ਮੂੰਗਫਲੀ ਖਾਣੀ ਵੀ ਹੋ ਸਕਦੀ ਹੈ ਜਾਨਲੇਵਾ

  • ਡਾ. ਅਲੈਗਜ਼ੈਂਡਰਾ ਸੈਨਟੋਸ
  • ਕਿੰਗਜ਼ ਕਾਲਜ ਲੰਡਨ
peanuts

ਤਸਵੀਰ ਸਰੋਤ, Getty Images

ਦੁਨੀਆਂ ਭਰ ਵਿੱਚ ਬੱਚੇ ਭੋਜਨ ਤੋਂ ਹੋਣ ਵਾਲੀ ਐਲਰਜੀ ਤੋਂ ਪਹਿਲਾਂ ਨਾਲੋਂ ਵਧੇਰੇ ਸ਼ਿਕਾਰ ਹੋ ਰਹੇ ਹਨ।

ਹਾਲ ਹੀ ਵਿੱਚ ਤਿਲ ਅਤੇ ਮੂੰਗਫਲੀ ਖਾਣ ਕਾਰਨ ਦੋ ਬਰਤਾਨਵੀ ਨਾਬਾਲਿਗਾਂ ਦੀ ਮੌਤ ਨੇ ਫਿਕਰ ਵਧਾ ਦਿੱਤੀ ਹੈ। ਅਗਸਤ ਵਿੱਚ ਡੇਅਰੀ ਪ੍ਰੋਡਕਟ ਤੋਂ ਐਲਰਜੀ ਕਾਰਨ ਇੱਕ ਛੇ ਸਾਲਾ ਬੱਚੀ ਦੀ ਪੱਛਮੀ ਆਸਟਰੇਲੀਆ ਵਿੱਚ ਮੌਤ ਹੋ ਗਈ।

ਹਾਲ ਦੇ ਦਹਾਕਿਆਂ ਵਿੱਚ ਪੱਛਮੀ ਦੇਸਾਂ ਵਿੱਚ ਖਾਸ ਤੌਰ 'ਤੇ ਐਲਰਜੀ ਵਿੱਚ ਵਾਧਾ ਨਜ਼ਰ ਆ ਰਿਹਾ ਹੈ। ਹੁਣ ਯੂਕੇ ਵਿੱਚ 7% ਬੱਚਿਆਂ ਨੂੰ ਭੋਜਨ ਤੋਂ ਐਲਰਜੀ ਹੈ ਅਤੇ ਆਸਟ੍ਰੇਲੀਆ ਵਿੱਚ 9% ਬੱਚੇ ਇਸ ਤੋਂ ਪ੍ਰਭਾਵਿਤ ਹਨ। ਉਦਾਹਰਣ ਵਜੋਂ ਯੂਰਪ ਵਿੱਚ 2% ਬਾਲਗਾਂ ਨੂੰ ਖਾਣੇ ਦੀ ਐਲਰਜੀ ਹੈ।

ਹਾਲੇ ਇਹ ਕਹਿਣਾ ਮੁਸ਼ਕਿਲ ਹੈ ਕਿ ਐਲਰਜੀ ਕਿਉਂ ਵੱਧ ਰਹੀ ਹੈ। ਦੁਨੀਆ ਭਰ ਵਿੱਚ ਸਰਵੇਖਣਕਰਤਾ ਇਸ ਬਾਰੇ ਪਤਾ ਲਗਾਉਣ ਅਤੇ ਇਸ ਦੇ ਖਿਲਾਫ਼ ਲੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਐਲਰਜੀ ਕਿਉਂ ਹੁੰਦੀ ਹੈ?

ਕੋਈ ਵੀ ਐਲਰਜੀ ਪ੍ਰਤੀਰੋਧਕ ਪ੍ਰਣਾਲੀ (ਇਮਿਊਨ ਸਿਸਟਮ) ਦੇ ਵਾਤਾਵਰਨ ਨਾਲ ਲੜਨ ਵਾਲੇ ਪਦਾਰਥਾਂ ਦੇ ਕਾਰਨ ਹੁੰਦੀ ਹੈ ਜਿਸ ਨੂੰ 'ਐਲਰਜਨ' ਕਿਹਾ ਜਾਂਦਾ ਹੈ ਅਤੇ ਇਹ ਨੁਕਸਾਨ ਪਹੁੰਚਾਉਣ ਵਾਲੇ ਨਹੀਂ ਹੁੰਦੇ।

ਇਹ ਵੀ ਪੜ੍ਹੋ:

ਇਨ੍ਹਾਂ ਤੱਤਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਸ ਕਾਰਨ ਐਲਰਜੀ ਹੁੰਦੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੰਕੇਤਕ ਤਸਵੀਰ

ਇਸ ਕਾਰਨ ਚਮੜੀ ਲਾਲ ਹੋ ਸਕਦੀ ਹੈ ਜਾਂ ਫਿਰ ਸੋਜ ਵੀ ਹੋ ਸਕਦੀ ਹੈ। ਗੰਭੀਰ ਮਾਮਲਿਆਂ ਵਿੱਚ - ਉਲਟੀਆਂ, ਦਸਤ, ਸਾਹ ਲੈਣ ਵਿੱਚ ਦਿੱਕਤ ਅਤੇ ਐਨਾਫਾਈਲਟਿਕ ਸਦਮਾ (ਅਜਿਹੀ ਐਲਰਜੀ ਜਿਸ ਕਾਰਨ ਜ਼ਿੰਦਗੀ ਨੂੰ ਵੀ ਖਤਰਾ ਹੋ ਸਕਦਾ ਹੈ) ਵਰਗੇ ਹਾਲਾਤ ਵੀ ਬਣ ਸਕਦੇ ਹਨ।

ਕੁਝ ਭੋਜਨ ਜਿਨ੍ਹਾਂ ਕਾਰਨ ਹੁੰਦੀ ਹੈ ਐਲਰਜੀ:

  • ਦੁੱਧ
  • ਆਂਡੇ
  • ਮੂੰਗਫਲੀ
  • ਗਿਰੀਆਂ (ਜਿਵੇਂ ਕਿ ਅਖਰੋਟ, ਬਦਾਮ)
  • ਤਿਲ
  • ਮੱਛੀ
  • ਸ਼ੈੱਲਫਿਸ਼  

ਪਿਛਲੇ 30 ਸਾਲਾਂ ਵਿੱਚ ਭੋਜਨ ਤੋਂ ਐਲਰਜੀ ਦੇ ਮਾਮਲੇ ਵਧੇ ਹਨ, ਖਾਸ ਕਰਕੇ ਸਨਅਤੀ ਸਮਾਜ ਵਿੱਚ। ਐਲਰਜੀ ਵਿੱਚ ਵਾਧਾ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ ਅਤੇ ਕਿਹੜਾ ਖਾਣਾ ਖਾਂਦੇ ਹੋ।

ਉਦਾਹਰਨ ਵਜੋਂ ਯੂਕੇ ਵਿੱਚ 1995 ਤੋਂ 2016 ਵਿਚਾਲੇ ਮੂੰਗਫਲੀ ਤੋਂ ਐਲਰਜੀ ਦੇ ਮਾਮਲੇ 5 ਗੁਣਾਂ ਵਧੇ ਹਨ।

ਇੱਕ ਸਰਵੇਖਣ ਅਨੁਸਾਰ ਆਸਟਰੇਲੀਆ ਵਿੱਚ ਫੂਡ ਐਲਰਜੀ ਦੀ ਦਰ ਸਭ ਤੋਂ ਵੱਧ ਹੈ। ਆਸਟਰੇਲੀਆ ਵਿੱਚ ਇੱਕ ਸਾਲ ਦੇ 9 ਫੀਸਦੀ ਬੱਚਿਆਂ ਨੂੰ ਆਂਡਿਆਂ ਤੋਂ ਐਲਰਜੀ ਹੋਈ ਹੈ, ਜਦਕਿ 3 ਫੀਸਦੀ ਬੱਚਿਆਂ ਨੂੰ ਮੂੰਗਫਲੀ ਤੋਂ ਐਲਰਜੀ ਦੇ ਮਾਮਲੇ ਸਾਹਮਣੇ ਆਏ ਹਨ।

ਐਲਰਜੀ ਵਿੱਚ ਵਾਧੇ ਦਾ ਕਾਰਨ ਸਿਰਫ਼ ਇਹ ਨਹੀਂ ਹੈ ਕਿ ਸਮਾਜ ਇਸ ਬਾਰੇ ਵਧੇਰੇ ਜਾਗਰੂਕ ਹੋ ਰਿਹਾ ਹੈ ਅਤੇ ਇਨ੍ਹਾਂ ਦਾ ਇਲਾਜ ਬਿਹਤਰ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਕਿਆਸ ਵੀ ਲਾਏ ਜਾ ਰਹੇ ਹਨ ਕਿ ਐਲਰਜੀ ਅਤੇ ਭੋਜਨ ਪ੍ਰਤੀ ਸੰਵੇਦਨਸ਼ੀਲਤਾ ਵਿੱਚ ਵਾਧਾ ਵਾਤਾਵਰਣ ਅਤੇ ਪੱਛਮੀ ਜੀਵਨ ਸ਼ੈਲੀ ਕਾਰਨ ਹੋ ਸਕਦਾ ਹੈ।

ਹਾਲਾਂਕਿ ਵਿਕਾਸਸ਼ੀਲ ਦੇਸਾਂ ਵਿੱਚ ਐਲਰਜੀ ਦਾ ਦਰ ਘੱਟ ਹੈ। ਪੇਂਡੂ ਖੇਤਰਾਂ ਨਾਲੋਂ ਸ਼ਹਿਰੀ ਖੇਤਰਾਂ ਵਿੱਚ ਐਲਰਜੀ ਵਧੇਰੇ ਹੁੰਦੀ ਹੈ।

ਐਲਰਜੀ ਦੇ ਕਾਰਨ

ਇਸ ਦੇ ਹੋਰ ਵੀ ਕਾਰਨ ਹੋ ਸਕਦੇ ਹਨ- ਪ੍ਰਦੂਸ਼ਣ, ਖਾਣ-ਪਾਣ ਵਿੱਚ ਬਦਲਾਅ, ਰੋਗਾਣੂਆਂ ਦੇ ਸੰਪਰਕ ਵਿੱਚ ਘੱਟ ਆਉਣਾ।

ਜ਼ਿਆਦਾਤਰ ਪਰਵਾਸੀਆਂ ਨੂੰ ਅਸਥਮਾ ਅਤੇ ਫੂਡ ਐਲਰਜੀ ਹੋ ਜਾਂਦੀ ਹੈ ਅਤੇ ਇਸ ਦਾ ਕਾਰਨ ਵਧੇਰੇ ਵਾਤਾਵਰਨ ਬਦਲਾਅ ਹੀ ਹੁੰਦਾ ਹੈ।

ਤਸਵੀਰ ਸਰੋਤ, Getty Images

ਦੁਨੀਆਂ ਵਿਚ ਵਧੇਰੇ ਖਾਣਾ ਖਾਣ ਕਾਰਨ ਐਲਰਜੀ ਕਿਉਂ ਹੋ ਰਹੀ ਹੈ, ਇਸ ਬਾਰੇ ਕੋਈ ਇੱਕ ਸਪੱਸ਼ਟੀਕਰਨ ਨਹੀਂ ਹੈ ਪਰ ਵਿਗਿਆਨ ਦੇ ਕੁਝ ਸਿਧਾਂਤ ਹਨ। ਇੱਕ ਕਾਰਨ ਹੈ ਵਧੇਰੇ ਸਾਫ਼-ਸਫਾਈ ਰੱਖਣਾ ਜਿਸ ਕਾਰਨ ਬੱਚਿਆਂ ਨੂੰ ਇਨਫਕੈਸ਼ਨ ਘੱਟ ਹੁੰਦੇ ਹਨ।

ਪੈਰਾਸੀਟਿਕ ਇਨਫੈਕਸ਼ਨ (ਕਿਸੇ ਜੀਵਾਣੂ ਕਾਰਨ ਹੋਣ ਵਾਲਾ ਇਨਫੈਕਸ਼ਨ), ਆਮ ਤੌਰ 'ਤੇ ਐਲਰਜੀ ਨਾਲ ਨਜਿੱਠਣ ਲਈ ਮਦਦਗਾਰ ਹੁੰਦਾ ਹੈ। ਘੱਟ ਪਰਜੀਵੀ (ਪੈਰਾਸਾਈਟ) ਹੋਣ ਕਾਰਨ ਇਮਿਊਨ ਸਿਸਟਮ ਉਹਨਾਂ ਚੀਜ਼ਾਂ ਦੇ ਵਿਰੁੱਧ ਹੋ ਜਾਂਦਾ ਹੈ ਜੋ ਨੁਕਸਾਨਦੇਹ ਨਹੀਂ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ:

ਇੱਕ ਹੋਰ ਧਾਰਨਾ ਇਹ ਹੈ ਕਿ ਵਿਟਾਮਿਨ ਡੀ ਸਾਡੇ ਇਮਿਊਨ ਸਿਸਟਮ ਨੂੰ ਅਜਿਹਾ ਬਣਾ ਸਕਦਾ ਹੈ ਜੋ ਐਲਰਜੀ ਦਾ ਮੁਕਾਬਲਾ ਕਰ ਸਕੇ ਅਤੇ ਅਸੀਂ ਐਲਰਜੀ ਦੇ ਘੱਟ ਸੰਵੇਦਨਸ਼ੀਲ ਬਣੀਈਏ।

ਦੁਨੀਆਂ ਭਰ ਵਿੱਚ ਜ਼ਿਆਦਾਤਰ ਲੋਕ ਵਿਟਾਮਿਨ ਡੀ ਨਹੀਂ ਲੈਂਦੇ, ਜਾਂ ਫਿਰ ਧੁੱਪ ਘੱਟ ਸੇਕਦੇ ਹਨ। ਅਮਰੀਕਾ ਵਿੱਚ ਵਿਟਾਮਿਨ ਡੀ ਦੀ ਕਮੀ ਦੀ ਦਰ ਇੱਕ ਦਹਾਕੇ ਵਿੱਚ ਦੁੱਗਣੀ ਹੋ ਗਈ ਹੈ।

ਬੱਚਿਆਂ ਨੂੰ ਹੋਣ ਵਾਲੀ ਐਲਰਜੀ ਨੂੰ ਰੋਕਣ ਲਈ ਦੁੱਧ ਛੁਟਣ ਤੋਂ ਬਾਅਦ ਖਾਣ-ਪੀਣ ਵਾਲੇ ਪਦਾਰਥ ਮਦਦਗਾਰ ਹੋ ਸਕਦੇ ਹਨ।

ਇਹ ਐਲਰਜੀ ਨੂੰ ਵਿਕਸਤ ਕਰਨ ਤੋਂ ਰੋਕ ਸਕਦੇ ਹਨ, ਕਿਉਂਕਿ ਬੱਚਿਆਂ ਦਾ ਇਮਿਊਨ ਸਿਸਟਮ ਬੈਕਟੀਰੀਆ ਅਤੇ ਬਾਹਰੀ ਪਦਾਰਥਾਂ ਜਿਵੇਂ ਕਿ ਭੋਜਨ ਨੂੰ ਬਰਦਾਸ਼ਤ ਕਰਨ ਲਈ ਤਿਆਰ ਹੁੰਦਾ ਹੈ।

ਕਿੰਗਜ਼ ਕਾਲਜ ਲੰਡਨ ਦੇ ਐਲਏਪੀ ਅਧਿਐਨ ਮੁਤਾਬਕ ਪੰਜ ਸਾਲ ਦੇ ਬੱਚਿਆਂ ਵਿੱਚ ਮੂੰਗਫਲੀ ਤੋਂ ਹੋਣ ਵਾਲੀ ਐਲਰਜੀ ਵਿੱਚ 80% ਕਟੌਤੀ ਹੋਈ ਹੈ। ਇਹ ਬੱਚੇ ਨਿਯਮਿਤ ਤੌਰ 'ਤੇ ਜਨਮ ਤੋਂ ਬਾਅਦ ਮੂੰਗਫਲੀ ਖਾ ਰਹੇ ਸਨ।

ਇਲਾਜ ਕਿੰਨਾ ਸੰਭਵ

ਫਿਲਹਾਲ ਭੋਜਨ ਤੋਂ ਹੋਣ ਵਾਲੀ ਐਲਰਜੀ ਦਾ ਕੋਈ ਪੱਕਾ ਇਲਾਜ ਨਹੀਂ ਹੈ। ਇਸ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਉਸ ਭੋਜਨ ਨੂੰ ਨਾ ਖਾਓ ਜਿਸ ਤੋਂ ਐਲਰਜੀ ਹੁੰਦੀ ਹੈ ਅਤੇ ਡਾਕਟਰ ਤੋਂ ਇਲਾਜ ਕਰਵਾਓ।

ਤਸਵੀਰ ਸਰੋਤ, Getty Images

ਪਰ ਸ਼ੁਰੂਆਤੀ ਜਾਂਚ ਵੀ ਕਾਫ਼ੀ ਚੁਣੌਤੀ ਵਾਲੀ ਹੁੰਦੀ ਹੈ। ਭੋਜਨ ਤੋਂ ਹੋਣ ਵਾਲੀ ਐਲਰਜੀ ਦਾ ਪਤਾ ਲਾਉਣ ਦਾ ਇੱਕ ਤਰੀਕਾ ਇਹ ਹੁੰਦਾ ਹੈ ਕਿ ਡਾਕਟਰ ਦੀ ਨਿਗਰਾਨੀ ਵਿੱਚ ਭੋਜਨ ਜ਼ਿਆਦਾ ਖਾਧਾ ਜਾਵੇ।

ਹਾਲਂਕਿ ਇਹ ਬੱਚਿਆਂ ਲਈ ਖ਼ਤਰਨਾਕ ਹੋ ਸਕਦਾ ਹੈ ਅਤੇ ਐਲਰਜੀ ਤੋਂ ਰਿਐਕਸ਼ਨ ਹੋ ਸਕਦਾ ਹੈ।

ਕਿੰਗਜ਼ ਕਾਲਜ ਲੰਡਨ ਵਿੱਚ ਖੂਨ ਜਾਂਚ ਰਾਹੀਂ ਐਲਰਜੀ ਬਾਰੇ ਪਤਾ ਲਾਇਆ ਜਾ ਰਿਹਾ ਹੈ। ਇਸ ਰਾਹੀਂ ਮੂੰਗਫਲੀ ਤੋਂ ਹੋਣ ਵਾਲੀ ਐਲਰਜੀ ਬਾਰੇ ਬਿਲਕੁਲ ਸਹੀ ਪਤਾ ਲਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਇਸ ਖੂਨ ਜਾਂਚ ਰਾਹੀਂ ਬੱਚਿਆਂ ਨੂੰ ਭੋਜਨ ਨਾਲ ਹੋਣ ਵਾਲੀ 90 ਫੀਸਦੀ ਐਲਰਜੀ ਬਾਰੇ ਪਤਾ ਲਾਇਆ ਜਾ ਸਕਦਾ ਹੈ ਅਤੇ ਅਗਲੇ ਕੁਝ ਸਾਲਾਂ ਵਿੱਚ ਮਰੀਜ਼ਾਂ ਲਈ ਵੀ ਉਪਲਬਧ ਹੋ ਸਕਦੇ ਹਨ।

ਭੋਜਨ ਤੋਂ ਹੋਣ ਵਾਲੀ ਐਲਰਜੀ ਦੇ ਇਲਾਜ ਦੇ ਤਰੀਕੇ ਲੱਭੇ ਜਾ ਰਹੇ ਹਨ ਪਰ ਜਦੋਂ ਤੱਕ ਕੋਈ ਪੱਕਾ ਇਲਾਜ ਨਹੀਂ ਨਿਕਲਦਾ ਐਲਰਜੀ ਚਿੰਤਾ ਦਾ ਵਿਸ਼ਾ ਹੈ।

(ਇਸ ਦੇ ਲੇਖਕ ਡਾ. ਐਲੈਗਜ਼ੈਂਡਰਾ ਸੈਨਟੋਸ ਕਿੰਗਜ਼ ਕਾਲਡ ਲੰਡਨ ਦੇ ਪਿਆਡੀਐਟਰਿਕ ਐਲਰਜੀ ਵਿਭਾਗ ਦੇ ਸੀਨੀਅਰ ਕਲੀਨੀਕਲ ਲੈਕਚਰਾਰ ਹਨ।)

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)