋਟੋਗ੍ਰਾਫਰ ਹਨ। ਉਹ ਸੁਨਾਮੀ ਵੇਲੇ ਇਸ ਖੇਤਰ ਵਿੱਚ ਮੌਜੂਦ ਸਨ।
ਐਂਡਰਸੇਨ ਨੇ ਬੀਬੀਸੀ ਨੂੰ ਦੱਸਿਆ, ''ਦੋ ਵੱਡੀਆਂ ਲਹਿਰਾਂ ਉੱਠੀਆਂ ਅਤੇ ਦੂਜੀ ਲਹਿਰ ਨੇ ਹੀ ਸਭ ਤੋਂ ਵੱਧ ਤਬਾਹੀ ਮਚਾਈ। ਮੈਂ ਆਪਣੇ ਪਰਿਵਾਰ ਨਾਲ ਇੱਥੇ ਆਇਆ ਹੋਇਆ ਸੀ।''
''ਮੈਂ ਕਿਸੇ ਤਰ੍ਹਾਂ ਹੋਟਲ ਪਹੁੰਚਿਆ, ਸੌਂ ਰਹੀ ਆਪਣੀ ਪਤਨੀ ਤੇ ਬੱਚੇ ਨੂੰ ਉਠਾਇਆ। ਮੈਂ ਖਿੜਕੀ ਵਿੱਚੋਂ ਦੂਜੀ ਲਹਿਰ ਦੇਖੀ ਜਿਸਨੇ ਹੋਟਲ ਨੂੰ ਲਪੇਟ ਵਿੱਚ ਲੈ ਲਿਆ। ਲਹਿਰ ਹੋਟਲ ਨੂੰ ਪਾਰ ਕਰਦੀ ਹੋਈ ਗੱਡੀਆਂ ਰੋੜ ਕੇ ਅੱਗੇ ਲੈ ਗਈ। ਮੈਂ ਅਤੇ ਹੋਰ ਲੋਕ ਹੋਟਲ ਦੇ ਨੇੜੇ ਜੰਗਲ ਵਿੱਚ ਭੱਜ ਗਏ।''
ਤਸਵੀਰ ਸਰੋਤ, Getty Images
'ਕਾਰਾਂ ਅਤੇ ਕੰਟੇਨਰ ਹਵਾ ਵਿੱਚ ਤਕਰੀਬਨ 30 ਫੁੱਟ ਤੱਕ ਉੱਛਲੇ'
ਅਸਪ ਪੇਰਾਂਗਕਟ ਨੇ ਖ਼ਬਰ ਏਜੰਸੀ ਏਐੱਫਪੀ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਜਾਵਾ ਦੇ ਕੈਰੀਟਾ ਬੀਚ ਉੱਤੇ ਸੀ ਜਦੋਂ ਲਹਿਰਾਂ ਉੱਠੀਆਂ ।
ਉਸਨੇ ਅੱਗੇ ਦੱਸਿਆ, ''ਕਾਰਾਂ ਅਤੇ ਕੰਟੇਨਰ ਹਵਾ ਵਿੱਚ ਤਕਰੀਬਨ 30 ਫੁੱਟ ਤੱਕ ਉੱਛਲਦੇ ਦਿਖਾਈ ਦਿੱਤੇ। ਬੀਚ ਨੇੜਲੀਆਂ ਇਮਾਰਤਾਂ, ਦਰਖਤ, ਬਿਜਲੀ ਦੇ ਖੰਬੇ ਪੱਟੇ ਗਏ।''
ਤਬਾਹੀ ਦਾ ਅਸਲ ਕਾਰਨ
ਆਮ ਤੌਰ ਤੇ ਸੁਨਾਮੀ ਦਾ ਕਾਰਨ ਭੂਚਾਲ ਹੁੰਦਾ ਹੈ। ਮਾਹਿਰਾਂ ਮੁਤਾਬਕ ਧਰਤੀ ਹੇਠਾਂ ਪਲੇਟਾਂ ਬਣੀਆਂ ਹੁੰਦੀਆਂ ਹਨ। ਜਦੋਂ ਵੀ ਕੋਈ ਜ਼ਮੀਨੀ ਹਲਚਲ ਹੁੰਦੀ ਹੈ ਤਾਂ ਇਹ ਪਲੇਟਸ ਆਪਸ ਵਿੱਚ ਟਕਰਾ ਜਾਂਦੀਆਂ ਹਨ।
ਕਈ ਵਾਰ ਜਦੋਂ ਇਹ ਟਕਰਾਅ ਦੌਰਾਨ ਇੱਕ ਦੂਜੇ ਦੇ ਉੱਤੇ ਚੜ੍ਹ ਜਾਂਦੀਆਂ ਹਨ ਤਾਂ ਇਹ ਭੂਚਾਲ ਦਾ ਕਾਰਨ ਬਣਦੀਆਂ ਹਨ।
ਤਸਵੀਰ ਸਰੋਤ, GALLO IMAGES/ORBITAL HORIZON/COPERNICUS SENTIN
ਭੂਚਾਲ ਦੀ ਕੋਈ ਚੇਤਾਵਨੀ ਨਹੀਂ ਸੀ ਅਤੇ ਮੌਸਮ ਵੀ ਠੀਕ ਸੀ। ਸਮੁੰਦਰ ਵਿੱਚੋਂ ਜਦੋਂ ਪਹਿਲੀਆਂ ਲਹਿਰਾਂ ਉੱਠੀਆਂ ਤਾਂ ਇੰਡੋਨੇਸ਼ੀਆ ਦੀਆਂ ਏਜੰਸੀਆਂ ਨੇ ਇਸ ਨੂੰ ਆਮ ਜਵਾਰਭਾਟਾ ਕਿਹਾ।
ਪਰ ਬਾਅਦ ਵਿੱਚ ਪਤਾ ਲੱਗਿਆ ਕਿ ਅਸਲ ਵਿੱਚ ਇਹ ਅਨਕ ਕ੍ਰੇਕਾਟੋਆ ਜਵਾਲਾਮੁਖੀ ਦੇ ਫੱਟਣ ਕਾਰਨ ਸਮੁੰਦਰੀ ਤਲ 'ਤੇ ਹੋਏ ਹਲਚਲ ਦਾ ਨਤੀਜਾ ਸੀ। ਲੋਕ ਸੁੱਤੇ ਪਏ ਸਨ ਇਸ ਲਈ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਇਹੀ ਤਬਾਹੀ ਦਾ ਕਾਰਨ ਬਣਿਆ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: